ਅਨੁਸਾਸ਼ਨਹੀਨਤਾ ਅਤੇ ਆਪ-ਹੁਦੱਰੀ ਮਾਨਸਿਕਤਾ ਦਾ ਮਾਲਿਕ ਸ: ਨਵਜੋਤ ਸਿੰਘ ਸਿੱਧੂ ਜੋ ਕ੍ਰਿਕੱਟ ਖਿਡਾਰੀ ਤੋਂ ਕੁਮੈਂਟੇਟਰ, ਕੁਮੈਂਟੇਟਰ ਤੋਂ ਰਾਜਨੀਤੀਵਾਨ, ਚਾਰ ਵਾਰ ਭਾਰਤੀ ਜਨਤਾ ਪਾਰਟੀ ਵਿਚ ਮੈਂਬਰ ਪਾਰਲੀਮੈਂਟ, ਦਲਬਦਲੀ ਕਰਕੇ ਕਾਂਗਰਸ ਵਿਚ ਵਿਧਾਇਕ ਅਤੇ ਕੈਬਨਿਟ ਮੰਤਰੀ ਬਣਿਆ ਆਖ਼ਰ ਢਾਈ ਸਾਲ ਦਾ ਕੈਬਨਿਟ ਮੰਤਰੀ ਵਜੋਂ ਕੈਰੀਅਰ ਪੂਰਾ ਕਰਨ ਤੋਂ ਪਹਿਲਾਂ ਹੀ ਪੰਜਾਬ ਦੇ ਤਾਕਤਵਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਵਿਚੋਂ ਲਾਂਭੇ ਕਰ ਦਿਤਾ।
ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਤੋਂ ਅਸਤੀਫਾ ਦੇ ਚੁੱਕੇ ਨਹਿਰੂ-ਗਾਂਧੀ ਪਰਿਵਾਰ ਦੇ ਫਰਜੰਦ ਸ਼੍ਰੀ ਰਾਹੁਲ ਗਾਂਧੀ ਅਤੇ ਇਸੇ ਪਰਿਵਾਰ ਦੀ ਧੀ ਸ਼੍ਰੀਮਤੀ ਪ੍ਰਿਅੰਕਾ ਗਾਂਧੀ ਵਾਡਰਾ, ਜਨਰਲ ਸਕੱਤਰ ਦੇ ਅਤਿ ਨੇੜੇ ਹੋਣ ਦੇ ਬਾਵਜੂਦ ਪੰਜਾਬ ਕੈਬਨਿਟ ਵਿਚੋਂ ਬੇਆਬਰੂ ਕਰਕੇ ਬਾਹਰ ਵਗਾਹ ਮਾਰੇ ਸ: ਸਿੱਧੂ ਦੀ ਅਲਹਿਦੀ ਤੇ ਕਿਸੇ ਕਾਂਗਰਸ ਆਗੂ ਜਾਂ ਪੰਜਾਬ ਅੰਦਰ ਵਿਰੋਧੀ ਪਾਰਟੀਆਂ ਜਿਵੇਂ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ ਸਬੰਧੀ ਦੋ ਗੁੱਟਾਂ, ਪੰਜਾਬ ਪਾਰਟੀ, ਲੋਕ ਇਨਸਾਫ ਪਾਰਟੀ, ਖੱਬੇ ਪੱਖੀ ਪਾਰਟੀਆਂ ਆਦਿ ਦੇ ਕਿਸੇ ਆਗੂ ਨੇ ਇੱਕ ਅੱਥਰੂ ਵੀ ਨਾ ਵਹਾਇਆ।
ਸ: ਨਵਜੋਤ ਸਿੰਘ ਨਾਲ ਵਾਪਰੇ ਇਸ ਰਾਜਨੀਤਕ ਦੁਖਾਂਤ ਬਾਰੇ ਸਭ ਤੋਂ ਸਟੀਕ ਅਤੇ ਸੂਝ ਭਰੀ ਟਿੱਪਣੀ ਸ਼੍ਰੋਮਣੀ ਅਕਾਲੀ ਦਲ ਵਿਚੋਂ ਦਲ ਬਦਲ ਕੇ ਆਏ ਹਾਕੀ ਕਪਤਾਨ ਰਹੇ ਸ: ਪ੍ਰਗਟ ਸਿੰਘ ਕਾਂਗਰਸ ਵਿਧਾਇਕ ਜੋ ਉਸਦੇ ਮਿੱਤਰ ਵਜੋਂ ਵੀ ਜਾਣੇ ਜਾਂਦੇ ਹਨ, ਨੇ ਕੀਤੀ ਕਿ ਉਹ ਕਿਸੇ ਦੀ ਗੱਲ ਸੁਣਦਾ ਨਹੀਂ ਹੈ। ਰਾਜਨੀਤੀ ਵਿਚ ਐਸਾ ਵਰਤਾਰਾ ਪ੍ਰਵਾਨ ਕਰਨ ਯੋਗ ਨਹੀਂ ਹੁੰਦਾ। ਮੈਂ ਉਸ ਨੂੰ ਬਦਲੇ ਹੋਏ ਹਲਾਤਾਂ ਅਨੁਸਾਰ ਆਪਣੇ ਆਪ ਨੂੰ ਬਦਲਣ ਲਈ ਜ਼ੋਰ ਦਿੰਦੇ ਅਤਿ ਯਤਨ ਕੀਤੇ ਪਰ ਉਹ ਜ਼ਰਾ ਵੀ ਸੁਣਨ ਲਈ ਤਿਆਰ ਨਹੀਂ ਸੀ।
ਸੀਨੀਅਰ ਕਾਂਗਰਸ ਆਗੂ ਅਤੇ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਪੰਜਾਬ ਅੰਦਰ ਸਿੱਧੂ ਘਟਨਾਕ੍ਰਮ ਨਹੀਂ ਸੀ ਵਾਪਰਨਾ ਚਾਹੀਦਾ। ਇਸ ਨੇ ਪੰਜਾਬ ਸਰਕਾਰ, ਕਾਂਗਰਸ ਪਾਰਟੀ ਅਤੇ ਸ਼੍ਰੀ ਸਿੱਧੂ ਤੇ ਮਾੜਾ ਪ੍ਰਭਾਵ ਪਾਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਵਾਸ਼ਪਾਤਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਤਾਂ ਸ:ਸਿੱਧੂ ਨੂੰ ਰਾਜਨੀਤੀ ਦੇ ਅਯੋਗ ਦਸਿਆ ਕਿਉਂਕਿ ਉਹ ਮਨੋਵੇਗੀ, ਉੱਚ ਇਛਾਵਾਂ ਰਖਦਾ ਤੇਜ਼ੀ ਨਾਲ ਉੱਚੀਆਂ ਪੌੜੀਆਂ ਚੜ•ਨਾ ਚਾਹੁੰਦਾ ਹੈ। ਰਾਜਨੀਤੀ ਵਿਚ ਹਰ ਇੱਕ ਨੂੰ ਆਪਣੇ ਆਗੂ ਦਾ ਸਨਮਾਨ ਕਰਨਾ ਸਿੱਖਣਾ ਚਾਹੀਦਾ ਹੈ। ਉਸਦੇ ਬੇਸਬਰੇ ਵਤੀਰੇ ਕਰਕੇ ਪੰਜਾਬ ਨੇ ਇਕ ਚੰਗਾ ਆਗੂ ਗੁਆ ਦਿਤਾ ਹੈ।
ਸਿੱਧੂ ਦੇ ਬੜਬੋਲੇਪਣ, ਸਨਮਾਨਿਤ ਆਗੂਆਂ ਲਈ ਭੱਦੀ ਸ਼ਬਦਾਵਲੀ ਵਰਤਣ ਅਤੇ ਕਿਸੇ ਦੀ ਲੇਕ ਸਲਾਹ ਨਾ ਸੁਣਨ ਕਰਕੇ ਉਹ ਕਾਮਯਾਬੀਆਂ ਨੇੜੇ ਪਹੁੰਚਦਾ ਮੂੰਹ ਭਰਨੇ ਡਿੱਗਦਾ ਰਿਹਾ। ਸੰਨ 1996 ਵਿਚ ਕ੍ਰਿਕੱਟ ਟੀਮ ਦੇ ਕਪਤਾਨ ਮੁਹਮੰਦ ਅਜ਼ਹਰੁਦੀਨ ਦੇ ਅਪਮਾਨਜਨਕ ਵਰਤਾਰੇ ਤੋਂ ਨਰਾਜ਼ ਹੋ ਕੇ ਇੰਗਲੈਂਡ ਦਾ ਟੂਰ ਵਿਚੇ ਛੱਡ ਕੇ ਵਾਪਸ ਭਾਰਤ ਪਰਤ ਆਇਆ ਸੀ।
ਜਦੋਂ ਉਹ ਭਾਜਪਾ ਵਿਚ ਹੁੰਦਾ ਸੀ ਤਾਂ ਸ਼੍ਰੀ ਨਰੇਂਦਰ ਮੋਦੀ ਦੇ ਕਸੀਦੇ ਕੱਢਦਾ ਹੁੰਦਾ ਸੀ। ਵਿਸ਼ਵ ਦੇ ਪ੍ਰਸਿੱਧ ਅਰਥ ਸਾਸ਼ਤਰੀ ਅਤੇ ਯੂ.ਪੀ.ਏ. ਗਠਜੋੜ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ 'ਮੋਨੀ ਬਾਬਾ', 'ਨਾ ਸਰਦਾਰ-ਨਾ ਅਸਰਦਾਰ', ਰਾਹੁਲ ਗਾਂਧੀ ਨੂੰ ਪੱਪੂ' ਅਤੇ ਸੋਨੀਆ ਗਾਂਧੀ ਲਈ ਭੱਦੇ ਸ਼ਬਦ ਬੋਲਦਾ ਹੁੰਦਾ ਸੀ। ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਾਪ ਤੇ ਫਿਰ ਕਾਂਗਰਸ ਵਿਚ ਜਾਣ ਬਾਅਦ ਅਨਾਪ-ਸ਼ਨਾਪ ਬੋਲਦਾ ਰਿਹਾ। ਇਵੇਂ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਵਿਰੁੱਧ ਭੱਦੇ ਸ਼ਬਦ, ਰਾਜਨੀਤਕ ਗੁਰੂ ਅਰੁਣ ਜੇਤਲੀ ਨੂੰ 'ਵਿਅਰਥ ਸਾਸ਼ਤਰੀ' ਵਜੋਂ ਅਪਮਾਨਿਤ ਕਰਦਾ ਰਿਹਾ ਹੈ।
ਸੰਨ 2004 ਵਿਚ ਜਦੋਂ ਭਾਜਪਾ ਵਿਚ ਦਾਖਲੇ ਬਾਅਦੇ ਪਹਿਲੀ ਲੋਕ ਸਭਾ ਚੋਣ ਅੰਮ੍ਰਿਤਸਰ ਤੋਂ ਲੜੀ ਤਾਂ ਕਿਹਾ ਕਿ ਸ਼੍ਰੀ ਅਟਲ ਜੀ (ਪ੍ਰਧਾਨ ਮੰਤਰੀ ) ਨੇ ਮੈਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਦੇ ਹੁੱਕਮ ਦਿਤੇ ਹਨ। ਸਿਪਾਹੀ ਸਵਾਲ ਨਹੀਂ ਕਰਦੇ। ਪਰ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਕੈਬਨਿਟ ਮੰਤਰੀ ਹੁੰਦੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਕਹਿੰਦਾ 'ਕੌਣ ਕੈਪਟਨ? ਹਾਂ......ਉਹ ਫੌਜ ਦੇ ਕੈਪਟਨ ਸਨ। ਮੇਰੇ ਕੈਪਟਨ ਰਾਹੁਲ ਗਾਂਧੀ ਹਨ।'
ਸੰਨ 2007 ਵਿਚ ਪਟਿਆਲਾ ਦੁਰਘਟਨਾ ਅਤੇ ਇੱਕ ਵਿਅਕਤੀ ਦੀ ਮੌਤ ਸਬੰਧੀ ਜਦੋਂ ਉਸ ਨੂੰ ਸਜ਼ਾ ਸੁਣਾਈ ਤਾਂ ਉਸ ਨੇ ਲੋਕਸਭਾ ਤੋਂ ਅਸਤੀਫਾ ਦੇ ਦਿਤਾ। ਭਾਜਪਾ ਨੇ ਉਸ ਨੂੰ ਉੱਪਚੋਣ ਵੇਲੇ ਫਿਰ ਉਮੀਦਵਾਰ ਬਣਾਇਆ। ਸੰਨ 2009 ਵਿਚ ਫਿਰ ਤੀਸਰੀ ਵਾਰ ਲੋਕ ਸਭਾ ਉਮੀਦਵਾਰ ਬਣਾਇਆ ਪਰ ਉਹ ਮਸਾਂ 6900 ਵੋਟ 'ਤੇ ਜਿੱਤਿਆ। ਸੰਨ 2014 ਚੋਣਾਂ ਵਿਚ ਉਸਨੂੰ ਟਿਕੱਟ ਨਾ ਦੇਣ 'ਤੇ ਉਹ ਨਰਾਜ਼ ਹੋ ਗਿਆ। ਫਿਰ ਵੀ 2016 ਵਿਚ ਰਾਜ ਸਭਾ ਮੈਂਬਰ ਬਣਾਇਆ ਪਰ ਉਸਨੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਵਿਚ ਜਾਣ ਲਈ ਮਹੀਨੇ-ਡੇਢ ਮਹੀਨੇ ਬਾਅਦ ਅਸਤੀਫਾ ਦੇ ਦਿਤਾ। ਆਮ ਆਦਮੀ ਪਾਰਟੀ ਵਿਚ ਉਸਨੂੰ ਮੁੱਖ ਮੰਤਰੀ ਪਦ ਦੇਣ ਦੀ ਸਹਿਮਤੀ ਨਾ ਬਣਨ ਕਰਕੇ ਉਹ ਬੈਂਸ ਭਰਾਵਾਂ, ਪਰਗਟ ਸਿੰਘ ਆਦਿ ਨੂੰ ਛੱਡ ਕੇ ਜਾ ਕਾਂਗਰਸ ਵਿਚ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਰਾਹੀਂ ਜਾ ਰਲਿਆ। ਉਨ•ਾਂ ਦੇ ਅਸ਼ੀਰਵਾਦ ਨਾਲ ਪਹਿਲੀ ਵਾਰ ਵਿਧਾਇਕ ਬਣਨ ਦੇ ਬਾਵਜੂਦ ਇਸ ਨੂੰ ਕੈਬਨਿਟ ਮੰਤਰੀ ਬਣਾ ਦਿਤਾ ਹਾਲਾਂਕਿ ਇਹ ਉੱਪ ਮੁੱਖ ਮੰਤਰੀ ਦੇ ਸੁਪਨੇ ਸਜਾਈ ਬੈਠਾ ਸੀ।
ਇਸ ਵਿਅਕਤੀ ਦਾ ਰਾਜਨੀਤਕ ਬਚਗਾਨਾਪਣ ਵੇਖੋ! ਜਦੋਂ ਇਹ ਭਾਜਪਾ ਵਿਚ ਸੀ ਤਾਂ ਇਸ ਨਾਲ ਇੱਕ ਵੀ ਸਾਂਸਦ ਨਹੀਂ ਸੀ ਹੁੰਦਾ। ਇਸ ਨੇ ਪਰਿਵਾਰਵਾਦ ਦੀਆਂ ਲੀਹਾਂ 'ਤੇ ਚਲਦੇ ਪਤਨੀ ਡਾ. ਨਵਜੋਤ ਕੌਰ ਸਿੱਧ ਨੂੰ ਭਾਜਪਾ ਵਿਧਾਇਕ ਬਣਾਇਆ। ਸ: ਬਾਦਲ ਸਰਕਾਰ ਵਿਚ ਉਸਨੂੰ ਪਾਰਲੀਮਾਨੀ ਸਕੱਤਰ ਬਣਾਇਆ ਗਿਆ। ਉਹ ਸਰਕਾਰ ਬੈਠੀ ਮਲਾਈ ਵੀ ਖਾਂਦੀ ਰਹੀ ਅਤੇ ਸਖ਼ਤ ਆਲੋਚਨਾ ਵੀ ਕਰਦੀ ਰਹੀ।
ਕਾਂਗਰਸ ਪਾਰਟੀ ਵਿਚ ਇਸ ਨਾਲ ਨਾ ਇੱਕ ਸਾਂਸਦ, ਨਾ ਵਿਧਾਇਕ ਜਾਂ ਹੇਠਲੇ ਪੱਧਰ ਦਾ ਸਥਾਪਿਤ ਅਹੁਦੇਦਾਰ ਰਿਹਾ ਹੈ। ਰਾਜ ਅੰਦਰ ਮੁੱਖ ਮੰਤਰੀ ਨਾਲ ਜਾਂ ਪ੍ਰਦੇਸ਼ ਪ੍ਰਧਾਨ ਨਾਲ ਆਢਾ ਉਹੀ ਲਗਾ ਸਕਦਾ ਜਿਸ ਨਾਲ ਵੱਡੀ ਗਿਣਤੀ ਵਿਚ ਸਾਂਸਦ, ਵਿਧਾਨਕਾਰ, ਮੰਤਰੀ ਜਾਂ ਅਹੁਦੇਦਾਰ ਹੋਣ। ਮਿਸਾਲ ਵਜੋਂ ਅੱਜ ਜੇ ਰਾਜਿਸਥਾਨ ਵਿਚ ਸ਼੍ਰੀ ਅਸ਼ੋਕ ਗਹਿਲੋਟ ਦੀ ਥਾਂ ਸਚਿਨ ਪਾਈਲਟ, ਮੱਧ ਪ੍ਰਦੇਸ਼ 'ਚ ਕਮਲ ਨਾਥ ਦੀ ਥਾਂ ਜਿਓੁਤਿਰਾ ਦਿਤੀਆ ਸਿੰਧੀਆ ਮੁੱਖ ਮੰਤਰੀ ਹਰਿਆਣਾ ਅੰਦਰ ਅਸ਼ੋਕ ਤੰਵਰ ਦੀ ਥਾਂ ਭੁਪੇਂਦਰ ਹੁੱਡਾ, ਸਾਬਕਾ ਮੁੱਖ ਮੰਤਰੀ ਪ੍ਰਦੇਸ਼ ਪ੍ਰਧਾਨ ਬਣਨਾ ਚਾਹੁੰਦੇ ਹਨ ਤਾਂ ਉਨ•ਾਂ ਕੋਲ ਵੱਡੀ ਗਿਣਤੀ ਵਿਚ ਸਾਂਸਦਾਂ, ਵਿਧਾਇਕਾਂ ਅਤੇ ਪਾਰਟੀ ਅਹੁਦੇਦਾਰਾਂ ਦੀ ਹਮਾਇਤ ਹੈ। ਸ਼੍ਰੀ ਸਿੱਧੂ ਇਹ ਨਹੀਂ ਸਮਝ ਸਕੇ ਕਿ ਪੰਜਾਬ ਕਾਂਗਰਸ ਵਿਚ ਉਸ ਕੋਲ ਅਜਿਹੀ ਹਮਾਇਤ ਨਹੀਂ ਹੈ। ਉਹ ਤਾਂ ਆਪਣੀ ਪਤਨੀ ਲਈ ਚੰਡਗੀੜ• ਤੋਂ ਟਿਕਟ ਨਹੀਂ ਲੈ ਸਕੇ। ਨਾ ਉਨ•ਾਂ ਨੂੰ ਸ਼੍ਰੀ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਉਥੋਂ ਟਿਕੱਟ ਦੇ ਸਕੇ ਕਿਉਂਕਿ ਉੱਥੇ ਤਾਕਤਵਰ ਬਜ਼ੁਰਗ ਕਾਂਗਰਸ ਉਮੀਦਵਾਰ ਪਵਨ ਬਾਂਸਲ ਮੌਜੂਦ ਸਨ।
ਸ਼੍ਰੀ ਸਿੱਧੂ ਵਲੋਂ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਨਾਲ ਮੇਲ-ਜੋਲ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਾਜਨੀਤਕ ਆਢਾ ਲਾਉਣਾ ਵੱਡੀ ਰਾਜਨੀਤਕ ਮੂਰਖ਼ਤਾ ਸੀ। ਕੈਪਟਨ ਪੰਜਾਬ ਅੰਦਰ ਕਾਂਗਰਸ ਸਤਰਾਪ ਸਥਾਪਿਤ ਹੋ ਚੁੱਕਾ ਹੈ। ਦੂਸਰੀ ਵਾਰ ਮੁੱਖ ਮੰਤਰੀ ਬਣ ਚੁੱਕਾ ਹੈ। ਕੇਂਦਰ ਵਿਚ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਹੋਣ ਦੇ ਬਾਵਜੂਦ ਉਸ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨੇ 117 ਵਿਧਾਨ ਸਭਾ ਸੀਟਾਂ ਵਿਚੋਂ 77 ਸੀਟਾਂ 'ਤੇ ਜਿੱਤ ਹਾਸਿਲ ਕੀਤੀ।
ਕੇਰਲ ਦੇ ਸਾਬਕਾ ਕਾਂਗਰਸ ਮੁੱਖ ਮੰਤਰੀ ਓਮਨ ਚੈਂਡੀ ਕਾਂਗਰਸ ਹਾਈ ਕਮਾਨ ਵਲੋਂ ਉਸਦੀ ਸਲਾਹ ਬਗੈਰ ਸ਼੍ਰੀ ਸੁਧੀਰਨ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਥਾਪਣ ਕਰਕੇ ਸੰਨ 2014 ਵਿਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਵਾਹ ਨਹੀਂ ਸੀ ਕੀਤੀ ਜਦੋਂ ਰਾਜ ਦੇ ਇੱਕ ਰੋਜ਼ਾ ਚੋਣ ਮੁਹਿੰਮ ਦੇ ਦੌਰੇ 'ਤੇ ਗਈ ਸੀ। ਨਾ ਉਹ ਹਵਾਈ ਅੱਡੇ 'ਤੇ ਉਸਦੀ ਅਗਵਾਨੀ ਕਰਨ, ਨਾ ਹੀ ਅਲਵਿਦਾ ਕਹਿਣ ਗਿਆ। ਓਮਨ ਚੈਂਡੀ ਕੋਲ ਪ੍ਰਦੇਸ਼ ਕਾਂਗਰਸ ਅੰਦਰ ਵੱਡੇ ਬਹੁਮੱਤ ਦੀ ਹਮਾਇਤ ਹਾਸਿਲ ਸੀ। ਇਹੀ ਸਥਿੱਤੀ ਅੱਜ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਹੈ।
ਕੈਬਨਿਟ ਸੰਗਠਿਤ ਕਰਨਾ, ਉਸ ਵਿਚ ਫੇਰ-ਬਦਲ ਕਰਨਾ, ਵਿਭਾਗਾਂ ਦੀ ਵੰਡ ਦਾ ਸੰਵਿਧਾਨਿਕ ਅਧਿਕਾਰ ਪਾਰਲੀਮਾਨੀ ਲੋਕਤੰਤਰੀ ਵਿਵਸਥਾ ਵਿਚ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕੋਲ ਹੁੰਦਾ ਹੈ। ਸਿੱਧੂ ਸ਼ੂਰੁ ਤੋਂ ਮੁੱਖ ਮੰਤਰੀ ਦੀ ਕੁਰਸੀ 'ਤੇ ਆਪਣੀ ਲੋਕਤੰਤਰੀ ਤਾਕਤ ਦੀ ਥਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਸਬੰਧਾਂ ਬਲਬੂਤੇ ਅੱਖ ਰਖੀ ਕੈਪਟਨ ਅਮਰਿੰਦਰ ਨਾਲ ਆਢਾ ਲਗਾਈ ਬੈਠਾ ਸੀ। ਹਾਲਾਂ ਕਿ ਕਈ ਵਾਰ ਅਜਿਹਾ ਕਰਨ ਕਰਕੇ ਕੁੱਝ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਉਸਤੇ ਹਮਲਾਵਰ ਹੋਣ ਦੇ ਬਾਵਜੂਦ ਉਸ ਨੂੰ ਸਮਝ ਨਾ ਆਈ। ਉਸਦੀ ਪਤਨੀ ਡਾ. ਨਵਜੋਤ ਸਿੱਧੂ ਹਰ ਮੌਕੇ ਬਲਦੀ 'ਤੇ ਤੇਲ ਪਾਉਂਦੀ ਰਹੀ। ਪਰ ਕੈਪਟਨ ਅਮਰਿੰਦਰ ਸਿੰਘ, ਸ: ਪ੍ਰਕਾਸ਼ ਸਿੰਘ ਬਾਦਲ ਵਰਗਾ ਉਦਾਰਵਾਦੀ ਆਗੂ ਨਹੀਂ ਹੈ ਜੋ ਇੰਨਾਂ ਦੀ ਲਗਾਤਾਰ ਆਲੋਚਨਾ ਨੂੰ ਪਚਾਅ ਜਾਂਦਾ।
ਅਗਸਤ, 2018 ਵਿਚ ਸ਼੍ਰੀ ਸਿੱਧੂ ਵੱਲੋਂ ਪਾਕਿਸਤਾਨੀ ਫੌਜ ਮੁੱਖੀ ਕੁਮਰਜਾਵੇਦ ਬਾਜਵਾ ਨਾਲ ਬਗਲਗੀਰ ਹੋਣ ਅਤੇ ਸ਼੍ਰੀ ਕਰਤਾਰਪੁਰ ਲਾਂਘੇ ਦੀ ਗੱਲ ਹੋਣ, ਨਵੰਬਰ 28, 2018 ਨੂੰ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਲਾਂਘਾ ਸਮਾਰੋਹ ਵਿਚ ਮੁੱਖ ਮੰਤਰੀ ਦੀ ਇੱਛਾ ਉਲਟ ਜਾਣ, ਨਵੰਬਰ 30 ਨੂੰ ਕੈਪਟਨ ਸਾਹਿਬ ਦੀ ਰਾਹੁਲ ਗਾਧੀ ਨੂੰ ਆਪਣਾ ਕੈਪਟਨ ਮੰਨਣ ਆਦਿ ਨੇ ਕੈਪਟਨ ਸਾਹਿਬ ਨੂੰ ਉਸਦੇ ਰਾਜਨੀਤਕ ਖੰਭ ਕੁਤਰਨ ਲਈ ਮਜਬੂਰ ਕੀਤਾ। ਮਾਰਚ, 7, 2019 ਨੂੰ ਮੋਗਾ ਰੈਲੀ ਵੇਲੇ ਸ਼੍ਰੀ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਸਿੱਧੂ ਨੂੰ ਬੋਲਣ ਦਾ ਮੌਕਾ ਨਾ ਦਿਤਾ। ਪਰ ਸਮਝਿਆ ਫਿਰ ਨਾ। ਮਈ 17, 2019 ਨੂੰ ਉਸ ਨੇ ਬਠਿੰਡਾ ਚੋਣ ਰੈਲੀ ਵਿਚ ਕੈਪਟਨ 'ਤੇ ਸਿੱਧਾ ਹੱਲਾ ਬੋਲਿਆ ਕਿ ਉਹ ਬਾਦਲ ਪਰਿਵਾਰ ਨਾਲ ਮਿਲ ਕੇ ਚੋਣਾਂ ਲੜ ਰਹੇ ਹਨ।
ਪੰਜਾਬ ਅੰਦਰ ਕਾਂਗਰਸ 13 ਲੋਕ ਸਭਾ ਸੀਟਾਂ ਵਿਚੋਂ 8 ਜਿੱਤ ਗਈ ਜਦਕਿ ਸਾਰੇ ਦੇਸ਼ ਵਿਚ 51 ਸੀਟਾਂ ਜਿੱਤੀ ਸੀ। ਇਵੇਂ ਹੀ 2004 ਵਿਚ ਕੇਰਲ ਵਿਚ ਕਾਂਗਰਸ ਓਮਨ ਚੈਂਡੀ ਦੀ ਕਮਾਨ ਵਿਚ 12 ਸੀਟਾਂ ਜਿੱਤੀ ਸੀ ਜਦਕਿ ਸਾਰੇ ਦੇਸ਼ ਸਿਰਫ਼ 44 ਜਿੱਤੀ ਸੀ। ਕੈਪਟਨ ਸਾਹਿਬ ਨੇ ਮਈ 19 ਨੂੰ ਸੰਕੇਤ ਦਿਤਾ ਸੀ ਕਿ ਸਿੱਧੂ ਉਨ•ਾਂ ਦੀ ਥਾਂ ਲੈਣਾ ਚਾਹੁੰਦਾ ਹੈ। ਜੂਨ 6, 2019 ਨੂੰ ਹੋਰਨਾਂ ਮੰਤਰੀਆਂ ਨਾਲ ਉਸਦਾ ਵਿਭਾਗ ਬਦਲ ਦਿਤਾ। ਸਥਾਨਿਕ ਸਰਕਾਰਾਂ ਦੀ ਥਾਂ ਬਿਜਲੀ ਮੰਤਰਾਲਾ ਮੰਤਰਾਲਾ ਦਿਤਾ ਗਿਆ। ਉਹ ਅੱੜ ਬੈਠਾ ਜੋ ਸਰਾਸਰ ਗਲਤ ਅਤੇ ਗੈਰ-ਸੰਵਿਧਾਨਿਕ ਸੀ। ਦਸ ਜੂਨ ਨੂੰ ਰਾਹੁਲ ਗਾਂਧੀ ਸਾਬਕਾ ਕਾਂਗਰਸ ਪ੍ਰਧਾਨ ਨੂੰ ਅਸਤੀਫਾ ਸੌਂਪ ਕੇ ਉਸ ਵੱਲੋਂ ਕੈਪਟਨ 'ਤੇ ਦਬਾਅ ਨੂੰ ਉਡੀਕਦਾ ਰਿਹਾ। ਉਸ ਵਲੋਂ ਅਹਿਮਦ ਪਟੇਲ ਨੂੰ ਸਥਿੱਤੀ ਸੁਲਝਾਉਣ ਦੀ ਵੀ ਜਦੋਂ ਕੈਪਟਨ ਸਾਹਿਬ ਨੇ ਕੋਈ ਪ੍ਰਵਾਹ ਨਾ ਕੀਤੀ ਤਾਂ ਉਸਨੂੰ ਇੱਕ ਸਤੱਰ ਦਾ ਅਸਤੀਫਾ ਉਨ•ਾਂ ਨੂੰ ਸੌਂਪਣਾ ਪਿਆ। ਉਨ•ਾ ਇਸ 'ਤੇ ਕਾਰਵਾਈ ਕਰਦੇ ਕੈਬਨਿਟ ਵਿਚੋਂ ਲਾਂਭੇ ਕਰ ਦਿਤਾ ਸੋ ਸਿੱਧੂ ਦਾ ਹਾਲ ਇਹ ਹੋਇਆ :
ਜਿਨ ਮੇਂ ਹੋ ਜਾਤਾ ਹੈ ਅੰਦਾਜ਼ ਏ ਖੁਦਾਈ ਪੈਦਾ ਹਮਨੇ ਦੇਖਾ ਹੈ ਵੋ ਬੁੱਤ ਤੋੜ ਦੀਏ ਜਾਤੇ ਹੈ।
ਇਸ ਸਮੁੱਚੇ ਘਟਨਾਕ੍ਰਮ ਨੇ ਕੈਪਟਨ ਸਾਹਿਬ ਦੀ ਰਾਜਨੀਤਕ ਪੁਜ਼ੀਸ਼ਨ ਅਜੋਕੇ ਸਮੇਂ ਵਿਚ ਦੇਸ਼ ਦੇ ਸਭ ਤੋਂ ਤਾਕਤਵਰ ਅਤੇ ਮਜ਼ਬੂਤ ਮੁੱਖ ਮੰਤਰੀ ਵਜੋਂ ਸਥਾਪਿਤ ਕਰ ਦਿਤੀ ਹੈ। ਹਰਪ੍ਰੀਤ ਸਿੰਘ ਏ.ਡੀ.ਜੀ.ਪੀ. ਨੂੰ ਨਸ਼ੀਲੇ ਪਦਾਰਥਾਂ ਦੀ ਰਾਜ ਅੰਦਰ ਵਿੱਕਰੀ ਰੋਕਣ ਲਈ ਐਸ.ਟੀ.ਐਫ.ਦੇ ਮੁੜ ਮੁੱਖੀ ਥਾਪਣ ਬਾਅਦ ਉਨ•ਾਂ ਪੂਰੇ ਪ੍ਰਸਾਸ਼ਨ ਨੂੰ ਸਪਸ਼ਟ ਕਰ ਦਿਤਾ ਕਿ ਪੰਜਾਬ ਵਿਚ ਉਹੀ ਹੋਵੇਗਾ ਜੋ ਉਹ ਚਾਹੁਣਗੇ। ਜੋ ਅਫਸਰ ਕੋਈ ਇਤਰਾਜ ਰਖਦੇ ਹਨ, ਰਾਜ ਛੱਡ ਕੇ ਕੇਂਦਰ ਜਾਂ ਹੋਰ ਥਾਂ ਡੈਪੂਟੇਸ਼ਨ 'ਤੇ ਚਲੇ ਜਾਣ। ਉਨ•ਾਂ ਨੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਸ਼੍ਰੀ ਮੋਦੀ ਅਤੇ ਉਨ•ਾਂ ਦੀ ਕੇਂਦਰ ਸਰਕਾਰ ਨਾਲ ਵਧੀਆ ਸਬੰਧ ਬਣਾ ਰੱਖੇ ਹਨ।
ਕੈਪਟਨ ਸਾਹਿਬ ਦੀ ਮੌਜੂਦਾ ਮਜ਼ਬੂਤ ਰਾਜਨੀਤਕ ਸਥਿੱਤੀ 'ਤੇ ਸਟੀਕ ਟਿੱਪਣੀ ਕਰਦੇ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਕੈਪਟਨ ਸਾਹਿਬ ਇਸ ਵੇਲੇ ਪੰਜਾਬ ਦੇ ਸਰਵੇ-ਸਰਵਾ ਆਗੂ ਹਨ। ਪੂਰੇ ਦੇਸ਼ ਵਿਚ ਸ: ਪ੍ਰਕਾਸ਼ ਸਿੰਘ ਬਗੈਰ ਉਨ•ਾਂ ਬਰਾਬਰ ਕੋਈ ਨਹੀਂ ਹੈ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰਹ, ਪੰਜਾਬ।
kahlondarbarasingh@gmail.com
+1-343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.