ਕੰਮੀਆਂ ਦੇ ਵਿਹੜੇ ਦਾ ਸੂਰਜ---ਹਿਮਾ ਦਾਸ
(ਮਘਦਾ ਰਹੀਂ ਵੇ ਸੂਰਜਾ , ਕੰਮੀਆਂ ਦੇ ਵਿਹੜੇ --ਸੰਤ ਰਾਮ ਉਦਾਸੀ)
ਦੌੜੀ ਚੱਲ ਹਿਮਾ ਦਾਸ !!
ਹੋਰ ਤੇਜ਼ ! ਹੋਰ ਤੇਜ਼ !! ਜ਼ੋਰ ਨਾਲ !!! ਜੋਸ਼ ਨਾਲ !! ਜਜ਼ਬੇ ਨਾਲ !! ਜਨੂੰਨ ਨਾਲ ! ਜ਼ਬਤ ਨਾਲ
ਅਜੇ ਤਾਂ ਹਿਮਾ ਵੱਲੋਂ ਜਿੱਤੇ ਪੰਜਵੇਂ ਤਗਮੇ ਦੀਆਂ ਖ਼ਬਰਾਂ ਹੀ ਚੱਲੀ ਜਾਂਦੀਆਂ ਸਨ ਕਿ ਉਸਦੇ ਛੇਵੇਂ ਸੁਨਹਿਰੀ ਤਮਗੇ ਦੀਆਂ ਖ਼ਬਰਾਂ ਆ ਗਈਆਂ ਨੇ। ਦੇਸ਼ ਦੇ ਮੁਖੀਏ ਵੱਲੋਂ ਵਧਾਈ ਦਿੱਤੀ ਗਈ ਹੈ। ਵੱਡੇ ਸਟਾਰ ਖਿਡਾਰੀਆਂ ਤੇ ਐਕਟਰਾਂ ਵੱਲੋਂ ਵੀ। ਉਸਦੇ ਪੰਜਵੇਂ ਸੋਨ ਤਮਗੇ ਨੇ ਮਸੀਂ ਕਿਤੇ ਜਾਕੇ ਘੂਕ ਸੁੱਤੇ ਪਏ ਆਗੂਆਂ ਦੀ ਜਾਗ ਖੋਲੀ ਸੀ ਤੇ ਹੁਣ ----। ਚੱਲ ਹਿਮਾ ਧੀਏ ਮੰਨ ਲੈ ਇਹਨਾਂ ਦੀਆਂ ਵਧਾਈਆਂ। ਗੱਲ ਗੱਲ 'ਤੇ ਟਊਂ ਟਊਂ ਕਰਨ ਵਾਲੇ ਮੀਡੀਏ ਦੀ ਜਾਗ ਤਾਂ ਅਜੇ ਵੀ ਨੀਂ ਖੁੱਲ੍ਹੀ। ਕਾਸ਼ ਕਿਤੇ ਤੇਰੇ ਨਾਲ ਕੋਈ ਪਾਕਿਸਤਾਨੀ ਦੌੜਾਕ ਦੌੜੀ ਹੁੰਦੀ। ਫੇਰ ਸ਼ਾਇਦ ਮੀਡੀਆ ਚੀਕਦਾ, "ਹਿਮਾ ਕੀ ਸਰਜੀਕਲ ਸਟਰਾਈਕ!" ਖ਼ੈਰ ਘਬਰਾ ਨਾ, ਮੀਡੀਆ ਅਜੇ ---ਗਾਂ, ਗੋਬਰ, ਗਿਆਨ ਗੋਸ਼ਟ, ਗੋਤਰ, ਗ੍ਰਹਿ ਦਿਸ਼ਾਵਾਂ ਤੇ ਗੱਪਾਂ 'ਚ ਬਿਜ਼ੀ ਹੈ। ਵਿਹਲਾ ਹੁੰਦਿਆਂ ਹੀ ਤੇਰੇ ਬਾਰੇ ਚਰਚਾ ਜ਼ਰੂਰ ਕਰੇਗਾ।
ਹਿਮਾ ਤੂੰ ਆਪਣੇ ਬਾਪ ਰਣਜੀਤ ਦਾਸ ਦਾ ਹੀ ਨਹੀਂ , ਦੇਸ਼ ਦੇ ਕਰੋੜਾਂ ਉਹਨਾਂ ਦੱਬੇ ਕੁਚਲੇ, ਲਤਾੜੇ ਤੇ ਜਾਤੀਵਾਦ ਦਾ ਸ਼ਿਕਾਰ ਬਣਾ ਕੇ ਨਿਤਾਣੇ ਬਣਾ ਦਿੱਤੇ ਗਏ ਲੋਕਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਜਿਨ੍ਹਾਂ ਨੂੰ ਕਦੇ ਮੌਕੇ ਹੀ ਨਹੀਂ ਦਿੱਤੇ। ਤੂੰ ਦੱਸ ਦਿੱਤਾ ਹੈ ਕਿ ਮੌਕੇ ਮਿਲਣ ਤਾਂ ਇਹ ਗ਼ਰੀਬ ਲੋਕ ਦੇਸ਼ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖ ਦੇਣ। ਕੀ ਖੇਡਾਂ, ਕੀ ਵਿਗਿਆਨ, ਕੀ ਇੰਜੀਨੀਅਰਿੰਗ--- ਇਹਨਾਂ ਦੇ ਖ਼ੂਨ 'ਚ ਦੇਸ਼ ਪ੍ਰਤੀ ਵਫ਼ਾਦਾਰੀ ਤੇ ਸਮਰਪਣ ਹੈ, ਇਹ ਹਰ ਖੇਤਰ 'ਚ ਮੱਲਾਂ ਮਾਰ ਸਕਦੇ ਨੇ।
ਹਿਮਾ ! ਤੈਨੂੰ ਦੌੜਦਿਆਂ ਵੇਖ ਦੇਸ਼ ਦੀ ਇਕ ਹੋਰ ਮਹਾਨ ਧੀ 'ਪੀ ਟੀ ਊਸ਼ਾ' ਚੇਤੇ ਆਈ ਸੀ। ਯਾਦ ਹੈ 1984 ਦਾ ਲਾਸ ਐਂਜਲਸ ਉਲੰਪਿਕ। ਇਕ ਸੈਕਿੰਡ ਦੇ ਸੌਵੇਂ ਹਿੱਸੇ ਨਾਲ ਤਮਗ਼ਾ ਜਿੱਤਣ ਤੋਂ ਰਹਿ ਗਈ। ਅਸੀਂ ਬਹੁਤ ਉਦਾਸ ਹੋਏ ਸਾਂ ਉਸ ਦਿਨ। ਉੱਡਣੇ ਸਿੱਖ ਮਿਲਖਾ ਸਿੰਘ ਤੋਂ ਬਾਅਦ ਇਹ ਇਕ ਸ਼ਾਨਦਾਰ ਪ੍ਰਾਪਤੀ ਸੀ। ਸਾਨੂੰ ਯਾਦ ਨੇ 1986 ਦੀਆਂ ਸਿਓਲ ਏਸ਼ੀਆਈ ਖੇਡਾਂ। ਕੁੱਲ ਪੰਜ ਸੋਨ ਤਮਗੇ ਜਿੱਤੇ ਸਨ ਆਪਣੇ ਦੇਸ਼ ਨੇ, ਇਹਨਾਂ 'ਚੋਂ ਚਾਰ ਇਕੱਲੀ ਪੀ ਟੀ ਊਸ਼ਾ ਦੇ ਸਨ। ਪੰਜਵਾਂ ਸੋਨ ਤਮਗ਼ਾ ਉੱਚ ਦੁਮਾਲੜੇ ਵਾਲੇ ਸੁਰ ਸਿੰਘੀਏ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੇ ਗਰਾਈਂ ਕਰਤਾਰ ਸਿੰਘ ਭਲਵਾਨ ਦਾ ਸੀ। 200, 400, 400 ਮੀਟਰ ਹਰਡਲਜ, 4×400 ਮੀਟਰ ਰਿਲੇਅ। ਦੇਸ਼ ਅਸ਼ ਅਸ਼ ਕਰ ਉੱਠਿਆ। ਪੀ ਟੀ ਊਸ਼ਾ ਨੇ 125 ਕਰੋੜੀ ਦੇਸ਼ ਨੂੰ ਨਮੋਸ਼ੀ ਤੋਂ ਬਚਾ ਲਿਆ ਸੀ। 1990 ਦੀਆਂ ਬੀਜਿੰਗ ਖੇਡਾਂ ਵਿਚ ਤਿੰਨ ਸਿਲਵਰ ਫੇਰ ਜਿੱਤ ਲਏ। ਸਰਕਾਰ ਨੇ ਪਦਮ ਸ਼੍ਰੀ ਦਿੱਤਾ ਹੈ। ਜੇ ਥਾਪਾ ਜਿਹਾ ਫੜਕੇ ਖੇਡੀ ਹੁੰਦੀ, ਨਾਲੇ ਰੱਜ ਕੇ ਨੋਟ ਕਮਾਏ ਹੁੰਦੇ ਨਾਲੇ ਪਦਮ ਭੂਸ਼ਨ ਡੁੱਕ ਲੈਂਦੀ। ਪਰ ਕੀ ਕਰਦੀ ਗ਼ਰੀਬ ਦੀ ਧੀ ਜੋ ਸੀ। ਜਿਨ੍ਹਾਂ ਦਾ ਤਾਂ ਪਰਛਾਵਾਂ ਵੀ ਵਰਜਿਤ ਹੈ। ਪਦਮ ਜਿੰਨਾ ਥੋੜ੍ਹਾ ਇਹਨਾਂ ਲਈ ? ਕਿਸੇ ਹੋਰ 'ਚ ਜੰਮੀ ਪਲੀ ਹੁੰਦੀ ਅਗਲਿਆਂ ਖੇਡ ਮੰਤਰੀ ਬਣਾ ਦੇਣੀ ਸੀ।
ਹਿਮਾ! ਅਜੇ ਤੂੰ ਮਹਿਜ਼ 19 ਸਾਲ ਤੇ 23 ਦਿਨਾ ਦੀ ਏਂ, ਬਹੁਤ ਅੱਗੇ ਜਾਣਾ ਏਂ। ਤੇਰੇ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਹੈ। ਤੈਨੂੰ ਦੌੜਨਾ ਹੀ ਪੈਣਾ ਹੈ। ਦੇਸ਼ ਦੇ ਗ਼ਰੀਬ ਲੋਕਾਂ ਲਈ। ਉਹਨਾਂ ਦੀ ਸ਼ਾਨ ਲਈ। ਜਿੰਨਾ ਨੂੰ ਇਸ ਦੇਸ਼ ਵਿੱਚ ਮਨੁੱਖ ਹੀ ਨਹੀਂ ਸਮਝਿਆ ਜਾਂਦਾ , ਤੂੰ ਉਹਨਾਂ ਦੀ ਪਛਾਣ ਗੂੜ੍ਹੀ ਕੀਤੀ ਹੈ। ਤੂੰ ਦੱਸ ਦਿੱਤਾ ਏ ਕਿ ਤਮਗੇ ਜਿੱਤਣ ਲਈ ਖ਼ੂਨ ਵਹਾਉਣਾ ਪੈਂਦਾ।
ਹਿਮਾ ! ਤੂੰ ਦੇਸ਼ ਦੀਆਂ ਤਮਾਮ ਧੀਆਂ ਦਾ ਸਿਰ ਉੱਚਾ ਕੀਤਾ ਹੈ। ਕੰਵਲਜੀਤ ਸੰਧੂ ਦੇਸ਼ ਦੀ ਪਹਿਲੀ ਧੀ ਸੀ ਜਿਸਨੇ 1970 ਦੀਆਂ ਬੈਂਕਾਕ ਏਸ਼ੀਆਈ ਖੇਡਾਂ ਵਿੱਚ 800 ਮੀਟਰ 'ਚ ਸੋਨ ਤਗਮਾ ਜਿੱਤਿਆ ਸੀ। ਉਸਤੋਂ ਬਾਅਦ ਗੀਤਾ ਜੁਤਸ਼ੀ, ਜਯੋਤੀਮਈ ਸਿਕਦਰ, ਬੀਨਾਮੋਲ, ਅੰਜੂ ਬੌਬੀ ਜਾਰਜ, ਸ਼ਾਇਨੀ ਅਬਰਾਹਮ, ਰੋਜ਼ਾ ਕੁੱਟੀ, ਸੀਮਾ ਪੂਨੀਆ, ਸੁਨੀਤਾ ਰਾਣੀ ਸੁਨਾਮ, ਖੁਸ਼ਬੀਰ ਕੌਰ----ਕਿੰਨੀਆਂ ਹੀ ਨੇ ਜਿੰਨਾ ਨੇ ਐਥਲੈਟਿਕਸ ਵਿੱਚ ਮੱਲਾਂ ਮਾਰੀਆਂ ਨੇ। ਤੈਨੂੰ ਦੌੜਦਿਆਂ ਵੇਖ ਹਾਕੀ ਵਾਲੀ ਗੋਲਡਨ ਗਰਲ ਰਾਜਬੀਰ ਕੌਰ ਚੇਤੇ ਆਈ ਹੈ। ਹਾਕੀ ਵਾਲੀਆਂ ਸੈਣੀ ਸਿਸਟਰਜ ਰੂਪਾ ਤੇ ਪਰੇਮਾ ਸੈਣੀ ਯਾਦ ਆਈਆਂ ਨੇ। ਕੁਸ਼ਤੀ ਵਾਲੀਆਂ ਹਰਿਆਣਵੀ ਫੌਗਟ ਭੈਣਾਂ--ਗੀਤਾ, ਬਬੀਤਾ ਅੱਖਾਂ ਮੂਹਰੇ ਨੇ। ਟੈਨਿਸ ਸਟਾਰ ਸਾਨੀਆ ਮਿਰਜ਼ਾ,ਬੈਡਮਿੰਟਨ ਦੀ ਖਿਡਾਰਨ ਸਾਇਨਾ ਨੇਹਵਾਲ, ਮਹਾਨ ਮੁੱਕੇਬਾਜ਼ ਮੈਰੀਕੌਮ, ਜਿਮਨਾਸਟਿਕ ਵਿੱਚ ਇਤਿਹਾਸ ਸਿਰਜਣ ਵਾਲੀ ਦੀਪਾ ਕਰਮਾਕਰ, ਨਿਸ਼ਾਨੇ ਫੁੰਡਣ ਵਾਲੀ ਅੰਜਲੀ ਭਾਗਵਤ,ਲੋਹੇ ਦੇ ਭਾਰੀ ਗੋਲੇ ਨੂੰ ਦੂਰ ਵਗਾਹ ਮਾਰਨ ਵਾਲੀ ਕ੍ਰਿਸ਼ਨਾ ਪੂਨੀਆ, ਕ੍ਰਿਕਟ ਵਾਲੀਆਂ ਮਿਥਾਲੀ ਰਾਜ ਤੇ ਮੋਗੇ ਵਾਲੀ ਕੁੜੀ ਹਰਮਨਪ੍ਰੀਤ, ਬੈਡਮਿੰਟਨ ਸਟਾਰ ਜਵਾਲਾ ਗੁਟਾ, ਵੇਟ ਲਿਫਟਰ ਕਰਨਮ ਮਲੇਸ਼ਵਰੀ ਤੇ ਹਵਾ ਨੂੰ ਗੰਢਾਂ ਦੇਣ ਵਾਲੀ ਦੌੜਾਕ ਦੂਤੀ ਚੰਦ ਸਮੇਤ ਹੋਰ ਕਿੰਨੀਆਂ ਹੀ ਮਹਾਨ ਖਿਡਾਰਨਾਂ ਦੀ ਪਰੰਪਰਾ ਨੂੰ ਅੱਗੇ ਤੋਰਿਆ ਹੈ। ਤੁਸੀਂ ਸਾਰੀਆਂ ਹੀ ਬੜੀਆਂ ਮਹਾਨ ਧੀਆਂ ਹੋ, ਦੇਸ਼ ਦੇ ਜਿੰਨਾ ਲੋਕਾਂ ਨੇ ਰੀਓ ਡੀ ਜਨੇਰੀਓ ਦੇ ਉਲੰਪਿਕ ਵਿੱਚ ਪੀ ਵੀ ਸਿੰਧੂ ਨੂੰ ਫਾਈਨਲ ਵਿੱਚ ਖਿਡਾਰਨ ਕੈਰੋਲੀਨਾ ਮਾਰਨ ਕੋਲੋਂ ਹਾਰ ਕੇ ਹੰਝੂ ਵਹਾਉਂਦਿਆਂ ਵੇਖਿਆ ਹੈ, ਉਹਨਾਂ ਦੀਆਂ ਅੱਖਾਂ ਉਹ ਸਮਾਂ ਯਾਦ ਕਰਕੇ ਅੱਜ ਵੀ ਨਮ ਹੋ ਜਾਂਦੀਆਂ ਨੇ।
ਅੱਜ ਔਰਤ ਨੂੰ ਪੈਰ ਦੀ ਜੁੱਤੀ ਆਖਣ ਵਾਲੇ ਮੰਨੂੰ ਤੇ ਤੁਲਸੀ ਦਾਸ ਵਰਗੇ ਸ਼ਰਮਿੰਦਾ ਹੁੰਦੇ ਹੋਣਗੇ। ਦਰੋਣਾਚਾਰੀਆ ਵੀ ਸ਼ਰਮਸਾਰ ਹੋਊ ਕਿ ਕਾਸ਼ ! ਏਕਲਵਯ ਤੋਂ ਅੰਗੂਠਾ ਨਾ ਲਿਆ ਹੁੰਦਾ। ਹਿਮਾ ! ਤੂੰ ਸੁਚੇਤ ਰਹੀ ਕੋਈ ਦਰੋਣਾਚਾਰੀਆ ਤੇਰਾ ਅੰਗੂਠਾ ਨਾ ਲੈ ਲਵੇ। ਉਂਜ ਤੂੰ ਬੜੀ ਖ਼ੁਸ਼ਕਿਸਮਤ ਏਂ ਜਿਸ ਨੂੰ ਨਿਪਨ ਵਰਗਾ ਕੋਚ ਮਿਲਿਆ ਹੈ।
ਹਿਮਾ ! ਅਜੇ ਕੱਲ੍ਹ ਦੀ ਗੱਲ ਹੈ ਜਦੋਂ ਤੂੰ ਰਾਸ਼ਟਰ ਮੰਡਲ ਖੇਡਾਂ ਵਿਚ 400ਮੀਟਰ ਦੌੜ 'ਚੋਂ 51,32 ਸੈਕਿੰਡ ਦੇ ਸਮੇਂ ਨਾਲ ਛੇਵੇਂ ਸਥਾਨ 'ਤੇ ਆਈ ਸੀ। ਪਰ ਅਸ਼ਕੇ ਤੇਰੇ ਤੂੰ ਨਿਰਾਸ਼ ਨਹੀਂ ਹੋਈ ਤੇ ਜਕਾਰਤਾ ਏਸ਼ੀਆਈ ਖੇਡਾਂ ਵਿੱਚ 4 ×400 ਮੀਟਰ ਦੌੜ ਵਿਚੋਂ ਸੋਨ ਤਗਮਾ ਜਿੱਤ ਲਿਆ। 4×400 ਮਿਕਸਡ ਵਿੱਚ ਵੀ ਸੋਨ ਜਿੱਤਿਆ ਤੇ 400 ਮੀਟਰ 'ਚ ਸਿਲਵਰ। ਬਾਪ ਦੇ ਦੋ ਕਿੱਲੇ ਜ਼ਮੀਨ 'ਚ ਦੌੜਦੀ ਹੋਈ ਸਟਾਰ ਬਣ ਗਈ ਏਂ । ਪ੍ਰੈਕਟਿਸ ਕਰਨ ਲਈ ਖੇਡ ਮੈਦਾਨ ਵੀ ਹੈ ਨੀ ਸੀ। ਅੱਜ ਤੂੰ ਆਸਾਮ ਦੇ ਨਗਾਉਂ ਜ਼ਿਲ੍ਹੇ ਦੇ ਪਿੰਡ ਡਿੰਗ ਦਾ ਹੀ ਮਾਣ ਨਹੀਂ, ਸਾਡਾ ਸਾਰਿਆਂ ਦਾ ਮਾਣ ਏਂ। ਸਾਨੂੰ ਮਾਣ ਹੈ ਕਿ 50 ਕੁ ਕਿੱਲੋ ਭਾਰ ਦੀ 5ਫੁੱਟ ਪੰਜ ਇੰਚ ਕੱਦ ਵਾਲੀ ਸਾਡੀ ਧੀ ਨੇ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਇਨਸਾਨ ਸਾਰੇ ਬਰਾਬਰ ਹੁੰਦੇ ਨੇ। ਆਪਣੇ ਆਪ ਨੂੰ ਉੱਚੇ ਸਮਝਣ ਵਾਲੇ ਅਸਲ ਵਿੱਚ ਨੀਵੇਂ ਹੁੰਦੇ ਨੇ। ਕਾਬਲੀਅਤ ਕਿਸੇ ਦੇ ਪਿਉ ਦੀ ਜਾਗੀਰ ਨਹੀਂ ਹੈ।
ਹਿਮਾ ! 400 ਮੀਟਰ ਦਾ ਰਾਸ਼ਟਰੀ ਰਿਕਾਰਡ 50-79 ਸੈਕਿੰਡ ਦੇ ਸਮੇਂ ਨਾਲ ਤੇਰੇ ਨਾਮ ਬੋਲਦਾ ਹੈ ਜੋ ਤੂੰ ਜਕਾਰਤਾ ਏਸ਼ੀਆਈ ਖੇਡਾਂ ਵਿੱਚ ਪੈਦਾ ਕੀਤਾ ਸੀ। ਅਸੀਂ ਤੇਰੇ ਆਪਣੇ, ਚਾਹੁੰਦੇ ਹਾਂ ਕਿ ਆਪਣੇ ਰਿਕਾਰਡ ਨੂੰ ਤੂੰ ਆਪ ਹੀ ਤੋੜ ਦੇਵੇਂ। ਅਸੀਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।
ਤੇ ਹਾਂ ! ਹਿਮਾ ਧੀਏ, ਜੇਤੂ ਮੰਚ 'ਤੇ ਚੜ੍ਹ ਕੇ ਭਾਵਕ ਹੋ ਜਾਨੀ ਏਂ। ਇਉਂ ਭਾਵਕ ਨਾ ਹੋਇਆ ਕਰ। ਅਜੇ ਤੇਰੇ ਭਾਵਕ ਹੋਇਆਂ ਸਰਨਾ ਨਹੀਂ। ਉਂਜ ਮੈਨੂੰ ਪਤਾ ਤੈਨੂੰ ਮਾਂ ਦੀਆਂ ਪਾਟੀਆਂ ਵਿਆਈਆਂ ਚੇਤੇ ਆ ਜਾਂਦੀਆਂ ਹੋਣਗੀਆਂ। ਬਾਪੂ ਦੇ ਅੱਟਣਾਂ ਵਾਲੇ ਹੱਥ ਤੇਰੀਆਂ ਅੱਖਾਂ ਅੱਗੇ ਆ ਜਾਂਦੇ ਹੋਣਗੇ। ਪੁਰਖਿਆਂ ਵੱਲੋਂ ਹੰਢਾਈ ਜਾਤੀ ਪੀੜਾ ਤੈਨੂੰ ਵਿੰਨ੍ਹ ਸੁੱਟਦੀ ਹੋਵੇਗੀ। ਜਾਤੀਵਾਦ ਦੇ ਫਲੂ ਨਾਲ ਅੰਨ੍ਹੇ ਹੋਏ ਲੋਕਾਂ ਹੱਥੋਂ ਵਾਰ ਵਾਰ ਹੋਈ ਜ਼ਲਾਲਤ ਨੇ ਤੇਰੇ ਅੰਦਰੋਂ ਰੁੱਗ ਭਰ ਲਿਆ ਹੋਊ ਪਰ ਤੈਨੂੰ ਆਪਣੇ ਦਿਲ ਨੂੰ ਚਟਾਨ ਵਰਗਾ ਬਣਾਉਣ ਦੀ ਲੋੜ ਹੈ। ਪੀ ਟੀ ਊਸ਼ਾ ਤੇਰੇ ਕੋਲ ਹੈ ਹੌਸਲਾ ਦੇਣ ਲਈ। ਤੀਹ ਸਾਲ ਪਹਿਲਾਂ ਗ਼ਰੀਬ ਦੀ ਧੀ ਪੀ ਟੀ ਊਸ਼ਾ ਨੇ 4 ਸੋਨ ਤਮਗੇ ਜਿੱਤ ਕੇ ਦੇਸ਼ ਦੀ ਲਾਜ ਰੱਖੀ ਸੀ, ਹੁਣ ਤੇਰੀ ਵਾਰੀ ਹੈ। ਤੂੰ 100, 200,400, 4×400,4×100 ਤੇ 4×400 ਮੀਟਰ ਮਿਕਸਡ ਰਿਲੇਅ ਦੀ ਬੇਨਜ਼ੀਰ ਧਾਵਕ ਏਂ। ਆਪਣੀ ਵੱਡੀ ਦੀਦੀ ਤੇ ਗੁਰੂ ਪੀ ਟੀ ਊਸ਼ਾ ਵਾਂਗ ਗੋਲਡਨ ਗਰਲ ਅਖਵਾਉਣਾ ਏ। ਅਜੇ ਤੂੰ ਬਹੁਤ ਉੱਚੀ ਪਰਵਾਜ਼ ਭਰਨੀ ਹੈ। ਅਜੇ ਬੜੀਆਂ ਪ੍ਰੀਖਿਆਵਾਂ ਹੋਣੀਆਂ ਨੇ ਤੇਰੀਆਂ। 'ਸਿਤਾਰੋਂ ਸੇ ਆਗੇ ਆਸਮਾਂ ਔਰ ਭੀ ਹੈ।"
2 ਜੁਲਾਈ ਪੋਲੈਂਡ ਵਿੱਚ ਜਿੱਤੇ ਪਹਿਲੇ ਤਮਗੇ ਤੋਂ ਅੱਜ 23 ਜੁਲਾਈ ਨੂੰ ਜਿੱਤੇ ਛੇਵੇਂ ਤਗਮੇ ਤੱਕ ਦੀ ਯਾਤਰਾ ਲਈ ਤੈਨੂੰ ਮੈਨੂੰ ਸਾਰਿਆਂ ਨੂੰ ਵਧਾਈਆਂ। ਸਾਡੀਆਂ ਸ਼ੁੱਭ ਇੱਛਾਵਾਂ ਤੇ ਦੁਆਵਾਂ ਤੇਰੇ ਨਾਲ ਨੇ। ਟਵਿਟਰ 'ਤੇ ਨਹੀਂ ਅਸੀਂ ਆਪਣੇ ਦਿਲ 'ਤੋਂ ਸ਼ੁਭ ਇੱਛਾਵਾਂ ਭੇਜਦੇ ਹਾਂ।
ਤੇਰਾ ਸਫ਼ਰ ਜਾਰੀ ਰਹਿਣਾ ਚਾਹੀਦਾ ਹੈ ! ਤੂੰ ਦੌੜਨਾ ਏਂ। ਆਪਣੇ ਲਈ। ਮਾਂ ਬਾਪ ਲਈ। ਡਿੰਗ ਤੇ ਆਸਾਮ ਲਈ। ਦੇਸ਼ ਲਈ ਤੇ ਦੇਸ਼ ਦੇ ਦੱਬੇ ਕੁਚਲੇ ਲੋਕਾਂ ਦੀ ਸ਼ਾਨ ਸਲਾਮਤ ਰੱਖਣ ਲਈ।
ਹਿਮਾ ! ਦੇਸ਼ ਟੈਕਸ ਚੋਰਾਂ ਦਾ ਨਹੀਂ , ਆਪਣਾ ਹੈ। ਅਸਲੀ ਲੋਕਾਂ ਦਾ। ਲੋਟੂ ਰਾਜੇ ਰਜਵਾੜੇ ਇਹਦੇ ਮਾਮੇ ਨੀ ਲੱਗਦੇ। ਇਹ ਤਾਂ ਸਿਉਂਕ ਨੇ ਦੇਸ਼ ਨੂੰ ਚਿੰਬੜੀ ਹੋਈ। ਆਪਾਂ ਚਮਕਾਉਣਾ ਹੈ ਦੇਸ਼ ਦਾ ਨਾਂ। ਆਪਣੀ ਲੋੜ ਹੈ ਦੇਸ਼ ਨੂੰ ਚਮਕਦਾ ਤੇ ਦਮਕਦਾ ਰੱਖਣਾ। ਤੂੰ ਜਿੱਤੇਂਗੀ ਤਾਂ ਦੇਸ਼ ਜਿੱਤੇਗਾ, ਤੇਰੇ ਲੋਕ ਜਿੱਤਣਗੇ। ਸੋ ਧੀਏ ਰਾਣੀਏ ਤਕੜੀ ਹੋਕੇ ਖੇਡ। ਜ਼ਿੰਦਗੀ ਜ਼ਿੰਦਾਬਾਦ !
-
ਗੁਰਮੀਤ ਕੜਿਆਲਵੀ, ਨਾਮਵਰ ਪੰਜਾਬੀ ਲੇਖਕ
gurmeetkaryalvi@gmail.com
+91-8146100994
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.