ਖ਼ਬਰ ਹੈ ਕਿ ਸਿਆਣੇ ਕਹਿੰਦੇ ਹਨ ਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਆਪਣੇ ਤਿੱਖੇ ਭਾਸ਼ਣਾ ਕਾਰਨ ਜਾਣੇ ਜਾਂਦੇ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦੇ ਦੂਜੀ ਵੇਰ ਦੇ ਮੁਖ ਮੰਤਰੀ ਅਮਰਿੰਦਰ ਸਿਮਘ ਨਾਲ ਪੰਗਾ ਲੈਣਾ ਮਹਿੰਗਾ ਪਿਆ। ਸਿਆਸਤ ਵਿੱਚ ਕੁਝ ਵੀ ਹੋ ਸਕਦਾ ਹੈ। ਹੋ ਸਕਦਾ ਹੈ ਕਿ ਸਿੱਧੂ ਦਾ ਇਹ ਫੈਸਲਾ ਉਹਨਾ ਲਈ ਸੋਨੇ ਉਤੇ ਸੁਹਾਗੇ ਦਾ ਕੰਮ ਕਰ ਜਾਵੇ ਜਾਂ ਫਿਰ ਮੁੜ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਤੇ ਲੈ ਆਵੇ। ਸਿੱਧੂ ਪਿਛਲੇ ਇੱਕ ਮਹੀਨੇ ਤੋਂ ਆਪਣਾ ਨਵਾਂ ਬਿਜਲੀ ਮਹਿਕਮਾ ਨਹੀਂ ਸੰਭਾਲ ਰਹੇ ਸਨ ਤੇ ਚੁੱਪ ਬੈਠੇ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਣ ਉਹਨਾ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ।
ਲੱਸੀ ਤੇ ਲੜਾਈ ਦਾ ਵਧਾਉਣਾ ਕੋਈ ਮੁਸ਼ਕਲ ਤਾਂ ਹੁੰਦਾ ਹੀ ਨਹੀਂ। ਦੇਖੋ-ਦੇਖੀ ਵਿੱਚ ਦੋਵੇ ਨੇਤਾ ਦੁੱਥਮ-ਗੁੱਥਾ ਹੋ ਗਏ। ਕਿਸੇ ਨੇ ਛੁਡਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਮਿੰਟਾਂ ਸਕਿੰਟਾਂ 'ਚ ਡਾਗਾਂ ਨਿਕਲ ਆਈਆਂ। ਉਹਨਾ ਇੱਕ ਦੂਜੇ ਦੇ ਪੋਤੜੇ ਫੋਲੇ, ਤਾਹਨੇ –ਮਿਹਣੇ ਦਿੱਤੇ। ਜਿਵੇਂ ਕਹਿੰਦੇ ਨੇ ਕਿ ਜਿਹੀ ਮਹਾਰਾਣੀ ਤਿਹੇ ਵਜ਼ੀਰ ਸਨ, ਭਾਵ ਭੈੜੇ ਦੇ ਭੈੜੇ ਸਲਾਹਕਾਰ। ਇਹੋ ਜਿਹੇ ਦਲਦਲ 'ਚ ਫਸੇ, ਪੈਰਾਂ ਹੇਠ ਗਾਰਾ ਆਇਆ, ਜਿਹੜਾ ਦੋਹਾਂ ਨੂੰ ਹੀ ਰਾਸ ਨਹੀਂਓ ਆਇਆ।
ਸਭ ਰਾਜਨੀਤੀ ਦੀਆਂ ਖੇਡਾਂ ਨੇ । ਨੇਤਾ ਆਪਣਾ ਹਿੱਤ ਟੋਲਦੇ ਆ। ਕੂੜ ਕੁਫਰ, ਕੁਸੱਤ ਨਿੱਤ ਬੋਲਦੇ ਆ। ਲੋਕ ਭਾਵੇਂ ਤਿਲ ਤਿਲ ਕਰਕੇ ਮਰ ਜਾਣ, ਉਹ ਤਾਂ ਮਰਦੇ ਵੀ ਦੂਜੇ ਦੀ ਪੱਗ ਰੋਲਦੇ ਆ। ਤਦੇ ਤਾਂ ਇਹਨਾ ਨੇਤਾਵਾਂ ਬਾਰੇ ਕਵੀ ਲਿਖਦਾ ਆ, "ਕੁਰਸੀ ਖਿਸਕਦੀ ਜਦੋਂ ਹੈ ਨਜ਼ਰ ਆਉਂਦੀ, ਨੇਤਾ ਤੜਫਦਾ ਕਲਪਦਾ, ਲੁੱਛਦਾ ਏ"।
ਹਾਂਡੀ ਉਬਲੂ ਤੇ ਆਪਣੇ ਕੰਢੇ ਹੀ ਸਾੜੂ
ਉਤਰਪ੍ਰਦੇਸ਼ ਦੇ ਸੋਨਭੱਦਰ ਕਤਲੇਆਮ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਚਰਚਾ ਵਿੱਚ ਰਹੀ। ਉਸਨੂੰ ਮੌਕੇ ਤੇ ਰੋਸ ਧਰਨੇ ਵਿੱਚ ਜਾਣ ਤੋਂ ਪੁਲਿਸ ਨੇ ਰੋਕ ਦਿੱਤਾ ਅਤੇ ਹਿਰਾਸਤ ਵਿੱਚ ਲੈ ਲਿਆ । ਪ੍ਰਿਅੰਕਾ ਗਾਂਧੀ ਵਲੋਂ ਭੁੱਖ ਹੜਤਾਲ 'ਤੇ ਬੈਠਣ ਤੇ ਕਾਂਗਰਸ ਦੇ ਵੱਡੇ ਆਗੂਆਂ ਦੇ ਉਥੇ ਕੂਚ ਕਰਨ ਨਾਲ ਸ਼ਾਸ਼ਨ-ਪ੍ਰਸ਼ਾਸਨ ਬੈਕ ਫੁੱਟ 'ਤੇ ਆ ਗਿਆ ਅਤੇ ਧਰਨੇ ਵਾਲੀ ਥਾਂ ਤੇ ਪ੍ਰਿਅੰਕਾ ਨੂੰ ਪੀੜਤਾਂ ਨਾਲ ਮਿਲਾਇਆ ਗਿਆ। ਇਸ ਤੋਂ ਬਾਅਦ ਬਿਨ੍ਹਾਂ ਕਿਸੇ ਸ਼ਰਤ ਜਾਂ ਮੁੱਚਲਕੇ ਦੇ ਪ੍ਰਿਅੰਕਾ ਗਾਂਧੀ ਨੂੰ ਛੱਡ ਦਿੱਤਾ ਗਿਆ ਅਤੇ ਮਿਰਜਾਪੁਰ (ਯੂਪੀ) ਤੋਂ ਜਾਣ ਦਿੱਤਾ ਗਿਆ।
ਰਾਹੁਲ ਦੇਸ਼ ਦੁਆਬਾ ਘੁੰਮਿਆ, ਕੰਨਿਆ ਕੁਮਾਰੀ ਤੋਂ ਕਸ਼ਮੀਰ ਦੀ ਉਸ ਯਾਤਰਾ ਕੀਤੀ। ਬੰਗਾਲ, ਅਸਾਮ, ਯੂਪੀ, ਪਤਾ ਨਹੀਂ ਕਿਥੇ ਕਿਥੇ ਰੋਇਆ, ਕੁਰਲਾਇਆ, ਆਖਿਆ, "ਹਾਕਮ ਚੋਰ ਹੈ"। ਆਖਿਆ "ਹਾਕਮ ਬੇਈਮਾਨ ਹੈ"। ਆਖਿਆ, "ਹਾਕਮ ਭ੍ਰਿਸ਼ਟ ਹੈ"। ਆਖਿਆ ਇਹ ਹਾਕਮ ਆਊ ਤਾਂ ਗੁਰਬਤ ਲਿਆਉ ਪਰ ਹਫੇ ਹੋਏ ਰਾਹੁਲ ਭਾਈ ਦੀ ਕਿਸੇ ਨਾ ਸੁਣੀ। ਪ੍ਰਿਅੰਕਾ ਵੀ ਤਿਲਮਲਾਈ। ਵੀਰੇ ਦੇ ਗੁਣ ਗਾਏ ਪਰ ਵੀਰੇ ਰਾਹੁਲ ਨੂੰ ਰਾਸ ਹੀ ਨਾ ਆਏ। ਵੀਰਾ, ਹਫ, ਟੁੱਟ ਕੇ ਜਾਪਦੈ ਹਿਰਨਾ ਦੇ ਸਿੰਗੀ ਜਾ ਚੜ੍ਹਿਆ ਆ। ਤਦੇ ਭਾਈ ਪ੍ਰਿਅੰਕਾ ਆਈ ਆ। ਲੋਕਾਂ ਸੰਗ ਉਸ ਰਤਾ ਕੁ ਸਾਂਝ ਪਾਈ ਆ।
ਨਹੀਂ ਜਾਣਦੀ ਬੀਬੀ ਪ੍ਰਿਅੰਕਾ ਕਿ ਭਾਈ ਯੋਗੀ ਉਤਰ ਪਹਾੜੋਂ ਆਇਆ ਆ। ਉਸ ਯੂਪੀ 'ਚ ਕਾਂਗਰਸ, ਭੂਆ ਤੇ ਭਤੀਜੇ ਦਾ ਸਫਾਇਆ ਕਰਤਾ ਆ। ਹੁਣ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਕੀ ਬੋਲਦਾ? ਕੌਣ ਕੀ ਕਰਦਾ? ਉਹ ਤਾਂ ਆਪਣੀ ਚਾਲੇ ਚੱਲਦਾ, ਆਪਣਾ ਗੁਪਤ ਅਜੰਡਾ ਲਾਗੂ ਕਰਦਾ ਤੁਰਿਆ ਜਾਂਦਾ। ਕੋਈ ਨੇਤਾ ਬੋਲੂ ਜਾਂ ਕੁਝ ਕਰੂ, ਹਾਂਡੀ ਉਬਲੂ ਤੇ ਆਪਣੇ ਕੰਢੇ ਹੀ ਸਾੜੂ"।
ਯਕ ਨਾ ਸ਼ੁਦ, ਦੋ ਸ਼ੁਦ
ਰਾਜ ਸਭਾ ਵਿੱਚ ਬਹੁਮਤ ਦੇ ਅੰਕੜੇ ਤੋਂ ਸਿਰਫ਼ ਪੰਜ ਸਾਂਸਦਾਂ ਦੀ ਕਮੀ ਨਾਲ ਜੂਝ ਰਹੀ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਦੀ ਇਹ ਕਸਕ ਜਲਦੀ ਹੀ ਪੂਰੀ ਹੋਣ ਵਾਲੀ ਹੈ।
ਸਪਾ ਸਾਂਸਦ ਨੀਰਜ ਸ਼ੇਖਰ ਦੀ ਤਰਜ਼ 'ਤੇ ਦੂਸਰੇ ਦਲਾਂ ਦੇ ਘੱਟ-ਘੱਟ ਛੇ ਸਾਂਸਦ ਰਾਜਸਭਾ ਤੋਂ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਇਹਨਾ ਵਿੱਚੋਂ ਚਾਰ ਸਾਂਸਦ ਯੂਪੀ ਤੋਂ ਹੀ ਹਨ। ਇਸ ਨਾਲ ਸਰਕਾਰ ਰਾਜਸਭਾ ਵਿੱਚ ਲਟਕਿਆ ਤਿੰਨ ਤਲਾਕ ਵਾਲਾ ਬਿੱਲ ਪਾਸ ਕਰਵਾ ਸਕੇਗੀ ਤੇ ਉਸਨੂੰ ਦੂਜੀਆਂ ਪਾਰਟੀਆਂ ਦੇ ਮੂੰਹ ਵੱਲ ਨਹੀਂ ਝਾਕਣਾ ਪਵੇਗਾ।
ਹੈਂ! 'ਯਕ ਨਾ ਸ਼ੁਦ, ਦੋ ਸ਼ੁਦ' ਅੱਗੇ ਤਾਂ ਭਾਜਪਾ ਵਾਲਿਆਂ ਨੂੰ ਸ਼ਾਤਰ ਹੀ ਗਿਣਦੇ ਸਾਂ, ਇਹ ਤਾਂ ਪੱਕੇ ਜੁਆਰੀਏ ਵੀ ਨਿਕਲੇ। ਜਿਹੜੇ ਬਾਹਰ ਮੁਖੀ ਤਾਂ ਮਿੱਤਰ ਨੇ ਪਰ ਅੰਦਰੋਂ ਨੇ ਉੱਕੇ ਵੈਰੀ। ਉਂਜ ਭਾਈ ਬਟੇਰੇ ਫੜਨਗੇ, ਪਿੰਜਰੇ ਪਾਉਣਗੇ ਅਤੇ ਮੌਕਾ ਆਇਆ ਤੇ ਮੇਨਿਕਾ ਗਾਂਧੀ ਤੇ ਉਹਦੇ ਪੁੱਤਰ ਵਰੁਣ ਗਾਂਧੀ ਨੂੰ ਜਿਵੇਂ ਹੱਥ ਵਿਖਾਇਆ, ਇਵੇਂ ਹੀ ਵਿਖਾਉਣਗੇ, ਕਰ ਦਿੱਤੇ ਨਾ ਦੋਵੇਂ ਕੱਖੋਂ ਹੌਲੇ ਮੰਤਰੀਪੁਣਾ ਖੋਹਕੇ। ਹੁਣ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਪੁੱਤਰ 'ਤੇ ਚੂਹੇਦਾਨੀ ਲਾਈ। ਇਹੋ ਗੁਰ ਦੂਜਿਆਂ 'ਤੇ ਅਪਣਾਉਣਗੇ। ਉਂਜ ਭਾਈ ਮਸ਼ਹੂਰ ਨੇ ਭਗਵੇਂ ਜਿਹੜੇ ਮੂੰਹ ਦੀ ਲਹਿਰ ਬਹਿਰ ਲਾਉਂਦੇ ਨੇ ਮੋਦੀ ਵਾਂਗਰ ਹੱਥਾਂ ਦੀ ਹੜਤਾਲ ਕਰਦੇ ਨੇ ਜਮ੍ਹਾਂ ਜਬਾਨੀ ਬਥੇਰਾ ਖਰਚ ਕਰਦੇ ਆ, ਪਰ ਪੱਲੇ ਕੁਝ ਨਹੀਂਓ ਪਾਉਂਦੇ। ਵੇਖੋ ਨਾ ਜੀ ਨੋਟ ਬੰਦੀ, ਜਨ ਧਨ ਨਾਲ ਕਿਵੇਂ ਲੋਕਾਂ ਤੇ ਧੰਨ ਦੀ ਵਰਖਾ ਕੀਤੀ, ਉਹਨਾ ਦਾ ਸਭ ਕੁਝ ਸਮੇਟਿਆ ਤੇ ਪੰਜਾਬੀ ਦੀ ਕਹਾਵਤ, "ਯਕ ਨਾ ਸ਼ੁਦ, ਦੋ ਸ਼ੁਦ" ਨੂੰ ਸੱਚ ਕਰ ਵਿਖਾਇਆ ਹੈ। ਕਿ ਨਾ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਗਰੀਬੀ ਅਤੇ ਕੁਪੋਸ਼ਣ ਕਾਰਨ ਦੁਨੀਆ ਭਰ 'ਚ 5 ਸਾਲ ਦੀ ਉਮਰ ਪੂਰੀ ਕਰਨ ਤੋਂ ਪਹਿਲਾਂ ਹੀ 2017 ਦੀ ਇੱਕ ਰਿਪੋਰਟ ਮੁਤਾਬਿਕ 1000 ਬੱਚਿਆਂ ਪਿੱਛੇ ਪਾਕਿਸਤਾਨ ਵਿੱਚ 75 ਬੱਚੇ ਮਰ ਜਾਂਦੇ ਹਨ, ਜਿਸਦਾ ਦੁਨੀਆਂ 'ਚ ਪਹਿਲਾ ਸਥਾਨ ਹੈ ਜਦਕਿ ਭਾਰਤ ਵਿੱਚ 1000 ਪਿੱਛੇ 39 ਬੱਚੇ ਮਰ ਜਾਂਦੇ ਹਨ, ਜਿਸਦਾ ਦੁਨੀਆਂ 'ਚ ਦੂਜਾ ਸਥਾਨ ਹੈ।
ਇੱਕ ਵਿਚਾਰ
ਆਪਣੇ ਇਰਾਦਿਆਂ ਨੂੰ ਮਜ਼ਬੂਤ ਰੱਖੋ। ਲੋਕ ਜੋ ਕਹਿਣਗੇ ਉਹਨਾ ਨੂੰ ਕਹਿਣ ਦਿਉ। ਇੱਕ ਦਿਨ ਉਹੀ ਲੋਕ ਤੁਹਾਡੇ ਗੁਣ ਗਾਉਣਗੇ।............ਸਵਾਮੀ ਵਿਵੇਕਾਨੰਦ
23.07.2019
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoomail.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.