15 ਅਗਸਤ, 1947 ਭਾਰਤ ਦੀ ਵੰਡ ਦਾ ਦਿਵਸ ਹੈ ਜਿਸ ਦਿਨ ਬ੍ਰਿਟਿਸ਼ ਸਾਮਰਾਜਵਾਦ ਨੇ ਅਖੰਡ ਮਹਾਨ ਭਾਰਤ ਦੇ ਤਿੰਨ ਟੋਟੇ ਕਰ ਦਿਤੇ ਜਿਸ ਵਿਚ ਭਾਰਤ, ਪੂਰਬੀ ਅਤੇ ਪੱਛਮੀ ਦੋ ਟੁੱਕੜਿਆਂ ਵਿਚ ਕਾਇਮ ਕੀਤਾ ਪਾਕਿਸਤਾਨ ਸ਼ਾਮਿਲ ਸੀ। ਇਸ ਵੰਡ ਭਰੀ ਅਜ਼ਾਦੀ ਨੇ ਲੱਖਾਂ ਬੇਗੁਨਾਹ ਭਾਰਤੀਆਂ ਦੀ ਬਲੀ ਲਈ। ਇਸ ਸਮੇਂ ਸਿਰਫ਼ ਪੰਜਾਬ ਦੀ ਵੰਡ ਨੇ 10 ਲੱਖ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਦੀ ਬਲੀ ਲਈ। ਅਜ਼ਾਦ ਭਾਰਤ ਨੂੰ ਕਰੀਬ 600 ਰਜਵਾੜਾਸ਼ਾਹੀ ਰਿਆਸਤਾ ਲਈ ਵੱਡੀ ਫ਼ੌਜੀ, ਕੂਟਨੀਤਕ ਅਤੇ ਪ੍ਰਸਾਸ਼ਨਿਕ ਜਦੋਂ ਜਹਿਦ ਕਰਨੀ ਪਈ। ਸੰਨ 1961 ਵਿਚ ਪੁਰਤਗਾਲ ਤੋਂ ਗੋਆ, ਦਮਨ, ਦਿਉ ਅਜ਼ਾਦ ਕਰਾਉਣ ਲਈ ਫ਼ੌਜੀ ਕਾਰਵਾਈ ਕਰਨੀ ਪਈ। ਸੰਨ 1971 ਬੰਗਾਲੀਆਂ ਨੂੰ ਪਾਕਿਸਤਾਨ ਦੇ ਸਾਮਰਾਜਵਾਦੀ ਅਤੇ ਅਣਮਨੁੱਖੀ ਜਾਬਰਾਨਾ ਸ਼ਿਕੰਜੇ ਵਿਚੋਂ ਅਜ਼ਾਦ ਕਰਾਉਣ ਲਈ ਫ਼ੌਜੀ ਕਾਰਵਾਈ ਕਰਨੀ ਪਈ।
27 ਅਕਤੂਬਰ, 1947 ਨੂੰ ਜੰਮੂ-ਕਸ਼ਮੀਰ ਦੇ ਭਾਰਤ ਵਿਚ ਰਲੇਵੇਂ ਦੇ ਬਾਵਜੂਦ ਪਾਕਿਸਤਾਨ ਇਸ ਇਲਾਕੇ ਝਗੜੇ ਵਾਲਾ ਖੇਤਰ ਦਰਸਾ ਕੇ, ਕਸ਼ਮੀਰ ਵਾਦੀ ਦੇ ਕਾਫ਼ੀ ਇਲਾਕੇ ਨੂੰ ਫ਼ੌਜੀ ਕਾਰਵਾਈ ਰਾਹੀਂ ਹਥਿਆ ਕੇ, ਵਾਦੀ ਦੇ ਬਹੁਗਿਣਤੀ ਮੁਸਲਮਾਨ ਭੜਕਾ ਕੇ, ਅਤਿਵਾਦੀ ਕਾਰਵਾਈਆਂ, ਫੌਜੀ ਕਾਰਵਾਈਆਂ ਜਿਵੇਂ ਸੰਨ 1948, 1965, 1971, 1999 ਆਦਿ ਰਾਹੀਂ, ਇਸ ਇਲਾਕੇ ਦੇ ਧਾਰਾ 370 ਅਤੇ ਸੰਨ 1954 ਵਿਚ ਜੋੜੀ ਧਾਰਾ 35-ਏ ਅਧੀਨ ਵਿਸੇਸ਼ ਦਰਜੇ ਆਦਿ ਰਾਹੀਂ ਜਨਤਕ ਅਜ਼ਾਦੀ ਨੂੰ ਪ੍ਰਭਾਵਿਤ ਕਰਦਾ ਚਲਾ ਆ ਰਿਹਾ ਸੀ। ਲਗਭਗ ਹਰ ਜੰਮੂ-ਕਸ਼ਮੀਰ ਦਾ ਮੁੱਖ ਮੰਤਰੀ ਅੰਦਰ ਖਾਤੇ ਪਾਕਿਸਤਾਨੀ ਫ਼ੌਜ ਅਤੇ ਉਸਦੇ ਕਠਪੁੱਤਲੀ ਸਾਸ਼ਕਾਂ ਨਾਲ ਅੱਖ-ਮਟਕਾ ਜਾਰੀ ਰੱਖਦਾ ਰਿਹਾ ਹੈ ਹੂਰੀਅਤ ਅਤੇ ਹੋਰ ਦੂਸਰੇ ਸ੍ਰੋਤਾਂ ਰਾਹੀਂ।
ਲੇਕਿਨ 5 ਅਗਸਤ, 2019 ਨੂੰ ਭਾਰਤੀ ਰਾਜ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਇਸ ਖਿੱਤੇ ਦੇ ਪੂਰਨ ਅਜ਼ਾਦੀ, ਭਾਰਤ ਦੀ ਇਕਹਿਰੀ ਨਾਗਰਕਿਤਾ, ਬਰਾਬਰ ਅਧਿਕਾਰਾਂ ਅਤੇ ਸਟੇਟਸ ਮਦੇਨਜ਼ਰ ਧਾਰਾ 370 ਅਤੇ 35 ਏ ਦਾ ਭੋਗ ਪਾ ਦਿਤਾ। ਰਾਜ ਨੂੰ ਦੋ ਕੇਂਦਰੀ ਸਾਸ਼ਤ ਪ੍ਰਦੇਸ਼ਾਂ ਵਿਚ ਵੰਡ ਦਿਤਾ। ਜੰਮੂ-ਕਸ਼ਮੀਰ ਕੇਂਦਰੀ ਸਾਸ਼ਤ ਪ੍ਰਦੇਸ਼ ਦਿੱਲੀ ਅਤੇ ਪੇਡੂ ਚਿਰੀ ਵਾਂਗ ਵਿਧਾਨ ਸਭਾ ਰਖੇਗਾ ਜਦਕਿ ਲਦਾਖ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਵਾਂਗ ਰੁੱਤਬਾ ਰਖੇਗਾ। ਇਸ ਸਬੰਧੀ ਭਾਰਤ ਪਾਰਲੀਮੈਂਟ ਦੇ ਦੋਹਾਂ ਸਦਨਾਂ ਨੇ ਵੱਡੀ ਬਹੁਗਿਣਤੀ ਨਾਲ ਲੋੜੀਂਦੇ ਬਿਲ ਪਾਸ ਕਰ ਦਿਤੇ ਹਨ।
ਇਸ ਕਾਰਵਾਈ ਫੌਲਾਦੀ ਜੁਰਕੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿਰੇ ਚੜਾਇਆ ਅਤੇ ਭਾਰਤੀਆਂ ਦੇ ਦਿਲਾਂ ਵਿਚ ਇਸਦੇ ਪਹਿਲੇ ਫੌਲਾਦੀ ਫਰੇਮ ਵਾਲ ਗ੍ਰਹਿ ਮੰਤਰੀ ਸ਼੍ਰੀ ਵਲਭ ਭਾਈ ਪਟੇਲ ਦੀ ਯਾਦ ਤਾਜ਼ਾ ਕਰ ਦਿਤੀ। ਅੱਜ ਪੂਰੇ ਵਿਸ਼ਵ ਵਿਚ ਭਾਰਤ ਦਾ ਸਿਰ ਹਿਮਾਲਾ ਪਰਬਤ ਵਾਂਗ ਉੱਚਾ ਕਰ ਦਿਤਾ ਹੈ ਅਤੇ ਉਹ ਵਿਸ਼ਵ ਬਿਰਾਦਰੀ ਵਿਚ ਬੱਬਰ ਸ਼ੇਰ ਦੀ ਤਰ੍ਹਾਂ ਸੀਨਾ ਤਾਣ ਕੇ ਫਿਰ ਰਿਹਾ ਹੈ।
ਜਿੰਨਾਂ ਕਸ਼ਮੀਰੀ ਪੰਡਤਾਂ ਦੀ ਰਖਿਆ ਔਰੰਗਜ਼ੇਬ ਦੇ ਜ਼ਾਲਮਾਨਾ ਮੁਗ਼ਲ ਕਾਲ ਵੇਲੇ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਆਪਣੇ ਸੀਸ ਦੀ ਬਲੀ ਦੇ ਕੇ ਕੀਤੀ ਸੀ, ਉਨ੍ਹਾਂ ਨੂੰ ਕਸ਼ਮੀਰ ਵਾਦੀ ਵਿਚੋਂ ਕੱਟੜਵਾਦੀ ਅਤੇ ਅੱਤਵਾਦੀ ਮੁਸਲਮਾਨ ਅਨਸਰ ਨੇ ਚਲੇ ਜਾਣ ਲਈ ਮਜਬੂਰ ਕੀਤਾ, ਉਨ੍ਹਾਂ ਦੇ ਘਰਾਂ ਤੇ ਜਾਂ ਤਾਂ ਕਬਜ਼ਾ ਕਰ ਲਿਆ ਜਾਂ ਸਾੜ ਦਿਤਾ ਸੀ, ਉਨ੍ਹਾਂ ਨੂੰ ਵੱਖਰੀ ਬਸਤੀ ਵਿਚ ਵਸਣ ਦੀ ਇਜਾਜ਼ਤ ਵੀ ਨਹੀਂ ਦਿਤੀ ਸੀ, ਉਹ ਹੁਣ ਮੁੜ੍ਹ ਸਵੈਮਾਣ ਨਾਲ ਵਾਦੀ ਵਿਚ ਵਸਣਗੇ, ਇਤਿਹਾਸ ਮੁੜ੍ਹ ਇੱਕ ਵਾਰ ਦੁਹਰਾਇਆ ਜਾਵੇਗਾ।
ਪਾਕਿਸਤਾਨ ਅਤੇ ਵਾਦੀ ਵਿਚ ਉਸਦੇ ਪਿੱਠੂ ਜਿਨ੍ਹਾਂ ਵਿਚ ਅਬਦੁਲਾ, ਮੁਫਤੀ, ਲੋਨ ਪਰਿਵਾਰ ਆਦਿ ਵੱਲੋਂ ਜਿਸ ਕਸ਼ਮੀਰੀਅਡ ਸਭਿਆਚਾਰ ਦੇ ਖਾਤਮੇ ਦੀ ਗੱਲ ਕੀਤੀ ਜਾ ਰਹੀ ਹੈ ਉਹ ਤਾਂ ਇੱਥੇ ਹਜ਼ਾਰਾਂ ਸਾਲਾਂ ਤੋਂ ਵੈਦਿਕ ਸਭਿਅਤਾ ਅਤੇ ਸਭਿਆਚਾਰ ਦਾ ਹਿੱਸਾ ਸਨ। ਕਨਿਸ਼ਕ ਅਤੇ ਮਹਾਰਾਜਾ ਰਣਜੀਤ ਸਿੰਘ ਕਾਲ ਵੇਲੇ ਫਲ-ਫੁਲ ਰਿਹਾ ਸੀ। ਚੰਗਾ ਹੁੰਦਾ ਜੇ ਗਿਲਗਤ, ਚਿਤਰਾਲ, ਲਦਾਖ, ਅਸਕਾਈ ਚਿੰਨ੍ਹ ਦੀ ਇਸ ਰਾਜ ਵਿਚ ਸ਼ਮੂਲੀਅਤ ਬਾਰੇ ਗੱਲ ਕਰਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਸ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਸਰਕਾਰ ਦੇ ਮਹਾਨ ਯੋਧੇ ਜਨਰਲ ਜ਼ੋਰਾਵਰ ਸਿੰਘ ਦਾ ਜ਼ਿਕਰ ਕਰਦੇ ਜਿਸ ਨੇ ਇਨ੍ਹਾਂ ਇਲਾਕਿਆਂ ਨੂੰ ਜਿੱਤਿਆ ਸੀ।
ਭਾਰਤ ਤੇ ਪਾਰਥੀਅਨਾ, ਯੂਨਾਨੀਆਂ, ਅਰਬਾਂ, ਤੁਰਕਾਂ, ਪਰਸ਼ੀਅਨਾਂ, ਮੁਗਲਾਂ, ਅਫਗਾਨਾਂ ਅਤੇ ਅੰਗਰੇਜਾਂ ਦੇ ਹਮਲੇ ਇਸ ਦੀ ਸਭਿਅਤਾ ਨੂੰ ਖ਼ਤਮ ਨਹੀਂ ਕਰ ਸਕੇ। ਜਿਹੜਾ ਪਾਕਿਸਤਾਨ 18 ਕਰੋੜ ਭਾਰਤੀ ਮੁਸਲਮਾਨਾਂ ਅਤੇ ਕਸ਼ਮੀਰੀਆਂ ਦਾ 'ਗਾਡਫਾਦਰ' ਆਪਣੇ ਆਪ ਬਣਿਆ ਫਿਰਦਾ ਰਿਹਾ ਹੈ ਉਸਦੇ ਫ਼ੌਜ ਦੇ ਕੱਠਪੁਤਲੀ ਪ੍ਰਧਾਨਮੰਤਰੀ ਇਮਰਾਨ ਖਾਨ ਵੱਲੋਂ ਮੁੜ੍ਹ ਐਸੇ ਦਮਗਜ਼ੇ ਮਾਰਨ ਬਾਰੇ ਸਾਰਾ ਵਿਸ਼ਵ ਜਾਣਦਾ ਹੈ। ਭਾਰਤ ਵਲੋਂ ਆਪਣੇ ਪ੍ਰਭੂਸਤਾ ਸੰਪੰਨ ਖੇਤਰ ਵਿਚ ਕਾਨੂੰਨਾਂ ਵਿਚ ਤਬਦੀਲੀ ਨੂੰ ਵਾਪਸ ਲੈਣ ਨਹੀਂ ਤਾਂ ਪ੍ਰਮਾਣੂ ਜੰਗ ਨੂੰ ਨਿਉਤਾ ਦੇਣ ਦੀ ਗਿੱਦੜ ਭਬਕੀ ਪਾਕਿਸਤਾਨੀ ਨੈਸ਼ਨਲ ਅਸੈਂਬਲੀ ਦੇ ਸਾਂਝੇ ਸਮਾਗਮ ਵਿਚ ਦੇਣਾ ਕੋਈ ਮਹੱਤਵ ਨਹੀਂ ਰੱਖਦਾ। ਨਾਲ ਹੀ ਇਹ ਕਹਿਣਾ ਕਿ ਇਹ ਜੰਗ ਕੋਈ ਵੀ ਜਿੱਤ ਨਹੀਂ ਸਕੇਗਾ ਜਿਸ ਦੇ ਪੂਰੇ ਵਿਸ਼ਵ ਵਿਚ ਸੰਗੀਨ ਨਤੀਜੇ ਭੁਗਤਣੇ ਪੈਣਗੇ। ਅਸੀਂ ਪ੍ਰਮਾਣੂ ਬਲੈਕਮੇਲ ਨਹੀਂ ਕਰ ਰਹੇ। ਕੀ ਇਹ ਗੈਰਜੁਮੇਂਵਰਾਨਾ ਹਾਸੋਹੀਣਾ ਵਤੀਰਾ ਨਹੀਂ?
ਜਦੋਂ ਇਸੇ ਸਾਂਝੇ ਸਮਾਗਮ ਨੂੰ ਸੰਬੋਧਨ ਕਰਦੇ ਕਹਿੰਦਾ ਹੈ ਕਿ ਕਸ਼ਮੀਰ ਵਿਚ ਜੋ ਉਨ੍ਹਾਂ ਕੀਤਾ ਉਹ ਉਨ੍ਹਾ ਦੀ ਵਿਚਾਰਧਾਰਾ ਦਾ ਹਿੱਸਾ ਹੈ। ਉਨ੍ਹਾਂ ਦੀ ਵਿਚਾਰਧਾਰਾ ਨਸਲਵਾਦੀ ਹੈ। ਉਹ ਹਿੰਦੂਤਵ ਨੂੰ ਦੂਸਰੇ ਧਰਮਾਂ ਤੋਂ ਉਪਰ ਅਤੇ ਇਕ ਐਸੇ ਰਾਜ ਦਾ ਨਿਰਮਾਣ ਚਾਹੁੰਦੇ ਹਨ ਜਿਸ ਵਿਚ ਦੁਸਰੇ ਧਰਮਾਂ ਨੂੰ ਦਬਾ ਕੇ ਦੇ ਰਖਿਆ ਜਾਵੇਗਾ।
ਪਰ ਕੀ ਉਸ ਨੇ, ਉਸ ਦੇ ਪੂਰਵਧਿਕਾਰੀ ਪਾਕਿਸਤਾਨੀ ਸਾਸ਼ਕਾਂ ਅਤੇ ਫ਼ੌਜ ਨੇ ਕਦੇ ਸੋਚਿਆ ਕਿ ਭਾਰਤ ਵਿਚ ਪਾਕਿਸਤਾਨੀ ਰਾਜ ਦੁਆਰਾ ਪ੍ਰਾਯੋਜਿਤ ਅੱਤਵਾਦ ਕਿਉਂ ਜਾਰੀ ਰਖਿਆ ਜਾ ਰਿਹਾ ਹੈ? ਅੱਤਵਾਦੀਆਂ ਨੂੰ ਟ੍ਰੇਨਿੰਗ, ਹਥਿਆਰ ਅਤੇ ਪਨਾਹ ਕਿਉਂ ਦਿਤੀ ਜਾ ਰਹੀ ਹੈ? ਬਲੋਚਿਸਤਾਨ, ਸਰਹੱਦੀ ਖੁਦਮੁਖ਼ਤਾਰ ਕਬਾਇਲੀ ਇਲਾਕਿਆਂ, ਪਸ਼ਤੂਨਾਂ ਤੇ ਮੁਗਲੀਆ ਜ਼ਬਰ, ਉਨ੍ਹਾਂ ਦੀਆਂ ਧੀਆਂ-ਭੈਣਾਂ, ਮਾਵਾਂ ਨਾਲ ਬੰਗਾਲੀਆਂ (ਸਾਬਕਾ ਪੂਰਬੀ ਪਾਕਿਸਤਾਨ) ਵਾਂਗੂ ਜਬਰ ਜਿਨਾਹ ਅਤੇ ਬੱਚੇ ਜੰਮਣ ਤੋਂ ਨਕਾਰਾ, ਸਿੰਧ ਵਿਚ ਹਿੰਦੂ ਧੀਆਂ ਔਰਤਾਂ ਨਾਲ ਜਬਰ-ਜਿਨਾਹ ਅਤੇ ਧਰਮ ਪਰਿਵਰਤਨ ਕੌਣ ਕਰ ਰਿਹਾ ਹੈ? ਪਾਕਿਸਤਾਨ ਮਕਬੂਜ਼ਾ ਕਸ਼ਮੀਰ ਵਿਚ ਵੀ ਜ਼ੁਲਮ ਜਾਰੀ ਹਨ। ਉਹ ਪੱਛੜੇ ਹੋਏ ਹਨ। ਭਾਰਤ ਵਿਚ ਸ਼ਾਮਿਲ ਹੋਣ ਤੀ ਤਾਂਘ ਰੱਖਦੇ ਹਨ।
'ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ' ਅਲਾਮ ਇਕਬਾਲ ਦੇ ਬੋਲ ਸੌ ਪ੍ਰਤੀਸ਼ਤ ਸਹੀ ਹਨ। ਇਸਲਾਮਿਕ ਪ੍ਰਸਾਰਵਾਦ ਨੇ ਪਰਸ਼ੀਆ ਅਤੇ ਮਿਸਰ ਦੀਆਂ ਸਭਿਆਤਾਵਾਂ ਨੇਸਤੇ-ਨਾਬੂਦ ਕਰ ਦਿਤੀਆ। ਭਾਰਤੀ ਸਭਿਅਤਾ ਦੇ ਮਲੀਆਮੇਟ, ਹਿੰਦੂ ਸਭਿਆਚਾਰ ਦੀ ਬਰਬਾਦੀ ਲਈ ਮੁਹਮੰਦ ਬਿਨ ਕਸਿਮ ਤੋਂ ਚਲ ਕੇ ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਤੁਰਕਾਂ, ਪਠਾਣਾਂ ਅਰਬਾਂ, ਮੁਗ਼ਲਾਂ ਅਤੇ ਫਿਰ ਬ੍ਰਿਟਿਸ ਸਾਮਰਾਜ ਨੇ ਕੀਤੇ ਜ਼ੁਲਮ ਨਹੀਂ ਢਾਹੇ। ਪਰ ਇਸ ਸਭਿਅਤਾ ਦੀ ਮਹਾਨਤਾ ਵੇਖੇ। ਇਸ ਨੇ ਇਨ੍ਹਾਂ ਨੂੰ ਆਪਣੇ ਵਿਚ ਜਜ਼ਬ ਕਰ ਲਿਆ। ਇਨ੍ਹਾਂ ਦੇ ਮੰਦਰ, ਗੁਰਦੁਵਾਰੇ ਅਤੇ ਹੋਰ ਇਬਾਦਤਗਾਰਾਂ, ਬੋਧੀ-ਜੈਨੀ ਮੰਦਰ ਖੰਡਰਾਤ ਬਣਾਉਣ ਦੇ ਬਾਵਜੂਦ ਇਸ ਸਭਿਅਤਾ ਦੇ ਵਿਕਾਸ ਨੂੰ ਰੋਕਿਆ ਨਾ ਜਾ ਸਕਿਆ।
ਅਜ਼ਾਦ ਭਾਰਤ ਵਿਚ ਪੰਜਾਬ ਵਿਚ ਸਿੱਖ ਧਾਰਮਿਕ ਸਥਾਨਾਂ 'ਤੇ ਹਮਲੇ, 35000 ਬੇਗੁਨਾਹ ਸਿੱਖ ਨੌਜਵਾਨਾਂ ਦਾ ਝੂਠੇ ਮੁਕਾਬਲਿਆਂ ਵਿਚ ਕਤੱਲ, ਦਿੱਲੀ ਅਤੇ ਹੋਰ ਥਾਵਾਂ 'ਤੇ ਕਰੀਬ ਸੱਤ ਹਜ਼ਾਰ ਸਿੱਖਾਂ ਦਾ ਕੱਤਲ-ਏ-ਆਮ ਕਰਨ ਲਈ ਜੁਮੇਂਵਾਰ ਲੋਕ ਅੱਜ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਅਤੇ 35-ਏ ਅਧੀਨ ਵਿਸੇਸ਼ ਦਰਜਾ ਸਮਾਪਿਤ ਕਰਨ ਦਾ ਵਿਰੋਧ ਕਰ ਰਹੇ ਹਨ।
ਕਸ਼ਮੀਰ ਵਾਦੀ ਵਿਚੋਂ ਮੂਲ ਹਿੰਦੂ ਨਿਵਾਸੀ ਜੋ ਪੁਰਾਤਨ ਵੈਦਿਕ ਅਤੇ ਹਿੰਦੂ ਸਭਿਅਤਾ ਨੂੰ ਕਾਇਮ ਰੱਖਣ ਦੇ ਪ੍ਰਤੀਕ ਸਨ, ਨੂੰ ਕਸ਼ਮੀਰ ਵਿਚ ਬਾਹਰੋਂ ਆਏ ਧਾੜਵੀਆਂ ਨੇ ਕਸ਼ਮੀਰੀਅਤ ਅਤੇ ਕਸ਼ਮੀਰੀ ਸਭਿਅਤਾ, ਇਸਲਾਮਿਕ ਕੱਟੜਵਾਦ ਦੇ ਨਾਮ ਹੇਠ ਬਾਹਰ ਕੱਢ ਦਿਤਾ। ਉਨ੍ਹਾਂ ਦਾ ਕੱਤਲ ਕੀਤਾ ਗਿਆ, ਧੀਆਂ-ਭੈਣਾਂ-ਮਾਵਾਂ ਨਾਲ ਬਲਾਤਕਾਰ ਕੀਤਾ ਗਿਆ। ਵਿਸ਼ੇਸ ਦਰਜ਼ੇ ਦੀ ਆੜ ਲੈ ਕੇ ਭਾਰਤੀ ਧਨੰ, ਅੱਤਵਾਦ ਫੈਲਾਉਣ ਅਤੇ ਪੱਥਰਬਾਜ਼ੀ ਭੜਕਾਉਣ ਲਈ ਬਾਹਰੀ ਧੰਨ ਹੜਪਿਆ ਗਿਆ। ਆਪਣੇ ਬੱਚੇ ਵਿਦੇਸ਼ਾਂ ਵਿਚ ਪੜ੍ਹਨ ਅਤੇ ਕਾਰੋਬਾਰ ਸਥਾਪਿਤ ਕਰਨ ਲਈ ਭੇਜੇ ਗਏ। ਘਰਾਂ ਵਿਚ 50-50 ਲੱਖ ਦੇ ਗਲੀਚੇ, ਸੋਫੇ ਅਤੇ ਹੋਰ ਸਜਾਵਟੀ ਵਸਤਾਂ ਖਰੀਦ ਰਖੀਆਂ। ਆਪਣੀ ਸੁਰਖਿਆ ਲਈ ਭਾਰਤੀ ਗੱਡੀਆਂ, ਅਰਧ ਫ਼ੌਜੀ ਬਲਾਂ ਅਤੇ ਪੁਲਿਸ ਬਲਾਂ ਦੀ ਤਾਇਨਾਤੀ ਜਾਰੀ ਰਖੀ। ਭਾਰਤ ਸਰਕਾਰ ਨੇ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਇਨ੍ਹਾਂ ਦਾ ਅਤਿਵਾਦ-ਵਖ਼ਵਾਦ ਫੈਲਾਉਣ ਅਤੇ ਪਾਕਿਸਤਾਨ ਭਗਤੀ ਦਾ ਕੀਰਤਨ ਮੋਹਲਾ ਪੜ੍ਹ ਦਿਤਾ।
ਪਾਕਿਸਤਾਨ ਦੇ ਅਮਰੀਕਾ ਦੀ ਹਮਾਇਤ ਨਾਲ ਭਾਰਤ ਨੂੰ ਕਮਜ਼ੋਰ ਕਰਨ ਦੇ ਮੰਦ-ਇਰਾਦਿਆਂ ਤੋਂ ਵਿਸ਼ਵ ਭਾਈਚਾਰਾ ਅਤੇ ਭਾਰਤੀ ਜਾਗ੍ਰਿਤ ਡਿਪਲੋਮੈਟ ਅਤੇ ਆਗੂ ਭਲੀਭਾਂਤ ਜਾਣੂ ਹਨ। ਵੀਅਤਨਾਮ ਵਾਂਗ ਅਫਗਾਨਿਸਤਾਨ ਵਿਚ ਬੁਰੀ ਤਰ੍ਹਾਂ ਫਸਿਆ ਅਮਰੀਕਾ ਹੁਣ ਉਸ ਦੇਸ਼ ਵਿਚੋਂ ਨਿਕਲਣ ਲਈ ਕਾਹਲਾ ਪਿਆ ਹੋਇਆ ਹੈ। ਆਪਣੀ ਅਫਗਾਨ ਕੱਠਪੁਤਲੀ ਸਰਕਾਰ ਅਤੇ ਫ਼ੌਜ ਨੂੰ ਦਗਾ ਦਿੰਦਾ ਉਨ੍ਹਾਂ ਕੱਟੜਵਾਦੀ-ਅਭਿਵਾਦੀ ਤਾਲਿਬਾਨਾਂ ਨਾਲ ਸਮਝੌਤਾ ਕਰਕੇ ਅਫਗਾਨਿਸਤਾਨ ਸੱਤਾ ਸੌਂਪਣਾ ਚਾਹੁੰਦਾ ਹੈ ਜੋ ਅਮਰੀਕਾ ਅੰਦਰ 9/11 ਹਮਲੇ ਲਈ ਜੁਮੇਂਵਾਰ ਸਨ। ਅਮਰੀਕਾ ਸਮਝਦਾ ਰਿਹਾ ਹੈ ਕਿ ਪਾਕਿਸਤਾਨ ਫੌਜ ਤੇ ਰਾਜ ਤਾਲਿਬਾਨੀ ਗੁਰੱਪਾਂ ਸਬੰਧਿਤ ਲੜਕਿਆਂ ਦੀ ਹਮਾਇਤ ਕਰਦੀ ਰਹੀ ਹੈ। ਇਸੇ ਕਰਕੇ ਪ੍ਰਧਾਨ ਡੋਨਾਡਲ ਟਰੰਪ ਨੇ ਕਈ ਵਾਰ ਪਾਕਿਸਤਾਨ ਨੂੰ ਦਬਕਾਇਆ, ਉਸ ਨੂੰ ਦਿਤੀ ਜਾਣ ਵਾਲੀ ਮਦਦ ਰੋਕੀ। ਟਰੰਪ ਨੇ ਕਿਹਾ ਸੀ ਕਿ ਸੰਨ 2002 ਵਿਚ ਅਮਰੀਕਾ ਤੋਂ ਲਈ 33 ਬਿਲੀਅਨ ਡਾਲਰ ਕਰਜ਼ੇ ਵਿਚੋਂ ਪਾਕਿਤਸਾਨ ਨੇ ਅਜੇ ਤੱਕ ਧੇਲਾ ਨਹੀਂ ਮੋੜਿਆ ਅਤੇ ਜਿਨ੍ਹਾਂ ਤਾਲਿਬਾਨਾਂ ਦੀ ਅਸੀਂ ਤਲਾਸ਼ ਕਰ ਰਹੇ ਹਾਂ।, ਉਹ ਉਨ੍ਹਾਂ ਨੂੰ ਸੁਰੱਖਿਅਤ ਟਿਕਾਣੇ ਮੁਹੱਈਆ ਕਰ ਰਿਹਾ ਹੈ।
ਪਰ ਹੁਣ ਉਹ ਚਾਹੁੰਦਾ ਹੈ ਕਿ ਪਾਕਿਸਤਾਨ ਤਾਲਿਬਾਨਾਂ ਨੂੰ ਗਲਬਾਤ ਲਈ ਮੇਜ਼ ਤੇ ਲਿਆਵੇ, ਉਨ੍ਹਾਂ ਨੂੰ ਅਫਗਾਨਿਸਤਾਨ ਦੀ ਸੱਤਾ ਸੌਂਪਣ ਤੋਂ ਪਹਿਲਾਂ ਇਹ ਵੀ ਲਿਖਤੀ ਵਾਅਦਾ ਲੈਣ ਵਿਚ ਸਹਾਇਤਾ ਕਰੇ ਕਿ ਉਹ ਦੇਸ਼ ਅੰਦਰ ਅਤੇ ਬਾਹਰ ਅੱਤਵਾਦ ਨੂੰ ਨਹੀਂ ਭੜਕਾਉਣਗੇ। ਬਦਲੇ ਵਿਚ ਅਫਗਾਨਿਸਤਾਨ ਵਿਚ ਪਾਕਿਸਤਾਨ ਦੇ ਬੋਲਬਾਲੇ ਨੂੰ ਕਾਇਮ ਰੱਖਿਆ ਜਾਵੇਗਾ।
ਕੌਮਾਂਤਰੀ ਅਤੇ ਭਾਰਤੀ ਵਿਸ਼ੇਸ਼ਗਾਂ ਦਾ ਮਤ ਸੀ ਅਜਿਹਾ ਹੋਣ ਬਾਅਦ ਪਾਕਿਸਤਾਨ ਕਸ਼ਮੀਰ ਦੇ ਹੱਲ ਅਤੇ ਉਥੇ ਆਪਣੇ ਪ੍ਰਭਾਵ ਲਈ ਅਮਰੀਕਾ ਦੀ ਮਦਦ ਲਵੇਗਾ। ਖ਼ੁਦ ਅੱਤਵਾਦ ਨੂੰ ਹੋਰ ਭੜਕਾਏਗਾ। ਇਸ ਲਈ ਇਸ ਖੇਤਰ ਦਾ ਐਸਾ ਸਥਾਈ ਹੱਲ ਜ਼ਰੂਰੀ ਸੀ। ਕੱਟੜਪੰਥੀ ਆਗੂਆਂ ਦੀ ਸਿਰਖੋਬੀ, ਸਮੂਹ ਭਾਰਤੀਆਂ ਦੀ ਖੁੱਲ੍ਹੀ ਆਵਜਾਈ, ਰਾਸ਼ਟਰ ਵਾਦੀ ਮਾਹੌਲ ਦੀ ਸਥਾਪਤੀ ਅਤੇ ਵਿਕਾਸ ਕਾਰਜਾਂ ਵਿਚ ਤੇਜ਼ੀ, ਕਸ਼ਮੀਰੀ ਪੰਡਤਾਂ ਦੀ ਵਾਪਸੀ, ਖੇਤ ਦੀ ਰਾਸ਼ਟਰੀ ਮੁੱਖ ਧਾਰਾ ਵਿਚ ਸਮੁਲੀਅਤ ਕਰਨੀ ਜ਼ਰੂਰੀ ਸੀ। ਹੁਣ ਇਸ ਖੇਤਰ ਦੇ ਸਮੁੱਚੇ ਲੋਕ ਅਜ਼ਾਦੀ ਦਾ ਨਿੱਘ ਮਾਨਣ ਦਾ ਨਜ਼ਾਰਾ ਲੈ ਸਕਣਗੇ। ਪੂਰੇ ਦੇਸ਼ ਵਾਸੀ ਉਥੇ ਸਨਅਤਾਂ, ਕਾਰੋਬਾਰ, ਜਮੀਨ-ਜਾਇਦਾਦਾਂ ਟੂਰਿਜ਼ਮ ਸਬੰਧੀ ਧੰਦੇ ਕਰ ਸਕਣਗੇ। ਫ਼ਿਲਮ ਇੰਡਸਟਰੀ ਵੀ ਇਸ ਜੱਨਤ ਨੂੰ ਮੁੜ੍ਹ ਫ਼ਿਲਮਾਅ ਸਕਿਆ ਕਰੇਗੀ। ਨਿਸਚਿਤ ਤੌਰ 'ਤੇ ਇਹ ਜੱਨਤ ਦੀ ਦਿਨੋ ਦਿਨ ਨੁਹਾਰ ਬਦਲੇਗੀ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
+1 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.