ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸ਼ਰਮਨਾਕ ਹਾਰ, ਕਾਂਗਰਸ ਪਾਰਟੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਵਲੋਂ ਇਸ ਹਾਰ ਦੀ ਜੁਮੇਂਵਾਰੀ ਲੈਂਦੇ ਪ੍ਰਧਾਨਗੀ ਪਦ ਤੋਂ ਅਸਤੀਫਾ, ਕਮਜ਼ੋਰ ਕਾਂਗਰਸ ਅਤੇ ਸਮਰੱਥ ਲੀਡਰਸ਼ਿਪ ਦੀ ਅਣਹੋਂਦ ਕਰਕੇ ਪਾਰਟੀ ਅੰਦਰ ਦਲ-ਬਦਲੀ ਦਾ ਦੌਰ ਸ਼ੁਰੂ ਹੋਣ ਕਰਕੇ ਕਰਨਾਟਕ ਵਿਚ ਇਸ ਦੀ ਭਾਈਵਾਲ ਸ਼੍ਰੀ ਕੁਮਾਰਾ ਸਵਾਮੀ ਸਰਕਾਰ ਦਾ ਡਿਗਣਾ, ਕੇਂਦਰ ਅੰਦਰ ਸ਼੍ਰੀ ਨਰੇਂਦਰ ਮੋਦੀ ਦੀ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੇ ਸਫ਼ਲਤਾਪੂਰਵਕ ਅਤੇ ਅੱਗੇ ਵਧਦੇ ਕਦਮਾਂ ਆਦਿ ਘਟਨਾਵਾਂ ਦਾ ਪੰਜਾਬ ਕਾਂਗਰਸ ਇਕਾਈ ਅਤੇ ਰਾਜ ਵਿਚ ਕੈਪਟਨ ਅਰਮਿੰਦਰ ਸਿੰਘ ਦੀ ਅਗਵਾਈ ਚਲ ਰਹੀ ਇਸ ਦੀ ਸਰਕਾਰ 'ਤੇ ਪਿਆ ਮੰਦ-ਪ੍ਰਭਾਵ ਪਿੱਛਲੇ ਦਿਨੀਂ ਪੰਜਾਬ ਵਿਧਾਨ ਸਭਾ ਇਜਲਾਸ ਵੇਲੇ ਲਾਵੇ ਵਾਂਗ ਫੁੱਟਦਾ ਬਾਹਰ ਆਉਂਦਾ ਵੇਖਿਆ ਗਿਆ।
16 ਮਾਰਚ, 2017 ਨੂੰ ਕੈਂਪਟਨ ਅਮਰਿੰਦਰ ਸਿੰਘ ਦੇ ਵੱਡੇ-ਵੱਡੇ ਜਨਤਕ ਭਰਮਾਊ ਵਾਅਦਿਆਂ ਵਿਸ਼ਵਾਸ਼ ਕਰਦੇ ਪੰਜਾਬੀਆਂ ਵਲੋਂ ਦਿਤੀ ਦਿਲ ਖੋਲ੍ਹ ਕੇ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਵੱਡੀ ਹਮਾਇਤ ਬਲਬੂਤੇ ਉਸਦੀ ਅਗਵਾਈ ਵਿਚ ਕਾਂਗਰਸ ਸਰਕਾਰ ਸੱਤਾ ਵਿਚ ਆਈ ਸੀ। ਪੰਜਾਬੀਆਂ ਦੀ ਬਹੁਤ ਵੱਡੀ ਬਦਕਿਸਮਤੀ ਸੀ ਕਿ ਉਹ ਇਸ ਦਲ ਬਦਲੂ, ਗਿਰਗਟ ਵਾਂਗ ਰਾਜਨੀਤਕ ਤੌਰ 'ਤੇ ਰੰਗ ਬਦਲੂ ਅਤੇ ਮੌਜ-ਮਸਤੀ ਵਿਚ ਰਹਿਣ ਵਾਲੇ ਇਸ ਰਜਵਾੜਾਸ਼ਾਹ ਵਿਅਕਤੀ ਵਿਚ ਵਿਸ਼ਵਾਸ਼ ਕਰਕੇ ਰਾਜ ਵਿਚ Àਸ ਕਾਂਗਰਸ ਨੂੰ ਸੱਤਾ ਵਿਚ ਲਿਆ ਬੈਠੇ ਜਿਸ ਨੇ ਦੇਸ਼ ਦੀ ਵੰਡ ਵੇਲੇ ਪੰਜਾਬ ਦੀ ਵਿਨਾਸ਼ਕਾਰੀ ਵੰਡ, ਫਿਰ ਪਹਿਲੀ ਨਵੰਬਰ, 1966 ਵਿਚ ਭਾਸ਼ਾ ਦੇ ਅਧਾਰ 'ਤੇ ਰਾਜ ਦੀ ਧੋਖੇਬਾਜ਼ੀ ਭਰੀ ਵੰਡ ਦੇ ਇਲਾਵਾ ਹੋਰ ਅਨੇਕ ਮਾਰੂ ਜਖ਼ਮ ਦਿਤੇ। ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਜੂਨ, 1984 ਵਿਚ ਨੀਲਾ ਤਾਰਾ ਅਪਰੇਸ਼ਨ ਅਤੇ 10-12 ਸਾਲਾ ਰਾਜਕੀ ਅਤੇ ਗੈਰ-ਰਾਜਕੀ ਅੱਤਵਾਦ ਵੇਲੇ ਬੇਗੁਨਾਹ ਕਰੀਬ 35 ਹਜ਼ਾਰ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ-ਮੁਕਾਉਣਾ ਸੀ।
ਪਿਛਲੇ ਕਰੀਬ ਅੱਧੇ ਕਾਰਜਕਾਲ ਦੀ ਕਾਰਗੁਜ਼ਾਰੀ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬੀਆ ਨਾਲ ਕੀਤੇ ਵਾਅਦਿਆਂ ਵਿਚੋਂ ਇੱਕ ਵੀ ਪੂਰਾ ਨਹੀਂ ਕੀਤਾ। ਪੰਜਾਬ ਦੇ ਹਰ ਵਰਗ ਦੇ ਲੋਕ ਜਿਨ੍ਹਾਂ ਕਿਸਾਨ, ਮਜਦੂਰ, ਕਰਮਚਾਰੀ ਵਪਾਰੀ, ਸਨਅੱਤਕਾਰ, ਕਾਰੋਬਾਰੀ, ਨੌਜਵਾਨ ਔਰਤਾਂ-ਮਰਦ ਸਭ ਨਰਾਜ਼ ਹਨ। ਕਾਂਗਰਸ ਪਾਰਟੀ ਦੇ ਵਰਕਰ, ਅਹੁੱਦੇਦਾਰ ਅਤੇ ਇਥੋਂ ਤਕ ਕਿ ਵਿਧਾਨਕਾਰ, ਕੈਬਨਿਟ ਮੰਤਰੀ ਅਤੇ ਅਸਤੀਫਾ ਦੇ ਚੁੱਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਰਾਜ਼ ਅਤੇ ਨਿਰਾਸ਼ ਹਨ, ਪੰਜਾਬ ਦੇ ਪ੍ਰਸਿੱਧ ਲੇਖਕ, ਚਿੰਤਕ, ਰਾਜਨੀਤਕ ਅਤੇ ਆਰਥਿਕ ਮਾਹਿਰ ਲੋਕ ਬਹੁਤ ਦੱਖੀ ਹਨ।
ਪੰਜਾਬ ਦੇ ਪ੍ਰਸਿੱਧ ਅਰਥ ਸਾਸ਼ਤਰੀ, ਸਾਬਕਾ ਵਾਈਸ ਚਾਂਸਲਰ 91 ਸਾਲਾ ਬਜ਼ੁਰਗ ਸ : ਸਰਦਾਰਾਂ ਸਿੰਘ ਜੌਹਲ ਨੂੰ ਤਾਂ ਇਸ ਬਾਰੇ ਆਪਣੀ ਫੇਸਬੁੱਕ 'ਤੇ ਅਤਿ ਦੁਖਦਾਈ ਅਤੇ ਨਿਰਾਸ਼ਾ ਦੇ ਆਲਮ ਵਿਚ ਬੇਬਾਕੀ ਨਾਲ ਲਿਖਣਾ ਪਿਆ, 'ਇਲੈਕਸ਼ਨਾਂ ਵੇਲੇ ਮੈਂ ਲਿਖਿਆ ਸੀ ਕਿ ਜੇ ਸ: ਬਾਦਲ ਨੂੰ ਹਰਾਉਣਾ ਸੀ ਤਾਂ ਅਮਰਿੰਦਰ ਨੂੰ ਲੰਬੀ ਤੋਂ ਨਹੀਂ ਲੜਨਾ ਚਾਹੀਦਾ ਸੀ ਤੇ ਸੁਖਬੀਰ ਬਾਦਲ ਨੂੰ ਹਰਾਉਣ ਲਈ ਬਿੱਟੂ (ਰਵਨੀਤ ਸਿੰਘ) ਨੂੰ ਜਲਾਲਾਬਾਦ ਨਹੀਂ ਭੇਜਣਾ ਚਾਹੀਦਾ ਸੀ। ਇਸ 'ਤੇ ਅਮਰਿੰਦਰ ਮੇਰੇ ਨਾਲ ਨਰਾਜ਼ ਹੋ ਗਿਆ ਤੇ ਬੋਲਣਾ ਹੀ ਬੰਦ ਕਰ ਦਿਤਾ। ਨਵਜੋਤ ਸਿੱਧੂ ਨੇ ਫਰੈਂਡਲੀ ਮੈਚ ਦਾ ਸੱਚ ਬੋਲਿਆ ਤਾਂ ਉਸ ਨੂੰ ਭੁਗਤਣਾ ਪਿਆ। ਹੁਣ ਤਾਂ ਸਾਰੇ ਐਮ.ਐਲ.ਏ. ਤੇ ਵਜ਼ੀਰ ਲੋਕ ਵੀ ਹਾਮੀ ਭਰਦੇ ਆ। ਉਹ ਵੀ ਉਸਦੇ ਸਾਹਮਣੇ ਢੀਠਪੁਣੇ ਦੀ ਵੀ ਹੱਦ ਹੁੰਦੀ ਆ ਯਾਰੋ। ਕਾਂਗਰਸੀ ਵੀਰੋ, ਜੇ ਕਾਂਗਰਸ ਅਤੇ ਪੰਜਾਬ ਨੂੰ ਬਚਾਉਣਾ ਤਾਂ ਇਸ ਬੰਦੇ ਨੂੰ ਲਾਹੋ ਕੁਰਸੀ ਤੋਂ। ਨਹੀਂ ਤਾਂ ਮਿੱਟੀ ਵਿਚ ਰੋਲ ਦੇਵੇਗਾ, ਪੰਜਾਬ ਨੂੰ ਵੀ ਤੇ ਕਾਂਗਰਸ ਨੂੰ ਵੀ।'
ਸ : ਜੌਹਲ ਦੀ ਸ : ਪ੍ਰਕਾਸ ਸਿੰਘ ਬਾਦਲ ਅਤੇ ਸ : ਸੁਖਬੀਰ ਸਿੰਘ ਬਾਦਲ ਨੂੰ ਵਿਧਾਨ ਸਭਾ ਚੋਣਾਂ ਵਿਚ ਹਰਾਉਣ ਦੀ ਰਾਜਨੀਤੀ ਨਾਲ ਅਸੀਂ ਅਤੇ ਪੰਜਾਬ ਦੇ ਬਹੁਤ ਸਾਰੇ ਚਿੰਤਕ ਸਹਿਮਤ ਨਹੀਂ ਕਿਉਂਕਿ ਲੋਕ ਸਭਾ ਚੋਣਾਂ ਵੇਲੇ ਉਹ ਫਿਰ ਲੰਬੀ ਅਤੇ ਜਲਾਲਾਬਾਦ ਹਲਕਿਆਂ ਤੋਂ ਬਠਿੰਡਾ ਅਤੇ ਫਿਰੋਜ਼ਪੁਰ ਲੋਕ ਸਭਾ ਸੀਟਾਂ ਸਮੇਤ ਜਿੱਤੇ। ਅਸੀਂ ਅਤੇ ਪੰਜਾਬ ਦੇ ਬਹੁਤ ਸਾਰੇ ਚਿੰਤਕ ਕਿਸਾਨੀ ਨੂੰ ਆਰਥਿਕ ਮੰਦਹਾਲੀ ਵਿਚੋਂ ਬਾਹਰ ਕੱਢਣ ਲਈ ਅਫ਼ੀਮ ਖੇਤੀ ਦੀ ਇਜਾਜ਼ਤ ਦੇਣ ਲਈ ਵੀ ਸਹਿਮਤ ਨਹੀਂ ਕਿਉਂਕਿ ਜੋ ਦੁਰਦਸ਼ਾ ਫਿਜ਼ੀ (ਅਫਰੀਕਾ) ਦੇ ਅਫੀਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਹੋਈ ਹੈ, ਉਸ ਤੋਂ ਤੋਬਾ ਭਲੀ, ਵੈਸੇ ਵੀ ਇਹ ਪੰਜਾਬੀਆਂ ਲਈ ਮਾਰੂ ਸਿੱਧ ਹੋਵੇਗੀ। ਪਰ ਕੈਪਟਨ ਅਮਰਿੰਦਰ ਸਿੰਘ ਦੇ ਆਪਹੁੱਦਰੇ, ਭ੍ਰਿਸ਼ਟ, ਅਮਨ-ਕਾਨੂੰਨ ਅਤੇ ਪੰਜਾਬ ਦੇ ਵਿਕਾਸ ਰਹਿਤ ਨਿਕੰਮੇ ਸਾਸਨ ਤੋਂ ਪੈਦਾ ਹੋ ਰਹੀ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਬਰਬਾਦੀ ਸੰਬੰਧੀ ਅਤੇ ਇਸ ਕਰਕੇ ਇਸ ਮੁੱਖ ਮੰਤਰੀ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਮੰਗ ਨਾਲ ਸੌ ਪ੍ਰਤੀਸ਼ਤ ਸਹਿਮਤ ਹਾਂ।
ਇਸ ਵਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ, ਜਿੰਨਾਂ ਉਸ ਨੂੰ ਸੱਤਾ ਵਿਚ ਆਉਣ ਲਈ ਵੱਡਾ ਫ਼ਤਵਾ ਦਿਤਾ, ਕਾਂਗਰਸ ਪਾਰਟੀ, ਕਾਂਗਰਸੀ ਵਰਕਰਾਂ ਅਤੇ ਅਹੁੱਦੇਦਾਰਾਂ, ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਵਿਸ਼ਵਾਸ਼ ਵਿਚ ਲਏ ਬਗੈਰ ਆਪਣੇ ਨਿੱਜੀ ਸਕਤਰੇਤ ਵਿਚ ਭਰਤੀ ਸਾਬਕਾ ਅਫਸਰਸ਼ਾਹਾਂ, ਜੁਡੰਲੀਬਾਜਾਂ ਅਤੇ ਪਾਕਿਸਤਾਨੀ ਮਿੱਤਰ ਅਰੂਸਾ ਆਲਮ ਦੀ ਸਲਾਹ ਨਾਲ ਸਰਕਾਰ ਚਲਾ ਰਹੇ ਹਨ। ਇੰਨਾਂ ਲੋਕਾਂ ਨੂੰ ਵੱਖ-ਵੱਖ ਵਿਭਾਗ ਵੰਡੇ ਹੋਏ ਹਨ। ਇੰਨਾਂ ਦੀ ਸਮੁੱਚੀ ਸੁਪਰਵਿਜ਼ਨ ਸਾਬਕਾ ਅਫਸਰਸ਼ਾਹ ਸੁਰੇਸ਼ ਕੁਮਾਰ ਅਤੇ ਅਰੂਸਾ ਆਲਮ ਹੱਥ ਹੈ। ਸ਼੍ਰੀ ਸੁਰੇਸ਼ ਕੁਮਾਰ ਲਈ ਉਨ੍ਹਾਂ ਐਕਸਟਰਾ-ਸੰਵਿਧਾਨਿਕ ਪਦ ਚੀਫ ਪ੍ਰਿੰਸੀਪਲ ਸਕੱਤਰ ਦਾ ਈਜਾਦ ਕੀਤਾ ।
ਲੋਕਤੰਤਰ ਅਤੇ ਲੋਕਤੰਤਰੀ ਸਰਕਾਰ ਤਾਂ ਹੀ ਸਫਲ ਅਤੇ ਵਿਕਾਸ ਮਈ ਬਣ ਸਕਦੇ ਹਨ ਜੇਕਰ ਉਨ੍ਹਾਂ ਨੂੰ ਲਗਾਤਾਰ ਜਨਤਕ ਅਤੇ ਪਾਰਟੀ ਕਾਡਰ-ਅਹੁਦੇਦਾਰਾਂ ਦੀ ਸ਼ਮੂਲੀਅਤ ਨਾਲ ਚਲਾਇਆ ਜਾਵੇ। ਰਾਜ ਵਿਚ ਰਹਿੰਦੇ ਜਾਂ ਦੇਸ਼-ਵਿਦੇਸ਼ ਵਿਚ ਰਹਿੰਦੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਵਿਅਕਤੀਆਂ ਜਾਂ ਉਨ੍ਹਾਂ ਦੇ ਗਠਤ ਥਿੰਕ ਟੈਂਕ ਦੀ ਸਲਾਹ ਨਾਲ ਚਲਾਇਆ ਜਾਵੇ। ਪੀਰੀਆ ਡੀਕਲੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜਾਰੀ ਦਾ ਲੇਖਾ-ਜੋਖਾ ਕੀਤਾ ਜਾਵੇ। ਲੋਕਾਂ ਨਾਲ ਕੀਤੇ ਵਾਅਦੇ ਪੁਰੇ ਕੀਤੇ ਜਾਣ ਅਤੇ ਉਨ੍ਹਾਂ ਦੀਆਂ ਲੋੜੀਂਦੀਆਂ ਸੇਵਾਵਾਂ ਦੀ ਪੂਰਤੀ ਕੀਤੀ ਜਾਵੇ।
ਰਾਜ ਦੀ ਕੈਬਨਿਟ ਸਮੂਹਿਕ ਤੌਰ 'ਤੇ ਆਪਣੀ ਕਾਰਗੁਜ਼ਾਰੀ ਲਈ ਜਨਤਾ ਸਾਹਮਣੇ ਜਵਾਬ ਦੇਹ ਹੁੰਦੀ ਹੈ ਪਰ ਕੇਪਟਨ ਅਮਰਿੰਦਰ ਸਿੰਘ ਦੇ ਸਾਸ਼ਨ ਦਾ 'ਬਾਬਾ ਆਦਮ' ਜਗੀਰਦਾਰੂ, ਸਾਮੰਤਵਾਦੀ ਅਤੇ ਤਾਨਾਸ਼ਾਹ ਭਰਿਆ ਹੈ। ਇਸ ਵਿਚ ਜਨਤਕ ਜਵਾਬਦੇਹੀ ਅਤੇ ਕੈਬਨਿਟ ਬਿਲਕੁਲ ਮਨਫੀ ਹੈ। ਤਾਂਹੀਓਂ ਤਾਂ ਦੁੱਖੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਵਿਧਾਨ ਸਭਾ ਕਾਂਗਰਸ ਪਾਰਟੀ ਮੀਟਿੰਗ ਅਤੇ ਉਸ ਤੋਂ ਪੈਦਾ ਹੋਏ ਹਲਾਤਾਂ ਨੂੰ ਨਜਿਠਣ ਲਈ ਕੀਮਤੀ ਡਿੱਨਰ ਡਿਪਲੋਮੇਸੀ ਵੇਲੇ ਬੇਬਾਕ ਬੋਲਣਾ ਪਿਆ।
ਵਿਧਾਇਕ ਗਰੁੱਪ ਦੀ ਮੀਟਿੰਗ ਵਿਚ ਸਾਬਕਾ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸ : ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਹਲਕਿਆਂ ਦੇ ਵਿਕਾਸ ਲਈ ਭਾਵੇਂ ਸਰਕਾਰ 100 ਕਰੋੜ ਦੀ ਥਾਂ 1000 ਕਰੋੜ ਦੇ ਦੇਵੇ ਪਰ ਲੋਕ ਕਾਂਗਰਸ ਨੂੰ ਵੋਟ ਨਹੀਂ ਪਾਉਣਗੇ। ਕਿਉਂਕਿ ਉਹ ਚੋਣਾਂ ਸਮੇਂ ਕੀਤੇ ਵਾਅਦਿਆਂ 'ਤੇ ਅਮਲ ਦੀ ਉਡੀਕ ਕਰ ਰਹੇ ਹਨ। ਵਿਕਾਸ਼ ਦੇ ਸਭ ਹਮਾਇਤੀ ਹਨ ਪਰ ਅਸਲ ਮੁੱਦੇ ਅੱਖੋਂ-ਪਰੋਖੇ ਕਰਨ ਕਰਕੇ ਉਹ ਸਖ਼ਤ ਨਰਾਜ਼ ਹਨ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਕਾਂਡ ਲਈ ਜੁਮੇਂਵਾਰ ਲੋਕਾਂ ਨੂੰ ਸਜ਼ਾ ਨਾ ਦੇ ਸਕਣ, ਬਾਦਲ ਪਰਿਵਾਰ ਦਾ ਟਰਾਂਸਪੋਰਟ ਤੋਂ ਗਲਬਾ ਨਾ ਹਟਾਉਣ, ਰਾਜ ਅੰਦਰ ਫਾਸਟਵੇਅ ਕੇਬਲ ਦਾ ਏਕਾਧਿਕਾਰ ਖ਼ਤਮ ਨਾ ਕਰ ਸਕਣ, ਨਸ਼ਿਆਂ ਦੀ ਸਮਗਲਿੰਗ ਦਾ ਲੱਕ ਨਾ ਤੋੜ ਸਕਣ, ਕਿਸਾਨੀ ਦੇ ਕਰਜ਼ੇ ਦੀ ਮੁਆਫੀ ਤੋਂ ਭੱਜ ਜਾਣ, ਨੌਜਵਾਨ ਨੂੰ ਸਮਾਰਟ ਫੋਨ ਉਪਲਬੱਧ ਨਾ ਕਰਾਉਣ, ਬਿਜਲੀ ਦੇ ਅਨੋਖੇ ਬਿੱਲਾਂ ਨਾਲ ਆਮ ਆਦਮੀ ਦਾ ਲੱਕ ਟੁੱਟਣ, ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ, ਮੰਤਰੀਆਂ, ਵਿਧਾਇਕਾਂ ਪਾਰਟੀ ਵਰਕਰਾਂ ਦੀ ਕਿਧਰੇ ਵੀ ਪੁੱਛ-ਗਿੱਛ ਨਾ ਹੋਣ, ਹਰ ਪੱਧਰ 'ਤੇ ਅਫਸਰਸ਼ਾਹੀ ਦਾ ਬੋਲਬਾਲਾਂ ਹੋਣ ਸਬੰਧੀ ਵਿਧਾਇਕਾਂ ਅਤੇ ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ 'ਤੇ ਮੁੱਦੇ ਉਠਾਏ ਅਤੇ ਤਰਕ ਨਾਲ ਜਵਾਬ ਦਿਤੇ।
ਉਨ੍ਹਾਂ ਦੇ ਨਜ਼ਦੀਕੀ ਜਾਣੇ ਜਾਂਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਬੇਅਦਬੀ, ਬਰਗਾੜੀ ਕਾਂਡ ਮੁੱਦੇ ਉਠਾਏ ਜਿੰਨਾਂ ਦੀ ਡੱਟ ਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮ ਮਹਿੰਦਰਾ, ਰਾਣਾ ਗੁਰਮੀਤ ਸਿੰਘ ਅਤੇ ਮਨਪ੍ਰੀਤ ਬਾਦਲ ਨੇ ਭਾਈਦ ਕੀਤੀ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਅਵਤਾਰ ਹੈਨਰੀ ਜੂਨੀਅਰ ਵਿਧਾਇਕ ਜਦੋਂ ਟਰਾਂਸਪੋਰਟ ਨੀਤੀ ਤੇ ਖਹਿਬੜਿਆ ਤਾਂ ਉਸ ਨੇ ਉਸ 'ਤੇ ਹੱਥ ਉਠਾ ਲਿਆ। ਵੱਖਰੀ ਗਲ ਹੈ ਮਾਰਿਆ ਨਾ, ਪਰ ਸਾਬਕਾ ਟਰਾਂਸ ਪੋਰਟ ਮੰਤਰੀ ਬੀਬੀ ਅਰੁਣਾ ਚੌਧਰੀ ਨੇ ਸਾਫ਼ ਕਿਹਾ ਕਿ ਉਨ੍ਹਾਂ ਵੇਲੇ ਵੀ ਅਫਸਰ ਸ਼ਾਹੀ ਅੱਸ ਤੋਂ ਮੱਸ ਨਹੀਂ ਸੀ ਹੁੰਦੀ। ਭਾਵ ਪਿੱਛੇ ਮੁੱਖ ਮੰਤਰੀ ਦਾ ਥਾਪੜਾ ਹੈ।
ਸ਼ਰੀਕਾਬਾਜ਼ੀ ਕਰਕੇ ਜਦੋਂ ਮਨਪ੍ਰੀਤ ਬਾਦਲ ਨੇ ਆਪਣੇ ਤਾਏ ਸਾਬਕਾ ਮੁੱਖ ਮੰਤਰੀ ਦੇ ਪਰਿਵਾਰ ਦੀ ਸੁਰੱਖਿਆ ਤੇ ਉਂਗਲ ਉਠਾਈ ਤਾਂ ਮੁੱਖ ਮੰਤਰੀ ਨੇ ਸਪਸ਼ਟ ਕਿਹਾ ਕਿ ਇਹ ਨਿਰੋਲ ਸੁਰੱਖਿਆ ਤਾਂ ਮੁੱਦਾ ਹੈ। ਪਰ ਜਦੋਂ ਉਨ੍ਹਾਂ ਵਿਰੁੱਧ ਪਿਛਲੀ ਕਾਂਗਰਸ ਸਰਕਾਰ ਵੇਲੇ ਕਾਰਵਾਈ ਕਰਨ ਕਰਕੇ ਉਨ੍ਹਾਂ ਵਲੋਂ ਜਨਤਕ ਹਮਦਰਦੀ ਪ੍ਰਾਪਤ ਕਰਨ ਦੀ ਗੱਲ ਮੁੱਖ ਮੰਤਰੀ ਨੇ ਕਹੀ ਤਾਂ ਸੁਖਜਿੰਦਰ ਸਿੰਘ ਰੰਧਾਵਾ ਦਾ ਸਾਫ਼ ਜੁਵਾਬ ਸੀ ਕਿ ਇਸ ਵਾਰ ਮੁਦਾਅ ਭ੍ਰਿਸ਼ਟਾਚਾਰ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੈ।
ਕੁੱਝ ਵਿਧਾਇਕ ਇਹ ਵੀ ਕਹਿੰਦੇ ਨਜ਼ਰ ਆਏ ਕਿ ਸਨਕੀ ਅਤੇ ਨਿਕੰਮੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਕੈਪਟਨ ਦੇ ਪਿੱਠੂ ਪੁਣੇ ਕਰਕੇ ਸਮੁੱਚੇ ਮੁਲਾਜ਼ਮ ਵਰਗ ਨੂੰ ਉਨ੍ਹਾਂ ਦੀਆਂ ਡੀ.ਏ. ਦੀਆਂ ਕਿਸ਼ਤਾਂ ਬਿਨਾਂ ਵਜ੍ਹਾ ਰੋਕ ਕੇ ਨਰਾਜ਼ ਕਰ ਰਖਿਆ ਹੈ। ਇਸ ਦੀਆਂ ਲੋਕ ਵਿਰੋਧੀ ਵਿੱਤੀ ਨੀਤੀਆਂ ਕਰਕੇ ਤਾਂ ਅਕਾਲੀ ਦਲ ਨੇ ਬੇਆਬਰੂ ਕਰਕੇ ਬਾਹਰ ਕੀਤਾ ਸੀ। ਦਲਿਤ ਵਿਦਿਆਰਥੀਆਂ ਦੇ ਵਜ਼ੀਫਿਆਂ ਨੇ ਵਿੱਤ ਮੰਤਰੀ ਅਤੇ ਸਰਕਾਰ ਦੀ ਬਦਨਾਮੀ ਕਰ ਰਖੀ ਹੈ।
ਨਸ਼ਾ ਨਾ ਰੁੱਕਣ ਕਰਕੇ ਹੁਣ ਪੰਜਾਬ ਦੇ ਉਹ ਮਾਪੇ ਜੋ ਸਮਰਥ ਹਨ ਜਾਂ ਜੁਗਾੜ ਕਰ ਸਕਦੇ ਹਨ, ਧੜਾ-ਧੜ ਆਪਣੇ ਬੱਚੇ ਵਿਦੇਸ਼ਾਂ ਵੱਲ ਧੱਕ ਰਹੇ ਹਨ। ਨੌਜਵਾਨੀ ਬਗੈਰ ਪੰਜਾਬ ਦਾ ਭਵਿੱਖ ਗਰਦਸ਼ ਦਾ ਸ਼ਿਕਾਰ ਹੋਵੇਗਾ। ਅਮਨ-ਕਾਨੂੰਨ ਦਾ ਦੀਵਾਲਾ ਨਿਕਲਿਆ ਪਿਆ ਹੈ। ਅਫਸਰਸ਼ਾਹੀ ਬੇਲਗਾਮ ਹੈ।
ਕੈਪਟਨ ਅਮਰਿੰਦਰ ਸਿੰਘ ਦੀਆਂ ਆਪਹੁਦਰੀਆਂ ਕਰਕੇ ਅੱਜ ਪੰਜਾਬ ਕਾਂਗਰਸ ਦੇ ਮਹਾਂਰਥੀ ਸ : ਪ੍ਰਤਾਪ ਸਿਘ ਬਾਜਵਾ, ਸਮਸ਼ੇਰ ਸਿੰਘ ਦੂਲੋ, ਸੁਨੀਲ ਜਾਖੜ, ਕੈਬਨਿਟ ਵਿਚੋਂ ਅਸਤੀਫਾ ਦੇ ਲਾਂਭੇ ਹੋਏ ਨਵਜੋਤ ਸਿੰਘ ਸਿੱਧੂ ਆਦਿ ਨਰਾਜ਼ ਚਲ ਰਹੇ ਹਨ। ਇਹ ਵੀ ਚਰਚੇ ਹਨ ਕਿ ਰਾਜ ਵਿਚ ਆਮ ਆਦਮੀ ਪਾਰਟੀ ਖੇਰੂੰ-ਖੇਰੂੰ ਹੋਣ, ਅਕਾਲੀ ਦਲ ਕਮਜ਼ੋਰ ਅਤ ਪਾਟੋਧਾੜ ਦਾ ਸ਼ਿਕਾਰ ਹੋਣ ਕਰਕੇ ਕਈ ਕਾਂਗਰਸੀ ਆਗੂ ਭਾਜਪਾ ਅੰਦਰ ਸੁਰਖਿਅਤ ਰਾਜਨੀਤਕ ਭਵਿੱਖ ਝਾਕ ਰਹੇ ਹਨ। ਇਕ ਖ਼ਬਰ ਅਨੁਸਾਰ ਦੋ ਦਰਜਨ ਦੇ ਕਰੀਬ ਕਾਂਗਰਸ ਵਿਧਾਇਕ ਭਾਜਪਾ ਦੇ ਸੰਪਰਕ ਵਿਚ ਹਨ। ਕੁਝ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾ ਕੇ ਆਪਣਾ ਨਵਾਂ ਆਗੂ ਚੁਣਨ ਦੇ ਹੱਕ ਵਿਚ ਹਨ ਕਿਉਂਕਿ ਕਾਂਗਰਸ ਹਾਈ ਕਮਾਨ ਬਿਲਕੁਲ ਹੀਣੀ ਹੋ ਚੁੱਕੀ ਹੈ। ਡਾ. ਸਰਦਾਰਾ ਸਿੰਘ ਜੌਹਲ ਵੀ ਕਾਂਗਰਸ ਪਾਰਟੀ ਨੂੰ ਅਜਿਹਾ ਕਰਕੇ ਕੈਪਟਨ ਤੋਂ ਕਾਂਗਰਸ ਅਤੇ ਪੰਜਾਬ ਨੂੰ ਮੁੱਕਤ ਕਰਨ ਲਈ ਹੱਲਾ ਸ਼ੇਰੀ ਦੇ ਰਹੇ ਹਨ। ਇਸ ਕਾਰਜ ਲਈ ਸਿੱਧੂ ਵਰਗੇ ਆਗੂ ਤੇ ਲੋਕ ਨਜ਼ਰਾਂ ਟਿਕਾਈ ਬੈਠੇ ਹਨ। ਐਸੇ ਰਾਜਨੀਤਕ ਆਲਮ ਤੋਂ ਨਿਰਾਸ਼ ਅਤੇ ਘਬਰਾਹਟ ਵਿਚ ਕੈਪਟਨ ਅਮਰਿੰਦਰ ਪਾਰਟੀ, ਲੀਡਰਸ਼ਿਪ ਅਤੇ ਕਾਂਗਰਸ ਵਿਧਾਇਕ ਦਲ ਦਾ ਧਿਆਨ ਐਸੇ ਮੁਦੇ ਤੋਂ ਹਟਾਉਣ ਲਈ ਜੰਮੂ-ਕਸ਼ਮੀਰ ਵਿਚ ਹਟਾਈ ਧਾਰਾ 370 ਅਤੇ 35 ਏ ਵਿਰੁੱਧ ਅਤੇ ਸਿੱਧੂ ਸਰਪ੍ਰਸਤ ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਉਣ ਦੀ ਹਿਮਾਇਤ ਕਰਦੇ ਬਿਆਨ ਦਾਗ਼ ਰਹੇ ਹਨ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
+1 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.