ਅੱਜ ਦਾ ਦਿਨ ਬਹੁਤ ਹੀ ਸਕਾਰਥਾ ਸੀ।
ਸੰਤ ਈਸ਼ਰ ਦਾਸ ਸਰਕਾਰੀ ਹਾਇਰ ਸੈਕੰਡਰੀ ਸਕੂਲ ਮੂੰਮ(ਬਰਨਾਲਾ) ਚ ਦੇਸ਼ ਵੰਡ ਦਾ ਸੰਤਾਪ ਬਾਰੇ ਸੈਮੀਨਾਰ ਸੀ।
ਮੇਰੇ ਪਿਆਰੇ 36 ਸਾਲ ਪੁਰਾਣੇ ਵਿਦਿਆਰਥੀ ਕਰਮਜੀਤ ਸਿੰਘ ਬੁੱਟਰ(ਨੱਥੋਵਾਲ) ਦਾ ਆਦੇਸ਼ ਸੀ ਕਿ ਬੱਚਿਆਂ ਤੇ ਅਧਿਆਪਕਾਂ ਨੂੰ ਜ਼ਰੂਰ ਮਿਲਣਾ ਹੈ।
ਇਸ ਸਕੂਲ ਦੇ ਪੁਰਾਣੇ ਵਿਦਿਆਰਥੀ (1959ਬੈਚ) ਦੇ ਵਿਦਿਆਰਥੀ ਡਾ: ਕਰਨਲ ਦਲਵਿੰਦਰ ਸਿੰਘ ਗਰੇਵਾਲ ਨੇ ਮੈਨੂੰ ਨਾਲ ਲੈਣਾ ਸੀ। ਦਿੱਲੀ ਤੋਂ ਟਰੇਨ ਰਾਹੀਂ ਸਵੇਰ ਸਾਰ ਪੁੱਜੇ ਇਸੇ ਸਕੂਲ ਚ ਉਨ੍ਹਾਂ ਦੇ ਸਹਿਪਾਠੀ ਭੀਮ ਸੈਨ ਕਾਂਸਲ ਉਨ੍ਹਾਂ ਦੇ ਅੰਗਸੰਗ ਸਨ।
ਪੱਖੋਵਾਲ ਰੋਡ ਸਰਾਭੇ ਤੀਕ ਤਾਂ ਠੀਕ ਸੀ ਪਰ ਅੱਗੇ ਹਲਵਾਰਾ ਚੌਂਕ ਤੀਕ ਪੰਜਾਬ ਦੇ ਆਰਥਿਕ ਹਾਲਾਤ ਵਰਗੀ ਸੀ। ਟੁੱਟੀ ਫੁੱਟੀ ਟੋਇਆਂ ਵਾਲੀ। ਕਹਿ ਰਹੀ ਸੀ ਹੋਰ ਪਾਉ ਵੋਟਾਂ ਆਮ ਆਦਮੀ ਪਾਰਟੀ ਵਾਲੇ ਜੱਗੇ ਤੇ ਫੂਲਕੇ ਨੂੰ। ਫੂਲਕਾ ਅੱਧ ਵਿਚਕਾਰ ਡੋਬਾ ਦੇ ਗਿਆ।
ਜਿਉਂਦਾ ਰਹੇ ਉਹ ਜੀ ਸਦਕੇ ਜਿਹੜਾ
ਲਾ ਕੇ ਮੁਹੱਬਤਾਂ ਤੋੜ ਗਿਆ।
ਹੁਣ ਨਵੇਂ ਖਸਮ ਆਉਣਗੇ।
ਸੜਕਾਂ ਬਣਾਉਣਗੇ,
ਵੋਟਾਂ ਲਈ ਭਰਮਾਉਣਗੇ।
ਰਾਇਕੋਟ ਤੋਂ ਬੱਸੀਆਂ ਰਾਹੀਂ ਪਿੰਡ ਚੱਕ ਭਾਈ ਕਾ ਰਾਹੀਂ ਮੂੰਮ ਪੁੱਜੇ।
ਚੱਕ ਭਾਈ ਕਾ ਸਾਡੇ ਪੁਰਖੇ ਲਿਖਾਰੀ ਡਾ: ਅਮਰਜੀਤ ਸਿੰਘ ਹੇਅਰ ਦਾ ਪਿੰਡ ਹੈ। ਲਿਖਾਰੀ ਸੁਰਿੰਦਰ ਧੰਜਲ ਤੇ ਰਾਜਵਿੰਦਰ ਸਿੰਘ ਰਾਹੀ ਵੀ ਇਸੇ ਪਿੰਡ ਦੇ ਨੇ। ਧੰਜਲ ਦੇ ਦੋ ਭਰਾ ਅਮਰਜੀਤ ਸਿੰਘ ਤੇ ਅੰਮ੍ਰਿਤਪਾਲ ਵੀ ਅਦਬ ਨਿਵਾਜ਼ ਨੇ। ਇਨ੍ਹਾਂ ਦਾ ਪੁੱਤਰ ਸੁੱਖੀ ਧੰਜਲ ਫ਼ਿਲਮਸਾਜ਼ ਹੈ। ਇਸੇ ਪਿੰਡ ਦਾ ਪੱਤਰਕਾਰ ਬਿੱਟੂ ਚੱਕ ਵਾਲਾ ਤੇ ਰਿਸ਼ੀ ਸਿੰਘ ਰਾਹੀ ਇਲੈਕਟਰਾਨਿਕ ਮੀਡੀਏ ਚ ਨਿਵੇਕਲੀਆਂ ਪੈੜਾਂ ਕਰ ਰਹੇ ਨੇ।
ਪਿੰਡ ਹੀ ਦੱਸਦਾ ਹੈ ਕਿ ਮੇਰੇ ਸਾਈਂ ਜਿਉਂਦੇ ਨੇ। ਫੁੱਲਦਾਰ ਬੂਟੇ ਝਾੜੀਆਂ ਤੇ ਰੁੱਖ ਵੇਖਣੇ ਚੰਗੇ ਲੱਗੇ।
ਚੱਕ ਭਾਈਕਾ ਦੀ ਜੂਹ ਦੇ ਦੂਜੇ ਸਿਰੇ ਨਹਿਰ ਕੰਢੇ ਬਣੇ ਸਕੂਲ ਨੂੰ ਕਿਸੇ ਵਕਤ ਸੰਤ ਈਸ਼ਰ ਦਾਸ ਨੇ ਬਣਵਾਇਆ ਸੀ। ਫਿਰ ਸਰਕਾਰੀ ਹੋ ਗਿਆ। ਐਤਕੀਂ ਦਸ ਜਮ੍ਹਾਂ ਦੋ ਜਮਾਤ ਚੋਂ ਸਾਰੇ ਬੱਚੇ ਪਹਿਲੀ ਡਿਵੀਯਨ ਚ ਪਾਸ ਹੋਏ ਨੇ।
ਸਕੂਲ ਪ੍ਰਿੰਸੀਪਲ ਹਰਦੀਪ ਕੌਰ ਤੇ ਹਿੰਮਤੀ ਸਟਾਫ਼ ਦਾ ਉਤਸ਼ਾਹ ਮੂੰਹੋਂ ਬੋਲਦਾ ਸੁਣ ਰਿਹਾ ਸੀ। ਸਫ਼ਾਈ ਸਲੀਕਾ ਤੇ ਸਮਰਪਿਤ ਭਾਵਨਾ ਦੇ ਨਾਲ ਨਾਲ ਇਲਾਕੇ ਦੇ ਮਹਤਬਰ ਸੱਜਣਾਂ ਨਾਲ ਸੰਪਰਕ ਸਾਫ਼ ਦਿਸ ਰਿਹਾ ਸੀ। ਦਸ ਬਾਰਾਂ ਪਿੰਡਾਂ ਦੀਆਂ ਪੰਚਾਇਤਾਂ ਸਕੂਲ ਚ ਸੈਮੀਨਾਰ ਲਈ ਹਾਜ਼ਰ ਸਨ।
ਡਾ: ਦਲਵਿੰਦਰ ਸਿੰਘ ਗਰੇਵਾਲ, ਡਾ: ਅਵਤਾਰ ਸਿੰਘ ਗੌਰਮਿੰਟ ਮਹਿਲਾ ਕਾਲਿਜ ਲੁਧਿਆਣਾ ਤੇ ਡਾ: ਬਲਜੀਤ ਸਿੰਘ ਰਾਏਸਰ, ਗੁਰੂ ਹਰਗੋਬਿੰਦ ਖ਼ਾਲਸਾ ਕਾਲਿਜ ਗੁਰੂਸਰ ਸਧਾਰ ਮੁੱਖ ਬੁਲਾਰੇ ਸਨ। ਕੁਝ ਗੱਲਾਂ ਮੈਂ ਵੀ ਕੀਤੀਆਂ ਬੱਚਿਆਂ ਨਾਲ। ਬੱਚਾ ਬਣ ਗਿਆ ਮੈਂ ਵੀ। 1947 ਦਾ ਦਰਦਨਾਮਾ ਦੱਸਦਿਆਂ ਕਈ ਵਾਰ ਮਨ ਭਰਿਆ।
ਬਲਜੀਤ ਨੂੰ ਮੈਂ ਓਥੇ ਤਾਂ ਨਾ ਸੁਣ ਸਕਿਆ ਕਿਉਂਕਿ ਪ੍ਰੋ: ਨਰਿੰਜਨ ਤਸਨੀਮ ਜੀ ਦੇ ਭੋਗ ਤੇ ਪਰਤਣਾ ਜ਼ਰੂਰੀ ਸੀ। ਮਗਰੋਂ ਸਕੂਲ ਲੈਕਚਰਰ ਬਬਲਜੀਤ ਸਿੰਘ ਤੋਂ ਵੀਡੀਓ ਮੰਗਵਾ ਕੇ ਸੁਣੀ। ਇਤਿਹਾਸ ਨੂੰ ਜੀਵੰਤ ਅੰਦਾਜ਼ ਚ ਸੁਣ ਕੇ ਬਲਜੀਤ ਦਾ ਬਹੁਤ ਪਿਆਰ ਆਇਆ। ਭਵਿੱਖ ਦੀ ਆਸ ਜਹੇ ਇਹ ਪੁੱਤਰ ਜ਼ਿੰਦਾਬਾਦ।
ਸਕੂਲ ਦੇ ਬੱਚੇ ਵਡਭਾਗੇ ਹਨ ਜੋ ਅਜਿਹੇ ਅਧਿਆਪਕਾਂ ਕੋਲੋਂ ਪੜ੍ਹ ਰਹੇ ਹਨ ਜੋ ਚੌਵੀ ਘੰਟੇ ਉਨ੍ਹਾਂ ਬਾਰੇ ਸੋਚਦੇ ਹਨ।
ਮੇਰਾ ਜੀ ਕਰਦੈ, ਪੰਜਾਬ ਸਰਕਾਰੀ ਸਿੱਖਿਆਤੰਤਰ ਦੇ ਰਵਾਇਤੀ ਨਿੰਦਕਾਂ ਨੂੰ ਕਹਾਂ,
ਮੂੰਮ ਜਾ ਕੇ ਆਉ! ਭਰਮ ਜਾਲ ਟੁੱਟੇਗਾ।
ਹਲਕੇ ਦਾ ਵਿਧਾਇਕ ਤਾਂ ਪਤਾ ਨਹੀਂ ਕੌਣ ਹੈ, ਪਰ ਐੱਮ ਪੀ ਭਗਵੰਤ ਮਾਨ ਨੂੰ ਜ਼ਰੂਰ ਕਹਾਂਗਾ,
ਪੁੱਤਰਾ !
ਮੂੰਮ ਜਾ ਕੇ ਆ।
ਸਕੂਲ ਦੀਆਂ ਲੋੜਾਂ ਪੁੱਛ।
ਜਿਵੇਂ ਇੱਛਰਾਂ ਮਾਂ ਪੂਰਨ ਪੁੱਤ ਨੂੰ ਉਡੀਕਦੀ ਸੀ ਸਿਆਲਕੋਟ ਵਿੱਚ ਉਵੇਂ ਪੰਜਾਬ ਦੇ ਪਿੰਡ ਆਪਣੇ ਆਗੂਆਂ ਨੂੰ ਉਡੀਕਦੇ ਨੇ ਦਰਦ ਨਿਵਾਰਨ ਲਈ।
ਸਕੂਲ ਸਟਾਫ਼ ਦੇ ਹਿੰਮਤੀ ਵੀਰਾਂ,ਇਲਾਕੇ ਦੇ ਸਿੱਖਿਆ ਸ਼ੁਭ ਚਿੰਤਨ ਵਾਲੇ ਮੁਹਤਬਿਰ ਸੱਜਣਾਂ ਨੂੰ ਸਲਾਮ!
ਫਿਰ ਮਿਲਾਂਗੇ ਚੜ੍ਹਦੇ ਸਿਆਲ!
ਗੁਰਭਜਨ ਗਿੱਲ
23.8.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.