ਚੱਲ ਮੇਰਾ ਪੁੱਤ ਫ਼ਿਲਮ 26 ਜੁਲਾਈ 2019 ਨੂੰ ਰਿਲੀਜ਼ ਹੋਈ ਨਿਰਦੇਸ਼ਕ ਜਨਜੋਤ ਸਿੰਘ ਦੀ ਫ਼ਿਲਮ ਹੈ। ਫ਼ਿਲਮ ਦੀ ਚਰਚਾ ਭਾਰਤ, ਪਾਕਿਸਤਾਨ ਵਿਚ ਖ਼ਾਸ ਤੌਰ ਤੇ ਲੋਕਾਂ ਦਿਆਂ ਬੁੱਲ੍ਹਾਂ ਤੇ ਹੈ। ਹਾਲਾਂਕਿ ਅਮਰਿੰਦਰ ਨੇ ਇਸ ਫ਼ਿਲਮ ਦੀ ਪ੍ਰੋਡਕਸ਼ਨ ਟੀਮ ਵਿਚ ਸ਼ਾਮਿਲ ਹੋ ਕੇ ਵੀ ਇਸ ਦੀ ਮਾਰਕੀਟਿੰਗ ਜਾਂ ਪਬਲਿਸਿਟੀ ਲਈ ਜ਼ੋਰ ਨਹੀਂਂ ਲਾਇਆ ਹੈ ਪਰ ਫਿਰ ਵੀ ਦਰਸ਼ਕ ਇਸ ਨੂੰ ਵੱਡੀ ਗਿਣਤੀ ਵਿਚ ਸਿਨਮਾ ਘਰਾਂ ਵਿੱਚ ਦੇਖਣ ਲਈ ਜਾ ਰਹੇ ਹਨ। ਫ਼ਿਲਮ ਦਾ ਵਿਸ਼ਾ ਸੰਜੀਦਾ ਕਿਸਮ ਦਾ ਹੈ ਜਿਸ ਨੂੰ ਦਿਲਚਸਪ ਬਣਾ ਕੇ ਪੇਸ਼ ਕੀਤਾ ਗਿਆ ਹੈ। ਫ਼ਿਲਮ ਦਾ ਸਭ ਤੋਂ ਮਜ਼ਬੂਤ ਪੱਖ ਫ਼ਿਲਮ ਵਿੱਚ ਪਾਕਿਸਤਾਨੀ ਕਾਮੇਡੀ ਕਲਾਕਾਰਾਂ (ਇਫ਼ਤਿਆਰ ਠਾਕੁਰ, ਅਕਰਮ ਉਦਾਸ ਅਤੇ ਨਾਸਿਰ ਚੁਨੌਟੀ) ਦੇ ਰੋਲ ਦੀ ਸ਼ਮੂਲੀਅਤ ਹੋਣਾ ਹੈ। ਫ਼ਿਲਮ ਦੇ ਤਕਨੀਕੀ ਪੱਖ ਤੋਂ ਇਹ ਬਹੁਤ ਜਾਨਦਾਰ ਫ਼ਿਲਮ ਹੈ ਜਿਸ ਵਿੱਚ ਐਡਿਟਿੰਗ, ਬੈਕਗਰਾਊਂਡ ਸਕੋਰ, ਗੀਤ ਸੰਗੀਤ ਅਤੇ ਦ੍ਰਿਸ਼ ਚੋਣ ਦਾ ਵੀ ਖ਼ਿਆਲ ਰੱਖਿਆ ਗਿਆ ਹੈ। ਫ਼ਿਲਮ ਦਾ ਥੀਮ ਵਿਦੇਸ਼ਾਂ ਵਿਚ ਵੱਸਦੇ ਨੌਜਵਾਨਾਂ ਦੀਆਂ ਮੁਸ਼ਕਿਲਾਂ ਨਾਲ ਬਾਵਸਤਾ ਹੈ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਇਸ ਫ਼ਿਲਮ ਨੂੰ ਯਾਦਗਾਰੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਫ਼ਿਲਮ ਦੇ ਸਾਰੇ ਕਿਰਦਾਰਾਂ ਹਰਦੀਪ ਗਿੱਲ, ਗੁਰਸ਼ਬਦ, ਅਮਰਿੰਦਰ ਗਿੱਲ, ਇਫ਼ਤਿਆਰ ਠਾਕੁਰ, ਨਾਸਿਰ ਚੁਨੌਟੀ, ਅਕਰਮ ਉਦਾਸ, ਸਿੰਮੀ ਚਾਹਲ, ਸੀਮਾ ਕੌਸ਼ਲ, ਸੰਜੂ ਸੋਲੰਕੀ ਤੇ ਰਾਜ ਧਾਲੀਵਾਲ ਆਦਿ ਨੇ ਫ਼ਿਲਮ ਦੇ ਵਿਸ਼ੇ ਨਾਲ ਖ਼ੂਬਸੂਰਤੀ ਨਾਲ ਨਿਭਣ ਦੀ ਕੋਸ਼ਿਸ਼ ਕੀਤੀ ਹੈ। ਫ਼ਿਲਮੀ ਵਿਸ਼ੇ ਦੀ ਇੱਕ ਵੱਡੀ ਖ਼ਾਸੀਅਤ ਜੋ ਮੈਨੂੰ ਮਹਿਸੂਸ ਹੋਈ ਉਹ ਰਾਕੇਸ਼ ਧਵਨ ਦੀ ਲਿਖੀ ਹੋਈ ਪਟਕਥਾ ਸੀ। ਬਹੁਗਿਣਤੀ ਪੰਜਾਬੀ ਫ਼ਿਲਮਾਂ ਰੀਸੋ- ਰੀਸ ਵਿਦੇਸ਼ੀ ਲੋਕੇਸ਼ਨਾਂ ਦੀ ਨਕਲ ਤਾਂ ਹਰ ਨਵੀਂ ਫ਼ਿਲਮ ਵਿਚ ਦਿਖਾ ਦਿੰਦੀਆਂ ਹਨ ਪਰ ਵਿਦੇਸ਼ੀ ਵੱਸਦਿਆਂ ਦੀਆਂ ਸਮੱਸਿਆਵਾਂ ਕਦੀ ਵੀ ਉਜਾਗਰ ਕਰਨ ਦੀ ਖੇਚਲ ਨਹੀ ਕੀਤੀ। ਪੰਜਾਬੀ ਸਿਨਮੇ ਵਾਸਤੇ ਅਜਿਹੀਆਂ ਫ਼ਿਲਮਾਂ ਦੀ ਸ਼ੁਰੂਆਤ ਸ਼ੁੱਭ ਸ਼ਗੁਨ ਹੈ
ਜਿਹਨਾਂ ਰਾਹੀਂ ਸਾਰਥਿਕ ਵਿਸ਼ੇ ਦਰਸ਼ਕਾਂ ਦੀ ਨਜ਼ਰ ਹੋ ਰਹੇ ਹਨ। ਇਸ ਫ਼ਿਲਮ ਜ਼ਰੀਏ ਦੋਵਾਂ ਪੰਜਾਬਾਂ ਦੀ ਆਰਥਿਕ ਮੰਦਹਾਲੀ ਦਾ ਸੰਕੇਤ ਵੀ ਵਿਚਾਰਨਯੋਗ ਹੈ। ਫ਼ਿਲਮ ਚੱਲ ਮੇਰਾ ਪੁੱਤ ਦੀ ਫ਼ਿਲਮੀ ਬਣਤਰ ਦਾ ਹਰ ਤੱਤ ਕਹਾਣੀ ਤੋਂ ਸੰਵਾਦਾਂ ਤੱਕ ਸਲਾਹੁਣਯੋਗ ਹੈ। ਫ਼ਿਲਮ ਦੇਖਦਿਆਂ ਦਰਸ਼ਕ ਕਿਤੇ ਵੀ ਬੋਰੀਅਤ ਮਹਿਸੂਸ ਨਹੀਂ ਕਰਦੇ ਅਤੇ ਸਭ ਤੋਂ ਖ਼ਾਸ ਗੱਲ ਕਾਮੇਡੀ ਕਲਾਕਾਰਾਂ ਦੇ ਸੰਵਾਦਾਂ ਵਿੱਚੋਂ ਵੀ ਕਿਤੇ ਅਸ਼ਲੀਲਤਾ ਦੀ ਕੋਈ ਝਲਕ ਨਜ਼ਰੀ ਨਹੀਂ ਪੈਂਦੀ। ਸੰਖੇਪ ਵਿਚ ਇਹ ਸੱਤ ਕਰੋੜ ਦੀ ਲਾਗਤ ਨਾਲ ਬਣੀ ਫ਼ਿਲਮ ਆਪਣੇ ਫ਼ਿਲਮੀ ਸੁਹਜ ਜ਼ਰੀਏ ਆਪਣੀ ਲਾਗਤ ਕੀਮਤ ਤੋਂ ਲਗਭਗ ਸੱਤ ਗੁਣਾ ਪੈਸੇ ਲਾਜ਼ਮੀ ਵਸੂਲੇਗੀ।
-
ਖੁਸ਼ਮਿੰਦਰ ਕੌਰ , ਰਿਸਰਚ ਸਕਾਲਰ ਪੰਜਾਬੀ ਸਿਨਮਾ
khushminderludhiana@gmail.com
9878889217
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.