ਭੱਜ ਦੌੜ ਭਰੀ ਜ਼ਿੰਦਗੀ ਵਿੱਚ ਖਾਣਾ ਬਣਾਉਣ ਦਾ ਕਿਸੇ ਕੋਲ ਸਮਾਂ ਹੀ ਨਹੀਂ ਹੈ। ਜਾਂ ਕਹੋ ਕਿ ਮਨ ਹੀ ਨਹੀਂ ਆਖੇ ਲੱਗਦਾ। ਹਰ ਕੋਈ ਅੱਜ ਕੱਲ ਮੈਕਡਾਨਿਲਡ ਕੇ ਐਫ ਸੀ ਹੰਗਰੀ ਜੈਕ ਪੀਜ਼ੇ ਜਾਣੀ ਰੈਡੀਮੇਡ ਖਾਣਾ ਪਸੰਦ ਕਰ ਰਿਹਾ ਹੈ। "ਅਲਟ੍ਰਾ-ਪ੍ਰੋਸੈੱਸਡ" ਭੋਜਨ ਕੇਕ, ਚਿਕਨ ਨਗਟਸ ਅਤੇ ਬ੍ਰੈਡ ਨਾਲ ਬਣੇ ਭੋਜਨ ਦਾ ਬਜ਼ਾਰ ਨੇ ਵਰਗੀਕਰਨ ਕਰ ਦਿੱਤਾ ਹੈ। ਪੈਕ ਕੀਤੇ ਗਏ ਭੋਜਨ ਵੱਡੀ ਮਾਤਰਾ 'ਚ ਤਿਆਰ ਅਤੇ ਪੈਕ ਕੀਤੇ ਗਏ ਬ੍ਰੈੱਡ ਅਤੇ ਬੰਨ ਮਿੱਠੇ ਜਾਂ ਜ਼ਾਇਕੇਦਾਰ ਪੈਕ ਕੀਤੇ ਗਏ ਸਨੈਕਸ ਚਾਕਲੈਟ ਅਤੇ ਮਠਿਆਈਆਂ ਸੋਢਾ ਅਤੇ ਸੌਫਟ ਡਰਿੰਕਜ਼ ਮੀਟਬਾਲ, ਪੋਲਟਰੀ ਉਤਪਾਦ ਅਤੇ ਮੱਛੀ ਦੇ ਨਗੈੱਟਸਨੂਡਲਜ਼ ਅਤੇ ਸੂਪਫਰੋਜ਼ਨ ਜਾਂ ਤਿਆਰ ਭੋਜਨ ਖੰਡ, ਤੇਲ ਅਤੇ ਵੱਧ ਚਰਬੀ ਵਾਲਾ ਖਾਣਾ ਸਾਰਾ ਅਲਟ੍ਰਾ-ਪ੍ਰੋਸੈੱਸਡ ਖਾਣਾ ਹੈ। ਜਿਹੜਾ ਖਾਣਾ ਸਵਾਦ ਹੋਵੇਗਾ ਓਹੀ ਨਿਗੂਣਾ ਹੁੰਦਾ ਹੈ ਕਿਉਂਕਿ ਕਿ ਤੜਕੇ ਦੀ ਭਰਮਾਰ ਹੁੰਦੀ ਹੈ। ਸਾੜ ਭੁੰਨ ਰਾੜ ਕੇ ਸਭ ਤੱਤ ਅਸੀਂ ਆਪ ਨਸ਼ਟ ਕਰ ਬਹਿੰਦੇ ਹਾਂ। ਬਜ਼ਾਰੂ ਖਾਣਾਸੱਭ ਸਵਾਦੀ ਮਿਲੇਗਾ ਪਰ ਜ਼ਰੂਰੀ ਤੱਤਾਂ ਤੋਂ ਸੱਖਣਾ। ਤੇ ਹਾਂ ਹੁਣ ਵੀ ਤੁਸੀਂ ਮੇਰੀ ਇਕ ਵੀ ਨਹੀਂ ਮੰਨੋਗੇ ਕਿਉਂ ਕਿ ਸਵਾਦਾਂ ਨੇ ਪੱਟੀ ਹੋਈ ਹੈ ਦੁਨੀਆਂ।
ਇਹ ਕੋਈ ਜਾਣ ਕੇ ਹੀ ਨਹੀਂ ਰਾਜ਼ੀ ਕਿ ਅਲਟ੍ਰਾ-ਪ੍ਰੋਸੈੱਸਡ ਭੋਜਨ ਦਾ ਸਾਡੀ ਸਿਹਤ ਤੇ ਕੀ ਅਸਰ ਹੋ ਰਿਹਾ ਹੈ। ਕਾਰ ਚੋਂ ਵੀ ਨਹੀਂ ਕੋਈ ਉਤਰਨਾ ਚਾਹੁੰਦਾ। ਚੱਲਦੇ ਚੱਲਦੇ ਹੀ ਫੂਡ ਪੈਕ ਲੈ ਕੇ ਡਰਾਈਵ ਕਰਦੇ ਕਰਦੇ ਹੀ ਖਾਧਾ ਜਾਂਦਾ ਹੈ। ਅਰਾਮ ਨਾਲ ਬੈਠ ਕੇ ਖਾਣ ਨੂੰ ਵੀ ਕਿਸੇ ਕੋਲ ਸਮਾਂ ਨਹੀਂ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਜਿਹਾ ਖਾਣਾ ਖਾਣ ਵਾਲੇ 1,05,000 ਹਜ਼ਾਰ ਲੋਕਾਂ 'ਤੇ ਕੀਤੇ ਗਏ ਅਧਿਐਨ ਮੁਤਾਬਕ ਉਨ੍ਹਾਂ ਵਿੱਚ ਕੈਂਸਰ ਦਾ ਵਧੇਰੇ ਖ਼ਤਰਾ ਪਾਇਆ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਿਹਤਮੰਦ ਖੁਰਾਕ ਸਭ ਤੋਂ ਵਧੀਆ ਖਾਣਾ ਹੈ। ਖੋਜ ਬਾਰੇ ਹੋਰ ਵੀ ਬਹੁਤ ਸਾਰੀਆਂ ਸਾਵਧਾਨੀਆਂ ਦੱਸੀਆਂ ਜਾ ਰਹੀਆਂ ਹਨ। ਪਰ ਜੇ ਕੋਈ ਮੰਨੇ ਤਾਂ ਹੀ ਅਸੀਂ ਕੈਂਸਰ ਦੇ ਵਾਧੇ ਤੋਂ ਬਚ ਸਕਦੇ ਹਾਂ। ਅਜਿਹੇ ਭੋਜਨ ਕਾਰਨ ਲੋਕਾਂ ਚ ਕੈਂਸਰ ਹੋਣ ਦਾ ਖ਼ਤਰਾ ਵਧ ਰਿਹਾ ਹੈ ਤੇ ਲੋਕ ਜਾਣਦੇ ਹੋਏ ਵੀ ਕਬਰਾਂ ਦੇ ਰਾਹੀਂ ਪੈ ਰਹੇ ਹਨ। ਗ਼ਲਤ ਰਾਹ ਕਾਰਨ ਹੀ ਹੁਸੀਨ ਜਿੰਦਗੀ ਹੱਥਾਂ ਚੋਂ ਗੁਆ ਰਹੇ ਹਾਂ। ਕਿਸੇ ਉਪਰ ਵਾਲੇ ਤੇ ਡੋਰੀਆਂ ਅਸੀਂ ਆਪ ਸੁੱਟਦੇ ਹਾਂ। ਭੋਜਨ ਅਹਾਰ ਸੋਚ ਸਮਝ ਵਾਲਾ ਹੋਵੇ ਤਾਂ ਜਪਾਨੀਆਂ ਵਾਂਗ ਜਿੰਨੀ ਮਰਜ਼ੀ ਉਮਰ ਮਾਣ ਸਕਦੇ ਹਾਂ। ਇਸ ਬਾਰੇ ਫਿਰ ਵੀ ਕਦੇ ਗੱਲ ਕਰਾਂਗੇ। ਡਾਕਟਰ ਨਸੀਹਤਾਂ ਦਿੰਦੇ ਥੱਕ ਜਾਂਦੇ ਹਨ। ਦੋ ਚਾਰ ਦਿਨ ਓਹਦੀ ਮੰਨ ਕੇ ਫਿਰ ਓਹੀ ਰਾਹ ਅਪਣਾਇਆ ਜਾਂਦਾ ਹੈ ਜੋ ਮਨ ਰੂਹ ਕਹਿੰਦੀ ਹੈ।
ਅਲਟ੍ਰਾ-ਪ੍ਰੋਸੈੱਸਡ ਭੋਜਨ ਵੱਧ ਭਾਰ ਦੀ ਬਿਮਾਰੀ ਦਾ ਵੀ ਕਾਰਨ ਬਣਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦਾ ਕਹਿਣਾ ਹੈ ਕਿ ਪ੍ਰੋਸੈੱਸ ਕੀਤੇ ਮੀਟ ਕਾਰਨ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਪ੍ਰੋਸੈੱਸਡ ਮੀਟ ਕੈਂਸਰ ਦੇ ਖ਼ਤਰੇ ਨੂੰ ਥੋੜ੍ਹਾ ਹੋਰ ਵਧਾਉਂਦਾ ਹੈ।
ਇੱਕ ਖੋਜ ਟੀਮ ਨੇ ਯੂਨੀਵਰਸਿਟੀ ਸੋਰਬੋਨ ਪੈਰਿਸ ਸਾਈਟ 'ਚ ਦੋ ਦਿਨ ਸਰਵੇਖਣ ਕੀਤਾ ਕਿ ਲੋਕ ਕੀ ਖਾਂਦੇ-ਪੀਂਦੇ ਹਨ। ਅਲਟ੍ਰਾ-ਪ੍ਰੋਸੈੱਸਡ ਖਾਣੇ ਤੋਂ ਕਿੰਨਾ ਖ਼ਤਰਾ ਹੋ ਸਕਦਾ ਹੈ? ਜਿਨ੍ਹਾਂ 'ਤੇ ਅਧਿਐਨ ਕੀਤਾ ਗਿਆ ਹੈ ਉਹ ਵਧੇਰੇ ਮੱਧ ਵਰਗੀ ਉਮਰ ਦੀਆਂ ਔਰਤਾਂ ਸਨ। ਜਿਹਨਾਂ ਨੂੰ ਪੰਜ ਸਾਲਾਂ ਔਸਤਨ ਵਜੋਂ ਅਪਣਾਇਆ ਗਿਆ। ਬ੍ਰਿਟਿਸ਼ ਮੈਡੀਕਲ ਜਰਨਲ ਦੇ ਅੰਕੜਿਆਂ ਮੁਤਾਬਕ ਸਿੱਟੇ ਵਜੋਂ ਖਾਣੇ ਵਿਚ ਅਲਟ੍ਰਾ-ਪ੍ਰੋਸੈੱਸਡ ਭੋਜਨ ਦਾ ਅਨੁਪਾਤ 10 ਫੀਸਦੀ ਵਧਿਆ ਅਤੇ ਫਿਰ ਕੈਂਸਰ ਦੇ ਅੰਕੜਿਆਂ ਵਿਚ 12 ਫੀਸਦੀ ਵਾਧਾ ਹੋਇਆ। ਇਸ ਤੋਂ ਸਿੱਧਾ ਸੰਕੇਤ ਮਿਲਦਾ ਹੈ ਕਿ ਪ੍ਰੋਸੈੱਸਡ ਭੋਜਨ ਜਾਨ ਲੇਵਾ ਭੋਜਨ ਹੈ ਤੇ ਇਸ ਦਾ ਰੁਝਾਨ ਘਰਾਂ ਵਿਚ ਦਿਨ ਬ ਦਿਨ ਬਹੁਤ ਹੀ ਪ੍ਰਚਲਤ ਹੋ ਰਿਹਾ ਹੈ। ਇੰਜ ਅਸੀਂ ਆਪਣੀ ਜ਼ਿੰਦਗੀ ਦੀਆਂ ਘੜੀਆਂ ਘੱਟ ਕਰ ਰਹੇ ਹਾਂ।
ਔਸਤਨ 18 ਫੀਸਦ ਲੋਕਾਂ ਦਾ ਖਾਣਾ ਅਲਟ੍ਰਾ ਪ੍ਰੋਸੈੱਸਡ ਹੈ। ਔਸਤਨ ਸਾਲਾਨਾ ਪ੍ਰਤੀ 10 ਹਜ਼ਾਰ 'ਚ 79 ਵਿਆਕਤੀ ਕੈਂਸਰ ਪੀੜਤ ਹੁੰਦੇ ਹਨ। 10 ਫੀਸਦ ਪ੍ਰੋਸੈੱਸਡ ਖਾਣੇ ਦੇ ਅਨੁਪਾਤ ਦੇ ਵਧਣ ਨਾਲ ਸਾਲਾਨਾ 10 ਹਜ਼ਾਰ ਲੋਕਾਂ ਵਿਚੋਂ 9 ਹੋਰ ਕੈਂਸਰ ਪੀੜਤ ਹੋ ਸਕਦੇ ਹਨ। ਅਧਿਐਨ ਦੌਰਾਨ ਇਹ ਤੱਥ ਸਾਹਮਣੇ ਆਏ ਹਨ।
ਬਜ਼ਾਰ ਵਿੱਚ ਵੀ ਆਸਾਨੀ ਨਾਲ ਬਣਿਆ ਬਣਾਇਆ ਖਾਣਾ ਇਹ ਮਿਲ ਜਾਂਦਾ ਹੈ। ਬਜ਼ਾਰ ਦੇ ਖਾਣੇ ਦਾ ਸੁਆਦ ਵੀ ਵੱਖਰਾ ਹੁੰਦਾ ਹੈ ਅਤੇ ਇਸਨੂੰ ਬਣਾਉਣ ਦੀ ਇੱਕ ਵੱਖਰੀ ਪ੍ਰਕਿਰਿਆ ਵੀ ਹੁੰਦੀ ਹੈ। ਰੈਡੀਮੇਡ ਖਾਣਾ ਅੱਗ 'ਤੇ ਘੱਟ ਅਤੇ ਮਾਈਕ੍ਰੋਵੇਵ ਵਿੱਚ ਵੱਧ ਬਣਾਇਆ ਜਾਂਦਾ ਹੈ। ਕਈ ਪਕਵਾਨ ਤਾਂ ਮਾਈਕ੍ਰੋਵੇਵ ਵਿੱਚ ਹੀ ਬਣਾਏ ਜਾਂਦੇ ਹਨ। ਮਾਈਕ੍ਰੋਵੇਵ ਵਿੱਚ ਪਕਾਉਣ 'ਤੇ ਇਸ ਵਿੱਚ ਵੱਖਰੀ ਤਰ੍ਹਾਂ ਦੀਆਂ ਕੈਮੀਕਲ ਕਿਰਿਆਵਾਂ ਹੁੰਦੀਆਂ ਹਨ। ਖਾਣੇ ਵਿੱਚ ਹੋਣ ਵਾਲੀਆਂ ਰਸਾਇਣਕ ਕਿਰਿਆਵਾਂ 'ਚੋਂ ਸਭ ਤੋਂ ਮਸ਼ਹੂਰ 'ਮੈਲਾਰਡ ਰਿਐਕਸ਼ਨ' ਹੈ। ਇਸ ਨੂੰ ਸਭ ਤੋਂ ਪਹਿਲਾਂ 1912 ਵਿੱਚ ਫਰਾਂਸ ਦੇ ਵਿਗਿਆਨੀ ਲੁਇਸ ਕੈਮਿਲੇ ਮੈਲਾਰਡ ਨੇ ਖੋਜਿਆ ਸੀ।
ਮੈਲਾਰਡ ਰਿਐਕਸ਼ਨ ਸਭ ਤੋਂ ਵੱਧ ਬੇਕਰੀ ਦੀਆਂ ਚੀਜ਼ਾਂ ਵਿੱਚ ਹੁੰਦਾ ਹੈ। ਜਦ ਸਾਡੇ ਖਾਣ ਦੀਆਂ ਚੀਜ਼ਾਂ ਵਿੱਚ ਮੌਜੂਦ ਐਮੀਨੋ ਐਸਿਡ ਨੂੰ ਚੀਨੀ ਨਾਲ ਗਰਮ ਕੀਤਾ ਜਾਂਦਾ ਹੈ ਤਾਂ ਇੱਕ ਖਾਸ ਤਰੀਕੇ ਦਾ ਰਿਐਕਸ਼ਨ ਪੈਦਾ ਹੁੰਦਾ ਹੈ, ਜਿਸ ਕਰਕੇ ਖਾਣਾ ਭੂਰੇ ਰੰਗ ਦਾ ਹੋ ਜਾਂਦਾ ਹੈ ਅਤੇ ਉਸਦਾ ਸੁਆਦ ਵੱਧ ਜਾਂਦਾ ਹੈ। ਬਿਸਕੁਟ, ਤਲੇ ਹੋਏ ਪਿਆਜ਼, ਚਿੱਪਸ, ਤਲੇ ਹੋਏ ਆਲੂ ਵਰਗੀਆਂ ਖਾਣ ਦੀਆਂ ਚੀਜ਼ਾਂ ਇਸੇ ਰਿਐਕਸ਼ਨ ਕਰਕੇ ਇੰਨੀਆਂ ਸੁਆਦ ਬਣਦੀਆਂ ਹਨ।
ਬ੍ਰਿਟੇਨ ਦੇ ਭੋਜਨ ਖੋਜਕਾਰ ਸਟੀਮ ਏਲਮੋਰ ਕਹਿੰਦੇ ਹਨ ਕਿ ਖਾਣ ਦੀਆਂ ਚੀਜ਼ਾਂ ਵਿੱਚ ਹੋਣ ਵਾਲਾ ਇਹ ਕੈਮੀਕਲ ਰਿਐਕਸ਼ਨ ਬਹੁਤ ਗੁੰਝਲਦਾਰ ਹੈ। ਐਮੀਨੋ ਐਸਿਡ ਨਾਈਟ੍ਰੋਜਨ ਨਾਲ ਮਿਲਕੇ ਖਾਣ ਦੀਆਂ ਚੀਜ਼ਾਂ ਵਿੱਚ ਬਿਹਤਰੀਨ ਖੁਸ਼ਬੂ ਪੈਦਾ ਕਰਦੇ ਹਨ। ਵੱਧ ਪਾਣੀ ਵਾਲੇ ਖਾਣੇ ਵਿੱਚ ਇਹ ਕੈਮਿਕਲ ਰਿਐਕਸ਼ਨ ਨਹੀਂ ਹੁੰਦਾ। ਜਦੋਂ ਕੱਚੇ ਆਲੂ ਨੂੰ ਤੰਦੂਰ ਵਿੱਚ ਸੇਕਿਆ ਜਾਂਦਾ ਹੈ ਤਾਂ ਉਸਦੀ 80 ਫੀਸਦ ਨਮੀ ਚਲੀ ਜਾਂਦੀ ਹੈ। ਜਦ ਆਲੂ ਉਬਲਣ ਲੱਗਦਾ ਹੈ ਤਾਂ ਪਾਣੀ ਭਾਫ ਬਣ ਕੇ ਉੱਡ ਜਾਂਦਾ ਹੈ ਅਤੇ ਉਸ ਦਾ ਛਿਲਕਾ ਸੁੱਕਣ ਲੱਗਦਾ ਹੈ।
ਇਹੀ ਕਾਰਣ ਹੈ ਕਿ ਸੇਕੇ ਹੋਏ ਆਲੂ ਦਾ ਛਿਲਕਾ ਭੂਰਾ ਹੁੰਦਾ ਹੈ। ਜਦਕਿ ਆਲੂ ਅੰਦਰੋਂ ਆਪਣੇ ਕੁਦਰਤੀ ਰੰਗ ਦਾ ਹੀ ਹੁੰਦਾ ਹੈ। ਮੈਲਾਰਡ ਰਿਐਕਸ਼ਨ ਲਈ ਖਾਣੇ ਵਿੱਚ ਨਮੀ ਦਾ ਪੱਧਰ ਪੰਜ ਫ਼ੀਸਦ ਘੱਟ ਹੋਣਾ ਜ਼ਰੂਰੀ ਹੈ। ਉਦੋਂ ਹੀ ਖਾਣੇ ਦੀ ਉੱਤਲੀ ਤਲੀ ਭੂਰੇ ਰੰਗ ਦੀ ਬਣਦੀ ਹੈ।
ਖਾਣੇ ਨੂੰ ਅੱਗ 'ਤੇ ਸੇਕਣ ਨਾਲ ਮੈਲਾਰਡ ਰਿਐਕਸ਼ਨ ਤੇਜ਼ੀ ਨਾਲ ਹੁੰਦਾ ਹੈ। ਪਰ ਮਾਈਕ੍ਰੋਵੇਵ ਵਿੱਚ ਤੇਜ਼ ਕਿਰਣਾਂ ਜ਼ਰੀਏ ਖਾਣੇ ਨੂੰ ਸੇਕਿਆ ਜਾਂਦਾ ਹੈ। ਹੁਣ ਤੁਸੀਂ ਆਪ ਹੀ ਸੋਚੋ ਕਿ ਮਾਈਕ੍ਰੋਵੇਵ ਕਿ ਜਾਂ ਸੇਕਿਆ ਹੋਇਆ ਖਾਣਾ ਖਾਧਾ ਜਾਏ? ਇਸ ਕਰਕੇ ਖਾਣੇ ਵਿੱਚ ਮੈਲਾਰਡ ਪ੍ਰਤੀਕਿਰਿਆ ਸਹੀ ਢੰਗ ਨਾਲ ਨਹੀਂ ਹੁੰਦੀ। ਜਿਸ ਵਜ੍ਹਾ ਨਾਲ ਮਾਈਕ੍ਰੋਵੇਵ ਦੀ ਗਰਮੀ ਵਿੱਚ ਤਿਆਰ ਹੋਏ ਖਾਣੇ ਦਾ ਸੁਆਦ ਫਿੱਕਾ ਅਤੇ ਬੇਸੁਆਦੀ ਹੁੰਦਾ ਹੈ।
ਪਾਰੰਪਰਿਕ ਤਰੀਕੇ ਨਾਲ ਸੇਕੇ ਹੋਏ ਮੀਟ ਦਾ ਸੁਆਦ ਇੱਕ ਖੋਜ ਮੁਤਾਬਕ ਮਾਈਕ੍ਰੋਵੇਵ ਵਿੱਚ ਤਿਆਰ ਕੀਤੇ ਗਏ ਮੀਟ ਦੇ ਸੁਆਦ ਦਾ ਇੱਕ ਤਿਹਾਈ ਹੁੰਦਾ ਹੈ। ਮਾਈਕ੍ਰੋਵੇਵ ਵਿੱਚ ਖਾਣਾ ਛੇਤੀ ਬਣ ਜਾਂਦਾ ਹੈ, ਇਸ ਲਈ ਇਸ ਦਾ ਵੱਧ ਇਸਤੇਮਾਲ ਕੀਤਾ ਜਾਂਦਾ ਹੈ। ਪਰ ਖਾਣ ਲਈ ਅਸੀਂ ਆਪਣੇ ਭੋਜਨ ਦਾ ਸਾਰਾ ਸਵਾਦ ਗੁਆ ਬਹਿੰਦੇ ਹਾਂ। ਇਸ ਤਰ੍ਹਾਂ ਦੇ ਖਾਣੇ ਦੀ ਮੰਗ ਚੀਨ ਵਿੱਚ ਬਹੁਤ ਹੈ। 2015 ਵਿੱਚ ਬ੍ਰਿਟੇਨ ਦੇ ਅਖਬਾਰ 'ਦ ਟੈਲੀਗ੍ਰਾਫ' ਦੀ ਇੱਕ ਰਿਪੋਰਟ ਮੁਤਾਬਕ ਬ੍ਰਿਟੇਨ ਦੀ ਸੁਪਰ ਮਾਰਕੀਟ ਵਿੱਚ ਮਿਲਣ ਵਾਲੀਆਂ ਖਾਣ ਦੀਆਂ ਚੀਜ਼ਾਂ ਵਿੱਚ ਚੀਨੀ ਦੀ ਮਾਤਰਾ ਕੋਕਾ ਕੋਲਾ ਦੇ ਇੱਕ ਕੇਨ ਦੇ ਬਰਾਬਰ ਸੀ। ਖਾਣੇ ਵਿੱਚ ਇੰਨੀ ਚੀਨੀ ਠੀਕ ਨਹੀਂ ਹੁੰਦੀ। ਸੋ ਕੋਕਾ ਕੋਲਾ ਵੀ ਸੋਚ ਕੇ ਇਸਤੇਮਾਲ ਕੀਤਾ ਜਾਵੇ ਤਾਂ ਕਿ ਬਾਅਦ ਚ ਕਿਸੇ ਨੂੰ ਵੀ ਦੋਸ਼ੀ ਨਾ ਠਹਿਰਾਇਆ ਜਾਵੇ।
ਪਾਰੰਪਰਿਕ ਤਰੀਕੇ ਨਾਲ ਸੁਆਦ ਖਾਣਾ ਬਣਾਉਣ ਵਿੱਚ ਸਮਾਂ ਲੱਗਦਾ ਹੈ। ਇਸ ਲਈ ਲੋਕ ਹੋਰ ਬਦਲ ਤਲਾਸ਼ ਰਹੇ ਹਨ। ਪਰ ਅੱਜਕਲ ਤਾਜ਼ਾ ਮਾਂ ਦੇ ਹੱਥਾਂ ਦੇ ਬਣਾਏ ਘਰ ਦੇ ਖਾਣੇ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ। ਕਈ ਤਜੁਰਬੇਕਾਰ ਰਸੋਈਆਂ ਦਾ ਵੀ ਕਹਿਣਾ ਹੈ ਕਿ ਮਾਈਕ੍ਰੋਵੇਵ ਹਰ ਤਰੀਕੇ ਦਾ ਖਾਣਾ ਬਣਾਉਣ ਲਈ ਸਹੀ ਨਹੀਂ ਹੈ। ਸੋ ਮਾਈਕ੍ਰੋਵੇਵ ਦਾ ਵੀ ਇਸਤੇਮਾਲ ਸੋਚ ਸਮਝ ਕੇ ਹੀ ਕਰੋ। ਮਾਈਕ੍ਰੋਵੇਵ ਤੇਜ਼ ਗਰਮੀ ਨਾਲ ਪਾਣੀ ਨੂੰ ਪੂਰੀ ਤਰ੍ਹਾਂ ਸੁਕਾ ਦਿੰਦਾ ਹੈ ਅਤੇ ਖਾਣਾ ਵੀ ਸੁੱਕਾ ਹੀ ਬਣਦਾ ਹੈ। ਜਦਕਿ ਖਾਣੇ ਨੂੰ ਮੁਲਾਇਮ ਰੱਖਣ ਲਈ ਉਹਦੇ ਵਿੱਚ ਹਲਕੀ ਨਮੀ ਦਾ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਜੇ ਮਾਈਕ੍ਰੋਵੇਵ ਵਿੱਚ ਖਾਣੇ ਨੂੰ ਸਹੀ ਗਰਮੀ 'ਤੇ ਪਕਾਇਆ ਜਾਏ ਤਾਂ ਖਾਣਾ ਇੰਨਾ ਬੁਰਾ ਵੀ ਨਹੀਂ ਬਣਦਾ। ਪਰ ਆਮ ਅੱਧਾ ਪਕਿਆ ਹੁੰਦਾ ਹੈ ਮਾਈਕ੍ਰੋਵੇਵ ਦਾ ਖਾਣਾ।
ਜ਼ਿਆਦਾਤਰ ਮਾਈਕ੍ਰੋਵੇਵ 2.45 ਗੀਗਾਹਰਟਜ਼ 'ਤੇ ਕਿਰਣਾਂ ਕੱਢਦੇ ਹਨ। ਚਿਕਨਾਈ, ਚੀਨੀ ਅਤੇ ਪਾਣੀ ਲਈ ਇੰਨੀ ਗਰਮੀ ਉਚਿਤ ਹੈ। ਇੰਨੀ ਗਰਮੀ ਵਿੱਚ ਅਜਿਹਾ ਖਾਣਾ ਆਸਾਨੀ ਨਾਲ ਪਕਾਇਆ ਜਾ ਸਕਦਾ ਹੈ। ਮਾਈਕ੍ਰੋਵੇਵ ਵਿੱਚ ਬਣੇ ਖਾਣੇ ਦੀ ਇੱਕ ਹੋਰ ਪ੍ਰੇਸ਼ਾਨੀ ਹੈ, ਉਹ ਅੱਧਪਕਾ ਹੁੰਦਾ ਹੈ। ਮੁੜ ਇਸਨੂੰ ਲੰਮੇ ਸਮੇਂ ਤੱਕ ਫਰਿਜ ਵਿੱਚ ਵੀ ਰੱਖਿਆ ਜਾਂਦਾ ਹੈ, ਜਿਸ ਕਰਕੇ ਇਸਦਾ ਸੁਆਦ ਖਰਾਬ ਹੋ ਜਾਂਦਾ ਹੈ। ਇਸ ਲਈ ਛੇਤੀ ਹੀ ਖਰਾਬ ਵੀ ਹੋ ਜਾਂਦਾ ਹੈ। ਸਿਹਤ ਲਈ ਵੀ ਠੀਕ ਨਹੀਂ ਸਮਝਿਆ ਜਾਂਦਾ। ਜਦ ਅੱਧਪਕੇ ਮੀਟ ਦੀ ਚਿਕਨਾਈ ਆਕਸੀਜਨ ਨਾਲ ਮਿਲਦੀ ਹੈ ਤਾਂ ਉਹ ਬਦਬੂ ਮਾਰਦਾ ਹੈ।
ਇਸ ਤੋਂ ਬਚਣ ਲਈ ਖਾਣ ਦੀਆਂ ਚੀਜ਼ਾਂ ਵਿੱਚ ਐਂਟੀ-ਔਕਸੀਡੈਂਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਮੈਲਾਰਡ ਤੱਤ ਵਧੀਆਐਂਟੀ-ਔਕਸੀਡੈਂਟ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਵਿੱਚ ਹੁੰਦਾ ਹੀ ਨਹੀਂ।
ਰੈਡੀਮੇਡ ਖਾਣਾ ਬਣਾਉਣ ਵਾਲਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਖਾਣੇ ਨੂੰ ਖਰਾਬ ਕਰਨ ਵਾਲੇ ਕੈਮੀਕਲ ਰਿਐਕਸ਼ਨ ਤੋਂ ਪਹਿਲਾਂ ਹੀ ਉਸਨੂੰ ਖਾ ਲਿਆ ਜਾਵੇ। ਇਸੇ ਲਈ ਇਸ ਤਰ੍ਹਾਂ ਤਿਆਰ ਕੀਤੀਆਂ ਖਾਣ ਵਾਲੀਆਂ ਚੀਜ਼ਾਂ ਦੀ ਉਮਰ ਘੱਟ ਰੱਖੀ ਜਾਂਦੀ ਹੈ।
ਕਈ ਵਾਰ ਪੈਕ ਹੋਏ ਖਾਣਿਆਂ ਵਿੱਚ ਸੀਲਨ ਵੀ ਹੁੰਦੀ ਹੈ। ਜਦ ਖਾਣ ਦੀਆਂ ਚੀਜ਼ਾਂ ਨੂੰ ਵੱਡੇ ਬਰਫ਼ਖਾਨਿਆਂ ਵਿੱਚ ਰੱਖਿਆ ਜਾਂਦਾ ਹੈ ਤਾਂ ਬਹੁਤ ਜ਼ਿਆਦਾ ਠੰਡ ਨਾਲ ਖਾਣੇ ਵਿੱਚ ਨਮੀ ਪੈਦਾ ਹੋ ਜਾਂਦੀ ਹੈ। ਹੁਣ ਉਸ ਦਾ ਇਲਾਜ ਵੀ ਕੱਢ ਲਿਆ ਗਿਆ ਹੈ। ਨਵੀਂ ਤਕਨੀਕ ਦੀ ਮਦਦ ਨਾਲ ਬਰਫਖਾਨਿਆਂ ਦੇ ਅੰਦਰ ਖਾਣੇ ਨੂੰ ਕਾਰਡ ਬੋਰਡ ਦੀਆਂ ਡਿੱਬੀਆਂ ਵਿੱਚ ਬੰਦ ਕਰਕੇ ਰੱਖਿਆ ਜਾਂਦਾ ਹੈ ਜਿਨ੍ਹਾਂ 'ਤੇ ਮੈਟਾਲਿਕ ਫਿਲਮ ਚੜੀ ਹੁੰਦੀ ਹੈ। ਇਸ ਨਾਲ ਖਾਣਾ ਠੰਡਾ ਰਹਿੰਦਾ ਹੈ। ਉਸ ਵਿੱਚ ਨਾ ਤਾਂ ਬੈਕਟੀਰੀਆ ਪੈਦਾ ਹੁੰਦੇ ਹਨ ਅਤੇ ਨਾ ਹੀ ਖਾਣੇ 'ਚੋਂ ਨਮੀ ਜਾਂਦੀ ਹੈ।
ਤਿਆਰ ਖਾਣੇ ਦੀ ਮੰਗ ਪੂਰੀ ਕਰਨ ਵਿੱਚ ਮਾਈਕ੍ਰੋਵੇਵ ਮਦਦਗਾਰ ਹੈ। ਪਰ ਇਸ ਦਾ ਸੁਆਦ ਪਾਰੰਪਰਿਕ ਤਰੀਕੇ ਨਾਲ ਬਣੇ ਖਾਣੇ ਦੇ ਸੁਆਦ ਵਰਗਾ ਵਧੀਆ ਕਦੇ ਵੀ ਨਹੀਂ ਹੋ ਸਕੇਗਾ। ਘਰ ਦੀ ਭੜੋਲੀ ਚ ਬਣੀ ਦਾਲ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ।
ਪਾਰੰਪਰਿਕ ਤਰੀਕੇ ਨਾਲ ਬਣੇ ਖਾਣੇ ਨੂੰ ਸੁਆਦਲਾ ਬਣਾਉਣ ਵਾਲੇ ਤੱਤ ਉਸ ਵਿੱਚ ਮੌਜੂਦ ਹੁੰਦੇ ਹਨ ਪਰ ਉਸਨੂੰ ਬਣਾਉਣ ਵਿੱਚ ਸਮਾਂ ਜ਼ਰੂਰ ਲੱਗਦਾ ਹੈ। ਜਿੰਨਾ ਖਾਣਾ ਹੌਲੀ 2 ਪੱਕੇਗਾ ਓਨਾ ਹੀ ਸਵਾਦਲਾ ਤੇ ਲਜ਼ਤ ਭਰਿਆ ਹੋਵੇਗਾ। ਸੋ ਬਿਹਤਰ ਤਾਂ ਇਹੀ ਹੈ ਰਿ ਘਰ ਦਾ ਪੱਕਿਆ ਹੋਇਆ ਹੀ ਤਾਜ਼ਾ ਖਾਣਾ ਹੀ ਖਾਧਾ ਜਾਵੇ। ਇੰਜ ਉਮਰ ਦੀ ਕਹਾਣੀ ਵੀ ਲੰਬੀ ਹੋਵੇਗੀ ਤੇ ਖਾਣੇ ਦਾ ਸਵਾਦ ਵੀ ਦੁਗਣਾ ਮਿਲੇਗਾ। ਮਨ ਨੂੰ ਖੁਸ਼ੀ ਵੀ ਲੋਹੜੇ ਦੀ ਮਿਲੇਗੀ ਜ਼ਰਾ ਅਜ਼ਮਾ ਕੇ ਜ਼ਰੂਰ ਦੇਖਣਾ ਕਿਉਂਕਿ ਖਾਣਾ ਹੀ ਅੱਛੀ ਸਿਹਤ ਦੀ ਦਵਾਈ ਹੁੰਦੀ ਹੈ। ਮਾਂ ਹੀ ਘੋਲ ਸਕਦੀ ਹੈ ਗੋਲ ਚੰਦ ਵਰਗੀ ਰੋਟੀ ਚ ਰੀਝਾਂ। ਓਹਦੇ ਹੱਥਾਂ ਚੋਂ ਭੋਜਨ ਚ ਕਿਰਿਆ ਸੰਗੀਤ ਹੀ ਉਮਰਾਂ ਦੀ ਡੋਰ ਲੰਬੀ ਕਰਦਾ ਹੈ। ਜਦ ਮਾਂ ਭੈਣ ਮਨ ਚਿੱਤ ਲਾ ਕੇ ਪਰਿਵਾਰ ਲਈ ਸਵਾਦਲੀਆਂ ਚੀਜ਼ਾਂ ਚਿਤਰਦੀ ਹੈ ਤਾਂ ਦੂਰ ਗਏ ਨਾਨਕ ਨੂੰ ਵੀ ਭੁੱਖ ਲੱਗ ਜਾਂਦੀ ਹੈ ਤੇ ਉਹ ਵੀ ਘਰ ਪਰਤਣ ਲਈ ਕਾਹਲੀ ਕਰਦਾ ਹੈ।
-
ਡਾ. ਅਮਰਜੀਤ ਟਾਂਡਾ, ਡਾਕਟਰ
drtanda101@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.