ਅਧਿਆਪਕ ਜਥੇਬੰਦੀਆਂ ਤੋਂ ਲੋਕ ਜੀਵਨ ਸੰਘਰਸ਼ ਦੇ ਸੂਰਮੇ ਸੁਖਦੇਵ ਬੜੀ ਦੇ ਜੀਵਨ ਤੇ ਸੰਘਰਸ਼ ਬਾਰੇ ਮੇਰੇ ਮਿੱਤਰ ਤੇ ਚੰਗੇ ਸ਼ਾਇਰ ਸੁਖਦੇਵ ਸਿੰਘ ਔਲਖ ਨੇ ਸੰਘਰਸ਼ੀ ਯੋਧਾ ਪੁਸਤਕ ਪੇਸ਼ ਕੀਤੀ ਹੈ।
ਇਸ ਚ ਮਹਿਮਾ ਗਾਨ ਨਹੀਂ, ਸਿੱਧਮ ਸਿੱਧੇ ਸਵਾਲ ਹਨ ਜਿੰਨ੍ਹਾਂ ਦੇੇ ਜਵਾਬ ਬੜੀ ਜੀ ਨੇ ਦਿੱਤੇ ਹਨ।
ਮੈਨੂੰ ਯਾਦ ਹੈ ਕਦੇ ਸਾਡੇ ਵੱਡੇ ਵੀਰ ਹਰਨੇਕ ਸਿੰਘ ਸਰਾਭਾ ਅਧਿਆਪਕ ਜਥੇਬੰਦੀ ਚ ਸਰਗਰਮ ਸਨ ਉਦੋਂ ਰਘੁਬੀਰ ਸਿੰਘ ਗੁਰਦਾਸਪੁਰ,ਪਰਮਜੀਤ ਗਾਂਧਰੀ ਜਲੰਧਰ,ਸੁਖਦੇਵ ਬੜੀ ਸੰਗਰੂਰ, ਹਰਕੰਵਲ ਸਿੰਘ ਹੋਸ਼ਿਆਰਪੁਰ,ਤੇ ਤਰਲੋਚਨ ਸਿੰਘ ਰਾਣਾ ਰੋਪੜ ਦੇ ਨਾਮ ਦਾ ਸਿੰਘਨਾਦ ਗੂੰਜਦਾ ਸੀ।
ਜਥੇਬੰਦੀ ਚ ਜਾਨ ਸੀ। ਹੌਲੀ ਹੌਲੀ ਹਕੂਮਤਾਂ ਨੇ ਵਰਗ ਵੰਡੀ ਟੁਕੜੇ ਕਰ ਦਿੱਤੇ। ਰੀੜ੍ਹ ਦੀ ਹੱਡੀ ਕਮਜ਼ੋਰ ਪਾ ਦਿੱਤੀ।
ਬੜੀ ਸਾਹਿਬ ਸੇਵਾਮੁਕਤੀ ਤੋਂ ਬਾਦ ਘਰ ਨਹੀਂ ਬੈਠੇ ਸਗੋਂ ਜੀਵਨ ਘੋਲਾਂ ਚ ਸਰਗਰਮ ਰਹੇ ਹਨ। 2018 ਤੀਕ ਦੇ ਸੰਘਰਸ਼ ਵੇਰਵੇ ਇਸ ਪੁਸਤਕ ਚ ਅੰਕਿਤ ਹਨ।
ਸੁਖਦੇਵ ਬੜੀ ਵਾਂਗ ਹੀ ਸੁਖਦੇਵ ਔਲਖ ਦਾ ਪਿੰਡ ਵੀ ਬੜੀ ਹੈ, ਸ਼ੇਰਪੁਰ (ਸੰਗਰੂਰ)ਨੇੜੇ ਹੈ। ਦਰਸ਼ਨ ਬੜੀ ਵੀ ਏਸੇ ਪਿੰਡ ਤੋਂ ਹੈ।
ਕਲਾਵੰਤ ਦੋਸਤਾਂ ਦੀ ਧਰਤੀ ਬੜੀ ਕਦੇ ਬੜੀ ਟਿੱਬੇ ਵਾਲੇ ਨਕਲੀਆਂ ਕਰਕੇ ਜਾਣੀ ਜਾਂਦੀ ਸੀ। ਟਿੱਬਾ ਪੰਜਾਬੀ ਵਿਦਵਾਨ ਡਾ: ਕਮਲਜੀਤ ਸਿੰਘ ਟਿੱਬਾ ਦਾ ਪਿੰਡ ਹੈ।
ਸੁਖਦੇਵ ਸਿੰਘਔਲਖ ਨੂੰ ਆਪਣੇ ਪਿੰਡ ਦੀ ਅਜ਼ਮਤ ਬਾਰੇ ਵੀ ਲਿਖਣਾ ਚਾਹੀਦਾ ਹੈ। ਉਸ ਦੀ ਸਮਰਥਾ ਹੈ।
ਤਰਕਭਾਰਤੀ ਬਰਨਾਲਾ ਨੇ ਇਸ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਹੈ।
ਲਗਪਗ ਪੌਣੇ ਦੋ ਸੌ ਪੰਨਿਆਂ ਦੀ ਇਹ ਕਿਤਾਬ ਇੱਕ ਹਿਸਾਬ ਨਾਲ ਅਧਿਆਪਕ ਜਥੇਬੰਦੀ ਦਾ ਇਤਿਹਾਸ ਵੀ ਬਣੇਗੀ।
ਚੰਗੀ ਗੱਲ ਇਹ ਹੈ ਕਿ ਇਹ ਕਿਤਾਬ ਸੁਖਦੇਵ ਬੜੀ ਜੀ ਦੇ ਜੀਵਨ ਕਾਲ ਚ ਛਪੀ ਹੈ। ਜਿੱਥੇ ਕਿਤੇ ਕੋਈ ਤੱਥ ਦੀ ਉਕਾਈ ਹੋਵੇਗੀ ਉਸ ਦੀ ਸੁਧਾਈ ਹੋ ਸਕੇਗੀ।
ਮੁਬਾਰਕਾਂ ਪੁਸਤਕ ਨਾਇਕ ਤੇ ਸਿਰਜਕ ਨੂੰ।
ਗੁਰਭਜਨ ਗਿੱਲ
23.7.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.