ਖੂਹ ਦੀਆਂ ਟਿੰਡਾਂ ਵਾਂਗ ਕਵਿਤਾ ਵੀ ਮਨ ‘ਅੰਤਰ’ ਦੀ ‘ਯਾਤਰਾ’ ਹੈ। ਮਨ ਵਿੱਚੋਂ ਨਿਰਮਲ ਨੀਰ ਦੀਆਂ ਟਿੰਡਾਂ ਭਰ-ਭਰ ਆਉਂਦੀਆਂ ਨੇ, ਪਰ ਸ਼ਰਤ ਇਹ ਹੈ ਕਿ ਖੂਹ ਵਿੱਚ ਜਲ-ਸੋਮੇ ਨਿਰੰਤਰ ਸਿੰਮਦੇ ਹੋਣ। ਬਹੁਤੀ ਵਾਰ ਮਾਲ੍ਹ ਤਰ ਜਾਂਦੀ ਹੈ ਤੇ ਪਾਣੀ ਹੇਠਾਂ ਰਹਿ ਜਾਂਦੈ। ਖਾਲੀ ਟਿੰਡਾਂ ਗੇੜੇ ਤਾਂ ਕੱਢੀ ਜਾਂਦੀਆਂ ਨੇ ਪਰ ਧਰਤੀ ਦੀ ਪਿਆਸ ਮੇਟਣ ਲਈ ਜਲ-ਧਾਰਾ ਨਹੀਂ ਬਹਿੰਦੀ। ਪਾਪੜਾਂ ਸੁੱਕੇ ਦਾ ਸੁੱਕਾ, ਔਲੂ ਉਦਾਸ, ਖੇਤ ਤਰੇੜਾਂ ਪਾਵੇ।
ਪਰ ਧਰਮਿੰਦਰ ਸਿੰਘ ਉੱਭਾ ਦੇ ਜਲ ਸੋਮੇ ਅੱਜ ਤੀਕ ਸੁੱਕੇ ਨਹੀਂ ਵੇਖੇ। ਨਿਰੰਤਰ ਉਤਸ਼ਾਹ, ਉਮਾਹ ਨਾਲ ਕੀਤੀ ਸਕਾਰਥ ਸ਼ਬਦ-ਯਾਤਰਾ ਮਨ ਅੰਤਰ ਦੀ ਵਾਰਤਾ ਕਹਿੰਦੀ ਹੈ। ਉਹ ਵਾਰਤਕ ਲਿਖੇ ਜਾਂ ਨਿੱਕੇ ਆਕਾਰ ਦੀ ਕਵਿਤਾ, ਹਰ ਵੇਲੇ ਹਰ ਰੂਪ ਵਿੱਚ ਵੱਖਰਾ ਸੱਜਰਾਪਣ ਪ੍ਰਕਾਸ਼ਮਾਨ ਹੁੰਦਾ ਹੈ। ਇਹ ਸਾਰਾ ਕੁਝ ਵਿਰਾਸਤੀ ਡੂੰਘੇ ਖੂਹ ਦੀ ਸਮਰੱਥਾ ਹੁੰਦੀ ਹੈ ਕਿ ਪੈਲੀਆਂ ਦੀ ਕਿੰਨੀ ਕੁ, ਕਿੰਨਾ ਕੁ ਸਮਾਂ ਪਿਆਸ ਮਿਟਾਉਣੀ ਹੈ।
ਧਰਮਿੰਦਰ ਸਿੰਘ ਉੱਭਾ ਦਾ ਵਿਰਾਸਤੀ ਖੂਹ ਸੇਵਾ, ਸਿਦਕ, ਸਮਰਪਣ, ਸੋਚ, ਸਿਰਜਣਸ਼ੀਲਤਾ ਤੇ ਸੰਵੇਦਨਾ ਨਾਲ ਭਰਪੂਰ ਹੈ।
ਉਹ ਵਿਵਾਦ ਮੁਕਤ-ਸਿਰਜਕ ਹੈ, ਮਨ-ਅੰਤਰ ਦੀ ਪੀੜ ਤੇ ਵੇਦਨਾ-ਸੰਵੇਦਨਾ ਦਾ ਸਫ਼ਲ ਅਨੁਵਾਦਕ। ਦਿਨ ਰਾਤ ਚੌਵੀ ਘੰਟੇ ਦਾ ਪਹਿਰੂਆ। ਸੱਜਰੀ ਸਵੇਰ ਮਗਰੋਂ ਚੜ੍ਹਦੀ ਹੈ, ਅੰਤਰ-ਯਾਤਰੀ ਪਹਿਲਾਂ ਹਾਜ਼ਰ ਹੁੰਦਾ ਹੈ। ਸੂਰਜ ਦਾ ਸ਼ਰੀਕ ਲੱਗਦੈ ਕਦੇ-ਕਦੇ। ਓਨਾ ਹੀ ਆਭਾਵੰਤ, ਜਿੱਥੇ ਹੋਵੇ ਉੱਥੇ ਹੀ ਫੁੱਲ ਖਿੜਦੇ ਨੇ,ਫਲਾਂ ਚ ਰੰਗ ਭਰਦੈ। ਆਸਾਂ ਉਮੀਦਾਂ ਦੀਆਂ ਫ਼ਸਲਾਂ ਪੱਕਦੀਆਂ ਨੇ ਪੱਕੀ ਫਸਲ ਵਰਗੀ ਹੈ ਧਰਮਿੰਦਰ ਸਿੰਘ ਦੀ ਅੰਤਰ-ਯਾਤਰਾ!
ਧਰਮਿੰਦਰ ਖਿੱਲਰੇ ਮਾਣਕ-ਮੋਤੀ ਧਰਤੀ ਤੋਂ ਵੀ ਚੁਗਦਾ ਹੈ, ਅੰਬਰੋਂ ਵੀ। ਮਨ ਅੰਦਰ ਇਕੱਠੇ ਪਏ ਰਹਿੰਦੇ ਨੇ, ਵਾਰੀ-ਵਾਰੀ ਪ੍ਰਗਟ ਕਰਦੈ।
ਇਹੋ ਜਿਹੇ ਸਿਰਜਕ ਬੜੇ ਘੱਟ ਨੇ ਜੋ ਸਿਰਜਣਾਂ ਨੂੰ ਧਰਮ ਵਾਂਗ ਸਵਾਸ-ਸਵਾਸ ਸਿਮਰਦੇ ਹਨ।
ਕਈ ਵਾਰ ਤਾਂ ਮੈਨੂੰ ਉਸ ਨਾਲ ਰਸ਼ਕ ਹੁੰਦਾ ਪਰ ਮੇਰੇ ਨਿੱਕੇ ਵੀਰ ਨੇ ਹੁਣ ਤੀਕ ਮੈਨੂੰ ਉਦਾਸ ਨਹੀਂ ਕੀਤਾ। ਭਵਿੱਖ ਚ ਵੀ ਮਨ ਅੰਤਰ ਦੇ ਯਾਤਰੀ ਤੋਂ ਵਡੇਰੀਆਂ ਆਸਾਂ ਨੇ। ਡਾ: ਧਰਮਿੰਦਰ ਸਿੰਘ ਉੱਭਾ ਪਿਛਲੇ ਗਿਆਰਾਂ ਸਾਲ ਤੋਂ ਖ਼ਾਲਸਾ ਕਾਲਜ ਪਟਿਆਲਾ ਦਾ ਪ੍ਰਿੰਸੀਪਲ ਹੈ, ਨਿਰੰਤਰ ਜਾਗਦੇ ਮੱਥੇ ਤੇ ਜ਼ਮੀਰ ਵਾਲਾ ਸਿਰਜਣਸ਼ੀਲ ਕਰਮਯੋਗੀ। ਅਕਾਦਮਿਕ ਯੋਜਨਾਕਾਰ ਤੇ ਲਗਾਤਾਰ ਚੱਲਦੇ ਰਹਿਣ, ਕੁਝ ਸਿਰਜਦੇ ਤੇ ਕੁਝ ਕਰਦੇ ਰਹਿਣ ਵਾਲਾ।
ਉਸਦੀ ਇਹ ਕਾਵਿ ਪੁਸਤਕ ਗੁਰਮੇਹਰ ਪਬਲੀਕੇਸ਼ਨ, ਪਟਿਆਲ਼ਾ ਨੇ ਪ੍ਰਕਾਸ਼ਿਤ ਕੀਤੀ ਹੈ ਜੋ ਸ਼ਹੀਦੇ-ਆਜ਼ਮ ਪ੍ਰੈਸ ਪਟਿਆਲ਼ਾ ਦਾ ਅਦਾਰਾ ਹੈ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਸ ਸਥਿਤ ਹੈ। ਪ੍ਰਕਾਸ਼ਕ ਦਾ ਫ਼ੋਨ ਨੰਬਰ 9814632807 ਹੈ।
ਖੁਸ਼ੀ ਇਸ ਗੱਲ ਦੀ ਹੈ ਕਿ ਡਾ: ਧਰਮਿੰਦਰ ਸਿੰਘ ਉੱਭਾ ਦੇ ਸਮੁੱਚੇ ਪਰਿਵਾਰ ਵਿੱਚ ਹਰ ਵੇਲੇ, ਹਰ ਪਲ ਸਾਹਿਤ ਅਤੇ ਸ਼ਬਦਾਂ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਧਰਮਿੰਦਰ ਸਿੰਘ ਉੱਭਾ ਹੁਣ ਤੱਕ ਵੱਖ ਵੱਖ ਵਿਸ਼ਿਆਂ, ਜਿਸ ਵਿੱਚ ਕਾਮਰਸ ਅਤੇ ਲੀਡਰਸ਼ਿਪ ਦੇ ਵਿਸ਼ੇ ਹਨ ਤੋਂ ਇਲਾਵਾ ਵਾਰਤਕ, ਕਵਿਤਾ ਅਤੇ ਅਨੁਵਾਦ ਸਮੇਤ ਲਗਪਗ ਸੱਠ ਪੁਸਤਕਾਂ ਦੀ ਸਿਰਜਣਾ ਕਰ ਚੁੱਕਿਆ ਹੈ।
ਉਸ ਦੇ ਪਿਤਾ ਪ੍ਰੋਫੈਸਰ ਅੱਛਰੂ ਸਿੰਘ(ਸੇਵਾਮੁਕਤ ਪ੍ਰੋਫੈਸਰ, ਨਹਿਰੂ ਮੈਮੋਰੀਅਲ ਸਰਕਾਰੀ ਕਾਲਿਜ ਮਾਨਸਾ) ਜੋ ਅੰਗਰੇਜ਼ੀ ਦੀਆਂ ਪ੍ਰਸਿੱਧ ਪੁਸਤਕਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਵਜੋਂ ਜਾਣੇ ਜਾਂਦੇ ਹਨ ਤੇ ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਲੇਖਕ ਪੁਰਸਕਾਰ ਵਿਜੇਤਾ ਹਨ।
ਪ੍ਰੋ: ਅੱਛਰੂ ਸਿੰਘ ਜੀ ਨੇ ਵੀ ਸੱਠ ਪੁਸਤਕਾਂ ਦੀ ਹੁਣ ਤੱਕ ਸਿਰਜਣਾ ਕੀਤੀ ਹੈ। ਅਜੇ ਵੀ ਸਿਰਜਣਸ਼ੀਲ ਹਨ। ਡਾ: ਧਰਮਿੰਦਰ ਸਿੰਘ ਉੱਭਾ ਦੀ ਪਤਨੀ ਡਾਕਟਰ ਸਵਰਨਜੀਤ ਕੌਰ ਉੱਭਾ ਵੀ ਹੁਣ ਤੱਕ ਅੱਠ ਪੁਸਤਕਾਂ ਦੀ ਰਚਨਾ ਕਰ ਚੁੱਕੀ ਹੈ ਅਤੇ ਉਸ ਦਾ ਮੁੱਖ ਸਰੋਕਾਰ ਪਰਿਵਾਰਕ ਰਿਸ਼ਤੇ ਹਨ।
ਡਾ ਧਰਮਿੰਦਰ ਸਿੰਘ ਉੱਭਾ ਦੀ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੜ੍ਹ ਕੇ ਆਈ ਬੇਟੀ ਸਿਰਜਨਦੀਪ ਕੌਰ ਉੱਭਾ ਨੇ ਦਸਵੀਂ ਜਮਾਤ ਵਿੱਚ ਹੀ ਆਪਣੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ਲਿਖੀ ਅਤੇ ਉਹ ਜਦੋਂ ਬੀ ਕਾਮ ਭਾਗ ਪਹਿਲਾ ਦੀ ਵਿਦਿਆਰਥਣ ਸੀ ਤਾਂ ਉਸ ਨੇ ਦਿੱਲੀ ਵਿਖੇ ਵਾਪਰੇ ਦਾਮਨੀ ਗੈਂਗਰੇਪ ਤੋਂ ਪ੍ਰਭਾਵਿਤ ਹੋ ਕੇ ਇੱਕ ਅੰਗਰੇਜ਼ੀ ਨਾਵਲ ‘ਦਾ ਟਰਾਇੰਫ’ ਦੀ ਰਚਨਾ ਕੀਤੀ, ਜਿਸ ਦਾ ਪੰਜਾਬੀ ਅਨੁਵਾਦ ਉਸ ਦੇ ਦਾਦਾ ਜੀ ਨੇ ਜਿੱਤ ਦੇ ਰੂਪ ਵਿੱਚ ਕੀਤਾ। ਇਹ ਨਾਵਲ ਨੇ ਅੰਗਰੇਜ਼ੀ ਸਾਹਿਤ ਜਗਤ ਵਿੱਚ ਚੰਗਾ ਨਾਮਣਾ ਖੱਟਿਆ। ਸਿਰਜਨਦੀਪ ਅੱਜ ਕੱਲ੍ਹ ਗੁੜਗਾਉਂ ਦੇ ਵਿੱਚ ਮਨੁੱਖੀ ਵਸੀਲਿਆਂ ਦੇ ਪ੍ਰਬੰਧਕ ਵਜੋਂ ਨੌਕਰੀ ਕਰ ਰਹੀ ਹੈ ਅਤੇ ਆਪਣੇ ਦੂਸਰੇ ਨਾਵਲ ਉੱਤੇ ਕੰਮ ਕਰ ਰਹੀ ਹੈ।
ਡਾ ਧਰਮਿੰਦਰ ਸਿੰਘ ਉੱਭਾ ਦੀ ਛੋਟੀ ਭੈਣ ਪਰਮਿੰਦਰ ਕੌਰ ਕ੍ਰਾਂਤੀ ਨੂੰ ਸਭ ਤੋਂ ਛੋਟੀ ਉਮਰ ਦੀ ਭਾਸ਼ਾ ਵਿਭਾਗ ਦੀ ਐਵਾਰਡ ਵਿਜੇਤਾ ਵਜੋਂ ਜਾਣਿਆ ਜਾਂਦਾ ਹੈ ਅਤੇ ਉਹ ਵੀ ਕਈ ਕਿਤਾਬਾਂ ਦੀ ਸਿਰਜਣਾ ਕਰ ਚੁੱਕੀ ਹੈ।
ਧਰਮਿੰਦਰ ਸਿੰਘ ਉੱਭਾ ਦਾ ਬੇਟਾ ਸੁਹਜਬੀਰ ਸਿੰਘ ਉੱਭਾ ਵੀ ਆਪਣੇ ਬਾਪੂ ਦੇ ਪਦ ਚਿੰਨਾਂ ਤੇ ਚੱਲਦਾ ਹੋਇਆ ਕਦੇ ਕਦੇ ਕੁਝ ਲੇਖਾਂ ਦੀ ਰਚਨਾ ਕਰਦਾ ਹੜ੍ਹ ਤੇ ਕੰਪਿਊਟਰ ਵਿਸ਼ੇ ਨਾਲ ਸਬੰਧਿਤ ਦੋ ਪੁਸਤਕਾਂ ਵੀ ਲਿਖ ਚੁੱਕਾ ਹੈ।
ਡਾ ਧਰਮਿੰਦਰ ਸਿੰਘ ਉਭਾ ਦਾ ਨਿਊਜ਼ੀਲੈਂਡ ਵੱਸਦਾ ਛੋਟਾ ਭਰਾ ਲਖਮਿੰਦਰ ਸਿੰਘ ਉੱਭਾ ਵੀ ਕਵਿਤਾ ਦੀ ਰਚਨਾ ਕਰਦਾ ਹੈ। ਡਾ. ਧਰਮਿੰਦਰ ਸਿੰਘ ਉੱਭਾ ਦੀ ਅੱਠਵੀਂ ਵਿੱਚ ਪੜ੍ਹਦੀ ਭਾਣਜੀ ਸੀਰਤ ਕੌਰ ਆਪਣੀ ਅੰਗਰੇਜ਼ੀ ਕਵਿਤਾਵਾਂ ਦੀ ਪੁਸਤਕ ਦੀ ਤਿਆਰੀ ਵਿੱਚ ਲੱਗੀ ਹੋਈ ਹੈ। ਕੁੱਲ ਮਿਲਾ ਕੇ ਸਾਰਾ ਹੀ ਉੱਭਾ ਪਰਿਵਾਰ ਸਾਹਿਤ, ਕਲਾ ਤੇ ਸੰਗੀਤ ਨਾਲ ਜੁੜਿਆ ਹੋਇਆ ਹੈ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.