ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਪੰਜਾਬ ਖੇਤੀ ਯੂਨੀਵਰਸਿਟੀ ਤੋਂ ਸਰਗਰਮ ਕਰਕੇ ਮੋਗਾ ਗੋਲੀ ਕਾਂਡ ਉਪਰੰਤ ਪੂਰੇ ਪੰਜਾਬ ਦੀ ਇਨਕਲਾਬੀ ਲਹਿਰ ਬਣਾਉਣ ਵਾਲੇ ਯੋਧੇ ਬਲਕਾਰੀ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਦਾ ਇਹ ਖੂਬਸੂਰਤ ਚਿਤਰ ਪਾਕਿਸਤਾਨ ਦੇ ਚਿਤਰਕਾਰ , ਅਦੀਬ ਤੇ ਪੁਸਤਕ ਪ੍ਰਕਾਸ਼ਕ ਆਸਿਫ਼ ਰਜ਼ਾ(ਸ਼ੇਖੂਪੁਰਾ) ਨੇ ਬਣਾਇਆ ਹੈ।
ਮੈਨੂੰ ਇਹ ਚਿਤਰ ਕਿਸੇ ਵੀਰ ਨੇ ਅੱਜ ਸਵੇਰੇ ਹੀ ਭੇਜਿਆ ਹੈ। ਬਹੁਤ ਖੂਬਸੂਰਤ ਚਿਤਰਾਂਕਣ ਹੈ।
ਸਾਡੇ ਪਿੰਡ ਭਾਵੇਂ ਲਾਗੋ ਲਾਗ ਸਨ ਪਰ ਲੁਧਿਆਣੇ ਰਹਿ ਕੇ ਵੀ ਮੇਰੀ ਸਿੱਧੀ ਮੇਲ ਮੁਲਾਕਾਤ ਫ਼ਾਸਲੇ ਤੋਂ ਰਹੀ ਭਾਵੇਂ ਉਸ ਦੇ ਵਿਸ਼ਵਾਸਪਾਤਰ ਭਾ ਜੀ ਕਰਮਜੀਤ ਸਿੰਘ, ਪਰਵਿੰਦਰਸਿੰਘ ਜ਼ੈਲਦਾਰ , ਬਲਜੀਤ ਬੱਲੀ (ਤਿਰਛੀ ਨਜ਼ਰ ਵਾਲੇ) ਤੇ ਸ੍ਵ: ਜਸਵਿੰਦਰ ਪਸਨਾਂਵਾਲ ਨਾਲ ਨੇੜਤਾ ਰਹੀ। ਜ਼ੈਲਦਾਰ ਫਿਰ ਕਦੇ ਨਹੀਂ ਮਿਲਿਆ।
ਮੇਰੇ ਪਿੰਡ ਬਸੰਤਕੋਟ ਤੋਂ ਉਹਦਾ ਜੱਦੀ ਪਿੰਡ ਛਿਛਰੇਵਾਲ ਸਿਰਫ਼ ਪੰਜ ਛੇ ਕਿਲੋਮੀਟਰ ਸੀ। ਗੁਰੂ ਨਾਨਕ ਕਾਲਿਜ ਕਾਲਾ ਅਫ਼ਗਾਨਾ ਦੀ ਵਾੜ ਨਾਲ ਲੱਗਵੀਂ ਜ਼ਮੀਨ ਉਨ੍ਹਾਂ ਦੇ ਟੱਬਰ ਦੀ ਸੀ। ਉਸ ਦੇ ਚਾਚਾ ਜੀ ਹਰਬੰਸ ਸਿੰਘ ਰੰਧਾਵਾ ਸਾਡੇ ਕਾਲਿਜ ਦੇ ਦਫ਼ਤਰੀ ਅਮਲੇ ਚ ਸਨ।
ਪਿਰਥੀਪਾਲ ਸਿੰਘ ਰੰਧਾਵਾ ਜੇ ਪਿਤਾ ਜੀ ਦਾ ਪਰਿਵਾਰ ਦਸੂਹਾ ਨੇੜੇ ਚਲਾ ਗਿਆ ਹੋਣ ਕਾਰਨ ਛਿਛਰੇਵਾਲ ਦਾ ਹਵਾਲਾ ਕੁਝ ਦੋਸਤਾਂ ਨੂੰ ਓਪਰਾ ਜਾਪੇਗਾ।
ਪਰ ਸਬੱਬ ਵੇਖੋ ਕਦੇ ਨੇੜ ਨਾ ਰਿਹਾ।
ਪਰ ਮੈਨੂੰ ਉਹ ਚੰਗਾ ਬਹੁਤ ਲੱਗਦਾ ਸੀ, ਸਿਰ ਤੋਂ ਪੈਰਾਂ ਤੀਕ ਸਮਰਪਣ ਲੋਕ ਹਿਤਾਂ ਲਈ।
ਅੱਜ ਜਸਪਾਲ ਜੱਸੀ ਦੀ ਸੰਪਾਦਨਾ ਵਾਲਾ ਪਰਚਾ ਸੁਰਖ਼ ਲੀਹ ਮਿਲਿਆ ਹੈ। ਮੁੱਖ ਪੰਨੇ ਤੇ ਜੂਨ ਜੁਲਾਈ ਮਹੀਨੇ ਸ਼ਹੀਦ ਹੋਏ , ਵਿੱਛੜੇ ਇਨਕਲਾਬੀ ਯੋਧਿਆਂ ਚ ਉਸ ਦੀ ਤਸਵੀਰ ਵੀ ਹੈ।
ਮੈਂ ਉਸ ਦੇ ਸਮਕਾਲੀਆਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਪਿਰਥੀਪਾਲ ਸਿੰਘ ਰੰਧਾਵਾ ਦੇ ਜੀਵਨ, ਸੰਘਰਸ਼ , ਲਿਖਤਾਂ ਤੇ ਸਰਗਰਮੀਆਂ ਦਾ ਪੁਸਤਕ ਰੂਪੀ ਦਸਤਾਵੇਜ਼ ਜ਼ਰੂਰ ਪ੍ਰਕਾਸ਼ਤ ਕਰੋ।
ਇਹ ਕਾਰਜ ਇਤਿਹਾਸ ਰੇਖਾ ਨੂੰ ਸਿੱਧੀ ਰੱਖੇਗਾ।
ਉਦੋਂ ਦੇ ਮੈਗਜ਼ੀਨ ਵਿਦਿਆਰਥੀ ਚੋਂ ਉਹਦੀਆਂ ਲਿਖਤਾਂ ਲੱਭ ਜਾਣਗੀਆਂ।
ਪਾਸ਼ ਨੇ ਪਿਰਥੀਪਾਲ ਦੇ ਕਤਲ ਤੇ ਬਹੁਤ ਜਾਨਦਾਰ ਭਾਵ ਪੂਰਵਕ ਸੁਜਿੰਦ ਕਵਿਤਾ ਲਿਖੀ ਸੀ ਨਿੱਕੀ ਜੇਹੀ।
ਪਿਰਥੀਪਾਲ ਦੇ ਜਾਣ ਤੇ ਕਿਹੜੀ ਅੱਖ ਨਹੀਂ ਸੀ ਰੋਈ।
ਗੁਰਭਜਨ ਗਿੱਲ
25.7.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.