ਮੈਂ ਤਾਂ 1953 ਚ ਪੈਦਾ ਹੋਇਆਂ ਪਰ ਮੇਰੇ ਵੱਡੇ ਭੈਣ ਜੀ ਮਨਜੀਤ ਤੇ ਭਾ ਜੀ ਜਸਵੰਤ 1947 ਚ ਉਜਾੜਿਆਂ ਵੇਲੇ ਮਾਪਿਆਂ ਨਾਲ ਰਾਵੀ ਪਾਰੋਂ ਏਧਰ ਆਏ ਸਨ।
ਸਿਆਲਕੋਟ ਜ਼ਿਲ੍ਹੇ ਦੀ ਨਾਰੋਵਾਲ ਤਹਿਸੀਲ ਦੇ ਪਿੰਡ ਨਿੱਦੋ ਕੇ ਵਿੱਚ ਸਾਡਾ ਘਰ ਸੀ।
ਬਾਪੂ ਜੀ ਦੱਸਦੇ ਸਨ ਕਿ ਪਿੰਡ ਚ ਸਭ ਨਾਲ ਸਹਿਚਾਰ ਹੋਣ ਕਾਰਨ ਜੀਣ ਦਾ ਸਵਾਦ ਹੀ ਵੱਖਰਾ ਸੀ।
ਮੇਰੇ ਵੱਡੇ ਭਾ ਜੀ ਪ੍ਰਿੰ: ਜਸਵੰਤ ਸਿੰਘ ਗਿੱਲ ਨੇ ਹਿੰਮਤ ਕਰਕੇ ਆਪਣੇ ਪਿੰਡ ਦੀ ਵੀਡੀਉ ਫਿਲਮ ਬਣਵਾਈ ਸੀ ਪਿੱਛੇ ਜਹੇ।
ਕਿਸੇ ਮਿਹਰਬਾਨ ਵੀਰ ਨੂੰ ਘਰ ਦੱਸ ਕੇ ਉਸ ਦੇ ਬੂਹੇ ਦੀ ਤਸਵੀਰ ਮੰਗਵਾਈ।
ਮੇਰਾ ਅਣਵੇਖਿਆ ਬੂਹਾ। ਸੁਪਨੇ ਚ ਕਈ ਵਾਰ ਬੰਦ ਹੋਇਆ ਵੇਖਿਆ ਹੈ ਮੈਂ।
ਬਹੁਤ ਉਦਾਸ ਕਰਦਾ ਹੈ ਉਹ ਦਰਦ ਜੋ ਮੇਰੇ ਟੱਬਰ ਨੇ ਰਾਵੀ ਉਰਵਾਰ ਪਾਰ ਹੰਢਾਇਆ।
ਖੁਰ ਭੁਰ ਗਿਆ ਬਹੁਤ ਕੁਝ।
ਏਧਰ ਆ ਕੇ ਅਸੀਂ ਪਨਾਹੀ, ਰਫਿਊਜ਼ੀ, ਸ਼ਰਨਾਰਥੀ ਤੇ ਮੁਸਲਮਾਨਾਂ ਨਾਲ ਵਟਾਇਆ ਮਾਲ ਬਣ ਗਏ।
ਸਾਡੀ ਪੱਤੀ ਦਾ ਨਾਂ ਵੀ ਪਨਾਹੀਆਂ ਦੀ ਪੱਤੀ ਬਣ ਗਿਆ।
ਜਿਸ ਪਰਿਵਾਰ ਕੋਲ ਸਾਡੇ ਵਾਲਾਨਘਰ ਹੋਵੇਗਾ, ਉਹ ਇਹ ਬੂਹਾ ਹਰ ਰੋਜ਼ ਖੋਲ੍ਹਦੇ ਬੰਦ ਕਰਦੇ ਹੋਣਗੇ ਪਰ ਸਾਡੇ ਲਈ ਤਾਂ ਪੱਕੇ ਜੰਦਰੇ ਵੱਜ ਗਏ ਸਨ 1947 ਚ।
ਮੇਰੀ 2005 ਚ ਛਪੀ ਕਾਵਿ ਕਿਤਾਬ
ਖ਼ੈਰ ਪੰਜਾਂ ਪਾਣੀਆਂ ਦੀ, ਇਸੇ ਪੀੜ ਦਾ ਵਿਸਥਾਰ ਹੈ।
ਇਹ ਸ਼ਾਹਮੁਖੀ ਚ ਵੀ ਛਪ ਚੁਕੀ ਹੈ।
ਇਸ ਬੂਹੇ ਨੂੰ ਵੇਖ ਕੇ ਅੱਜ ਵੀ ਮੈਨੂੰ ਆਪਣੇ ਪੁਰਖੇ ਯਾਦ ਆਉਂਦੇ ਨੇ।
ਬਾਪੂ ਜੀ ਦੱਸਦੇ ਨੇ, ਸਾਡੇ ਘਰ ਵਿੱਚ ਕੋਈ ਜੰਦਰਾ ਨਹੀਂ ਸੀ ਰੱਖਿਆ ਹੋਇਆ। ਕੁੰਡਾ ਵੀ ਕਦੇ ਕਦਾਈਂ ਮਾਰਦੇ। ਬਹੁਤੇ ਘਰਾਂ ਚ ਜੰਦਰੇ ਨਹੀਂ ਸਨ ਕਿਉਂਕਿ ਭਾਈਚਾਰਕ ਸ਼ਕਤੀ ਕਾਰਨ ਬੇਵਿਸਾਹੀ ਨਹੀਂ ਸੀ ਕਿਸੇ ਨੂੰ ਵੀ,ਕਿਸੇ ਤਰ੍ਹਾਂ ਦੀ ਵੀ।
ਅੱਜ ਪਿਛਲੇ ਪਿੰਡ ਵਾਲੇ ਘਰ ਦਾ ਬੂਹਾ
ਚੇਤੇ ਆਇਆ।
ਇਹ ਗ਼ਜ਼ਲ ਇਸ ਬੂਹੇ ਦੀ ਯਾਦ ਨੂੰ ਸਮਰਪਿਤ ਹੈ। ਅਣਵੇਖੇ ਬੂਹੇ ਨੂੰ।
ਸੁਪਨਾ ਲੈ ਰਿਹਾਂ, ਇਸ ਬੂਹੇ ਨੂੰ ਜਲਦੀ ਚੁੰਮਾਂਗਾ ਤੇ ਪੁੱਛਾਂਗਾ, ਮੇਰੀ ਦਾਦੀ, ਮੇਰੀ ਮਾਂ ਤੇ ਬਾਕੀ ਜੀਆਂ ਬਗੈਰ ਤੂੰ ਇਕੱਲ੍ਹਾ ਕਿੰਨਾ ਰੋਇਆ ਸੈਂ ਸੰਤਾਲੀ ਵੇਲੇ।
ਮੇਰੇ ਵਡਾਰੂ ਤਾਂ ਸਾਨੂੰ ਮਗਰੋਂ ਜੰਮਿਆਂ ਨੂੰ ਵੀ ਦਰਦਾਂ ਦੀਆਂ ਪੰਡਾਂ ਬੰਨ੍ਹ ਕੇ ਸਿਰਹਾਣੇ ਧਰ ਗਏ।
ਪੀੜਾਂ ਸੌਣ ਨਹੀਂ ਦੇਂਦੀਆਂ।
ਦਿਲ ਖੋਲ੍ਹ,
ਮੈਂ ਤੇਰੇ ਅੰਦਰ ਲੰਘਣਾ ਹੈ।
ਮੇਰੀ ਇਹ ਗ਼ਜ਼ਲ ਬੰਦ ਬੂਹਿਆਂ ਦੇ ਨਾਮ ਹੈ।
ਗ਼ਜ਼ਲ
ਗੁਰਭਜਨ ਗਿੱਲ
ਜਾਂਦਿਆਂ ਹੋਇਆਂ ਸੱਚ ਸਿਆਣੇ ਕਹਿ ਗਏ ਨੇ।
ਅੰਦਰੋਂ ਸੱਖਣੇ, ਆਪਣੇ ਜੋਗੇ ਰਹਿ ਗਏ ਨੇ।
ਧਰਤ ਪਿਆਸੀ ,ਅੱਖ ਦਾ ਪਾਣੀ ,ਮਰ ਚੱਲਿਆ,
ਰਿਸ਼ਤੇ ਨਾਤੇ ਕਿੰਨਾ ਹੇਠਾਂ ਲਹਿ ਗਏ ਨੇ।
ਬੰਦ ਕਰਿਆਂ ਤੇ ਗਲ਼ ਮਿਲਦੇ ਸੀ ਬੂਹੇ ਵੀ,
ਹੁਣ ਤਾਂ ਤਖ਼ਤੇ ਕੱਲਮਕੱਲ੍ਹੇ ਰਹਿ ਗਏ ਨੇ।
ਇੱਕ ਦੂਜੇ ਵੱਲ ਪਿੱਠਾਂ, ਮੂੰਹ ਅਸਮਾਨ ਦੇ ਵੱਲ,
ਪਾਰੇ ਕਿੱਦਾਂ ਰਿਸ਼ਤਿਆਂ ਦੇ ਵਿੱਚ ਬਹਿ ਗਏ ਨੇ।
ਕਿਰਤ ਕਰਮ ਤੋਂ ਵਿੱਛੜੇ, ਦੋਧੇ ਵਸਤਰ ਨੇ,
ਪੜ੍ਹੇ ਲਿਖੇ ਤਾਂ ਅਕਲਾਂ ਉਹਲੇ ਬਹਿ ਗਏ ਨੇ।
ਰੇਤਲੀਆਂ ਦੀਵਾਰਾਂ ਉੱਡੀਆਂ,ਪੌਣ ਵਗੀ,
ਖ਼੍ਵਾਬ ਨਗਰ ਦੇ ਸਾਰੇ ਹੀ ਘਰ ਢਹਿ ਗਏ ਨੇ।
ਏਸ ਸ਼ਹਿਰ ਵਿੱਚ ਸਾਡੇ ਪਿੰਡ ਗੁਆਚ ਗਏ,
ਕਿੰਨੇ ਦਰਿਆ ਪੁਲ ਦੇ ਥੱਲਿਉਂ ਵਹਿ ਗਏ ਨੇ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.