ਅੱਜ ਮਾਂ ਦੇ ਪੇਕੇ ਪਿੰਡ ਜਾਣ ਦਾ ਸਬੱਬ ਬਣਿਆਂ । ਪਤਾ ਨਹੀ ਕਿਓਂ ? ਨਾਨਕੇ ਤਾਂ ਤਿੰਨ ਦਹਾਕਿਆਂ ਤੋ ਮੋਗੇ ਰਹਿ ਰਹੇ ਹਨ । ਪਿੰਡ ਸਲੀਣੇ ਜਾਣ ਲੱਗੇ ਸੋਚ ਰਿਹਾ ਸੀ ਮੈਨੂੰ ਕਿਹੜਾ ਕੋਈ ਜਾਣਦਾ ਹੈ ,ਹੁਣ ਨਾਨਕੇ ਪਿੰਡ ? ਖੌਰੇ ਕਿਹੜੀ ਚੀਜ਼ ਮੈਨੂੰ ਖਿੱਚ ਕੇ ਲੈ ਜਾ ਰਹੀ ਹੈ । ਮੈਂ ਆਪਣੇ ਦੋਸਤ ਚਰਨਜੀਤ ਨੂੰ ਕਹਿ ਰਿਹਾ ਹਾਂ ਅੱਜ ਜਰੁੂਰ ਲੈ ਕੇ ਚੱਲ ਨਾਨਕੀ ।ਪਹਿਲਾਂ ਤਾਂ ਮਾਂ ਨਾਲ ਛੋਟੇ ਹੁੰਦੇ ਛੁੱਟੀਆ ਵਿੱਚ ਜਾਂਦੇ ਹੁੰਦੇ ਸੀ ਹੈ ਤੀਹ ਸਾਲ ਹੋ ਗਏ ਹੁਣ ਤਾਂ ?
ਪਤਾ ਨਹੀਂ ਅੱਜ ਮੇਰਾ ਮਨ ਕਿਓਂ ਕਾਹਲਾ ਏ ਉਹ ਗਲ਼ੀਆਂ ਘਰ ਦੇਖਣ ਨੂੰ ਜਿੱਥੇ ਬਚਪਨ ਵਿੱਚ ਖੇਡਦੇ ਹੁੰਦੇ ਸੀ ।
ਹਾਂ ਸੱਚ ਯਾਦ ਆਇਆ ਜਦ ਮੇਰੀ ਮਾਂ ਬਿਮਾਰ ਸੀ ਤੇ ਆਖਰੀ ਦਿਨਾਂ ਵਿੱਚ ਤਾਂ ਉਸਦੀ ਬਿਰਤੀ ਪੇਕੇ ਪਿੰਡ ਤੇ ਨਾਨਕੇ ਪਰੀਵਾਰ ਵਿੱਚ ਚਲੀ ਗਈ ਸੀ । ਪਿੰਡ ਦੇ ਛੇਵੇਂ ਪਾਤਿਸਾਹੁ ਦੇ ਗੁਰਦੁਆਰਾ ਸਾਹਿਬ ਦੀ ਬਾਉਲ਼ੀ ਨੂੰ ਯਾਦ ਕਰਦੀ ,ਕਦੇ ਬਾਬੇ ਪਾਲਾ ਸਿੰਘ ,ਕਦੇ ਦਾਦਾ ਰੱਖੇ ਨੂੰ ,ਕਦੇ ਦਾਦੀ ਜੈਲੋ ਨੂੰ ।ਦਰਦ ਦੀ ਅਵਸਥਾ ਵਿੱਚ ਉਹ ਨਾਨੀ ,ਮਾਮਿਆਂ ਨੂੰ ,”ਵੇ ਭੱਜੀ ,ਵੇ ਸੋਹਨ “ਮੈੰਨੰੂ ਗ਼ਰੀਬਣੀ ਨੂੰ ਬਚਾਲੋ ਵੇ ਵੀਰੋ ,ਯਾਦ ਕਰਦੀ ਹੀ ਤੁਰ ਗਈ । ਮੈਨੂੰ ਕਹਿੰਦੀ ਮੇਰੇ ਬਾਅਦ ਵਿੱਚ ਨਾਨਕੀ ਆਉਂਦਾ ਜਾਦਾਂ ਰਹੀ ,ਤੇਰੇ ਨਾਨਕੇ ਤੈਨੂੰ ਬਹੁਤ ਪਿਆਰ ਕਰਨਗੇ ਤਾਂ ਮੈਂਨੂੰ ਲਗਦਾ ਹਰ ਔਰਤ ਵਾਂਗ ਪੇਕਾ ਪਿੰਡ ਮਾਂ ਦੇ ਸਾਹਾਂ ਵਿੱਚ ਵਸਦਾ ਸੀ ।
ਹੁਣ ਜਦ ਮੈਂ ਪੰਜਾਬ ਆਇਆ ਹਾਂ ਤਾਂ ਮੇਰੇ ਪੈਰ ਨਾਨਕੇ ਪਿੰਡ ਵੱਲ ਮੱਲੋ ਜੋਰੀ ਖਿੱਚੇ ਜਾ ਰਹੇ ਹਨ।
ਲਗਦਾ ਮਾਂ ਕਹਿ ਰਹੀ ਹੈ “ਪੁੱਤ ਮਿਲਜਾ ਮੈਂ ਇਸ ਮਿੱਟੀ ਵਿੱਚ ਜੰਮੀ ਹਾਂ ਤੇਰੇ ਨਾਨਕੀ ।ਮੈਂ ਬੜੇ ਸ਼ਾਂਤ ਮਨ ਨਾਲ ਛੇਵੀਂ ਪਾਤਿਸਾਹੁ ਦੇ ਗੁਰਦੁਆਰੇ ਮੱਥਾ ਟੇਕਕੇ ,ਨਾਨਕੇ ਘਰ ਵੱਲ ਤੁਰ ਪਿਆਂ ।ਜਿੱਥੇ ਪੁਰਾਣੇ ਇਤਿਹਾਸਕ ਕਿਲੇ ਦੇ ਖੰਡਰ ਨਾਲ ਨਾਨਕਿਆਂ ਦਾ ਜੱਦੀ ਘਰ ਵੀ ਖੰਡਰ ਹੋਇਆ ਪਿਆ ਹੈ ।ਉਸ ਛੋਟੀ ਜਿਹੀ ਗਲੀ ਵਿੱਚ ਬਾਬੇ ਪਾਲੇ ਕੇ ਘਰ ਦੇ ਕੋਲ ਤਸਵੀਰ ਖਿਚਾਈ ।ਜਿੱਥੇ ਛੋਟੇ ਹੁੰਦੇ ਬੰਟੇ ਖੇਡਦੇ ਸੀ ।ਤਦ ਬਾਬੇ ਰੱਖੇ ਕਿ ਘਰ ਵੱਲੋ ਇੱਕ ਨੌਜਵਾਨ ਆਪਣੇ ਘਰ ਤੋ ਬਾਹਰ ਆ ਗਿਆ । ਮੈਂ ਦੱਸਿਆ “ਮੈਂ ਸੇਖੇ ਤੋ ਹਾਂ “ਚਰਨੋ ਦਾ ਮੁੰਡਾ , ਧਾਮੀਆਂ ਦਾ ਦੋਹਤਾ ਤਾਂ ਉਹ ਆਪਣੀ ਬੇਬੇ ਜੈਲੋ ਦੇ ਕੋਲ ਲੈ ਗਿਆ ਜੋ ਮੰਜੇ ਨਾਲ ਮੰਜਾ ਬਣੀ ਪਈ ਸੀ ਕੋਈ ਨੱਬੇ ਕੁ ਸਾਲ ਦੀ ।
ਜਦ ਮੈਂ ਕਿਹਾ ਦਾਦੀ ਜੈਲੋ ,”ਅੱਜ ਮੈਂ ਨਾਨਕੀ ਆਪਣੀ ਮਾਂ ਚਰਨੋ ਦੇ ਚਰਨਾ ਦੀ ਮਿੱਟੀ ਨੂੰ ਸਜਦਾ ਕਰਨ ਆਇਆ ਹਾਂ ਤਾਂ ,ਦਾਦੀ ਜੈਲੋ ਨੇ ਆਪਣੇ ਪੁੱਤ ਨੂੰ ਕਿਹਾ ਮੈੰਨੂੰ ਉਠਾ ,ਮੇਰੇ ਗੱਲ ਲੱਗਕੇ ਘੱੱਗੀ ਆਵਾਜ਼ ਵਿੱਚ ਹੌਲੀ ਹੌਲੀ ਰੋਣ ਲੱਗੀ ,ਤੇ ਕਹਿਣ ਲੱਗੀ ,”ਦੋਤਵਾਨਾ ਤੇਰੀ ਮਾਂ ਛੇਤੀ ਤੁਰ ਗਈ ਅਜੇ ਕੱਲ ਤਾਂ ਸਾਡੇ ਹੱਥਾਂ ਵਿੱਚ ਜੰਮੀ ਸੀ “ ਕੰਬਦੇ ਹੱਥਾਂ ਨਾਲ ਮੇਰਾ ਸਿਰ ਪਲੋਸਣ ਲੱਗੀ ਤਾਂ ਮੇਰਾ ਵੀ ਮਨ ਭਰ ਆਇਆ ।ਭਰੇ ਮਨ ਨਾਲ ਉਸਨੂ ਅਲਵਿਦਾ ਕਹਿ ਜਦ ਤੁਰੇ ਤਾਂ ਟਿਕੀ ਰਾਤ ਵਿੱਚ ਚੰਦਰਮਾ ਵੱਲ ਦੇਖਕੇ ਮੈ“ਉੱਚੀ ਆਵਾਜ਼ ਵਿੱਚ ਗਾਉਣ ਲੱਗ ਪਿਆ “ ਦੱਸ ਕਿਹਨੂ ਆਖਾਂ ਮਾਂ ਤੁਰ ਜਾਣ ਵਾਲੀਏ “ ਤੇ ਹੁਣ ਅੱਖਾਂ ਮੇਰੀਆਂ ਵੀ ਗਿੱਲੀਆਂ ਸਨ ਤੇ ਗੱਡੀ ਚਲਾਉਂਦੇ ਚਰਨਜੀਤ ਦੀਆ ਵੀ ।
-
ਬਲਜਿੰਦਰ ਸੇਖਾ , ਲੇਖਕ
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.