12 ਮਈ, 2019, 11 ਵਜੇ ਸਵੇਰੇ। ਜੰਮੂ ਜਾ ਰਿਹਾਂ ਪਹਿਲੀ ਵਾਰੀ, ਪਠਾਨਕੋਟੋਂ ਰੇਲੇ ਚੜ੍ਹਿਆ ਹਾਂ। ਇੱਕ ਵਾਰੀ ਲੰਘਿਆ ਸਾਂ ਪਹਿਲਾਂ ਪਠਾਨਕੋਟ ਵਿਚਦੀ...ਪਾਲਮਪੁਰੋਂ ਮੁੜਦਿਆਂ ਪਰ ਰਾਤ ਪਹਿਲੀ ਵਾਰੀ ਕੱਟੀ ਹੈ ਏਥੇ। ਪਠਾਨਕੋਟ ਭੋਲਾ-ਭਾਲਾ ਜਿਹਾ ਸ਼ਹਿਰ ਲੱਗਿਐ, ਸਾਦ-ਮੁਰਾਦਾ ਜਿਹਾ...ਏਹਦੀ ਹਰੇਵਾਈ ਨੇ ਮਨ ਮੋਹ ਲਿਐ...ਪ੍ਰਸੰਨ ਹਾਂ ਮੈਂ ਡਾਇਰੀ ਲਿਖਦਿਆਂ। ਕੂਕਾਂ ਮਾਰਦੀ ਰੇਲ ਦੌੜੀ ਜਾ ਰਹੀ ਹੈ ਸਿਰਪੱਟ...ਸੁਸਤੀ ਮਾਰੀ ਨਹੀਂ ਹੈ ਰੇਲ, ਸਗੋਂ ਚੁਸਤੀ ਨਾਲ ਆਪਣੀ ਵਾਟ ਮੁਕਾ ਰਹੀ ਹੈ। ਪਠਾਨਕੋਟ ਨਾਲ ਪੈਂਦੇ ਛੋਟੇ-ਛੋਟੇ ਪਿੰਡ ਦੇਖ ਰਿਹਾਂ...ਸਟੇਸ਼ਨ ਉਤੇ ਪੁੱਜਾ ਸਾਂ, ਤਾਂ ਦੋ ਕਾਰਨਾ ਕਰਕੇ ਮਨ ਖੱਟਾ ਪੈ ਗਿਆ ਸੀ। ਇੱਕ ਕਾਰਨ ਦੱਸਾਂਗਾ...ਦੂਜਾ ਨਹੀਂ।
ਬੈਠਾ ਸਾਂ ਸੀਮਿੰਟ ਦੇ ਥੜ੍ਹੇ 'ਤੇ। ਇੱਕ ਕਮਲੀ ਕੁੜੀ ਲਿੱਬੜੀ-ਤਿੱਬੜੀ...ਕੂੜੇਦਾਨ ਫੋਲਦੀ ਫਿਰਦੀ ਸੀ। ਸੋਚਦਾ ਹਾਂ ਕਿ ਇਹ ਸਫਾਈ ਸੇਵਿਕਾ ਹੋਵੇਗੀ...ਪਰ ਨਹੀਂ...ਰੇਲਵੇ ਸਟੇਸ਼ਨਾਂ ਦੇ ਸਫਾਈ ਸੇਵਕ ਤਾਂ ਅੱਜਕਲ ਸੱਜ-ਧੱਜ ਕੇ ਰਹਿੰਦੇ ਨੇ। ਵਧੀਆ ਵਰਦੀਆਂ ਤੇ ਬੂਟ ਪਾਉਂਦੇ ਨੇ ਤੇ ਉਹਨਾਂ ਦੇ ਨਾਂ ਦੀ ਪਲੇਟ ਵੀ ਜੇਬੀ ਉਤੇ ਚਮਕ ਰਹੀ ਹੁੰਦੀ ਹੈ। ਅਕਸਰ ਹੀ ਖੁਸ਼ ਹੁੰਦਾ ਹਾਂ ਦੇਖ ਕੇ ਕਿ ਸਾਡੇ ਮੁਲਕ ਵਿਚ ਹੁਣ ਕੁਝ 'ਅੱਛਾ ਅੱਛਾ' ਹੋਣ ਲੱਗਿਐ। ਪਰ ਇਹ ਬੇਚਾਰੀ ਤਾਂ ਕੂੜੇਦਾਨਾਂ ਵਿਚੋਂ ਲੋਕਾਂ ਦਾ ਬਚਿਆ-ਖੁਚਿਆ ਜੂਠਾ-ਮੀਠਾ ਭੋਜਨ ਲੱਭ ਰਹੀ ਹੈ ਢਿੱਡ ਭਰਨ ਵਾਸਤੇ। ਕੀ ਹੋ ਰਿਹੈ ਏਥੇ 'ਅੱਛਾ ਅੱਛਾ'...? ਕਿੰਨੇ ਲੋਕਾਂ ਨੂੰ ਜੂਠ ਖਾ ਕੇ ਢਿੱਡ ਨੂੰ ਝੁਲਕਾ ਦੇਣਾ ਪੈਂਦਾ ਹੈ ਮੇਰੇ ਮੁਲਕ ਵਿਚ...? ਵਾਹ ਮੇਰੇ ਡਿਜ਼ੀਟਲ ਇੰਡੀਆ...ਤੇਰੀਆਂ ਰੀਸਾਂ ਕੌਣ ਕਰੇ...ਤੇਰੀਆਂ ਤੂੰ ਹੀ ਜਾਣੇ! ਮੇਰੇ ਮੂੰਹੋਂ ਇਹ ਬੋਲ ਸਿਰਫ਼ ਮੇਰੇ ਸੁਣਨ ਜੋਕਰੀ ਆਵਾਜ਼ ਵਿਚ ਹੀ ਨਿੱਕਲੇ।
ਉਸਨੂੰ ਦੋ ਕੂੜੇਦਾਨ ਖਾਲੀ ਮਿਲੇ,ਤੀਜੇ 'ਚੋਂ ਇੱਕ ਫਟਿਆ ਜਿਹਾ ਲਿਫਾਫਾ ਚੁੱਕ ਉਹ ਮੁਸਕ੍ਰਾ ਪਈ ਤੇ ਤੇਜ਼-ਤੇਜ਼ ਤੁਰਦੀ ਟੂਟੀਆਂ ਵੱਲ ਚਲੇ ਗਈ। ਮੈਂ ਦੇਰ ਤੀਕ ਉਹਨੂੰ ਤੁਰੀ ਜਾਂਦੀ ਨੂੰ ਵੇਂਹਦਾ ਰਿਹਾ। ਕੀ ਬਣੂੰ ਇਹਦਾ ਵਿਚਾਰੀ ਦਾ? ਇਵੇਂ ਹੀ ਕਿਸੇ ਦਿਨ, ਰਾਤ-ਬਰਾਤੇ ਭੁੱਖੀ ਪਿਆਸੀ ਜਾਂ ਬੀਮਾਰ ਹੋਈ ਕਿਸੇ ਅੰਨੀ੍ਹ ਰੇਲ ਹੇਠਾ ਆ ਕੇ ਮਰ-ਖਪ ਜਾਵੇਗੀ...ਕਰਮਾਂ ਮਾਰੀ। ਇਹਦੇ ਮਾਂ-ਪਿਓ ਜਾਂ ਘਰ ਦੇ ਹੋਰ ਜੀਅ ਕਿੱਥੇ ਹੋਣਗੇ? ਹੋ ਸਕਦੈ ਨਾ ਹੋਣ...ਜੇ ਹੁੰਦੇ ਤਾਂ ਸਾਂਭ ਲੈਂਦੇ। ਕਿੱਥੇ-ਕਿੱਥੇ ਕਿੰਨੀ ਦੁਨੀਆਂ, ਮੇਰੇ ਇਸ ਡਿਜ਼ੀਟਲ ਮੁਲਕ ਦੇ ਹਿੱਸਿਆਂ ਵਿਚ ਇੰਝ ਹੀ ਤੁਰੀ ਫਿਰਦੀ ਹੈ। ਮੇਰੇ ਮੁਲਕ ਦਾ ਮੁਖੀ ਨਿੱਤ ਬੋਲਦੈ ਟੀਵੀ ਚੈਨਲਾਂ 'ਤੇ ਕਿ ਆਜ ਸਾਰੀ ਦੁਨੀਆਂ ਭਾਰਤ ਕੀ ਤਰਫ਼ ਦੇਖ ਰਹੀ ਹੈ...ਭਾਰਤ ਕੀ ਤਾਕਤ ਕਾ ਲੋਹਾ ਪੂਰਾ ਵਿਸ਼ਵ ਮਾਨ ਰਹਾ ਹੈ ਆਜ...ਦੁਨੀਆ ਚਾਹਤੀ ਹੈ ਕਿ ਵੋ ਭਾਰਤ ਕੀ ਰੀਸ ਕਰੇ...ਹਮ ਸਭੀ ਕੋਈ ਭੋਜਨ ਦੇਂਗੇ...ਸੋਨੇ ਕੇ ਲੀਏ ਛਤ ਦੇਂਗੇ...ਉਨਕੇ ਬੈਂਕ ਖਾਤੇ ਮੇਂ ਲਾਖੋਂ ਡਾਲੇਂਗੇ...ਹਮਾਰੇ ਮੁਲਕ ਮੇਂ ਕੋਈ ਭੂਕਾ ਨਹੀਂ ਮਰੇਗਾ...।"
***************
ਬਚੇ-ਖੁਚੇ ਭੋਜਨ ਵਾਲਾ ਲਿਫਾਫਾ ਚੁੱਕੀ ਜਾਂਦੀ ਵੇਖ...ਇੱਕ ਵਾਰ ਤਾਂ ਮਨ ਵਿਚ ਆਇਆ ਸੀ ਕਿ ਉਹਨੂੰ ਆਖਾਂ...ਏਹ ਸੁੱਟ੍ਹ ਦੇ ਉਥੇ ਈ...ਜਿੱਥੋਂ ਚੁੱਕਿਐ...ਅਹਿ ਲੈ ਪੈਸੇ ਤੇ ਸੁੱਚਾ ਭੋਜਨ ਖਾ ਲੈ...। ਕੀ ਪਤਾ ਉਹ ਮੇਰੇ ਕਹੇ ਲੱਗੇਗੀ ਜਾਂ ਨਹੀਂ! ਮੈਨੂੰ ਦੇਖਣ ਵਾਲੇ ਆਸ-ਪਾਸ ਬੈਠੇ ਮੁਸਾਫਿਰ ਕੀ ਸੋਚਣਗੇ...ਇਹ ਮੁੰਡਾ ਵੀ ਏਹਦੇ ਵਰਗਾ ਕੋਈ ਕਮਲਾ-ਰਮਲਾ ਹੈ? ਕੋਈ ਕਹੇਗਾ ਆ ਗਿਐ ਵੱਡਾ ਦਾਨੀ...ਵਿਖਾਵਾ ਕਰਦਾ ਫਿਰਦੈ...! ਚੁੱਪ ਬੈਠਾ ਰਹਿੰਦਾ ਹਾਂ ਇਹ ਸੋਚ ਕੇ! ਜੰਮੂ ਜਾਣ ਦਾ ਚਾਅ ਮੈਲੇ ਕੁਰਤੇ ਵਾਂਗਰ ਧੋਤਾ ਗਿਆ ਹੈ। ਰੇਲ ਦੀ ਉਡੀਕ ਵਿਚ ਉਹ ਖਿੱਚ੍ਹ ਨਹੀਂ ਰਹੀ...ਜੋ ਮਿੱਤਰ ਦੇ ਘਰੋਂ ਤੁਰਨ ਵੇਲੇ ਸੀ। ਉਦਾਸ ਹਾਂ ਕਿ ਮੇਰਾ ਕੋਈ ਨੇੜੂ ਜਾਂ ਸਕਾ-ਸੋਧਰਾ ਇਹੋ-ਜਿਹੀ ਦੀ ਹਾਲਤ ਵਿਚ ਹੋਵੇ...ਤਾਂ ਫਿਰ...? ਮਰੀਅਲ ਜਿਹੀ ਕੂਕ ਵੱਜੀ ਹੈ ਰੇਲ ਦੀ, ਮੁਸਾਫਿਰ ਹਿੱਲਣ-ਜੁੱਲਣ ਲੱਗੇ ਨੇ...ਦੂਰੋਂ ਰੇਲ ਆ ਰਹੀ ਹੈ।
(ਬਾਕੀ ਅਗਲੇ ਹਫਤੇ)
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
94174-21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.