ਖ਼ਬਰ ਹੈ ਕਿ ਦੇਸ਼ ਦੀ ਅਰਥ ਵਿਵਸਥਾ ਦੇ ਸਾਹਮਣੇ 70 ਸਾਲ ਦੇ ਸਭ ਤੋਂ ਵੱਡੇ ਸੰਕਟ ਦੀ ਗੱਲ ਕਰਦਿਆਂ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਹੈ ਕਿ ਪਿਛਲੇ 70 ਸਾਲਾਂ ਵਿੱਚ ਵਿੱਤੀ ਖੇਤਰ ਦੀ ਅਜਿਹੀ ਹਾਲਤ ਕਦੇ ਨਹੀਂ ਰਹੀ। ਨਿੱਜੀ ਖੇਤਰ ਵਿੱਚ ਅਜੇ ਕੋਈ ਕਿਸੇ ਤੇ ਭਰੋਸਾ ਨਹੀਂ ਕਰ ਰਿਹਾ ਤੇ ਨਾ ਹੀ ਕੋਈ ਕਰਜ਼ ਦੇਣ ਨੂੰ ਤਿਆਰ ਹੈ। ਹਰ ਖੇਤਰ ਵਿੱਚ ਨਕਦੀ ਤੇ ਪੈਸਿਆਂ ਨੂੰ ਜਮ੍ਹਾਂ ਕੀਤਾ ਜਾਣ ਲੱਗਾ ਹੈ। ਇਨ੍ਹੇ ਪੈਸਿਆਂ ਨੂੰ ਬਜ਼ਾਰ 'ਚ ਲਿਆਉਣ ਲਈ ਸਰਕਾਰ ਨੂੰ ਵਾਧੂ ਕਦਮ ਚੁੱਕਣੇ ਪੈਣਗੇ। ਉਹਨਾ ਕਿਹਾ ਕਿ ਅਰਥ ਵਿਵਸਥਾ ਵਿੱਚ ਸੁਸਤੀ 2009-04 ਦੌਰਾਨ ਬਿਨ੍ਹਾਂ ਸੋਚੇ ਸਮਝੇ ਦਿੱਤੇ ਗਏ ਕਰਜ਼ੇ ਦਾ ਇਹ ਨਤੀਜਾ ਹੈ। ਇਹ ਕਰਜ਼ੇ ਫ਼ਸਣ ਕਾਰਨ ਬੈਂਕਾਂ ਦੀ ਨਵਾਂ ਕਰਜ਼ਾ ਦੇਣ ਦੀ ਸਮਰੱਥਾ ਘੱਟ ਗਈ ਹੈ।
ਨਵਾਂ ਭਾਰਤ ਸਿਰਜਿਆ ਜਾ ਰਿਹਾ ਹੈ। ਮੰਦੀ ਤਾਂ ਹੋਣੀ ਹੀ ਹੋਈ। ਨਵਾਂ ਦੇਸ਼ ਬਣਾਇਆ ਜਾ ਰਿਹਾ ਹੈ, ਕੁਝ ਤਕਲੀਫ਼ਾਂ ਤਾਂ ਹੋਣੀਆਂ ਹੀ ਹੋਈਆਂ। ਜਦੋਂ ਕੁਝ ਨਵਾਂ ਬਣਦਾ ਹੈ ਤਾਂ ਪੁਰਾਣਾ ਕੁਝ ਢਾਉਣਾ ਪੈਂਦਾ ਹੈ। ਇਹ ਬਨਾਉਣ ਢਾਉਣ ਵਿੱਚ ਕੁਝ ਨੁਕਸਾਨ ਤਾਂ ਹੁੰਦਾ ਹੀ ਆ। ਨੋਟ ਬੰਦੀ ਆਈ, ਕਈਆਂ ਨੂੰ ਉਪਰਲੇ ਦੇਸ਼ ਲੈ ਗਈ। ਜੀ ਐਸ ਟੀ ਆਈ, ਕਈਆਂ ਦੇ ਕਾਰੋਬਾਰ ਸਮੇਟ ਕੇ ਨੌਕਰਾਂ ਵਾਲੇ ਰਾਹ ਉਹਨਾ ਨੂੰ ਪਾ ਗਈ। ਸਾਡੇ ਨੇਤਾ ਲੋਕਾਂ ਨੇ ਉਦੋਂ ਆਮ ਲੋਕਾਂ ਨੂੰ ਇਹ ਫ਼ੈਸਲੇ ਲਾਗੂ ਕਰਕੇ ਇਕੋ ਨਸੀਹਤ ਦਿੱਤੀ, "ਭਾਈ ਅਕਲ ਨਾਲ ੳਤਨਾ ਹੀ ਵਾਸਤਾ ਰੱਖਣਾ ਚਾਹੀਦਾ ਹੈ ਜਿੰਨਾ ਮੱਖਣ ਦਾ ਮਲਾਈ ਨਾਲ ਹੈ ਅਤੇ ਚੋਰ ਦਾ ਕੋਤਵਾਲ ਨਾਲ ਹੈ"। ਪਰ ਲੋਕ ਆ ਕਿ ਮੰਨਦੇ ਹੀ ਨਹੀਂ ਸਰਕਾਰ ਨੂੰ ਨਿੰਦੀ ਜਾਂਦੇ ਆ। ਜਦ ਨੇਤਾ ਆਖਦਾ ਹੈ, ਭਾਰਤ ਨਵਾਂ ਬਣ ਰਿਹਾ ਹੈ, ਲੋਕ ਆਖਦੇ ਆ, ਸਾਡਾ ਢਿੱਡ ਭੁੱਖਾ ਹੋ ਰਿਹਾ ਹੈ, ਅਸੀਂ ਬੇਰੁਜ਼ਗਾਰ ਹੋ ਰਹੇ ਆ। ਜਦ ਨੇਤਾ ਆਖਦਾ ਆ, ਮੈਂ 370 ਹਟਾਕੇ ਕਸ਼ਮੀਰੀਆਂ ਦਾ ਕਾਇਆ ਕਲਪ ਕਰ ਦਿੱਤਾ ਆ, ਲੋਕ ਆਖਦੇ ਆ, ਕਸ਼ਮੀਰੀਆਂ ਦੀ ਆਜ਼ਾਦੀ ਖੋਹ ਲਈ ਆ। ਨੇਤਾ ਅਖਦਾ ਹੈ ਮੈਂ ਦੁਨੀਆ ਦੇ ਦੌਰੇ ਕਰਦਾ ਹਾਂ, ਭਾਰਤ ਦਾ ਨਾਮ ਚਮਕਾਉਂਦਾ ਆ, ਆਪਣੇ ਨਾਮ ਦੇ ਨਾਹਰੇ ਲੁਆਉਂਦਾ ਹਾਂ, ਲੋਕੀ ਆਖਦੇ ਆ, ਨੇਤਾ ਦੀ ਅਕਲ ਤੇ ਪੱਥਰ ਪੈ ਗਏ ਹਨ। ਇਹ ਕਿਹੋ ਜਿਹੀ ਮਹਾਨਤਾ ਹੈ ਕਿ ਲੋਕ ਭੁੱਖੇ ਮਰਦੇ ਆ, ਲੋਕਾਂ ਨਾਲ ਛੂਆਛਾਤ ਕਾਇਮ ਹੈ, ਲੋਕ ਭੀੜ ਤੰਤਰ ਰਾਹੀਂ ਮਾਰੇ ਜਾ ਰਹੇ ਆ। ਲੋਕਾਂ ਦੇ ਵਿਚਾਰਾਂ ਦੀ ਆਜ਼ਾਦੀ ਖ਼ਤਮ ਕਰ ਦਿੱਤੀ ਗਈ ਹੈ। ਇੱਕਲੇ ਵਿਚਾਰ ਹੀ ਨਹੀਂ, ਹਰ ਉੱਠਦਾ ਨਵਾਂ ਨੇਤਾ, ਹਰ ਵਿਰੋਧੀ ਧਿਰ ਖ਼ਤਮ ਕਰਨ ਦੀ ਤਿਆਰੀ ਹੋ ਰਹੀ ਹੈ, ਤਦੇ ਤਾਂ ਭਾਈ ਮੰਦੀ ਲਿਆਂਦੀ ਜਾ ਰਹੀ ਆ, ਕਾਰਪੋਰੇਟੀਆਂ ਨੂੰ ਦੇਸ਼ ਵੇਚਿਆ ਜਾ ਰਿਹਾ ਹੈ ਤੇ ਰਹਿੰਦਾ ਖੂੰਹਦਾ ਆਪਣੇ ਬਾਹਰਲੇ ਦੇਸ਼ਾਂ ਨੂੰ ਸੌਂਪਿਆ ਜਾ ਰਿਹਾ ਹੈ। ਤਦੇ ਤਾਂ ਨੇਤਾ ਵਿਦੇਸ਼ੀ ਫੇਰੀ ਤੇ ਆ। ਕਵੀਓ ਵਾਚ, "ਭਾਰਤ ਉਦੈ ਦਾ ਬਿਗਲ ਵਜਾਉਣ ਖ਼ਾਤਰ, ਨੇਤਾ ਰੱਥ ਤੇ ਕੋਈ ਅਸਵਾਰ ਹੋਇਆ"।
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.