ਜਦੋਂ ਅਸੀਂ ਜਾਂ ਸਾਡਾ ਕੋਈ ਕਰੀਬੀ ਬਿਮਾਰ ਹੁੰਦਾ ਹੈ ਤਾਂ ਜ਼ਹਿਨ ਵਿੱਚ ਸਿਰਫ਼ ਇੱਕ ਨਾਮ ਆਉਂਦਾ ਹੈ 'ਡਾਕਟਰ'। ਬਿਮਾਰੀ ਤੋਂ ਤੰਗ ਆਏ ਹੋਏ ਅਸੀਂ ਸੋਚਦੇ ਹਾਂ ਕਿ ਡਾਕਟਰ, ਹਸਪਤਾਲ ਅਤੇ ਦਵਾਈਆਂ ਸਾਡੀ ਸਮੱਸਿਆ ਦਾ ਇੱਕੋ-ਇੱਕ ਹੱਲ ਹਨ ਪਰ ਕਈ ਵਾਰ ਇਹ ਸੁਵਿਧਾਵਾਂ ਵਿਅਕਤੀ ਨੂੰ ਹੋਰ ਬਿਮਾਰ ਕਰ ਦਿੰਦੀਆਂ ਹਨ ਜਾਂ ਉਸਦੀ ਮੌਤ ਦਾ ਸਬੱਬ ਹੋ ਨਿੱਬੜਦੀਆਂ ਹਨ। ਅਜਿਹੇ ਹਾਲਾਤਾਂ ਵਿੱਚ ਇਸਨੂੰ ਗਹੁ ਨਾਲ ਦੇਖਣਾ ਜ਼ਰੂਰੀ ਹੋ ਜਾਂਦਾ ਹੈ।
ਦੁਨੀਆਂ ਦੇ ਸਭ ਤੋਂ ਵਿਕਸਿਤ ਦੇਸ਼ ਅਮਰੀਕਾ ਵਿੱਚ ਕੈਂਸਰ ਅਤੇ ਹਾਰਟ ਅਟੈਕ ਪਿੱਛੋਂ ਮੌਤ ਦਾ ਸਭ ਤੋਂ ਵੱਡਾ ਕਾਰਨ ਡਾਕਟਰ ਹਨ। ਸਾਲ 2014 ਵਿੱਚ ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਜੌਹਨ ਹੌਪਕਿਨਸ ਦੇ ਇੱਕ ਅਧਿਅੈਨ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਵਿੱਚ ਡਾਕਟਰੀ ਗਲਤੀਆਂ ਕਾਰਨ ਸਲਾਨਾ 2.5 ਲੱਖ ਲੋਕ ਮਰ ਜਾਂਦੇ ਹਨ, ਜੋਂ ਕਿ ਦਿਲ ਦੀਆਂ ਬਿਮਾਰੀਆਂ ਤੋਂ ਹੋਣ ਵਾਲੀਆਂ ਕੁੱਲ 6 ਲੱਖ ਮੌਤਾਂ ਅਤੇ ਕੈਂਸਰ ਕਾਰਨ 5 ਲੱਖ ਮੌਤਾਂ ਤੋਂ ਬਾਅਦ ਤੀਸਰਾ ਵੱਡਾ ਕਾਰਨ ਹੈ। ਹਾਲਾਂਕਿ ਭਾਰਤ ਵਿੱਚ ਇਸ ਦੇ ਬਰਾਬਰ ਦੇ ਅਧਿਐਨ ਦੀ ਘਾਟ ਹੈ ਪਰ ਹਾਰਵਰਡ ਯੂਨੀਵਰਸਿਟੀ ਦੇ ਇੱਕ ਅਧਿਅੈਨ ਮੁਤਾਬਕ ਸਲਾਨਾ ਪੂਰੇ ਸੰਸਾਰ ਵਿੱਚ 4.3 ਕਰੋੜ ਜ਼ਖ਼ਮੀ ਹੋਣ ਵਾਲੇ ਲੋਕਾਂ ਵਿੱਚੋਂ 52 ਲੱਖ ਲੋਕ ਇਕੱਲੇ ਭਾਰਤ ਵਿੱਚ ਹੀ ਡਾਕਟਰੀ ਗਲਤੀਆਂ ਕਾਰਨ ਜ਼ਖ਼ਮੀ ਹੋ ਜਾਂਦੇ ਹਨ। ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਅਨੁਸਾਰ ਹਸਪਤਾਲ ਵਿੱਚ ਦਾਖ਼ਲ ਹੋਣ ਵਾਲੇ 10 ਮਰੀਜ਼ਾਂ ਵਿੱਚੋਂ ਇੱਕ ਦੀ ਹਾਲਤ ਮੈਡੀਕਲ ਸੁਵਿਧਾਵਾਂ ਕਾਰਨ ਹੀ ਵਿਗੜ ਜਾਂਦੀ ਹੈ ਅਤੇ ਹਸਪਤਾਲ ਵਿੱਚ ਇਲਾਜ ਲੲੀ ਆਉਣ ਵਾਲੇ ਹਰ 300 ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ।
ਸਾਲ 2013 ਵਿੱਚ ਹਾਰਵਰਡ ਯੂਨੀਵਰਸਿਟੀ ਦੇ ਆਸ਼ੀਸ਼ ਝਾਅ ਦੁਆਰਾ ਕੀਤੀ ਗਈ ਇੱਕ ਸਟੱਡੀ ਮੁਤਾਬਕ ਭਾਰਤ ਹਰ ਸਾਲ ਸੇਹਤਮੰਦ ਜ਼ਿੰਦਗੀ ਦੇ 30 ਲੱਖ ਸਾਲ ਡਾਕਟਰੀ ਗਲਤੀਆਂ ਕਾਰਨ ਹੀ ਖੋ ਦਿੰਦਾ ਹੈ। ਅਮਰੀਕਾ ਸਥਿਤ ਗਲੋਬਲ ਮਰੀਜ਼ ਸੁਰੱਖਿਆ ਮੁਹਿੰਮ ਦੇ ਫਾਊਂਡੇਸ਼ਨ ਦੇ ਫਾਊਂਡਰ ਜੋ ਕਿਆਨੀ ਅਨੁਸਾਰ ਉਨ੍ਹਾਂ ਨੇ ਇਸ ਸਭ ਤੋਂ ਜਾਣੂ ਕਰਵਾਉਣ ਲਈ ਸੰਸਾਰ ਦੇ 39 ਦੇਸ਼ਾਂ ਵਿੱਚ ਆਪਣਾ ਇੱਕ ਅਭਿਆਨ ਚਲਾਇਆ ਹੈ, ਇਨ੍ਹਾਂ ਵਿੱਚ ਭਾਰਤ ਵੀ ਸ਼ਾਮਲ ਹੈ। ਇਸ ਮੁਹਿੰਮ ਮੁਤਾਬਕ ਇੱਕ ਵਿਕਸਿਤ ਦੇਸ਼ ਵਿੱਚ ਹਰ ਸਾਲ 30 ਲੱਖ ਲੋਕ ਮੈਡੀਕਲ ਗਲਤੀਆਂ ਅਤੇ ਹਸਪਤਾਲ ਵਿੱਚੋ ਹੋਣ ਵਾਲੀਆਂ ਇੰਨਫੈਕਸ਼ਨਜ਼ ਕਾਰਨ ਆਪਣੀਆਂ ਜਾਨਾਂ ਗੁਆ ਦਿੰਦੇ ਹਨ ਜਦੋਂ ਕਿ ਇਹ ਗਿਣਤੀ ਇੱਕ ਵਿਕਾਸਸ਼ੀਲ ਦੇਸ਼ ਵਿੱਚ 1 ਕਰੋੜ 60 ਲੱਖ ਤੱਕ ਪਹੁੰਚ ਜਾਂਦੀ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਇੱਕ ਸੁਰੱਖਿਅਤ ਸਰਜਰੀ ਤੱਕ ਜਨਤਾ ਦੀ ਪਹੁੰਚ ਬਹੁਤ ਘੱਟ ਹੁੰਦੀ ਹੈ। ਇੱਥੇ ਲੋਕਾਂ ਨੂੰ ਜਾਣਕਾਰੀ ਦੀ ਘਾਟ ਅਤੇ ਮੈਡੀਕਲ ਅਥਾਰਟੀਆਂ ਨੂੰ ਸਵਾਲ ਕਰਨ ਦਾ ਸਾਹਸ ਵੀ ਘੱਟ ਹੁੰਦਾ ਹੈ। ਇਸ ਅਧਿਐਨ ਤੋਂ ਇਹ ਤੱਥ ਵੀ ਉਜਾਗਰ ਹੋਇਆ ਹੈ ਕਿ ਡਾਕਟਰ ਅਤੇ ਨਰਸਾਂ ਮਰੀਜ਼ ਨੂੰ ਜਾਂਚਣ ਤੋਂ ਪਹਿਲਾਂ ਸਿਰਫ਼ 50% ਕੇਸਾਂ ਵਿੱਚ ਹੀ ਹੱਥਾਂ ਨੂੰ ਧੋਂਦੇ ਜਾਂ ਕਿਟਾਣੂ ਰਹਿਤ ਕਰਦੇ ਹਨ ਜਦੋਂ ਕਿ ਮਰੀਜ਼ ਨੂੰ ਜਾਂਚਣ ਤੋਂ ਬਾਅਦ ਹੱਥ ਸਾਫ਼ ਕਰਨ ਦੀ ਪ੍ਰਤੀਸ਼ਤਤਾ 99%ਪਹੁੰਚ ਜਾਂਦੀ ਹੈ।
ਬਹੁਤ ਸਾਰੇ ਹਸਪਤਾਲਾਂ ਵਿੱਚ ਸਲਾਨਾ ਮੌਤਾਂ ਦਾ ਹਿਸਾਬ ਕਿਤਾਬ ਰੱਖਣ ਦਾ ਕੋਈ ਸਿਸਟਮ ਜਾਂ ਪ੍ਰਣਾਲੀ ਨਹੀਂ ਹੁੰਦੀ। ਹਸਪਤਾਲਾਂ ਨੂੰ ਅਜਿਹਾ ਕਰਨ ਦੀ ਹਿਦਾਇਤ ਵੀ ਨਹੀਂ ਦਿੱਤੀ ਜਾਂਦੀ। ਕਿਸੇ ਦੇਸ਼ ਦਾ ਸੱਭਿਆਚਾਰ ਅਤੇ ਅਸੂਲ ਵੀ ਇਸ ਸਭ ਵਿੱਚ ਵੱਡੀ ਅੜਚਨ ਬਣ ਜਾਂਦੇ ਹਨ। ਕੁੱਝ ਦੇਸ਼ਾਂ ਵਿੱਚ ਡਾਕਟਰਾਂ ਦੁਆਰਾ ਹੋਣ ਵਾਲੀਆਂ ਮੌਤਾਂ ਨੂੰ ਕਾਨੂੰਨੀ ਦਾਇਰੇ ਵਿੱਚ ਰੱਖਿਆ ਗਿਆ ਹੈ, ਜਿਸ ਦੇ ਡਰ ਤੋਂ ਮੈਡੀਕਲ ਸੰਸਥਾਵਾਂ ਦੁਆਰਾ ਅਜਿਹੀਆਂ ਮੌਤਾਂ ਨੂੰ ਸਾਹਮਣੇ ਹੀ ਨਹੀਂ ਆਉਣ ਦਿੱਤਾ ਜਾਂਦਾ। ਕੲੀ ਦੇਸ਼ਾਂ ਵਿੱਚ ਡਾਕਟਰਾਂ ਨੂੰ ਅਪਰਾਧੀ ਵਾਂਗ ਟ੍ਰੀਟ ਕੀਤਾ ਜਾਂਦਾ ਹੈ, ਅਜਿਹੇ ਹਾਲਾਤਾਂ ਵਿੱਚ ਹਸਪਤਾਲ ਮੌਤਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਇਸ ਸਭ ਵਿੱਚ ਪਾਰਦਰਸ਼ਤਾ ਘੱਟ ਜਾਂਦੀ ਹੈ ਅਤੇ ਸਮੱਸਿਆ ਦੀ ਗੰਭੀਰਤਾ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਇੱਥੇ ਗੌਰਤਲਬ ਹੈ ਕਿ ਭਾਰਤ ਵਿੱਚ ਸੁਪਰੀਮ ਕੋਰਟ ਦੁਆਰਾ ਮਰੀਜ਼ ਅਤੇ ਡਾਕਟਰ ਦੇ ਸਬੰਧਾਂ ਨੂੰ 1995 ਵਿੱਚ ਗ੍ਰਾਹਕ ਸੁਰੱਖਿਆ ਐਕਟ ਦੀ ਸੀਮਾ ਅਧੀਨ ਲੈ ਆਂਦਾ ਗਿਆ ਸੀ। ਇਸ ਤੋਂ ਬਾਅਦ ਡਾਕਟਰਾਂ ਵਿਰੁੱਧ ਸ਼ਿਕਾਇਤਾਂ ਵਿੱਚ ਵਾਧਾ ਦਰਜ਼ ਕੀਤਾ ਗਿਆ। ਹਾਂਲਾਂਕਿ ਇਸ ਕਾਨੂੰਨ ਵਿੱਚ ਮਰੀਜ਼ ਦੇ ਇਲਾਜ਼ ਵਿੱਚ ਪੂਰਨ ਰੂਪ ਵਿੱਚ ਹੋਈ ਅਣਗਹਿਲੀ, ਫੈਸਲਾ ਲੈਣ ਸਮੇਂ ਗਲ਼ਤੀ, ਦੁਰਘਟਨਾ ਅਤੇ ਲਾਪਰਵਾਹੀ ਨੂੰ ਅਲੱਗ-ਅਲੱਗ ਸਪਸ਼ਟ ਨਹੀਂ ਕੀਤਾ ਗਿਆ ਹੈ।
ਇਸ ਸਮੱਸਿਆ ਦੀ ਗੰਭੀਰਤਾ ਨੂੰ ਮਹਿਸੂਸ ਕਰਦੇ ਹੋਏ ਬੈਂਗਲੁਰੂ ਦੇ ਰੇਨਬੋਅ ਹਸਪਤਾਲ ਦੇ ਡਾਕਟਰ ਰਕਸੇ਼ ਸ਼ੈੱਟੀ ਵੱਲੋਂ ਸਾਲ 2013 ਵਿੱਚ 'ਪੈਡੀਸਟਾਰਜ਼ 'ਸੋਸਾਇਟੀ ਦੀ ਸਥਾਪਨਾ ਕੀਤੀ ਗੲੀ। ਜਿਸ ਅਧੀਨ ਹੈਲਥ ਕੇਅਰ ਪ੍ਰੋਫੈਸ਼ਨਲਜ਼ ਅਤੇ ਡਾਕਟਰਾਂ ਨੂੰ ਸਾਈਮੂਲੇਸ਼ਨਜ ਟੈਕਨਾਲੋਜੀ ਰਾਹੀਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਉਹ ਮਰੀਜ਼ਾਂ ਨੂੰ ਬੇਹਤਰ ਅਤੇ ਸੁਰੱਖਿਅਤ ਤਰੀਕੇ ਨਾਲ ਜਾਂਚ ਅਤੇ ਇਲਾਜ ਕਰ ਸਕਣ। ਇਸ ਤਕਨੀਕ ਅਧੀਨ ਬਨਾਵਟੀ ਐਮਰਜੈਂਸੀ ਦੇ ਹਾਲਾਤ ਖੜ੍ਹੇ ਕਰਕੇ ਡੰਮੀ ਮਰੀਜ਼ਾਂ ਰਾਹੀਂ ਡਾਕਟਰਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ।ਇਹ ਡੰਮੀਆਂ ਮਨੁੱਖ ਵਾਂਗ ਹੀ ਸਾਹ ਲੈਂਦੀਆਂ ਹਨ, ਬੋਲਦੀਆਂ ਹਨ ਅਤੇ ਉਨ੍ਹਾਂ ਦੀ ਨਬਜ਼ ਮਹਿਸੂਸ ਕੀਤੀ ਜਾ ਸਕਦੀ ਹੈ, ਇਹ ਇਲਾਜ਼ ਨੂੰ ਵੀ ਅਸਲ ਹਾਲਾਤ ਵਾਂਗ ਪ੍ਰਤੀਕਿਰਿਆ ਕਰਦੀਆਂ ਹਨ। ਮੈਡੀਕਲ ਟੀਮਾਂ ਇਸ ਦ੍ਰਿਸ਼ ਦਾ ਸਾਹਮਣਾ ਕਰਦਿਆਂ ਸਿੱਖਦੀਆਂ ਹਨ ਕਿ ਜੇਕਰ ਅਸਲੀਅਤ ਵਿੱਚ ਅਜਿਹੇ ਹਾਲਾਤ ਖੜ੍ਹੇ ਹੋ ਜਾਣ ਤਾਂ ਇਨ੍ਹਾਂ ਹਾਲਾਤਾਂ ਵਿੱਚ ਸੁਧਾਰ ਕਿਵੇਂ ਕੀਤਾ ਜਾ ਸਕਦਾ ਹੈ ਤਾਂ ਜੋ ਮਰੀਜ਼ ਦਾ ਬੇਹਤਰ ਇਲਾਜ ਸੰਭਵ ਹੋ ਸਕੇ।
ਭਾਰਤ ਵਿੱਚ ਡਾਕਟਰਾਂ ਉੱਪਰ ਕੰਮ ਦਾ ਭਾਰ ਵੀ ਬਹੁਤ ਅਧਿਕ ਹੈ। ਵਰਲਡ ਹੈਲਥ ਆਰਗੇਨਾਈਜੇ਼ਸ਼ਨ ਅਨੁਸਾਰ ਹਰ ਹਜ਼ਾਰ ਵਿਅਕਤੀਆਂ ਲਈ ਘੱਟੋ-ਘੱਟ ਇੱਕ ਡਾਕਟਰ ਹੋਣਾ ਚਾਹੀਦਾ ਹੈ ਜਦੋਂ ਕਿ ਭਾਰਤ ਵਿੱਚ 1600 ਵਿਅਕਤੀਆਂ ਪਿੱਛੇ ਇੱਕ ਡਾਕਟਰ ਹੈ। ਨਤੀਜੇ ਵਜੋਂ ਭਾਰਤ ਵਿੱਚ 5 ਲੱਖ ਡਾਕਟਰਾਂ ਦੀ ਘਾਟ ਹੈ। ਦੇਸ਼ ਵਿੱਚ ਹਸਪਤਾਲਾਂ ਅਤੇ ਡਾਕਟਰਾਂ ਦੀ ਕਮੀ ਹੋਣ ਕਾਰਨ ਡਾਕਟਰਾਂ ਨੂੰ 34 ਤੋਂ 48 ਘੰਟੇ ਲਗਾਤਾਰ ਕੰਮ ਕਰਨਾ ਪੈਂਦਾ ਹੈ, ਅਜਿਹੇ ਹਾਲਾਤਾਂ ਵਿੱਚ ਕਿਸੇ ਵੀ ਵਿਅਕਤੀ ਦਾ ਅੱਕਣਾ ਜਾਂ ਥੱਕ ਕੇ ਚੂਰ ਹੋ ਜਾਣਾ ਸੁਭਾਵਿਕ ਹੈ। ਅਕਸਰ ਡਾਕਟਰ ਨੂੰ ਇੱਕ ਸਧਾਰਨ ਜਾਂ ਆਮ ਮਨੁੱਖ ਸਮਝਣ ਦੀ ਵਜਾਏ ਅਸੀਂ ਉਸਨੂੰ ਇੱਕ ਸੁਪਰ ਹੀਰੋ ਸਮਝਦੇ ਹਾਂ। ਇੰਨੇ ਦਬਾਅ ਹੇਠ ਕੰਮ ਕਰਦੇ ਹੋਏ ਡਾਕਟਰਾਂ ਤੋਂ ਗੰਭੀਰ ਗਲਤੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸੇ ਕਾਰਨ ਮੈਡੀਕਲ ਅਣਗਹਿਲੀ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਵਿੱਚੋਂ 70 ਪ੍ਰਤੀਸ਼ਤ ਮਨੁੱਖੀ ਗਲਤੀਆਂ ਕਾਰਨ ਹੀ ਹੁੰਦੀਆਂ ਹਨ। ਇੰਨੇ ਔਖੇ ਹਾਲਾਤਾਂ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਪ੍ਰਤੀ ਸੁਹਿਰਦ ਹੋਣ ਦੀ ਵਜਾਏ ਉਨ੍ਹਾਂ ਪ੍ਰਤੀ ਹਿੰਸਾ ਦੀ ਦਰ ਬਹੁਤ ਤੇਜ਼ੀ ਨਾਲ ਵਧ ਰਹੀ ਹੈ।
ਸਰਕਾਰੀ ਹਸਪਤਾਲਾਂ ਦੀ ਖ਼ਸਤਾ ਹਾਲਤ, ਭ੍ਰਿਸ਼ਟਾਚਾਰ, ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਨਿੱਜੀ ਕਲੀਨਿਕ ਵਿੱਚ ਆੳੁਣ ਦੀ ਸਲਾਹ, ਬੇਲੋੜੇ ਟੈਸਟ ਅਤੇ ਦਵਾਈਆਂ, ਦਵਾਈ ਕੰਪਨੀਆਂ ਵੱਲੋਂ ਡਾਕਟਰਾਂ ਨੂੰ ਭਾਰੀ ਕਮਿਸ਼ਨ, ਸਰਕਾਰੀ ਡਿਸਪੈਂਸਰੀਆਂ ਅਤੇ ਹਸਪਤਾਲਾਂ ਵਿੱਚ ਦਵਾਈਆਂ ਨਾ ਹੋਣਾ, ਨਕਲੀ ਦਵਾਈਆਂ ਦਾ ਵਪਾਰ, ਡਾਕਟਰਾਂ ਦੀ ਖਰਾਬ ਹੱਥ ਲਿਖਤ ਆਦਿ ਕਾਰਨ ਮਰੀਜ਼ ਦੇ ਡਾਕਟਰ 'ਤੇ ਵਿਸ਼ਵਾਸ ਨੂੰ ਘਟਾਉਂਦੇ ਹਨ। ਇਸ ਪਾਸੇ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
-
ਹਰਲਵਲੀਨ ਬਰਾੜ, ਲੇਖਕ
herloveleen@gmail.com
*******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.