17ਵੀਆਂ ਲੋਕ ਸਭਾ ਚੋਣਾਂ ਵਿਚ ਭਾਰਤ ਅੰਦਰ ਖੱਬੇ ਪੱਖੀ ਫਰੰਟ ਦੀ ਬਹੁਤ ਹੀ ਮਾੜੀ ਕਾਰਗੁਜ਼ਾਰੀ, ਉਸਦੇ ਵੋਟ-ਬੈਂਕ ਦਾ ਵੱਡੇ ਪੱਧਰ 'ਤੇ ਖੁਰਨਾ ਅਤੇ ਉਸ ਵਲੋਂ ਮਸਾਂ 5 ਸੀਟਾਂ 'ਤੇ ਜਿੱਤ ਹਾਸਿਲ ਕਰਨਾ ਅਤਿ ਚਿੰਤਾ ਦਾ ਵਿਸ਼ਾ ਹੈ। ਦੇਸ਼ ਅੰਦਰ ਬੁੱਧੀਜੀਵੀ, ਚਿੰਤਕ ਅਤੇ ਅਗਾਂਹ ਵਧੂ ਸੋਚ ਰਖਣ ਵਾਲੇ ਲੋਕਾਂ ਦਾ ਪੱਕਾ ਵਿਸ਼ਵਾਸ ਹੈ ਕਿ ਖੱਬੇ ਪੱਖੀ ਫਰੰਟ ਬਗੈਰ ਕਰੋੜਾਂ ਗਰੀਬਾਂ, ਪੱਛੜਿਆਂ, ਕਬਾਇਲੀਆਂ, ਮਿਹਨਤਕਸ਼ ਛੋਟੇ ਕਿਸਾਨਾਂ, ਬੇਜ਼ਮੀਨੇ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਅਤੇ ਵਪਾਰਕ ਖੇਤਰਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ, ਕਾਮਿਆਂ, ਕੇਂਦਰ ਅਤੇ ਰਾਜ ਸਰਕਾਰਾਂ ਵਿਚ ਦਰਜਾ ਤਿੰਨ ਅਤੇ ਚਾਰ ਮੁਲਾਜ਼ਮਾਂ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਸੰਭਵ ਨਹੀਂ। ਜਿਵੇਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਹਿੰਦੂ ਰਾਸ਼ਟਰਵਾਦੀ ਅਤੇ ਇਲਾਕਾਈਵਾਦੀ ਸ਼ਕਤੀਆਂ ਸ਼ਕਤੀਸ਼ਾਲੀ ਰੂਪ ਵਿਚ ਉੱਭਰੀਆਂ ਹਨ, ਕਾਂਗਰਸ ਪਾਰਟੀ ਰਾਜਨੀਤਕ ਅਤੇ ਸੰਗਠਨਾਤਮਿਕ ਤੌਰ 'ਤੇ ਕਮਜ਼ੋਰ ਕੀ ਅੱਧਮੋਈ ਹੋ ਗਈ ਹੈ, ਬਹੁਜਨ ਪਾਰਟੀ ਸਮੇਤ ਦਲਿਤ ਸ਼ਕਤੀ ਦਰੜੀ ਗਈ ਹੈ, ਘੱਟ-ਗਿਣਤੀਆਂ ਅਸੁਰਖਿਅਤਾ ਦੀਆਂ ਸ਼ਿਕਾਰ ਹੋਈਆਂ ਪਈਆਂ ਹਨ, ਦੇਸ਼ ਦੀ ਆਰਥਿਕਤਾ ਦਾ ਰੁਝਾਨ ਹੇਠਾਂ ਵਲ ਖਿਸਕਣਾ ਸ਼ੁਰੂ ਹੋ ਗਿਆ ਹੈ, ਐਸੇ ਰਾਜਨੀਤਕ, ਆਰਥਿਕ, ਸਮਾਜਿਕ, ਮਾਹੌਲ ਵਿਚ ਖੱਬੇ ਫਰੰਟ ਦਾ ਤਕੜਿਆਂ ਰਹਿਣਾ ਅਤਿ ਜ਼ਰੂਰੀ ਸਮਝਿਆ ਜਾਂਦਾ ਹੈ।
ਅਜੇ 15 ਸਾਲ ਪਹਿਲਾਂ ਸੰਨ 2004 ਦੀਆਂ ਲੋਕ ਸਭਾ ਚੋਣਾਂ ਵੇਲੇ ਖੱਬੇ ਫਰੰਟ ਨੇ 59 ਸੀਟਾਂ ਜਿੱਤੀਆਂ ਸਨ ਅਤੇ ਪਾਰਲੀਮੈਂਟ ਵਿਚ ਉਹ ਤੀਸਰੀ ਵੱਡੀ ਰਾਜਨੀਤਕ ਸ਼ਕਤੀ ਵਜੋਂ ਉਭਰੀ ਸੀ। ਡਾ. ਮਨਮੋਹਨ ਸਿੰਘ ਦੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. (1) ਸਰਕਾਰ ਨੂੰ ਬਾਹਰੋਂ ਹਮਾਇਤ ਦੇ ਕੇ ਇਸ ਨੇ ਦੇਸ਼ ਦੇ ਦੱਬੇ-ਕੁੱਚਲੇ ਲੋਕਾਂ ਲਈ ਵੱਡੇ ਆਰਥਿਕ ਸੁਧਾਰਾਂ ਵਾਲੇ ਬਿਲ ਪਾਸ ਕਰਵਾ ਕੇ ਇਤਿਹਾਸਕ ਕੰਮ ਕੀਤੇ ਸਨ। ਪੱਛਮੀ ਬੰਗਾਲ, ਤਿਰਿਪੁਰਾ, ਕੇਰਲ ਆਦਿ ਰਾਜਾਂ ਵਿਚ ਇਸ ਦਾ ਤਾਕਤਵਰ ਲਾਲ ਕਿਲਾ ਕਾਇਮ ਸੀ। ਕਈ ਰਾਜਾਂ ਦੀਆਂ ਪਾਕੇਟਾਂ ਵਿਚ ਇਸਦਾ ਬੋਲਬਾਲਾ ਕਾਇਮ ਸੀ। ਪਰ ਇਹ ਲਾਲ ਕਿਲਾ ਤਾਸ਼ ਦੇ ਪੱਤਿਆਂ ਵਾਂਗ ਏਨੀ ਛੇਤੀ ਢਹਿ-ਢੇਰੀ ਹੋ ਜਾਵੇਗਾ ਕਿਸੇ ਨੂੰ ਚਿੱਤ-ਚੇਤਾ ਨਹੀਂ ਸੀ।
ਭਾਰਤ ਅੰਦਰ ਕਮਿਊਨਿਸਟ ਪਾਰਟੀ ਕਾਰਲ ਮਾਰਕਸ ਦੀ ਵਿਚਾਰਧਾਰਾ, ਰੂਸ ਅੰਦਰ ਕਾਮਰੇਡ ਵਲਾਦੀਮੀਰ ਲੈਨਿਨ ਵਲੋਂ ਇਨਕਲਾਬ, ਯੂਰਪ ਅਤੇ ਹੋਰ ਦੇਸ਼ਾਂ ਅੰਦਰ ਉੱਠੀਆਂ ਕਿਸਾਨ-ਮਜ਼ਦੂਰ ਇਨਕਲਾਬੀ ਲਹਿਰਾਂ ਤੋਂ ਪ੍ਰ੍ਰਭਾਵਿਤ ਹੋ ਕੇ ਐਮ.ਐਨ.ਰਾਏ ਨੇ ਸੰਨ 1925 ਵਿਚ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਨਹੀਂ ਰੱਖੀ। ਬ੍ਰਿਟਿਸ਼ ਸਾਮਰਾਜਵਾਦੀ-ਬਸਤੀਵਾਦੀ ਸਾਸ਼ਨ ਵਲੋਂ ਇਸ 'ਤੇ ਪਾਬੰਦੀ ਲਾਉਣ ਦੇ ਬਾਵਜੂਦ ਇਸ ਨੇ ਭਾਰਤ ਦੀ ਕਿਸਾਨੀ ਅਤੇ ਮਜ਼ਦੂਰ ਜਮਾਤ ਅੰਦਰ ਆਪਣਾ ਪ੍ਰਭਾਵ ਕਾਇਮ ਕੀਤਾ। ਕਮਿਊਨਿਸਟ ਵਿਚਾਰਧਾਰਾ ਨੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੂੰ ਪ੍ਰਭਾਵਿਤ ਕੀਤਾ ਜਿਸ ਵਿਚ ਪੰਡਤ ਜਵਹਾਰ ਲਾਲ ਨਹਿਰੂ, ਜੈ ਪ੍ਰਕਾਸ਼ ਨਰਾਇਣ ਪ੍ਰਮੁੱਖ ਭੌਰ 'ਤੇ ਸਾਮਿਲ ਸਨ। ਪੰਜਾਬ ਅੰਦਰ ਅਕਾਲੀ ਲਹਿਰ, ਦੇਸ਼ ਵਿਚ ਪਰਜਾ ਸੋਸ਼ਲਿਸਟ ਪਾਰਟੀ, ਕਿਸਾਨ-ਮਜ਼ਦੂਰ ਪਾਰਟੀ ਅਤੇ ਹੋਰ ਖੱਬੇ ਪੱਖੀ ਵਿਚਾਰਧਾਰਾ ਸਬੰਧਿਤ ਰਾਜਨੀਤਕ ਪਾਰਟੀਆਂ ਅਤੇ ਸੰਗਠਨਾਂ ਨੂੰ ਪ੍ਰਭਾਵਿਤ ਕੀਤਾ।
ਦੇਸ਼ ਅਜ਼ਾਦੀ ਬਾਅਦ ਇਸ ਨੇ ਦੇਸ਼ ਦੇ ਕੁੱਝ ਹਿੱਸਿਆਂ ਵਿਚ ਵੱਡੇ ਸੰਗਠਨ ਅਤੇ ਖੱਬੇ ਪੱਖੀ ਲਹਿਰਾਂ ਮਜ਼ਬੂਤ ਕੀਤੀਆਂ। ਹੈਦਰਾਬਾਦ ਰਿਆਸਤ ਦੇ ਤੇਲਗਾਨਾ ਖੇਤਰ ਵਿਚ ਹਥਿਆਰ ਬੰਦ ਇਨਕਲਾਬ ਦਾ ਅਸਫਲ ਉਪਰਾਲਾ ਕੀਤਾ। ਦੱਖਣੀ ਰਾਜਾਂ ਵਿਚ ਕਾਂਗਰਸ ਪਾਰਟੀ ਨੂੰ ਡੈਮੋਕ੍ਰੈਟਿਕ ਰਸਦਾ ਅਪਣਾਉਂਦੇ ਚੋਣਾਂ ਵਿਚ ਵੱਡੀਆਂ ਚਣੌਤੀਆਂ ਦਿਤੀਆਂ। ਸੰਨ 1957 ਵਿਚ ਕੇਰਲ ਪ੍ਰਾਂਤ ਅੰਦਰ ਨੰਬੂਦਰੀਪਾਦ ਦੀ ਅਗਵਾਈ ਵਿਚ ਨਿਰੋਲ ਕਮਿਊਨਿਸਟ ਸਰਕਾਰ ਗਠਤ ਕੀਤੀ ਜਿਸ ਨੂੰ ਤਤਕਾਲੀ ਕਾਂਗਰਸ ਪ੍ਰਧਾਨ ਸ਼੍ਰੀਮਤੀ ਇੰਦਰਾ ਗਾਂਧੀ ਦੀ ਸ਼ਿਫਾਰਸ਼ 'ਤੇ ਉਸ ਦੇ ਪਿਤਾ ਅਤੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਦੀ ਧਾਰਾ 376 ਦਾ ਕੁਹਾੜਾ ਚਲਾਉਂਦਿਆਂ ਤੋੜ ਦਿਤਾ। ਲੇਕਿਨ ਕਾਂਗਰਸ ਦੇ ਹੋਛ ਅਤੇ ਦਬਾਅ ਭਰਭੂਰ ਹੱਥ ਕੰਡਿਆਂ ਨੇ ਖੱੱਬੇ ਪੱਖੀ ਲਹਿਰ ਨੂੰ ਪੂਰੇ ਦੇਸ਼ ਵਿਚ ਹੋਰ ਮਜ਼ਬੂਤ ਕੀਤਾ।
ਸੰਨ 1964 ਵਿਚ ਵਿਚਾਰਧਾਰਕ ਤੌਰ 'ਤੇ ਵੱਡੇ ਮਤਭੇਦਾਂ ਕਰਕੇ ਸੀ.ਪੀ.ਆਈ. ਦੋ ਫਾੜ ਹੋ ਗਈ। ਬਾਵਜੂਦ ਇਸਦੇ ਕਮਿਊਨਿਸਟ ਲਹਿਰ ਅੱਗੇ ਵੱਧੀ। ਰਾਜਾਂ ਵਿਚ ਕਾਂਗਰਸ ਪਾਰਟੀ ਦੇ ਖੁਰਦੇ ਅਧਾਰ ਕਰਕੇ ਜਿੱਥੇ ਦੂਸਰੀਆਂ ਇਲਾਕਾਈ ਪਾਰਟੀਆਂ ਰਾਜਨੀਤਕ ਗਠਜੋੜਾਂ ਰਾਹੀਂ ਕਈ ਰਾਜਾਂ ਵਿਚ ਸੱਤਾ ਵਿਚ ਆਈਆਂ ਉਥੇ ਸੀ.ਪੀ.ਐਮ. ਦੀ ਅਗਵਾਈ ਵਿਚ ਖੱਬਾ ਫਰੰਟ ਜਿਸ ਵਿਚ ਸੀ.ਪੀ.ਆਈ., ਫਾਰਵਰਡ ਬਲਾਕ ਅਤੇ ਸੋਸ਼ਲਿਸਟ ਰੈਲੂਸ਼ਨਰੀ ਪਾਰਟੀ ਸ਼ਾਮਿਲ ਸਨ, ਪੱਛਮੀ ਬੰਗਾਲ ਵਿਚ 1967 ਵਿਚ ਸੱਤਾ ਵਿਚ ਆਇਆ। ਕੁਝ ਸਮਾਂ ਬਾਅਦ ਸੀ.ਪੀ.ਐਮ. ਤਿਰੀਪੁਰਾ ਵਿਚ ਸੱਤਾ ਵਿਚ ਆਈ। ਪੱਛਮੀ ਬੰਗਾਲ ਵਿਚ ਖੱਬੇ ਫਰੰਟ ਨੇ ਲਗਾਤਾਰ 34 ਸਾਲ (1977-2011) ਤੱਕ ਸਾਸ਼ਨ ਕਾਇਮ ਰਖਿਆ। ਕੇਰਲ ਵਿਚ ਇਹ ਪੰਜ ਸਾਲ ਬਾਅਦ ਕਾਂਗਰਸ ਦੀ ਅਗਵਾਈ ਵਾਲੇ ਫਰੰਟ ਨਾਲ ਸੱਤਾ ਬਦਲਦੀ ਰਹੀ। ਅੱਜ ਸੀ.ਪੀ.ਐਮ. ਦੀ ਅਗਵਾਈ ਵਿਚ ਖੱਬਾ ਫਰੰਟ ਕੇਰਲ ਵਿਚ ਸੱਤਾ ਵਿਚ ਹੈ ਜਿੱਥੇ ਇਸ ਨੂੰ ਭਾਜਪਾ ਤਕੜੀ ਚਣੌਤੀ ਦੇ ਰਹੀ ਹੈ।
ਪੱਛਮੀ ਬੰਗਾਲ ਵਿਚ 'ਅਪਰੇਸ਼ਨ ਬਰਗਾ' ਰਾਹੀਂ ਕੀਤੇ ਜ਼ਮੀਨੀ ਸੁਧਾਰਾਂ, ਜਗੀਰਦਾਰੂ ਸ਼ਕਤੀਆਂ ਵਿਰੁੱਧ ਲਾਮਬੰਦੀ ਅਤੇ ਪ੍ਰਸਾਸ਼ਨਿਕ ਸੁਧਾਰਾਂ ਨੇ ਇਸ ਦੇ ਪੈਰ ਪੱਕੇ ਕੀਤੇ। ਲੇਕਿਨ ਸੀ.ਪੀ.ਐਮ, ਸੀ.ਪੀ.ਆਈ. ਅਤੇ ਖੱਬੇ ਪੱਖੀ ਪਾਰਟੀਆਂ ਵਲੋਂ ਭਾਰਤੀ ਬੁਰਜਵਾਵਾਦੀ, ਧਾਰਮਿਕ ਅਤੇ ਧਾਰਮਿਕ ਰਾਸ਼ਟਰਵਾਦੀ, ਇਲਾਕਾਈ ਪਾਰਟੀਆਂ ਵਾਂਗ ਕਮਿਊਨਿਸਟ ਸਭਿਆਚਾਰ ਵਿਚ ਬਦਲਾਅ ਕਰਕੇ ਰਾਜਨੀਤਕ ਕੁਰੀਤੀਆਂ ਜਿਵੇਂ ਭਾਈ-ਭਤੀਜਾਵਾਦ, ਭ੍ਰਿਸ਼ਟਾਚਾਰ, ਬੁਰਜਵਾ ਅਤੇ ਇਲਾਕਾਈ ਪਾਰਟੀਆਂ ਨਾਲ ਰਾਜਨੀਤਕ ਗਠਜੋੜ ਕਰਕੇ, ਚੋਣ ਰਾਜਨੀਤੀ ਦੀਆਂ ਕੁਰਤੀਅਆਂ ਦੇ ਅੰਗ ਬਣਨ ਕਰਕੇ, ਕਾਰਪੋਰੇਟ ਘਰਾਣਿਆਂ ਨਾਲ ਗਠਜੋੜ ਕਰਕੇ ਉਹ ਰਾਜਨੀਤਕ ਪਤਨ ਦਾ ਸ਼ਿਕਾਰ ਹੋ ਗਈਆਂ।
ਖੱਬਾ ਫਰੰਟ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ, ਦੁਕਾਨਦਾਰਾਂ, ਕਬਾਇਲੀਆਂ ਨੂੰ ਚੰਗੇ ਘਰ, ਰੋਜ਼ਗਾਰ, ਵਿਦਿਆ, ਸਿਹਤ ਸਹੁਲਤਾਂ ਦੇਣੋਂ ਨਾਕਾਮ ਰਿਹਾ। ਪੱਛਮੀ ਬੰਗਾਲ ਅਤੇ ਕੇਰਲ ਵਿਚ ਸ਼ਹਿਰਾਂ ਦੀ ਸੁੰਦਰਤਾ ਦੇ ਪ੍ਰੋਗਰਾਮ ਨਾਲ ਗਲੀ-ਕੂਚਿਆਂ ਵਿਚ ਫੇਰੀ ਵਾਲਿਆਂ, ਟਿੱਕੀਆਂ, ਪਕੌੜੇ, ਹੋਰ ਨਿੱਕੀਆਂ-ਨਿੱਕੀਆਂ ਚੀਜ਼ਾਂ ਫੜੀਆਂ ਲਾ ਕੇ, ਰੇਹੜੀਆਂ ਲਾ ਕੇ ਵੇਚਣ ਵਾਲਿਆਂ ਦੇ ਕੰਮ-ਕਾਜ 'ਤੇ ਸੱਟ ਮਾਰਨ ਕਰਕੇ ਇਸ ਵਰਗ ਨੂੰ ਨਰਾਜ਼ ਕਰ ਲਿਆ।
ਕਾਂਗਰਸ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰਾਂ ਦੀ ਨਕਲ 'ਤੇ 'ਵਿਸ਼ੇਸ਼ ਆਰਥਿਕ ਜ਼ੋਨ' ਸਥਾਪਿਤ ਕਰਕੇ, ਕਾਰਪੋਰੇਟ ਘਰਾਣਿਆਂ ਲਈ ਛੋਟੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਕਰਕੇ, ਕਬਾਇਲੀ ਲੋਕਾਂ ਨੂੰ ਡੰਡੇ ਅਤੇ ਬੰਦੂਕ ਦੇ ਜ਼ੋਰ ਦਬਾਉਣ ਕਰਕੇ ਜਿਵੇਂ ਪੱਛਮੀ ਬੰਗਾਲ (ਲਾਲਗੜ੍ਹ ਅਤੇ ਸਿੰਗੂਰ) ਕੇਰਲ ਅੰਦਰ ਕੁੱਝ ਥਾਵਾਂ 'ਤੇ ਅਜਿਹਾ ਕਰਨ ਕਰਕੇ ਉਹ ਵਰਗ ਉਨ੍ਹਾਂ ਨਾਲ ਨਰਾਜ਼ ਹੋ ਗਿਆ ਜੋ ਉਨ੍ਹਾਂ ਦੀ ਰਾਜਨੀਤਕ ਸ਼ਕਤੀ ਦੀ ਰੀਡ ਦੀ ਹੱਡੀ ਸੀ।
ਕਮਿਊਨਿਸਟ ਅਤੇ ਖੱਬੇ ਪੱਖੀ ਆਗੂਆਂ, ਇਨ੍ਹਾਂ ਦੀਆਂ ਅਖ਼ਬਾਰਾਂ ਅਤੇ ਮੈਗਜ਼ੀਨਾਂ ਨੇ ਪੰਜਾਬ, ਜੰਮੂ-ਕਸ਼ਮੀਰ, ਕਬਾਇਲੀ ਇਲਾਕਿਆਂ ਵਿਚ ਸਥਾਨਿਕ ਲੋਕਾਂ ਦੀਆਂ ਮੰਗਾਂ ਦੀ ਹਮਾਇਤ ਦੇ ਉਲਟ ਖਾੜਕੂ ਅਨਸਰਾਂ ਨੂੰ ਮੁਖਬਰੀਆਂ ਰਾਹੀਂ ਮਰਵਾਇਆ। ਨਕਸਲਬਾੜੀ ਹਥਿਆਰਬੰਦ ਵਿਦਰੋਹਾਂ ਦੇ ਵਿਰੋਧ ਤੋਂ ਵੀ ਅੱਗੇ ਲੰਘ ਕੇ ਉਨ੍ਹਾਂ ਵਿਰੁੱਧ ਰਾਜਕੀ ਸ਼ਕਤੀ ਦਾ ਬਲ ਪ੍ਰਯੋਗ ਕੀਤਾ। ਅੱਜ ਪੰਜਾਬ ਅੰਦਰ ਇਕ ਐਸੀ ਅਖ਼ਬਾਰ ਦਾ ਐਡੀਟਰ ਇਸੇ ਕਰਕੇ ਸੋਸ਼ਲ ਮੀਡੀਆ 'ਤੇ ਬਦਨਾਮੀ ਦਾ ਸ਼ਿਕਾਰ ਬਣਿਆ ਪਿਆ ਹੈ। ਪੰਜਾਬ ਦੇ ਉੱਚ ਪੁਲਸ ਅਫਸਰਾਂ ਜੋ ਰਾਜ ਅੰਦਰ ਮਨੁੱਖੀ ਅਧਿਕਾਰਾਂ ਦੇ ਘਾਣ, ਝੂਠੇ ਪੁਲਿਸ ਮੁਕਾਬਲਿਆਂ ਵਿਚ ਬੇਗੁਨਾਹ ਕਰੀਬ 30 ਹਜ਼ਾਰ ਨੌਜਵਾਨਾਂ ਨੂੰ ਮਾਰ ਮੁਕਾਉਣ, ਅਣਪਛਾਤੇ ਕਹਿ ਕੇ ਦਫਨਾਉਣ ਦਾ 'ਸਿੱਖ ਨਸਲਘਾਤ ਘਲੂਕਾਰਾ' ਵਰਤਾ ਚੁੱਕੇ ਸਨ, ਰਾਜਸੀ ਆਕਾਵਾਂ ਦੇ ਨਿਰਦੇਸ਼ਾਂ 'ਤੇ, ਉਸਦੀ ਉਨ੍ਹਾਂ ਨਾਲ ਯਾਰੀ ਤੋਂ ਕੋਈ ਅਨਜਾਣ ਨਹੀ। ਪੰਜਾਬ ਵਿਚ ਸੀ.ਪੀ.ਆਈ. ਅਤੇ ਸੀ.ਪੀ.ਐਮ. ਦਾ ਵੱਡਾ ਕਾਡਰ ਅਤੇ ਅਧਾਰ ਇਸੇ ਕਰਕੇ ਖੁਰ ਗਿਆ ਜਿਸਦਾ ਚੇਤੰਨ ਅਤੇ ਅਗਾਹ ਵਧੂ ਪੰਜਾਬੀਆਂ ਅੱਜ ਵੀ ਵੱਡਾ ਰੰਜ ਹੈ।
ਵੱਡੇ ਭ੍ਰਿਸ਼ਟਾਚਾਰ, ਕਾਰਪੋਰੇਟ ਘਰਾਣਿਆਂ ਨਾਲ ਯਾਰੀ, ਬੁਰਜਵਾ ਰਾਜਨੀਤਕ ਗਠਜੋੜਾਂ ਜਾਂ ਬਾਹਰੀ ਹਮਾਇਤ ਕਰਕੇ ਵੱਡੇ, ਤਾਕਤਵਰ ਅਤੇ ਰਸੂਖ਼ਦਾਰ ਕਮਿਊਨਿਸਟ ਅਤੇ ਖੱਬੇ ਪੱਖੀ ਆਗੂਆਂ ਨੇ ਵੱਡੀਆਂ ਜਾਇਦਾਦਾਂ ਬਣਾਈਆਂ, ਮਹਿੰਗੀਆਂ ਕਾਰਾਂ ਅਤੇ ਆਲੀਸ਼ਾਨ ਬੰਗਲੇ ਪ੍ਰਾਪਤ ਕੀਤੇ, ਵੀ.ਆਈ.ਪੀ. ਕਲਚਰ ਅਤੇ ਅੰਗ-ਰਖਿਅਕਾਂ ਦੇ ਘੇਰਾਬੰਦੀ ਵਿਚ ਫਸ ਕੇ ਦੂਸਰੀਆਂ ਬੁਰਜਵਾ, ਰਾਸ਼ਟਰਵਾਦੀ ਅਤੇ ਲੱਠਮਾਰ ਰਾਜਨੀਤਕ ਪਾਰਟੀਆਂ ਵਾਂਗ ਆਮ ਲੋਕਾਂ ਨਾਲੋਂ ਟੁੱਟ ਗਏ। ਇਵੇਂ ਖੱਬੇ ਫਰੰਟ ਅਤੇ ਕਿਮਊਨਿਸਟਾਂ ਦਾ ਲੋਕਵਾਦੀ ਚਿਹਰਾ ਕਰੂਪ ਹੋ ਗਿਆ ਅਤੇ ਉਹ ਉਨ੍ਹਾਂ ਲੋਕਾਂ ਦੇ ਰੋਹ, ਨਰਾਜ਼ਗੀ ਅਤੇ ਨਫ਼ਰਤ ਦਾ ਸ਼ਿਕਾਰ ਹੋ ਗਏ ਜਿਨ੍ਹਾਂ ਵਿਚ ਉਹ ਕਦੇ ਹਰਮਨ ਪਿਆਰੇ ਸਨ, ਜਿਨਾਂ ਦੇ ਉਹ ਅੰਗ-ਸੰਗ ਰਹਿੰਦੇ ਸਨ ਅਤੇ ਜੋ ਉਨ੍ਹਾਂ ਦੀ ਰਾਜਨੀਤਕ ਸ਼ਕਤੀ ਦਾ ਸੋਮਾ ਹੁੰਦੇ ਸਨ।
ਅੱਜ ਭਾਰਤ ਦੇ ਕਰੋੜਾਂ ਲੋਕ ਅਸਲ ਜਨਤਕ ਲਾਮਬੰਦੀਆਂ, ਜਨਤਕ ਸੰਘਰਸ਼ਾਂ, ਜਨਤਕ ਹਿਤਾਂ ਲਈ ਕੁਰਬਾਨੀ ਦਾ ਜਜ਼ਬਾ ਰਖਣ ਵਾਲੇ ਖੱਬੇ ਫਰੰਟ ਨੂੰ ਮੁੜ, ਢੂੰਡ ਰਹੇ ਹਨ। ਦੇਸ਼ ਅੰਦਰ ਹਰ ਦੋ ਵਿਅਕਤੀਆਂ ਵਿਚੋਂ ਇੱਕ ਭੁੱਖਾ ਸੌਣ ਲਈ ਮਜ਼ਬੂਰ ਹੈ। ਦੇਸ਼ ਅੰਦਰ ਗਰੀਬੀ ਦੀ ਰੇਖਾ ਹੇਠ 36.30 ਲੋਕ ਰਹਿਣ ਲਈ ਮਜ਼ਬੂਰ ਹਨ। ਇਹ ਡਾਟਾ ਸੰਨ 2015-16 ਅਨੁਸਾਰ ਦਿਹਾਂਤ ਵਿਚ ਪੰਜ ਮੈਂਬਰੀ ਪਰਿਵਾਰ 4800 ਰੁਪਏ ਅਤੇ ਸ਼ਹਿਰਾਂ ਵਿਚ 7050 ਰੁਪਏ ਮਾਸਿਕ ਆਮਦਨ 'ਤੇ ਅਧਾਰਤ ਹੈ। ਭਾਰਤ ਦਾ 119 ਦੇਸ਼ਾਂ ਵਿਚ ਭੁੱਖਮਰੀ ਸਰਵੇ ਅਨੁਸਾਰ 100ਵਾਂ ਸਥਾਨ ਹੈ। ਇਸ ਦੇਸ਼ ਦੇ 70 ਪ੍ਰਤੀਸ਼ਤ ਧੰਨ 'ਤੇ 10 ਪ੍ਰਤੀਸ਼ਤ ਅਮੀਰਾਂ ਦਾ ਕਬਜ਼ਾ ਹੈ। ਸੰਨ 1990-91 ਦੇ ਮੁਕਾਬਲੇ ਸੰਨ 2013-14 ਵਿਚ ਪ੍ਰਤੀ ਜੀਆ ਅਨਾਜ 4 ਪ੍ਰਤੀਸ਼ਤ ਘੱਟ ਗਿਆ। ਬਦਇੰਤਜ਼ਮੀ ਕਰਕੇ 21 ਸ਼ਹਿਰਾਂ ਵਿਚ ਰਾਜਧਾਨੀ ਦਿੱਲੀ ਸਮੇਤ ਧਰਤੀ ਹੇਠੋ ਸੰਨ 2020 'ਚ ਪਾਣੀ ਖ਼ਤਮ ਹੋ ਜਾਵੇਗਾ। ਚੇਨਈ ਦਾ ਤਾਂ ਹੁਣੇ ਮੰਦਾ ਹਾਲ ਹੈ। ਪੂਰੇ ਦੇਸ਼ ਨੂੰ ਪ੍ਰਦੂਸ਼ਣ ਨੇ ਲਪੇਟ 'ਚ ਲਿਆ ਹੋਇਆ ਹੈ। ਬੀਮਾਰੀਆਂ ਦੇ ਸ਼ਿਕਾਰ ਗਰੀਬ ਦਵਾਈ-ਦਾਰੂ, ਦੇਖਭਾਲ ਬਗੈਰ ਮਰ ਰਹੇ ਹਨ। ਸ਼ਿਵ ਸੈਨਾ ਦੁਆਰਾ ਸਾਸ਼ਤ ਦੇਸ਼ ਦੀ ਆਰਥਿਕ ਰਾਜਧਾਨੀ ਵਿਚ ਹੜ੍ਹਾਂ ਅਤੇ ਵਰਖਾ ਦੀ ਮਹਾਂਮਾਰੀ ਦਾ ਜਨਾਜ਼ਾ ਪੂਰੇ ਵਿਸ਼ਵ ਦੇ ਮੀਡੀਏ ਦੁਆਰਾ ਦਰਸਾਇਆ ਜਾ ਰਿਹਾ ਹੈ।
ਐਸੀ ਰਾਸ਼ਟਰੀ ਬਦਹਾਲੀ ਵਿਚ ਗਰੀਬੀ ਦੀ ਰੇਖਾ ਹੇਠ ਰਹਿੰਦੇ ਲੋਕ, ਕਿਸਾਨ, ਮਜ਼ਦੂਰ, ਕਬਾਇਲੀ, ਬੈਰੋਜ਼ਗਾਰ ਨੌਜਵਾਨ, ਮੁਲਾਜ਼ਮ ਖੱਬੇ ਫੰਟ ਵੱਲ ਅੱਖਾਂ ਟੱਢੀ ਵੇਖ ਰਹੇ ਹਨ। ਸੰਨ 2018 ਵਿਚ ਮਹਾਂਰਾਸ਼ਟਰ ਵਿਚ ਕਿਸਾਨਾਂ ਦੁਆਰਾ ਲੰਬੀ ਮਾਰਚ, ਜਨਵਰੀ, 2019 ਵਿਚ ਰਾਜਧਾਨੀ ਦਿੱਲੀ ਵਿਚ ਆਸ਼ਾ, ਆਂਗਣਵਾੜੀ ਵਰਕਰਾਂ ਦੀ ਕਿਸਾਨ-ਮਜ਼ਦੂਰਾਂ ਨਾਲ ਮਿਲ ਕੇ ਮਾਰਚ ਦੀ ਖੱਬੇ ਫਰੰਟ ਦੀ ਧੜਲੇਦਾਰ ਅਗਵਾਈ ਨਹੀਂ ਟੋਲ ਰਹੇ?
ਪਰ ਲੱਖ ਸੋਨ ਟਕੇ ਦਾ ਸਵਾਲ ਹੈ ਕਿ ਕੀ ਖੱਬਾ ਫਰੰਟ ਮੁੜ ਉੱਠ ਖੜਾ ਹੋਵੇਗਾ? ਬਿਨਾਂ ਸ਼ੱਕ ਜਿਵੇਂ ਯੂਰਪ, ਲਾਤੀਨੀ ਅਮਰੀਕੀ, ਅਫਰੀਕੀ ਦੇਸ਼ਾਂ ਵਿਚ ਸਮੇਤ ਸਕੰਡੇ ਨੇਵੀਅਨ ਦੇਸ਼ਾਂ ਦੇ ਖੱਬੇ ਪੱਖੀ ਸੋਚ ਇਕ ਤਾਕਤ ਵਜੋਂ ਉੱਭਰ ਰਹੀ ਹੈ, ਅਮਰੀਕਾ ਇਸ ਤੋਂ ਅਭਿੱਜ ਨਹੀਂ, ਭਾਰਤ ਵਿਚ ਸਥਾਨਿਕ ਸੰਸਕ੍ਰਿਤੀ ਨੂੰ ਸਮਝਦਿਆਂ ਵੱਡਾ ਸੰਸਕ੍ਰਿਤ ਇਨਕਲਾਬ ਉੱਠ ਸਕਦਾ ਹੈ। ਖੱਬੇ ਪੱਖੀ ਠੋਸ ਸੋਚ ਨੂੰ ਆਮ ਲੋਕਾਂ ਵਿਚ ਲਿਜਾ ਕੇ, ਜਿਸ ਵਿਚ ਸੱਤਾ ਵਿਚ ਹੁੰਦੇ ਖੱਬਾ ਫਰੰਟ ਬੁਰੀ ਤਰ੍ਹਾਂ ਅਸਫਲ ਰਿਹਾ ਸੀ, ਦਲਿਤਾਂ, ਔਰਤਾਂ, ਮੁਸਲਿਮ, ਕਬਾਇਲੀਆਂ ਨੂੰ ਸੰਗਠਨ ਵਿਚ ਅਹਿਮ ਸਥਾਨ ਦੇ ਕੇ, ਗਰੀਬਾਂ, ਸੋਸ਼ਤਾਂ, ਬੇਰੋਜ਼ਗਾਰਾਂ, ਕਿਸਾਨਾਂ, ਮਜ਼ਦੂਰਾਂ, ਕਾਮਿਆਂ,ਕਰਮਚਾਰੀਆਂ ਵਿਚ ਧੁੱਰ ਜੜ੍ਹਾਂ ਤੱਕ ਪਹੁੰਚ ਬਣਾ ਕੇ ਇੱਕ ਤਾਕਤਵਰ ਲਹਿਰ ਸਿਰਜਣ ਦੀ ਲੋੜ ਹੈ। ਲੀਡਰਸ਼ਿਪ ਕੁਰਬਾਨੀ ਦੇ ਜਜ਼ਬੇ ਨਾਲ ਜੂਝੇ। ਖੱਬੇ ਪੱਖੀ ਵਿਗਿਆਨਿਕ ਸੋਚ ਅਤੇ ਵਿਚਾਰ ਜਿੰਦਾ ਹੈ। ਇਸ ਨੂੰ ਸਹੀ ਦਿਸ਼ਾ ਵੱਲ ਅੱਗ ਫੱਕਣ ਵਾਲੀ ਅਗਵਾਈ ਦੀ ਲੋੜ ਹੈ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
01-343-889-2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.