ਖ਼ਬਰ ਹੈ ਕਿ ਕੇਂਦਰ ਸਰਕਾਰ ਨੇ ਹੜ੍ਹਾਂ ਨਾਲ ਪ੍ਰਭਾਵਿਤ ਗਿਆਰਾਂ ਸੂਬਿਆਂ ਦੀ ਸੂਚੀ ਤਿਆਰ ਕੀਤੀ ਹੈ ਪਰ ਇਸ ਵਿੱਚ ਪਹਿਲਾਂ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਦਕਿ ਪੰਜਾਬ 'ਚ ਮੋਹਲੇਧਾਰ ਮੀਂਹ ਪੈਣ ਕਾਰਨ ਕਈ ਇਲਾਕਿਆਂ 'ਚ ਭਾਰੀ ਹੜ੍ਹ ਆਏ ਹਨ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਨੁਕਸਾਨ ਦਾ ਮੁਲਾਂਕਣ ਕਰਨ ਲਈ ਗਠਿਤ ਕੀਤੀ ਕਮੇਟੀ ਵਲੋਂ ਸੂਬਿਆਂ ਦੇ ਕੀਤੇ ਜਾ ਰਹੇ ਦੌਰਿਆਂ ਦੀ ਸੂਚੀ 'ਚ ਪੰਜਾਬ ਨੂੰ ਬਾਹਰ ਰੱਖਣ ਤੇ ਹੈਰਾਨੀ ਪ੍ਰਗਟ ਕੀਤੀ ਤਾਂ ਕੇਂਦਰ ਨੇ ਪੰਜਾਬ ਨੂੰ ਵੀ ਹੜ੍ਹ ਪ੍ਰਭਾਵਿਤ ਸਮਝ ਕੇ ਇਸ ਵਿੱਚ ਸ਼ਾਮਲ ਕਰ ਲਿਆ। ਕੈਪਟਨ ਨੇ ਕਿਹਾ ਕਿ ਪੰਜਾਬ 'ਚ ਹੁਣ ਤੱਕ ਹੜ੍ਹ 1700 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਪਿੰਡਾਂ ਦੇ ਰਿਹਾਇਸ਼ੀ ਇਲਾਕਿਆਂ 'ਚ ਪਾਣੀ ਵੜ੍ਹਨ ਤੋਂ ਇਲਾਵਾ ਖੜ੍ਹੀਆਂ ਫ਼ਸਲਾਂ ਨੂੰ ਵੱਡਾ ਨੁਕਸਾਨ ਪੁੱਜਾ ਹੈ।
ਹੈਲੋ! ਰੌਂਗ ਨੰਬਰ ਡਾਇਲ ਕਰ ਲਿਆ ਤੁਸਾਂ। ਪੰਜਾਬ ਦਾ ਅਰਥ ਪੰਜ+ਆਬ ਜਾਣੀ ਪੰਜ ਦਰਿਆਵਾਂ ਦੀ ਧਰਤੀ। ਜਦ ਪੰਜ ਦਰਿਆ ਹੀ ਨਹੀਂ ਰਹੇ ਤਾਂ ਪੰਜਾਬ ਕਿਥੇ ਰਿਹਾ? ਚਿੜੀ ਦੇ ਪਹੁੰਚੇ ਜਿੰਨਾ ਰਹਿ ਗਿਆ ਹੈ ਪੰਜਾਬ, ਜਿਹੜਾ ਭਾਈ ਕਿਸੇ ਨੂੰ ਯਾਦ ਹੀ ਨਹੀਂ ਰਹਿੰਦਾ, ਇਸਦਾ ਚੇਤਾ ਭੁੱਲ ਹੀ ਜਾਂਦਾ ਹੈ। ਇਥੇ ਜਦੋਂ ਨਸ਼ੇ ਵਿਕਦੇ ਹਨ, ਇਥੇ ਜਦੋਂ ਕੁੜੀਆਂ ਔਰਤਾਂ ਦੇ ਪੇਟ 'ਚ ਮਾਰੀਆਂ ਜਾਂਦੀਆਂ ਹਨ, ਇਥੇ ਜਦੋਂ "ਗਰਮ ਖਿਆਲੀਆਂ ਦੀਆਂ ਕਾਰਵਾਈਆਂ ਹੁੰਦੀਆਂ ਹਨ, ਇਥੇ ਜਦੋਂ ਸਰਹੱਦਾਂ 'ਤੇ ਜੰਗ ਲੱਗਦੀ ਹੈ। ਉਦੋਂ ਪੰਜਾਬ ਦਾ ਸਹੀ ਨੰਬਰ ਡਾਇਲ ਹੁੰਦਾ ਹੈ। ਤਾਂ ਕਿ ਪੰਜਾਬ ਨਿੰਦਿਆ ਜਾਏ, ਤਾਂ ਕਿ ਪੰਜਾਬ ਦੇ ਗੱਭਰੂ ਸਰਹੱਦਾਂ 'ਤੇ ਧੱਕੇ ਜਾਣ।ਪਰ ਪੰਜਾਬ ਉਦੋਂ ਯਾਦ ਨਹੀਂ ਆਉਂਦਾ, ਜਦੋਂ ਧਰਤੀ ਹੇਠਲਾ ਪੰਜਾਬ ਦਾ ਪਾਣੀ ਮੁੱਕਦਾ ਹੈ। ਪੰਜਾਬ ਦਾ ਕਿਸਾਨ ਆਤਮ ਹੱਤਿਆ ਕਰਦਾ ਹੈ। ਪੰਜਾਬ ਦੀ ਜੁਆਨੀ ਪਾਸਪੋਰਟ ਝੋਲੇ ਪਾ ਪ੍ਰਵਾਨ ਕਰਨ ਲਈ ਮਜ਼ਬੂਰ ਕੀਤੀ ਜਾਂਦੀ ਹੈ ਜਾਂ ਫਿਰ ਪੰਜਾਬ ਕੈਂਸਰ ਦੀ ਲਪੇਟ 'ਚ ਆਉਂਦਾ ਹੈ।
ਪੰਜਾਬ ਉਦੋਂ ਵੀ ਯਾਦ ਨਾ ਆਇਆ ਜਦੋਂ ਸੰਤਾਲੀ 'ਚ ਦਸ ਲੱਖ ਪੰਜਾਬੀ ਇਧਰ ਉਧਰ ਮਰੇ, 10 ਲੱਖ ਪੰਜਾਬੀ ਇਧਰ-ਉਧਰ ਉਜੜੇ। ਪੰਜਾਬ ਉਦੋਂ ਵੀ ਯਾਦ ਨਾ ਆਇਆ ਜਦੋਂ ਚੌਰਾਸੀ 'ਚ ਪਤਾ ਨਹੀਂ ਕਿੰਨੇ ਪੰਜਾਬੀ ਜ਼ਮੀਨ ਨਿਗਲ ਗਈ ਕਿ ਅਸਮਾਨ ਖਾ ਗਿਆ, ਕਿਸੇ ਨੂੰ ਚਿੱਤ-ਚੇਤਾ ਹੀ ਨਹੀਂਓ। ਤੇ ਹੁਣ ਵੇਖੋ ਨਾ ਜੀ, ਨਿੱਤ ਪੰਜਾਬੀ ਚੀਕਦੇ ਸੀ ਕਿ ਪਾਣੀ ਧਰਤੀ ਹੇਠ ਘਟ ਗਿਆ ਹੈ। ਪੰਜਾਬ ਦਾ ਪਾਣੀ ਰਾਜਸਥਾਨ, ਹਰਿਆਣਾ ਵਾਲੇ ਲੈ ਗਏ ਹਨ ਤਦੇ ਤਾਂ ਕਿੰਨੀ ਕਿਰਪਾ ਕੀਤੀ ਭਾਖੜੇ ਵਾਲਿਆਂ ਸਾਰਾ ਪਾਣੀ ਪੰਜਾਬ 'ਚ ਵਗਾ ਦਿੱਤਾ, ਜਿਹਨਾ ਕੀਟ ਨਾਸ਼ਕਾਂ ਨਾਲ ਫ਼ਸਲਾਂ ਹੜ੍ਹਾ ਕੇ ਲੈ ਗਿਆ। ਨਾ ਰਿਹਾ ਬਾਂਸ ਹੁਣ ਨਾ ਵੱਜੂ ਬੰਸਰੀ।
ਉਂਜ ਭਾਈ ਹੜ੍ਹ ਕੰਟਰੋਲ ਕਰਨੇ, ਲੋਕਾਂ ਦੀਆਂ ਤਕਲੀਫ਼ਾਂ ਦੂਰ ਕਰਨੀਆਂ ਉਪਰਲੀ ਹੇਠਲੀ ਸਰਕਾਰ ਦੇ ਕੰਮ ਨਹੀਂਓ। ਸਰਕਾਰ ਰਾਜ ਕਰਨ ਲਈ ਹੁੰਦੀ ਆ, ਕੰਮ ਕਰਨ ਲਈ ਨਹੀਂ।ਲੋਕਾਂ ਨੂੰ ਤਾਂ ਆਪਣੇ ਕੰਮ ਆਪੇ ਹੀ ਕਰਨੇ ਪੈਂਦੇ ਆ। ਤਦੇ ਕਹਿੰਦੇ ਆ, "ਪਤਾ ਨਹੀਂ ਕੀ ਸੱਜਣੋ ਰੋਗ ਚੰਦਰਾ, ਸੰਕਟ ਵੇਲੇ ਹੈ ਸਾਡੀ ਸਰਕਾਰ ਸੌਂਦੀ"।
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.