ਫ਼ਿਲਮ ਅਰਦਾਸ ਕਰਾਂ ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਤ ਫ਼ਿਲਮ ਹੈ ਜੋ 19 ਜੁਲਾਈ 2019 ਨੂੰ ਰਿਲੀਜ਼ ਹੋਈ। ਇਹ ਫ਼ਿਲਮ ਅਰਦਾਸ ਕਰਾਂ, ਸੰਨ 2016 ਵਿਚ ਰਿਲੀਜ਼ ਹੋਈ ਫ਼ਿਲਮ ਅਰਦਾਸ ਦਾ ਸੀਕੂਅਲ ਹੈ ਜੋ ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ ਵਿੱਚ ਹੀ ਬਣੀ ਸੀ। ਜਦੋਂਕਿ ਇਸ ਫ਼ਿਲਮ ਦੀ ਕਹਾਣੀ ਤੇ ਸੰਵਾਦਾਂ ਕਾਰਨ ਸਫ਼ਲਤਾ ਪੱਖੋਂ ਇਹ ਪਹਿਲੀ ਫ਼ਿਲਮ, ਅਰਦਾਸ ਨੂੰ ਵੀ ਮਾਤ ਪਾਉਣ ਵਿਚ ਕਾਮਯਾਬ ਰਹੀ ਹੈ। ਫ਼ਿਲਮ ਅਰਦਾਸ ਕਰਾਂ ਦੀ ਸੰਵਾਦ ਲੇਖਣੀ ਲਈ ਅਦਾਕਾਰ ਰਾਣਾ ਰਣਬੀਰ ਅਤੇ ਇਹਨਾਂ ਦੀ ਸੁਹਣੀ ਅਦਾਇਗੀ ਲਈ ਫ਼ਿਲਮ ਦਾ ਹਰ ਕਿਰਦਾਰ ਪ੍ਰਸ਼ੰਸਾ ਦਾ ਹੱਕਦਾਰ ਹੈ। ਰਾਣਾ ਰਣਬੀਰ ਦੇ ਲਿਖੇ ਹੋਏ ਸੰਵਾਦਾਂ ਨੇ ਫ਼ਿਲਮ ਦੀ ਕਹਾਣੀ ਵਿੱਚ ਜਾਨ ਪਾਈ ਹੈ ਉੱਥੇ ਸਾਰੀ ਫ਼ਿਲਮ ਦੇ ਮਰਕਜ਼ੀ ਕਿਰਦਾਰ ਗੁਰਪ੍ਰੀਤ ਘੁੱਗੀ ਤੇ ਰਾਣਾ ਜੰਗ ਬਹਾਦਰ ਨੇ ਫ਼ਿਲਮ ਦੀ ਸਕਰੀਨਪਲੇ ਨੂੰ ਸਫ਼ਲ ਕਰਨ ਦੀ ਪੂਰੀ ਵਾਹ ਲਾਈ ਹੈ। ਹਾਲਾਂਕਿ ਫ਼ਿਲਮ ਦੇ ਲੀਡ ਵਿਚ ਮਲਕੀਤ ਰੌਣੀ, ਸਰਦਾਰ ਸੋਹੀ, ਗਿੱਪੀ ਗਰੇਵਾਲ ਵੀ ਰਹੇ ਪਰ ਫ਼ਿਲਮ ਦਾ ਅਸਲੀ ਥੀਮ ਜੋ ਜ਼ਿੰਦਗੀ ਦੀ ਕੀਮਤ ਦਾ ਅਹਿਸਾਸ ਕਰਨ ਨਾਲ ਜੁੜਿਆ ਹੈ, ਨੂੰ ਫ਼ਿਲਮੀ ਜਾਮਾ ਪਹਿਨਾਉਣ ਦਾ ਕੰਮ ਰਾਣਾ ਜੰਗ ਬਹਾਦਰ ਤੇ ਗੁਰਪ੍ਰੀਤ ਘੁੱਗੀ ਦੇ ਕਿਰਦਾਰਾਂ ਹਿੱਸੇ ਆਇਆ ਜਿਸਨੂੰ ਉਹਨਾਂ ਨੇ ਆਪਣੀ ਅਦਾਕਾਰੀ ਦੇ ਤਜ਼ੁਰਬੇ ਨਾਲ ਹੋਰ ਨਿਖਾਰਿਆ ਹੈ।
ਫ਼ਿਲਮ ਦੇ ਤਕਨੀਕੀ ਪੱਖਾਂ ਤੋਂ ਇਹ ਫ਼ਿਲਮ ਕਾਫ਼ੀ ਵਧੀਆ ਹੈ ਜਿਸਦਾ ਗੀਤ ਸੰਗੀਤ ਤਾਂ ਰਿਲੀਜ਼ਿੰਗ ਤੋਂ ਪਹਿਲਾਂ ਹੀ ਕਾਫ਼ੀ ਸਲਾਹਿਆ ਜਾਣ ਲੱਗਾ ਸੀ। ਫ਼ਿਲਮ ਦੇ ਸਾਰੇ ਕਿਰਦਾਰਾਂ ਜਿਵੇਂ ਕਿ ਸਪਨਾ ਪੱਬੀ,ਸੀਰਤ ਰਾਣਾ,ਸ਼ਿੰਦਾ ਗਰੇਵਾਲ, ਕੁਲਜਿੰਦਰ ਸਿੱਧੂ , ਮੇਹਰ ਵਿਜ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਯੋਗਰਾਜ ਸਿੰਘ, ਸੀਮਾ ਕੌਸ਼ਲ ਅਾਦਿ ਨੇ ਆਪਣੇ ਹਿੱਸੇ ਦੇ ਕਿਰਦਾਰ ਸੁਹਣੇ ਢੰਗ ਨਾਲ ਨਿਭਾ ਕੇ ਫ਼ਿਲਮੀ ਕਹਾਣੀ ਨੂੰ ਦਿਲਚਸਪ ਬਣਾਇਆ ਹੈ। ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਫ਼ਿਲਮ ਦੇ ਦੋ ਅਦਾਕਾਰ ਸੀਰਤ ਰਾਣਾ (ਅਦਾਕਾਰ ਰਾਣਾ ਰਣਬੀਰ ਦੀ ਧੀ) ਅਤੇ ਸ਼ਿੰਦਾ ਗਰੇਵਾਲ (ਅਦਾਕਾਰ ਗਿੱਪੀ ਗਰੇਵਾਲ) ਦਾ ਪੁੱਤਰ ਦੀ ਇਹ ਪਹਿਲੀ ਫ਼ਿਲਮ ਸੀ।
ਇਹ ਵੀ ਵਿਚਾਰਨਯੋਗ ਹੈ ਕਿ ਗਿੱਪੀ ਗਰੇਵਾਲ ਆਪਣੀਆਂ ਲਗਭਗ ਸਾਰੀਆਂ ਫ਼ਿਲਮਾਂ ਵਿਚ ਹੀ ਮਲਟੀ ਸਟਾਰ ਕਾਸਟ ਦਾ ਸੰਕਲਪ ਪੂਰ ਰਹੇ ਹਨ ਜਿਸਦੇ ਨਤੀਜੇ ਲਗਭਗ ਸ਼ਾਨਦਾਰ ਵੀ ਹਨ।
ਫ਼ਿਲਮ ਅਰਦਾਸ ਕਰਾਂ ਨਵੀਆਂ ਤੇ ਪੁਰਾਣੀਆਂ ਪੀੜ੍ਹੀਆਂ ਦੇ ਆਪਸੀ ਫਰਕ (ਜੇਨਰੇਸ਼ਨ ਗੈਪ) ਦੀ ਕਹਾਣੀ ਹੈ ਜਿਸਨੂੰ ਜ਼ਿਆਦਾਤਰ ਵਿਦੇਸ਼ਾਂ ਵਿਚ ਵਸਦੀਆਂ ਪੰਜਾਬੀ ਪੀੜ੍ਹੀਆਂ ਦੀ ਨਜ਼ਰ ਤੋਂ ਵਾਚਿਆ ਗਿਆ ਹੈ। ਸ਼ਾਇਦ ਅਜਿਹਾ ਏਸ ਕਰਕੇ ਵੀ ਹੈ ਕਿ ਪੰਜਾਬ ਦੀ ਬਹੁਗਿਣਤੀ ਹੁਣ ਕਨੇਡਾ ਵਿਚ ਇੱਕ ਨਵੇਂ ਪੰਜਾਬ ਵਜੋਂ ਸਥਾਪਤ ਹੋਈ ਬੈਠੀ ਹੈ ਅਤੇ ਪਰਿਵਾਰਾਂ ਵਿਚਲੀਆਂ ਟੁੱਟਦੀਆਂ ਸਾਂਝਾ ਦੀ ਤ੍ਰਾਸਦੀ ਨੂੰ ਵਿਦੇਸ਼ੀ ਵਸਦੇ ਇਹ ਲੋਕ ਵਧੇਰੇ ਹੰਢਾ ਵੀ ਰਹੇ ਹਨ।
ਖੈਰ, ਫ਼ਿਲਮ ਦੀ ਕਹਾਣੀ ਬੜੀ ਰੌਚਿਕਤਾ ਨਾਲ ਦਰਸ਼ਕ ਨੂੰ ਬੰਨੀ ਰੱਖਦੀ ਹੈ ਤੇ ਬਿਨਾਂ ਸ਼ੱਕ ਇਮੋਸ਼ਨ ਕਿੰਗ ਮਲਕੀਤ ਰੌਣੀ ਅਤੇ ਸ਼ਿੰਦਾ ਗਰੇਵਾਲ (ਝੰਡਾ) ਦੇ ਦਾਦੇ ਪੋਤੇ ਵਾਲੇ ਫ਼ਿਲਮ ਵਿਚਲੇ ਭਾਵੁਕ ਦ੍ਰਿਸ਼ ਦਰਸ਼ਕਾਂ ਨੂੰ ਅੱਖਾਂ ਨਮ ਕਰਨ ਲਈ ਵੀ ਮਜਬੂਰ ਕਰਦੇ ਹਨ। ਫ਼ਿਲਮ ਨਿਰੀਖਣ ਦੇ ਸੰਬੰਧ ਵਿਚ ਮੇਰੀ ਨਜ਼ਰ ਵਿਚ ਜੋ ਖ਼ਾਸ ਗੱਲ ਸੀ ਕਿ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਵਾਸਤੇ ਅੱਜ ਦੇ ਨਿਰਾਸ਼ਤਾ ਭਰੇ ਦੌਰ ਵਿੱਚੋਂ ਕੱਢਣ ਦਾ ਸਫ਼ਲ ਉਪਰਾਲਾ ਹੈ ਕਿਉਂਕਿ ਜ਼ਿੰਦਗੀ ਵਿੱਚ ਜਿਉਣ ਲਾਇਕ ਕੁਝ ਨਹੀਂ ਹੁੰਦਾ ਬਲਿਕ ਇਸਨੂੰ ਜਿਉਣ ਲਾਇਕ ਬਣਾਉਣਾ ਪੈਂਦਾ ਹੈ। ਇਸੇ ਕਥਨ ਅਨੁਸਾਰ ਇਹ ਪੰਜਾਬੀ ਲੋਕਾਂ ਲਈ ਵਿਦੇਸ਼ਾਂ ਵਿਚ ਜਾ ਕੇ ਪੈਸੇ ਦੀ ਹੋੜ ਪਿੱਛੇ ਭੱਜਣ ਨਾਲੋਂ ਜ਼ਿੰਦਗੀ ਦੇ ਹਰ ਪਲ ਨੂੰ ਮਾਣਨ ਦਾ ਸੰਕੇਤ ਹੈ। ਹਾਂ, ਇੱਕ ਚੀਜ਼ ਜੋ ਮੈਨੂੰ ਜ਼ਰੂਰ ਖਟਕਦੀ ਹੈ ਉਹ ਇਹ ਕਿ ਚੰਗੀ ਜ਼ਿੰਦਗੀ ਜਿਉਣ ਲਈ ਸਿਰਫ਼ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ ਬਜਾਇ ਕਿ ਸਭ ਕੁਝ ਰੱਬ ਆਸਰੇ ਛੱਡੇ ਜਾਣ ਦੇ। ਕਹਿਣ ਦਾ ਭਾਵ ਬਹੁਤੇ ਸੰਵਾਦਾਂ ਵਿਚ ਗੁਰਬਾਣੀ ਦਾ ਆਸਰਾ ਲੈ ਕੇ ਚੰਗੀ ਜੀਵਨ ਜਾਂਚ ਲਈ ਪ੍ਰੇਰਿਤ ਕਰਨਾ ਏਨਾ ਜ਼ਰੂਰੀ ਵੀ ਨਹੀਂ। ਦੂਜੇ ਪਾਸੇ ਹਿੰਦੂ ਧਰਮ ਦਾ ਚਿੰਨ੍ਹ ਮੰਨੀਆਂ ਗਈਆਂ ਮਾਲਾਂਵਾਂ ਤੇ ਨਗ ਤਾਂ ਫ਼ਿਲਮ ਦੇ ਅੰਤ ਵਿੱਚ ਸਰਦਾਰ ਸੋਹੀ ਤੋਂ ਸੁੱਟਵਾ ਕੇ ਧਰਮ ਆਸਥਾ ਵਿਚੋਂ ਵਿਸ਼ਵਾਸ ਖਤਮ ਕਰਨ ਨਾਲ ਜੋੜਿਆ ਮੁੱਦਾ ਹੈ ਜਦੋਂਕਿ ਸਿੱਖ ਧਰਮ ਦੀਆਂ ਗੁਰਬਾਣੀ ਤੁਕਾਂ ਅਤੇ ਬਾਬਾ ਨਾਨਕ ਫ਼ਿਲਮ ਵਿਚ ਰਾਹ ਦਸੇਰੇ ਦੀ ਤਰ੍ਹਾਂ ਸ਼ਾਮਿਲ ਹਨ। ਬਾਕੀ ਮੇਰਾ ਫ਼ਲਸਫ਼ਾ ਵਿਦਵਾਨ ਓਸ਼ੋ ਨਾਲ ਸਹਿਮਤ ਹੈ ਕਿ ਅਰਦਾਸਾਂ ਕਿਸੇ ਲਈ ਕੀਤੀਆਂ ਨਹੀਂ ਜਾ ਸਕਦੀਆਂ। ਸੋ, ਦਿਲਚਸਪ ਗੱਲ ਤਾਂ ਇਹ ਵੀ ਹੈ ਕਿ ਫ਼ਿਲਮ ਵਿੱਚ ਜੋ ਗੱਲਾਂ ਗਿੱਪੀ ਦੇ ਦਿਲ ਵਿਚ ਦੱਬੀਆਂ ਹੁੰਦੀਆਂ ਉਹ ਕਿਸੇ ਭਗਵਾਨ ਤੋਂ ਨਹੀਂ ਸ਼ਰਾਬ ਵਾਲੀ ਬੋਤਲ ਤੋਂ ਹੱਲ ਹੁੰਦੀਆਂ ਦਿਖਾਈਆਂ ਗਈਆਂ ਹਨ। ਬਾਕੀ ਮੈਂ ਪਹਿਲਾਂ ਹੀ ਕਿਹਾ ਹੈ ਕਿ ਪੰਜਾਬੀ ਵਿਅਕਤੀ ਦੀ ਨਿਰਾਸ਼ਾਵਾਦੀ ਮਾਨਸਿਕਤਾ ਲਈ ਇਹ ਕੰਸੈਪਟ ਵਧੀਆ ਹੈ ਜਿਸਦਾ ਮਹੱਤਵ ਹਿੰਦੀ ਦੀਆਂ ਫ਼ਿਲਮਾਂ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਤੇ ਲਵ ਯੂ ਜ਼ਿੰਦਗੀ ਵਰਗੀਆਂ ਫ਼ਿਲਮਾਂ ਦੇਖਣ ਵਾਲੇ ਚੰਗੀ ਤਰ੍ਹਾਂ ਸਮਝ ਸਕਦੇ ਹਨ। ਉਮੀਦ ਹੈ ਭਵਿੱਖ ਵਿਚ ਅਸੀਂ ਅਸਲੀ ਤੇ ਫ਼ਿਲਮੀ ਜ਼ਿੰਦਗੀ ਵਿਚ ਤਰਕ ਲਾਜ਼ਮੀ ਸ਼ਾਮਿਲ ਕਰਾਂਗੇ।
-
ਖ਼ੁਸ਼ਮਿੰਦਰ ਕੌਰ, ਰਿਸਰਚ ਸਕਾਲਰ ਪੰਜਾਬੀ ਸਿਨਮਾ
khushminderludhiana@gmail.com
9878889217
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.