ਜੇਕਰ ਚੰਦ ਦੀ ਰੌਸ਼ਨੀ ਵਿੱਚ ਚਾਨਣੀ ਰਾਤ ਖੂਬਸੂਰਤ ਹੁੰਦੀ ਹੈ ਤਾਂ ਹਨੇਰੀ ਰਾਤ ਵਿੱਚ ਤਾਰਿਆਂ ਨਾਲ ਭਰੇ ਅਸਮਾਨ ਦੀ ਰਾਤ ਦੀ ਖੂਬਸੂਰਤੀ ਵੀ ਬਿਆਨ ਤੋਂ ਬਾਹਰ ਹੁੰਦੀ ਹੈ। ਹਨੇਰੀ ਰਾਤ ਦੌਰਾਨ ਹਜ਼ਾਰਾਂ ਚਮਕਦੇ ਸਿਤਾਰੇ ਮਨੁੱਖ ਨੂੰ ਜਿਥੇ ਕਾਦਰ ਦੀ ਅਸੀਮਤਾ ਦਾ ਅਹਿਸਾਸ ਕਰਾਉਂਦੇ ਹਨ, ਉਥੇ ਤਰਿਆਂ ਦੀ ਮੱਠੀ-ਮੱਠੀ ਲੋਅ ਜ਼ਿੰਦਗੀ ਵਿੱਚ ਚਮਕ ਅਤੇ ਖੇੜਾ ਭਰ ਦਿੰਦੀ ਹੈ। ਤਾਰਿਆਂ ਦੀ ਲੋਅ ਹੇਠ ਸਾਉਣਾ ਅਤੇ ਤਾਰਿਆਂ ਨਾਲ ਗੱਲਾਂ ਕਰਨੀਆਂ ਸ਼ਾਇਦ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਅਜੋਕੇ ਰਹਿਣ-ਸਹਿਣ ਨੇ ਇਹ ਅਨੰਦਮਈ ਪਲ ਮਨੁੱਖ ਤੋਂ ਖੋਹ ਲਏ ਹਨ। ਹੁਣ ਬਹੁਤ ਘੱਟ ਲੋਕ ਆਪਣੇ ਘਰਾਂ ਦੇ ਖੁੱਲੇ ਵੇਹੜਿਆਂ ਵਿੱਚ ਜਾਂ ਕੋਠੇ ਉੱਪਰ ਮੰਜੀਆਂ ਡਾਹ ਕੇ ਤਾਰਿਆਂ ਦੀ ਛਾਂਵੇ ਸਾਉਂਦੇ ਹਨ, ਹੁਣ ਤਾਂ ਲੋਕ ਪੂਰੀ ਤਰਾਂ ਸੀਲ ਏ.ਸੀ. ਵਾਲੇ ਕਮਰਿਆਂ ਵਿੱਚ ਇਓਂ ਦੜ ਜਾਂਦੇ ਹਨ ਜਿਵੇਂ ਮੁਰਗੀਆਂ ਨੂੰ ਕਿਸੇ ਆਲ਼ੇ ਵਿੱਚ ਤਾੜਿਆ ਹੋਵੇ। ਏ.ਸੀ. ਕਮਰੇ ਵਿੱਚ ਸਾਉਣ ਵਾਲੇ ਲੋਕਾਂ ਨੂੰ ਕੀ ਪਤਾ ਕਿ ਸਰਵਣ ਦੀ ਵਹਿੰਗੀ ਕੀ ਹੁੰਦੀ ਹੈ, ਸਪਤ ਰਿਸ਼ੀ ਤਾਰੇ ਕੀ ਨੇ, ਗਿੱਟੀਆਂ ਕੀ ਨੇ, ਅਕਾਸ਼ ਗੰਗਾ ਕੀ ਹੈ, ਧਰੂ ਤਾਰਾ ਕਿਹੜਾ ਹੈ ਅਤੇ ਤਾਰਿਆਂ ਦੀ ਚਾਲ ਕੀ ਹੁੰਦੀ ਹੈ....?
ਪਿਛਲੇ ਇੱਕ ਦਹਾਕੇ ਤੋਂ ਮੈਂ ਵੀ ਤਾਰਿਆਂ ਤੋਂ ਦੂਰ ਹੋ ਗਿਆ ਹਾਂ। ਬੰਦ ਕਮਰੇ ਵਿੱਚ ਜੋ ਸੌਣ ਲੱਗ ਪਿਆ ਹਾਂ। ਸੱਚੀਂ ਸਿਤਾਰਿਆਂ, ਨੱਛਤਰਾਂ ਅਤੇ ਚੰਨ ਤੋਂ ਦੂਰ ਹੋਣਾ ਆਪਣੇ ਆਪ ਤੋਂ ਦੂਰ ਹੋਣ ਦੇ ਬਰਾਬਰ ਹੈ। ਮੈਨੂੰ ਉਹ ਪਲ ਅਜੇ ਵੀ ਯਾਦ ਹਨ ਜਦੋਂ ਪਿੰਡ ਰਹਿੰਦੇ ਸੀ। ਘਰ ਦੇ ਖੁੱਲੇ ਵਿਹੜੇ ਵਿੱਚ ਜਦੋਂ ਸਣ ਦੀ ਮੰਜੀ ਉੱਪਰ ਲੰਮੇ ਪੈਣਾ ਤਾਂ ਧਿਆਨ ਉਪਰ ਚੰਨ, ਤਾਰਿਆਂ ਵੱਲ ਚਲੇ ਜਾਣਾ। ਤਾਰਿਆਂ ਨੂੰ ਬੜੀ ਨੀਝ ਨਾਲ ਦੇਖਣਾ, ਰੋਜ਼ ਉਨ੍ਹਾਂ ਨੂੰ ਮਿਲਣਾ ਅਤੇ ਉਨ੍ਹਾਂ ਨਾਲ ਮਨ ਹੀ ਮਨ ਗੱਲਾਂ ਕਰਨੀਆਂ। ਸੱਚੀਂ ਉਹ ਆਪਣੇ ਹੀ ਤਾਂ ਲੱਗਦੇ ਸਨ। ਤਾਰਿਆਂ ਦੀ ਟਿਮ-ਟਿਮਾਉਂਦੀ ਰੌਸ਼ਨੀ ਇਉਂ ਮਹਿਸੂਸ ਹੋਣੀ ਜਿਵੇਂ ਅਰਸ਼ਾਂ ਤੋਂ ਉਹ ਅਸੀਸਾਂ ਦੇ ਰਹੇ ਹੋਣ। ਕੁਝ ਵੱਡੇ ਅਤੇ ਕੁਝ ਛੋਟੇ ਤਾਰੇ ਅਤੇ ਕੁਝ ਬਹੁਤ ਹੀ ਮੱਧਮ ਸਨ ਪਰ ਉਹ ਆਪਣੀ ਚਾਲੇ ਤੁਰਦੇ ਰਹਿੰਦੇ। ਤਾਰਿਆਂ ਵੱਲ ਦੇਖਦੇ-ਦੇਖਦੇ ਕਦੋਂ ਨੀਂਦ ਆ ਜਾਣੀ ਪਤਾ ਹੀ ਨਾ ਲੱਗਣਾ।
ਬਚਪਨ ਦੀ ਗੱਲ ਦੱਸ ਰਿਹਾ ਹਾਂ। ਜਦੋਂ ਰਾਤ ਨੂੰ ਲੰਮੇ ਪਿਆਂ ਤਾਰੇ ਦੇਖਣੇ ਤਾਂ ਅਸਮਾਨੀ ਵਿੱਚ ਕੁਝ ਤਾਰੇ ਤੇਜ ਗਤੀ ਨਾਲ ਚੱਲਦੇ ਦਿਖਾਈ ਦੇਣੇ। ਪਹਿਲਾਂ ਤਾਂ ਇਹੀ ਸਮਝਦੇ ਹੁੰਦੇ ਸੀ ਕਿ ਕੁਝ ਤਾਰੇ ਭੱਜਦੇ ਵੀ ਹਨ, ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਰਾਕਟ (ਸੈਟੇਲਾਈਟ) ਹਨ, ਜਿਨ੍ਹਾਂ ਨੂੰ ਮਨੁੱਖ ਨੇ ਬਣਾਇਆ ਹੈ। ਲੰਮੇ ਪਿਆਂ ਅਸਮਾਨ ਵਿੱਚ ਰਾਕਟਾਂ ਨੂੰ ਹੀ ਲੱਭੀ ਜਾਣਾ ਅਤੇ ਉਨੀ ਦੇਰ ਉਨ੍ਹਾਂ ਨੂੰ ਦੇਖੀ ਜਾਣਾ ਜਿਨ੍ਹਾਂ ਚਿਰ ਉਹ ਦਿਖਣੋ ਨਾ ਹਟ ਜਾਣੇ। ਅਣਭੋਲਪੁਣੇ ਵਿੱਚ ਇਹ ਵੀ ਦੇਖੀ ਜਾਣਾ ਕਿ ਕਿਤੇ ਕੋਈ ਰਾਕਟ ਕਿਸੇ ਤਾਰੇ ਨਾਲ ਤਾਂ ਨਹੀਂ ਟਕਰਾ ਜਾਵੇਗਾ। ਉਦੋਂ ਕੀ ਪਤਾ ਸੀ ਕਿ ਮਨੁੱਖ ਦੇ ਭੇਜੇ ਸੈਟੇਲਾਈਟ ਤਾਂ ਕਰੋੜਾਂ-ਅਰਬਾਂ ਮੀਲ ਤਾਰਿਆਂ ਤੋਂ ਥੱਲੇ ਹਨ।
ਹੁਣ ਤਾਂ ਸ਼ਹਿਰਾਂ ਵਿੱਚ ਤਾਰੇ ਵੀ ਨਹੀਂ ਚੜ੍ਹਦੇ। ਮਨੁੱਖ ਨੂੰ ਹਨੇਰਾ ਜੋ ਚੰਗਾ ਨਹੀਂ ਲੱਗਦਾ। ਸ਼ਹਿਰਾਂ ਵਿੱਚ ਰਾਤ ਸਮੇਂ ਜਗਦੀਆਂ ‘ਫਲੱਡ ਲਾਈਟਾਂ’ ਦੀ ਤਿੱਖੀ ਰੌਸ਼ਨੀ ਅਤੇ ਅਸਮਾਨੀ ਚੜ੍ਹੇ ਘੱਟੇ-ਮਿੱਟੀ ਅਤੇ ਪ੍ਰਦੂਸ਼ਣ ਨੇ ਤਾਰਿਆਂ ਤੇ ਸਾਡੇ ਦਰਮਿਆਨ ਇੱਕ ਪਰਦਾ ਪਾ ਦਿੱਤਾ ਹੈ। ਹੁਣ ਤੁਸੀਂ ਸਰਵਣ ਦੀ ਵਹਿੰਗੀ ਨੂੰ ਜਾਂ ਧਰੂ ਤਾਰੇ ਨੂੰ ਲੱਭਣ ਦੀ ਕੋਸ਼ਿਸ਼ ਵੀ ਕਰੋ ਤਾਂ ਛੇਤੀ ਕੀਤੇ ਲੱਭ ਨਹੀਂ ਸਕਦੇ। ਹਾਂ ਸ਼ਹਿਰੋਂ ਦੂਰ ਜਾਵੋ ਤਾਂ ਇਹ ਸਾਰੇ ਤਾਰੇ ਅਜੇ ਵੀ ਤੁਹਾਨੂੰ ਆਪਣਾ ਰਾਗ ਗਾਉਂਦੇ ਅਤੇ ਭਵਖੰਡਨ ਦੀ ਆਰਤੀ ਕਰਦੇ ਦਿਖ ਜਾਣਗੇ। ਪਹਿਲੇ ਸਮਿਆਂ ਦੇ ਲੋਕ ਦਿਨੇ ਸੂਰਜ ਦੀ ਗਤੀ ਤੋਂ ਅਤੇ ਰਾਤ ਸਮੇਂ ਤਾਰਿਆਂ ਦੀ ਗਤੀ ਤੋਂ ਸਮੇਂ ਦਾ ਪਤਾ ਲਗਾ ਲੈਂਦੇ ਸੀ। ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਅਜਿਹਾ ਸਿਆਣਾ ਵਿਅਕਤੀ ਹੋਵੇਗਾ ਜੋ ਸਪਤਰਿਸ਼ੀ ਦੀ ਚਾਲ ਜਾਂ ਕਿਸੇ ਹੋਰ ਤਾਰੇ ਦੀ ਚਾਲ ਨੂੰ ਦੇਖ ਕੇ ਸਮਾ ਦੱਸ ਸਕਦਾ ਹੋਵੇ।
ਖੈਰ ਗੱਲ ਤਾਰਿਆਂ ਦੀ ਚੱਲ ਰਹੀ ਹੈ। ਤਾਰਿਆਂ ਨਾਲ ਪਾਈ ਸਾਂਝ ਸੱਚੀਂ ਬਹੁਤ ਖੂਬਸੂਰਤ ਹੁੰਦੀ ਹੈ। ਮੈਂ ਤਾਂ ਅਜੇ ਵੀ ਕਈ ਵਾਰ ਹਨੇਰਾ ਹੋਣ ’ਤੇ ਘਰੋਂ ਬਾਹਰ ਚਲਾ ਜਾਨਾ ਹਾਂ ਅਤੇ ਅਸਮਾਨ ਨੂੰ ਨਿਹਾਰ ਲੈਨਾ ਹਾਂ। ਅਸਮਾਨ ਵਿੱਚ ਚੰਨ, ਸ਼ੁਕਰ, ਮੰਗਲ, ਸ਼ਨੀ ਆਦਿ ਗ੍ਰਹਿ ਅਤੇ ਹਜ਼ਾਰਾਂ ਤਾਰੇ ਅਜੇ ਵੀ ਮੈਨੂੰ ਉਨੇ ਹੀ ਪਿਆਰ ਨਾਲ ਮਿਲਦੇ ਹਨ ਜਿਨ੍ਹਾਂ ਕਦੇ ਪਹਿਲਾਂ ਮਿਲਦੇ ਹੁੰਦੇ ਸਨ। ਕੁਦਰਤ ਤੁਹਾਨੂੰ ਪਿਆਰ ਕਰਨਾ ਨਹੀਂ ਛੱਡਦੀ, ਬੱਸ ਮਨੁੱਖ ਹੀ ਕੁਦਰਤ ਤੋਂ ਦੂਰ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਅਜਿਹੇ ਹੁਸੀਨ ਪਲਾਂ ਦੀ ਘਾਟ ਨੂੰ ਮਹਿਸੂਸ ਕਰਦੇ ਹੋ ਤਾਂ ਅੱਜ ਰਾਤ ਹੀ ਸਾਰੇ ਫਿਕਰ ਛੱਡ ਕੇ ਅਸਮਾਨ ਨੂੰ ਪੂਰੀ ਰੂਹ ਨਾਲ ਨਿਹਾਰੋ। ਤੁਸੀਂ ਪਾਓਗੇ ਕਿ ਜਿਵੇਂ ਹਰ ਤਾਰਾ, ਨਛੱਤਰ ਅਤੇ ਚੰਨ ਤੁਹਾਨੂੰ ਹੀ ਉਡੀਕ ਰਿਹਾ ਸੀ ਅਤੇ ਤੁਹਾਡੀ ਰੂਹ ਨੂੰ ਖੇੜ੍ਹਾ ਆਪਣੇ ਆਪ ਹੀ ਆ ਜਾਵੇਗਾ। ਇੱਕ ਕੋਸ਼ਿਸ਼ ਕਰਕੇ ਦੇਖਿਓ.....।
-
ਇੰਦਰਜੀਤ ਸਿੰਘ ਬਾਜਵਾ, ਲੇਖਕ
********
98155-77574
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.