ਪਰਗਟ ਸਿੰਘ ਸਤੌਜ ਦੀ ਸੰਪਾਦਿਤ ਮੁੱਲਵਾਨ ਕਹਾਣੀ ਕਿਤਾਬ ਪੜ੍ਹਨ ਰੁੱਤ ਦੇ ਆਰ ਪਾਰ
ਅੱਜ ਦੋ ਚੰਗੀਆਂ ਖ਼ਬਰਾਂ ਮਿਲੀਆਂ ਨੇ।
ਰਵੀਸ਼ ਕੁਮਾਰ ਨੂੰ ਮੈਗਸੈਸੇ ਪੁਰਸਕਾਰ ਮਿਲਣਾ ਤੇ ਪਰਗਟ ਸਿੰਘ ਸਤੌਜ ਦੀ ਸੰਪਾਦਨਾ ਹੇਠ ਸੱਜਰੇ ਅਨੁਭਵ ਵਾਲੀ ਕਿਤਾਬ ਪੜ੍ਹਨ ਰੁੱਤ ਦੇ ਆਰ ਪਾਰ ਦਾ ਪ੍ਰਕਾਸ਼ਨ ਹੋਣਾ।
ਦੋਹਾਂ ਨੂੰ ਸਵਾ ਵਧਾਈਆਂ।
ਪਰਗਟ ਸਿੰਘ ਸਤੌਜ ਪੰਜਾਬੀ ਜ਼ਬਾਨ ਦਾ ਉਤਸ਼ਾਹੀ, ਹਿੰਮਤੀ ਤੇ ਸਿਰਜਣਸ਼ੀਲ ਨਾਵਲਕਾਰ ਹੈ। ਕੁਝ ਕਹਾਣੀਆਂ ਵੀ ਲਿਖੀਆਂ ਨੇ ਉਸ।
ਪਰਗਟ ਨੂੰ ਪੜ੍ਹਦਿਆਂ ਬਹੁਤ ਵਾਰ ਚਿੱਤ ਚ ਆਉਂਦਾ ਹੈ ਕਿ ਸਤੌਜ ਦੀ ਮਿੱਟੀ ਦਾ ਖ਼ਮੀਰ ਕੈਸਾ ਹੈ ਜਿਸ ਚ ਕਦੇ ਭਗਵੰਤ ਮਾਨ ਵਰਗਾ ਜ਼ਹੀਨ ਵਿਅੰਗਕਾਰ ਤੇ ਸਮਾਜਿਕ ਤਬਦੀਲੀ ਦਾ ਸੁਪਨਕਾਰ ਪੈਦਾ ਹੁੰਦਾ ਹੈ ਤੇ ਕਦੇ ਨਾਲਲ ਕਹਾਣੀ ਦਾ ਸਮਰੱਥ ਲਿਖਾਰੀ ਪਰਗਟ ਸਿੰਘ ਸਤੌਜ।
ਇੱਕ ਪਿੰਡ ਦੋ ਲੱਛੀਆਂ।
ਪਰਗਟ ਸਿੰਘ ਸਤੌਜ ਮੌਲਿਕ ਸਾਹਿੱਤ ਸਿਰਜਣ ਵਿੱਚ ਭਾਗੂ, ਤੀਵੀਆਂ, ਖ਼ਬਰ ਇੱਕ ਪਿੰਡ ਦੀ ਤੇ ਨਾਚਫ਼ਰੋ਼ਸ਼ ਨਾਵਲ, ਗਲਤ ਮਲਤ ਜ਼ਿੰਦਗੀ ਕਹਾਣੀ ਸੰਗ੍ਰਹਿ ਤੇ ਤੇਰਾ ਪਿੰਡ ਨਾਮੀ ਕਾਵਿ ਸੰਗ੍ਰਹਿ ਛਪ ਚੁਕੇ ਹਨ।
ਉਸ ਦੇ ਨਾਵਲ ਤੀਵੀਂਆਂ ਨੂੰ ਨੌਜਵਾਨ ਵਰਗ ਵਿੱਚ ਭਾਰਤੀ ਸਾਹਿੱਤ ਅਕਾਡਮੀ ਇਨਾਮ ਤੇ ਖ਼ਬਰ ਇੱਕ ਪਿੰਡ ਦੀ ਨਾਵਲ ਲਈ 25 ਹਜ਼ਾਰ ਕੈਨੇਡੀਅਨ ਡਾਲਰਜ਼ ਦਾ ਪੁਰਸਕਾਰ ਮਿਲ ਚੁਕਾ ਹੈ।
ਨਿੱਕੀ ਉਮਰੇ ਵੱਡੀਆਂ ਪ੍ਰਾਪਤੀਆਂ ਮੁਬਾਰਕਯੋਗ ਹਨ।
ਪਰਗਟ ਨੇ ਪਿੱਛੇ ਜਹੇ ਦੇਸ਼ ਵੰਡ ਬਾਰੇ ਕਹਾਣੀਆਂ ਦੀ ਕਿਤਾਬ ਸੰਤਾਪ 1947 ਸੰਪਾਦਿਤ ਕੀਤੀ ਸੀ ਤੇ ਹੁਣ ਕਾਲਿਜਾਂ ਚ ਪੜ੍ਹਦੇ ਪੜ੍ਹਾਕੂਆਂ ਨੂੰ ਧਿਆਨ ਚ ਰੱਖਦੇ ਨਵੀਂ ਕਿਤਾਬ ਸੰਪਾਦਿਤ ਕੀਤੀ ਹੈ ਕਹਾਣੀਆਂ ਦੀ।
ਉਸ ਦਾ ਮੰਨਣਾ ਹੈ ਕਿ ਜਵਾਨੀ ਚ ਸਾਹਿੱਤ ਸੰਚਾਰ ਲਈ ਉਨ੍ਹਾਂ ਦੇ ਮਨੋਸੰਸਾਰ ਨੂੰ ਸਮਝਣਾ ਤੇ ਕਿਰਦਾਰਾਂ ਰਾਹੀਂ ਸਮਝਣਾ ਜ਼ਰੂਰੀ ਹੈ।
ਇਸ ਖੱਪੇ ਨੂੰ ਪੂਰਨ ਹਿਤ ਪਰਗਟ ਸਿੰਘ ਸਤੌਜ ਨੇ ਪੜ੍ਹਨ ਰੁੱਤ ਦੇ ਆਰ ਪਾਰ ਕਿਤਾਬ ਦਾ ਸੰਪਾਦਨ ਕਰਕੇ ਕੈਲੀਬਰ ਪਬਲੀਕੇਸ਼ਨ ਪਟਿਆਲਾ ਤੋਂ ਪ੍ਰਕਾਸ਼ਿਤ ਕਰਵਾਇਆ ਹੈ।
ਇਸ ਸੰਗ੍ਰਹਿ ਵਿੱਚ ਦਿੱਲੀ ਵੱਸਦੇ ਪ੍ਰਬੁੱਧ ਕਹਾਣੀਕਾਰ ਜਗਦੀਸ਼ ਕੌਸ਼ਲ ਦੀ ਕਹਾਣੀ ਹੁਣ ਮੈਂ ਚੌੜ ਨਹੀਂ ਕਰਦਾ, ਡਾ: ਸਾਂਵਲ ਧਾਮੀ ਦੀ ਗਾਈਡ, ਡਾ: ਬਲਦੇਵ ਸਿੰਘ ਧਾਲੀਵਾਲ ਦੀ ਮੈਨਾ ਤੋਤੇ ਦੀ ਕਹਾਣੀ, ਜਸਬੀਰ ਸਿੰਘ ਰਾਣਾ ਦੀ ਤੁਰਦੇ ਪੈਰਾਂ ਦੀ ਕਹਾਣੀ ,
ਡਾ:ਬਲਜਿੰਦਰ ਨਸਰਾਲੀ ਦੀ ਜੇ ਉਹ ਹੁੰਦੀ, ਜਤਿੰਦਰ ਸਿੰਘ ਹਾਂਸ ਦੀ ਙ ਖ਼ਾਲੀ ਨਹੀਂ ਹੁੰਦਾ, ਹਰਮਿੰਦਰ ਚਹਿਲ ਦੀ ਗਰੀਨ ਕਾਰਡ, ਸਿਮਰਨ ਧਾਲੀਵਾਲ ਦੀ ਡਾਰਕ ਪੋਰਟਰੇਟ, ਦੀਪਤੀ ਬਬੂਟਾ ਦੀ ਅਸਤ ਹੋਣ ਤੋਂ ਪਹਿਲਾਂ, ਹਰਪ੍ਰੀਤ ਸੇਖਾ ਦੀ ਗਿਫਟ, ਗੁਰਸੇਵਕ ਸਿੰਘ ਪ੍ਰੀਤ ਦੀ ਝਿੰਜਣ, ਗੁਰਮੀਤ ਆਰਿਫ਼ ਦੀ ਚੀਸ, ਪਰਮਿੰਦਰ ਗਿੱਲ ਦੀ ਇੱਕ ਕੁੜੀ ਦੀ ਚੀਜ਼ ਗੁਆਚੀ ਤੇ ਪਰਗਟ ਸਿੰਘ ਸਤੌਜ ਦੀ ਗੂੰਗੀ ਮੁਹੱਬਤ ਹੈ।
ਇਹ ਸਭ ਕਹਾਣੀਆਂ ਉਸਨੇ 24 ਵਿੱਚੋਂ 14 ਛਾਂਟੀਆਂ ਹਨ।
ਇਹ ਕੰਮ ਸੁਖਾਲਾ ਨਹੀਂ ਪਰ ਸਤੌਜ ਨੇ ਆਪਣੇ ਮਿੱਤਰਾਂ ਡਿੰਪਲ, ਗੁਰਪ੍ਰੀਤ, ਕੁਲਦੀਪ ਤੇ ਅੰਮ੍ਰਿਤ ਦੀ ਮਦਦ ਨਾਲ ਕਰ ਵਿਖਾਇਆ ਹੈ।
184 ਸਫ਼ਿਆਂ ਦੀ ਇਸ ਕਿਤਾਬ ਤੇ ਛਪੀ ਕੀਮਤ 185 ਰੁਪਏ ਹੈ। ਬਹੁਤ ਵਾਜਬ। ਪਰ ਮਿਲੂ ਘੱਟ ਪੈਸਿਆਂ ਚ।
ਕੈਲੀਬਰ ਪਬਲੀਕੇਸ਼ਨਜ਼ ਵਾਲੇ ਵੀਰਾਂ ਤੋਂ ਕਿਤਾਬ ਮੰਗਵਾਉਣ ਲਈ ਫੋਨ ਨੰਬਰ
98154 48958
ਤੇ 80548 69313 ਤੇ ਸੰਪਰਕ ਕਰ ਸਕਦੇ ਹੋ।
ਪੁਸਤਕ ਸੱਭਿਆਚਾਰ ਦੇ ਵਿਸਥਾਰ ਲਈ ਤੁਸੀਂ ਆਪਣੇ ਸੰਪਰਕ ਸੂਤਰਾਂ ਨੂੰ ਇਹ ਜਾਣਕਾਰੀ ਅੱਗੇ ਵੰਡੋ, ਇਹ ਵੀ ਸਾਹਿੱਤ ਸੇਵਾ ਹੀ ਹੈ।
ਸਤੌਜ ਤੇ ਕੈਲੀਬਰ ਸਨੇਹਆਂ ਨੂੰ ਚੰਗੀ, ਸੋਹਣੀ ਸੁਥਰੀ ਕਿਤਾਬ ਛਾਪਣ ਦੀਆਂ ਵਧਾਈਆਂ।
ਗੁਰਭਜਨ ਗਿੱਲ
2.8.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.