ਖ਼ਬਰ ਹੈ ਕਿ ਚਾਰਾ ਘੋਟਾਲਾ ਫਿਰ ਚਰਚਾ ਵਿੱਚ ਆ ਗਿਆ ਹੈ, ਇਸ ਵਾਰ ਮਾਮਲਾ ਮਾਲਿਸ਼ ਦਾ ਹੈ। ਉਹ ਵੀ ਮੱਝਾਂ ਦੇ ਸਿੰਗਾਂ ਦੀ ਮਾਲਿਸ਼। ਬਿਹਾਰ ਸਰਕਾਰ ਨੇ ਹਾਲ ਹੀ 'ਚ ਖੁਲਾਸਾ ਕੀਤਾ ਕਿ ਸਿਰਫ਼ ਮੱਝਾਂ ਦੇ ਸਿੰਗਾਂ ਦੀ ਮਾਲਿਸ਼ ਕਰਨ ਲਈ 16 ਲੱਖ ਰੁਪਏ ਖ਼ਰਚ ਕੀਤੇ ਗਏ। ਇਸ ਮਾਲਿਸ਼ ਲਈ ਪੰਜ ਸਾਲ 'ਚ (1990-91 ਤੋਂ 1995-96) ਕੁਲ ਮਿਲਾਕੇ 16 ਲੱਖ ਰੁਪਏ ਦਾ ਸਰੋਂ ਦਾ ਤੇਲ ਖਰੀਦਿਆਂ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਲਾਲੂ ਪ੍ਰਸ਼ਾਦ ਯਾਦਵ ਜੇਲ੍ਹ 'ਚ ਹਨ। ਬਿਆਨ 'ਚ ਖ਼ੁਲਾਸਾ ਕੀਤਾ ਗਿਆ ਕਿ ਤੇਲ ਦਾ ਨਕਲੀ ਬਿੱਲ ਤਿਆਰ ਕੀਤਾ ਗਿਆ ਅਤੇ ਜਨਤਾ ਦੇ ਧਨ ਨੂੰ ਲੁੱਟਣ ਲਈ ਬਜ਼ਟ ਵੰਡ 'ਚ ਜਿਆਦਾ ਨਿਕਾਸੀ ਕੀਤੀ ਗਈ।
ਚਾਰੋਂ ਪਾਸੇ ਹੀ ਮਾਰੋ-ਮਾਰ ਲੱਗੀ ਹੋਈ ਆ, ਇਵੇਂ ਜਾਪਦਾ ਹੈ ਜਿਵੇਂ ਭ੍ਰਿਸ਼ਟਾਚਾਰ ਦੀ ਜੰਗ ਲੱਗੀ ਹੋਈ ਆ। ਨੇਤਾ, ਜਨਤਾ ਦੇ ਆਹੂ ਲਾਹੀ ਜਾਂਦੇ ਆ। ਦਫ਼ਤਰੋਂ ਚਿੱਠੀ ਲੈਣੀ ਹੋਵੇ, ਕੱਢ ਪੈਸਾ। ਆਪਣੀ ਜ਼ਮੀਨ ਦੀ ਫ਼ਰਦ ਲੈਣੀ ਹੋਵੇ, ਕੱਢ ਪੈਸਾ। ਗਰੀਬ ਨੇ ਸਰਕਾਰੀ ਸਕੀਮਾਂ 'ਚ ਕੋਈ ਸਹਾਇਤਾ ਲੈਣੀ ਹੋਵੇ, ਕੱਢ ਪੈਸਾ। ਜੰਗਲ ਵੱਢਣ ਦਾ ਠੇਕਾ ਲੈਣਾ ਹੈ, ਸੜਕ ਉਸਾਰੀ ਦਾ ਠੇਕਾ ਲੈਣਾ ਹੈ, ਸਰਕਾਰੀ ਇਮਾਰਤ ਬਨਾਉਣ ਦਾ ਠੇਕਾ ਲੈਣਾ ਹੈ, ਸੜਕ ਉਸਾਰੀ ਦਾ ਠੇਕਾ ਲੈਣਾ ਹੈ, ਅਫ਼ਸਰ-ਨੇਤਾ ਆਂਹਦੇ ਆ, ਕੱਢ ਸਾਡੇ ਹਿੱਸੇ ਦਾ ਪੈਸਾ ਤੇ "ਵਿਚਾਰੇ ਲਾਲੂ" ਨੇ ਚਾਰਾ ਖਾ ਲਿਆ, "ਵਿਚਾਰੇ ਲਾਲੂ" ਨੇ ਮੱਝਾਂ ਦੇ ਸਿੰਗਾਂ ਦੀ ਮਾਲਿਸ਼ ਵਾਲਾ ਤੇਲ ਪੀ ਲਿਆ, ਤਾਂ ਉਹਨੂੰ ਜੇਲ੍ਹੀਂ ਧੱਕ ਦਿੱਤਾ। ਜਿਹੜੇ ਚੁਸਤ ਚਲਾਕ ਸੀ ਵਿਦੇਸ਼ ਭੱਜ ਗਏ, ਵਿਦੇਸ਼ੀ ਬੈਂਕਾਂ ਪੈਸਾ ਨਾਲ ਭਰ ਲਈਆਂ ਤੇ ਜਿਹੜੇ ਬਿਹਾਰ ਵਾਲੇ "ਲਾਲੂ" ਸਨ, ਜਿਹੜੇ ਹਰਿਆਣਾ ਵਾਲੇ "ਚੋਟਾਲੇ" ਸਨ, ਵਿਚਾਰੇ ਜੇਲ੍ਹਾਂ 'ਚ ਹਨ।
ਵੇਖੋ ਨਾ ਜੀ, ਅਸੀਂ ਆ ਦੇਸ਼ ਦੇ ਨੇਤਾ। ਸਾਡਾ ਆਪਣਾ ਦੇਸ਼ ਆ। ਅਸੀਂ ਇਸਦੇ ਮਾਲਕ ਆ। ਇਹ ਸਾਡੀ ਜਾਇਦਾਦ ਆ। ਅਸੀਂ ਇਹਨੂੰ ਲੁੱਟੀਏ। ਅਸੀਂ ਇਹਨੂੰ ਕੁੱਟੀਏ! ਕਿਸੇ ਨੂੰ ਕੀ? ਜਨਤਾ ਨੂੰ ਭੁੱਖੇ ਮਾਰੀਏ, ਤੇ ਆਪ ਪੈਨਸ਼ਨਾਂ ਦੇ ਗੱਫੇ ਲਾਈਏ, ਕਿਸੇ ਨੂੰ ਕੀ? ਉਂਜ ਭਾਈ ਦੇਸ਼ 'ਚ ਸਭੋ ਕੁਝ ਚਲਦਾ, ਰੇੜ੍ਹੀ ਵਾਲਾ ਗਾਹਕ ਨੂੰ ਲੁੱਟੀ ਜਾਂਦਾ, ਬਾਬੂ ਜਨਤਾ ਦੀ ਜੇਬ 'ਚੋਂ ਰੁਪੱਈਆ ਪੌਲੀ ਕੱਢੀ ਜਾਂਦਾ। ਨੇਤਾ, ਜਿਥੇ ਦਾਅ ਲੱਗਦਾ, ਆਪਣਾ ਖੀਸਾ ਭਰੀ ਜਾਂਦਾ। ਤਦੇ ਤਾਂ ਕਵੀ ਆਂਹਦਾ ਆ, "ਲੁੱਟਣ ਵਿੱਚ ਹੁਣ ਰਿਹਾ ਨਾ ਕੋਈ ਪਿੱਛੇ, ਲੁੱਟਣ ਵਿੱਚ ਨਾ ਕਿਸੇ ਨੂੰ ਸੰਗ ਹੋਵੇ"।
ਵੋਟਰ ਜਦੋਂ ਜ਼ਮੀਰ ਹਨ ਵੇਚ ਦੇਂਦੇ
ਉਦੋਂ ਚੱਜ ਦੀ ਨਹੀਂ ਸਰਕਾਰ ਮਿਲਦੀ।
ਖ਼ਬਰ ਹੈ ਕਿ ਕਰਨਾਟਕ ਦੇ ਸਿਆਸੀ ਨਾਟਕ 'ਚ ਉਸ ਸਮੇਂ ਇੱਕ ਨਵਾਂ ਮੋੜ ਆ ਗਿਆ, ਜਦ ਵਿਧਾਨ ਸਭਾ ਦੇ ਸਪੀਕਰ ਨੇ ਜੇ.ਡੀ.ਐਸ.- ਕਾਂਗਰਸ ਦੇ 14 ਵਿਧਾਇਕਾਂ ਨੂੰ ਆਯੋਗ ਕਰਾਰ ਦਿੱਤਾ। ਇਸ ਤੋਂ ਪਹਿਲਾਂ ਸਪੀਕਰ ਨੇ ਤਿੰਨ ਵਿਧਾਇਕਾਂ ਨੂੰ ਆਯੋਗ ਕਰਾਰ ਦਿੱਤਾ ਸੀ। ਸਪੀਕਰ ਨੇ ਕਿਹਾ ਕਿ ਦਲ ਬਦਲੂ ਕਨੂੰਨ ਤਹਿਤ ਆਯੋਗ ਕਰਾਰ ਦਿੱਤੇ ਗਏ ਮੈਂਬਰ ਨਾ ਤਾਂ ਚੋਣ ਲੜ ਸਕਦੇ ਹਨ, ਨਾ ਹੀ ਸਦਨ ਦਾ ਕਾਰਜਕਾਲ ਖ਼ਤਮ ਹੋਣ ਤੱਕ ਵਿਧਾਨ ਸਭਾ ਲਈ ਚੁਣੇ ਜਾ ਸਕਦੇ ਹਨ। ਹੁਣ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਆਪਣਾ ਬਹੁਮਤ ਸਾਬਤ ਕਰਨਾ ਹੈ। ਇਸ ਫੈਸਲੇ ਤੋਂ ਬਾਅਦ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ 207 ਰਹਿ ਗਈ ਹੈ। ਭਾਜਪਾ ਕੋਲ ਇਸ ਵੇਲੇ 105 ਮੈਂਬਰ ਹਨ।
ਖਰੀਦੋ-ਫ਼ਰੋਖਤ ਦਾ ਯੁੱਗ ਆ ਭਾਈ! ਬੰਦੇ ਲੋਕਾਂ ਨੇ ਚੁਣੇ ਆਪਣੇ ਲਈ, ਪੈਸੇ ਲੈ ਕੇ "ਦੂਜਿਆਂ ਦੇ ਦਰੀਂ" ਜਾ ਬੈਠੇ। ਇਹ ਤਾਂ ਭਾਈ ਆਮ ਰਿਵਾਜ਼ ਬਣਦਾ ਜਾ ਰਿਹਾ ਹੈ। ਜਿਧਰ ਫ਼ਾਇਦਾ ਵੇਖੋ, ਉਧਰ ਜਾਉ, ਬੁਲੇ ਉਡਾਉ! ਕਿਉਂਕਿ ਵੋਟਰ ਤਾਂ ਸਾਊ ਆ, ਜਿਹੜਾ ਹੋਰਨਾਂ ਨੂੰ ਤਖ਼ਤ ਤੇ ਬਿਠਾਉਂਦਾ ਆ। ਜਿਹੜਾ ਵੇਸ ਤੇ ਭੇਸ ਤੇ ਰੀਝ ਜਾਂਦਾ ਆ ਅਤੇ ਨੱਚਦੇ ਮੋਰਾਂ ਨੂੰ ਤਖ਼ਤ ਤੇ ਬਿਠਾ ਦਿੰਦਾ ਆ, ਜਾਂ ਢੋਰਾਂ ਨੂੰ ਤਖ਼ਤ ਤੇ ਬਿਠਾ ਦਿੰਦਾ ਆ, ਜਾਂ ਫਿਰ ਕਫ਼ਨ ਚੋਰਾਂ ਨੂੰ ਤਖ਼ਤ ਤੇ ਬਿਠਾ ਦਿੰਦਾ ਆ। ਉਂਜ ਭਾਈ ਜਦੋਂ ਵੋਟਰ ਪੈਸਾ ਲੈਂਦਾ ਆ, ਵੋਟਰ ਜਦੋਂ ਸ਼ਰਾਬ ਤੇ ਵਿਕ ਜਾਂਦਾ ਆ, ਜਦੋਂ ਜ਼ਮੀਰ ਵੇਚ ਦੇਂਦਾ ਆ, ਤਾਂ ਕਵੀ ਦੇ ਕਹਿਣ ਵਾਂਗਰ, "ਵੋਟਰ ਜਦੋਂ ਜ਼ਮੀਰ ਹਨ ਵੇਚ ਦੇਂਦੇ, ਉਦੋਂ ਚੱਜ ਦੀ ਨਹੀਂ ਸਰਕਾਰ ਮਿਲਦੀ"।
ਸਾਡੇ ਪਿੰਡ ਨਹੀਂ ਕੋਈ ਦਰਿਆ ਵੱਗਦਾ,
ਨੇਕੀ ਕਰ ਕਿਹੜੇ ਦਰਿਆ ਸੁਟੀਏ ਜੀ?
ਖ਼ਬਰ ਹੈ ਕਿ ਪਿਛਲੇ ਲਗਭਗ ਇਕ ਮਹੀਨੇ ਤੋਂ ਪੰਜਾਬ ਅੰਦਰ ਕਿਸਾਨ-ਖੁਦਕੁਸ਼ੀਆਂ 'ਚ ਉਛਾਲ ਆਇਆ ਹੈ, ਉਥੇ ਰਾਜ ਅੰਦਰ ਨਸ਼ੇ ਦੀ ਤੋੜ ਜਾਂ ਵਧ ਮਾਤਰਾ ਲੈਣ ਕਾਰਨ ਨੌਜਵਾਨਾਂ ਦੀਆਂ ਮੌਤਾਂ ਨਿੱਤ ਦਾ ਸਿਲਸਿਲਾ ਬਣ ਗਿਆ ਹੈ। ਹਾਸਲ ਰਿਪੋਰਟ ਮੁਤਾਬਿਕ ਪਿਛਲੇ 30 ਦਿਨਾਂ ਵਿੱਚ 29 ਕਿਸਾਨ ਮਜ਼ਬੂਰਨ ਮੌਤ ਨੂੰ ਗਲੇ ਲਗਾ ਗਏ, ਜਦਕਿ 24 ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਗਏ ਹਨ। ਏਡੀ ਵੱਡੀ ਗਿਣਤੀ ਵਿੱਚ ਕਿਸਾਨਾਂ ਤੇ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਵਿਰੁੱਧ ਵਿਆਪਕ ਰੋਸ ਤੇ ਰੋਹ ਕਿਧਰੇ ਉਠ ਰਿਹਾ ਦਿਖਾਈ ਨਹੀਂ ਦਿੰਦਾ। ਲੱਗਦਾ ਹੈ ਕਿ ਮੌਤਾਂ ਦੇ ਵੈਣ ਪੜ੍ਹ-ਸੁਣਕੇ ਲੋਕਾਂ ਦੀਆਂ ਅੱਖਾਂ ਅਤੇ ਕੰਨ ਪੱਕ ਗਏ ਹਨ, ਦਿਲ ਹਾਉਕੇ ਲੈ-ਲੈ ਪੱਥਰ ਬਣ ਗਏ ਹਨ। ਸਰਕਾਰਾਂ ਪੂਰੀ ਤਰ੍ਹਾਂ ਬੇਵਾਸਤਾ ਹੋ ਕੇ ਡੰਗ ਟਪਾਈ ਕਰਨ ਵਾਲਾ ਵਤੀਰਾ ਅਪਨਾਈ ਬੈਠੀਆਂ ਹਨ ਤੇ ਸਿਆਸੀ ਪਾਰਟੀਆਂ ਤੇ ਜਨਤਕ ਸੰਗਠਨ ਮਹਿਜ਼ ਸਿਆਸੀ ਬਿਆਨਬਾਜੀ ਦਾ ਜ਼ਰੀਆ ਬਣ ਕੇ ਰਹਿ ਗਏ ਹਨ। ਕਿਸਾਨ ਖੁਦਕੁਸ਼ੀਆਂ ਦੇ ਇਹ ਮਾਮਲੇ ਹਾਲ ਦੀ ਘੜੀ ਮਾਲਵੇ ਤੇ ਮਾਝੇ 'ਚ ਜਿਆਦਾ ਹਨ, ਜਦਕਿ ਦੁਆਬਾ ਵੀ ਇਸਦੀ ਮਾਰ ਹੇਠ ਆਉਣ ਲੱਗਾ ਹੈ।
ਵੱਗਦਾ ਹੈ ਦਰਿਆ ਨਸ਼ੇ ਦਾ ਪੰਜਾਬ 'ਚ। ਸੁੰਨਾ ਹੋਇਆ ਪਿਆ ਹੈ ਪੰਜਾਬ! ਇਵੇਂ ਲੱਗਦਾ ਜਿਵੇਂ ਸੰਵੇਦਨਹੀਣ ਹੋ ਗਿਆ ਹੈ ਪੰਜਾਬ! ਨਿੱਤ ਸਿਵੇ ਬਲਦੇ ਹਨ। ਨਿੱਤ ਘਰਾਂ 'ਚ ਵੈਣ ਪੈਂਦੇ ਹਨ। ਗੌਂ ਗਰਜ ਨਾਲ ਬੱਝੇ ਲੋਕ ਸੁੱਕੇ ਪੱਤਿਆਂ ਵਾਂਗਰ ਰਿਸ਼ਤੇ ਯਰਾਨੇ ਤੋੜੀ ਬੈਠੇ ਹਨ। ਭਾਈ ਕੋਈ ਕਿਸੇ ਦੀ ਬਾਤ ਹੀ ਨਹੀਂ ਪੁੱਛਦਾ। ਨਾ ਸਰਕਾਰਾਂ, ਨਾ ਨੇਤਾ, ਨਾ ਸਮਾਜ ਸਧਾਰੂ ਤੇ ਨਾ ਹੀ ਕੋਈ "ਰੱਬੀ ਰੂਪ"! ਪਤਾ ਨਹੀਂ ਕੀ ਹੋ ਗਿਆ ਹੈ ਪੰਜਾਬ ਨੂੰ? ਰਾਜਨੀਤੀਏ, ਨੌਕਰਸ਼ਾਹ ਘਿਉ ਖਿਚੜੀ ਹੋਏ, ਲਾਹ-ਲਾਹ ਮਲਾਈ ਖਾਈ ਜਾਂਦੇ ਆ ਅਤੇ ਲੋਕ ਨਰਕ-ਸੁਰਗ ਦੀ ਮੁਕਤੀ ਦੇ ਖਿੱਚੇ ਨਕਸ਼ੇ 'ਚ ਫਸੇ ਧਰਮ-ਗੁਰੂਆਂ, ਸਾਧਾ ਦੇ ਜਾਲ 'ਚ ਫਸੇ ਦਿਨ-ਕਟੀ ਦੇ ਰਾਹ ਤੁਰੇ ਜਾ ਰਹੇ ਆ। ਤਦੇ ਭਾਈ ਉਹ ਲਟੈਣਾਂ ਨੂੰ ਜੱਫੇ ਪਾਉਂਦੇ ਆ, ਕਿਕੱਰਾਂ ਨੂੰ ਪੱਗ ਬੰਨ, ਲਟਕਦੇ ਨਜ਼ਰ ਆਉਂਦੇ ਆ!ਮੇਲ ਮਹੱਬਤ, ਪਿਆਰ ਸਭ ਸੌਦਾ ਬਣ ਚੁੱਕਿਆ ਆ ਤੇ ਦੇਸ਼ ਨੂੰ ਬਚਾਉਣ ਦੀਆਂ ਟਾਹਰਾਂ ਮਾਰਨ ਵਾਲੇ ਘੋੜੇ ਵੇਚ ਸੌ ਚੁੱਕੇ ਆ । ਨੇਕੀ? ਕਿਹੜੀ ਬਲਾਅ ਦਾ ਨਾਅ ਆ! ਬਹੁਤ ਚਿਰ ਬੀਤਿਆ 'ਨੇਕੀ ਗੁੰਮ ਹੋ ਗਈ ਹੈ। ਜਿਹਦੀ ਕੋਈ ਹੁਣ ਤਲਾਸ਼ ਹੀ ਨਹੀਂ ਕਰਦਾ। ਕਿਉਕਿ ਨੇਕੀ ਵਾਲੇ ਮੱਖਣ, ਘਿਉ, ਤਾਂ ਅਸੀਂ ਕਦੋਂ ਦੇ ਦਫ਼ਨ ਕਰ ਦਿੱਤੇ ਹੋਏ ਆ, ਹੁਣ ਤਾਂ ਜੇਕਰ ਕੋਈ ਕਲਮ ਹੂਕ ਵੀ ਭਰਦੀ ਆ ਤਾਂ ਬੱਸ ਇਹੋ ਜਿਹੀ "ਸਾਡੇ ਪਿੰਡ ਨਹੀਂ ਕੋਈ ਦਰਿਆ ਵਗਦਾ, ਨੇਕੀ ਕਰ ਕਿਹੜੇ ਦਰਿਆ ਸੁੱਟੀਏ ਜੀ"।
ਨਹੀਂ ਰੀਸ਼ਾਂ ਦੇਸ਼ ਮਹਾਨ ਦੀਆਂ
ਭਾਰਤ ਇੱਕ ਗਰੇਜੂਏਟ ਦੀ ਪੜ੍ਹਾਈ ਉਤੇ 18,909 ਡਾਲਰ ਖਰਚਦਾ ਹੈ ਜਦਕਿ ਹਾਂਗਕਾਂਗ 1,32,161 ਡਾਲਰ, ਅਮਰੀਕਾ 58,464 ਡਾਲਰ, ਚੀਨ 42,892 ਡਾਲਰ ਖਰਚਦਾ ਹੈ।
ਇੱਕ ਵਿਚਾਰ
ਸਿੱਖਿਆ ਸਭ ਤੋਂ ਵੱਡਾ ਹਥਿਆਰ ਹੈ, ਜਿਸਦੀ ਵਰਤੋਂ ਦੁਨੀਆ ਨੂੰ ਬਦਲਣ ਲਈ ਕੀਤੀ ਜਾ ਸਕਦੀ ਹੈ।
............ਨੈਲਸਨ ਮੰਡੇਲਾ
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.