22 ਜੂਨ, 2019, ਤਪਦਾ-ਸੜਦਾ ਤੇ ਲੋਅ ਨਾਲ ਲੂੰਹਦਾ ਸਭ ਤੋਂ ਵੱਡਾ ਦਿਨ! ਤੱਤੀ ਹਨੇਰੀ...ਬਰਬਰ ਉਡ ਰਹੀ ਹੈ ਖੇਤਾਂ 'ਚੋਂ...। ਮੀਂਹ ਕਣੀ ਦਾ ਨਾਮੋ-ਨਿਸ਼ਾਨ ਨਹੀਂ ਕਿਧਰੇ! ਸੜਦੀਆਂ ਅੱਖਾਂ...ਠੰਢਕ ਭਾਲਦੀਆਂ, ਖੁਸ਼ਕੀ ਮਾਰੇ ਚਿਹਰੇ ਲੂਸੇ ਹੋਏ, ਜਿਵੇਂ ਕੋਈ ਭੱਠੀ ਵਿਚ ਝਾਕਦਾ ਮੂੰਹ ਸੇਕ ਕੇ ਮੁੜਿਆ ਹੋਵੇ! ਮੁੱਕਣ 'ਚ ਹੀ ਨਹੀਂ ਆਉਂਦਾ, ਲੰਮੇਰੇ ਤੋਂ ਲੰਮੇਰਾ ਹੋਈ ਜਾਂਦੈ ਇਹ ਦਿਨ...।
ਸੁਖਚੈਨ ਦੇ ਰੁੱਖ ਨੂੰ 'ਚੈਨ' ਨਹੀਂ, ਦੂਜਿਆ ਨੂੰ 'ਸੁਖ' ਦੇਣ ਵਾਲਾ ਸੁਖਚੈਨ 'ਸੁਖ' ਭਾਲਦੈ ਪਿਆ ਲਗਦੈ। ਕਈ ਸਾਲ ਪਹਿਲਾਂ, ਇਹਨਾਂ ਹੀ ਦਿਨਾਂ ਵਿਚ ਮਾਮਾ ਜੱਗੂ ਆਇਆ ਸੀ, ਮਾਂ ਨੂੰ ਮਿਲਣ... ਤੇ ਨਾਲ ਤਿੰਨ ਲਿਫਾਫਿਆਂ ਵਿਚ ਸੁਖਚੈਨ ਦੇ ਤਿੰਨ ਬੂਟੇ ਲਈ ਆਇਆ ਸੀ। ਬੜੇ ਚਾਓ ਨਾਲ ਕੱਚੇ ਵਿਹੜੇ 'ਚ ਲਗਾ ਦਿੱਤੇ ਸਨ ਮੈਂ, ਦੋ ਸੜ ਗਏ,ਇੱਕ ਇਹ ਬਚ ਗਿਆ ਤੇ ਬੜੇ ਅਰਾਮ ਨਾਲ ਫੈਲਰ ਗਿਆ। ਸੁਹਣੀ ਜਵਾਨੀ ਚੜ੍ਹਿਐ ਹਰਾ-ਕਚੂਚ ਸੁਖਚੈਨ! ਦੋ ਮੰਜੇ ਡਾਹੁੰਣ ਜੋਕਰੀ ਛਾਂ ਤੇ ਥਾਂ ਦਿੰਦੈ। ਇਹਦੇ ਸੁੱਕ-ਮੜੁੱਕੇ ਪੱਤੇ ਹੇਠਾਂ ਗਿਰੇ ਦੇਖ ਅੱਜ ਇਹਦੀਆਂ ਟਾਹਣੀਆਂ ਟੋਹਣ ਨੂੰ ਦਿਲ ਨਹੀਂ ਕਰਦਾ...ਕਦੇ ਕਦੇ ਇਹਦੀਆਂ ਟਾਹਣੀਆਂ ਟੋਂਹਣਾ ਚੰਗਾ-ਚੰਗਾ ਲਗਦੈ। ਪਰ ਅੱਜ ਸੱਚਮੁੱਚ ਹੀ ਬੜਾ ਬੋਰਿੰਗ ਦਿਨ ਹੈ, ਬਰਦਾਸ਼ਤ ਤੋਂ ਬਾਹਰਾ...ਮੁੱਕਣ ਵਿਚ ਹੀ ਨਹੀਂ ਆਉਂਦਾ ਭੈੜਾ।
***** ****** ***** *****
12 ਜੁਲਾਈ, 2019 ਦੀ ਦੁਪਿਹਰ। ਕਈ ਦਿਨ ਹੋ ਗਏ ਨੇ ਪਿੰਡ ਆਏ ਨੂੰ। ਆਇਆ ਸਾਂ ਕਿ ਹੁਣ ਤੀਕ ਮੀਂਹ੍ਹ ਦਾ ਮੂੰਹ ਏਧਰ ਨੂੰ ਹੋ ਹੀ ਜਾਊ,ਪਿੰਡ ਫੋਨ ਵੀ ਨਹੀਂ ਕਰਿਆ, ਹੋ ਸਕਦੈ ਕਣੀਆਂ ਆ ਗਈਆਂ ਹੋਣ, ਵਿਹੜੇ 'ਚ ਖੜ੍ਹੇ ਰੱਖਾਂ ਨੇ ਇਸ਼ਨਾਨ ਕਰ ਲਿਆ ਹੋਣੈ। ਲੂਅ ਨਾਲ ਝੁਲਸਦੇ ਸਬਜੀਆਂ ਦੇ ਬੂਟਿਆਂ ਤੇ ਕੱਦੂਆਂ, ਤੋਰੀਆਂ ਤੇ ਤਰਾਂ੍ਹ ਦੀਆਂ ਵੇਲਾਂ ਨੇ ਕੰਨ ਚੁੱਕ ਲਏ ਹੋਣੇ! ਸੁਖਚੈਨ, ਨਿੰਮੜੀ ਤੇ ਨਿੰਬੂ ਦਾ ਬੂਟਾ ਵੀ ਪ੍ਰਸੰਨ ਚਿਤ ਹੋਣਗੇ... ਪਰ ਨਹੀਂ...ਸਭ ਦੇ ਚਿਹਰੇ ਧੁਆਂਖੇ ਹੋਏ ...ਕੜਕਦੀ ਧੁੱਪ ਵਿਚ। ਬੰਦੇ-ਬੁੜ੍ਹੀਆਂ, ਪਸੂ-ਪੰਛੀ ਤੇ ਵਣ-ਵੇਲਾਂ ਕਣੀਆਂ ਦੀ ਉਡੀਕ ਵਿਚ ਬਿਹਬਲ ਹੋ ਰਹੇ ਨੇ। ਮੈਂ ਵੀ ਇਹਨਾਂ ਵਿਚ ਸ਼ਾਮਿਲ ਹੋ ਜਾਨੈ। ਰੱਬ ਨੂੰ ਕੋਸਿਆ ਜਾ ਰਿਹੈ...ਡਾਹਢੀ ਬੇਸਬਰੀ ਨਾਲ। ਕੁਦਰਤੀ ਹਵਾ ਦੇ ਠੰਢੇ ਬੁੱਲੇ ਨੂੰ ਜਿਵੇਂ ਹਰ ਕੋਈ ਤਰਸ ਗਿਆ ਜਾਪਦਾ ਹੈ। ਭਾਈ ਜੀ ਗੁਰਦਵਾਰਿਓਂ ਨੇ ਸਪੀਕਰ ਵਿਚੋਂ ਦੀ ਆਵਾਜ਼ ਦਿੱਤੀ ਕਿ ਭਾਈ ਅੱਜ ਮੀਂਹ ਪੁਵਾਉਣ ਵਾਸਤੇ ਕੁੱਤਿਆਂ ਨੂੰ ਰੋਟੀਆਂ ਪਾਉਣੀਆਂ ਨੇ ਸੋ...ਬੀਬੀਆਂ-ਮਾਈਆਂ ਤੇ ਭੈਣਾਂ ਨੂੰ ਬੇਨਤੀ ਐ ਕਿ ਰੋਟੀਆਂ ਵੱਧ ਪਕਾ ਰੱਖਣ...ਸੇਵਾਦਰ ਲੈਣ ਆਉਣਗੇ ਭਾਈ...।
******** ****** ******
ਖੇਤਾਂ ਕੋਲ ਦੀ ਲੰਘਦਾ ਹਾਂ, ਝੋਨਾ ਲਾਇਆ ਜਾ ਰਿਹੈ ਦਬਾ-ਦਬ! ਝੋਨੇ ਦੇ ਸੰਘ ਦਾ ਸੋਕਾ ਬੰਬੀਆਂ-ਮੋਟਰਾਂ ਤੇ ਖਾਲਾਂ ਦਾ ਪਾਣੀ ਨਹੀਂ ਮੁਕਾ ਸਕਦਾ, ਇਹ ਤਾਂ ਅੰਬਰੀਂ ਕਣੀਆਂ ਦੇ ਵੱਸ ਹੀ ਹੈ। ਸੱਚੀਓਂ ਸੜੇਵਾਂ ਹੁੰਦੈ...ਜਦ ਖਬਰ ਆਉਂਦੀ ਹੈ ਕਿਧਰੋਂ ਕਿ ਫਲਾਣੀ ਥਾਂਵੇਂ ਮੀਂਹ ਪੈ ਗਿਐ...ਅਸੀਂ ਕੀ ਤੇਰੇ ਮਾਂਹ ਮਾਰੇ ਨੇ ਇੰਦਰ ਦੇਵਤਾ! ਐਧਰ ਵੀ ਭੇਜਦੇ ਚਾਰ ਕਣੀਆਂ, ਵਾਰੇ ਨਿਆਰੇ ਹੋ ਜਾਵਣ। ਤਪਦੀ ਧਰਤੀ ਦੇ ਸੀਨੇ ਠੰਢਕ ਪੈ ਜਾਵੇ। ਖੁੱਡਾਂ-ਖੁਰਲਿਆਂ ਵਿਚ ਸਹਿਕ ਰਹੇ ਜੀਵ-ਜੰਤੂਆਂ ਤੇ ਲੁਕ ਕੇ ਠੁਮਕ ਗਏ ਪੰਛੀਆਂ-ਪੰਖੇਰੂਆਂ ਦਾ ਮਨ ਮੌਜ ਵਿਚ ਆ ਜਾਵੇ! ਸਵੇਰੇ ਸਵੇਰੇ ਕੋਈ ਕੋਈ ਪੰਛੀ ਚਹਿਕਦਾ ਹੈ ਤੇ ਸੂਰਜ ਦੇ ਸਿਰੀ ਚੁਕਦਿਆਂ ਹੀ ਪਤਾ ਨਹੀਂ ਕਿਧਰੇ ਦੁਬਕ ਗਿਆ ਹੈ। ਆਥਣ ਵੀ ਗਰਦੋ-ਗੁਬਾਰ ਲੱਦੀ। ਘਸਮੈਲਾ ਆਸਮਾਨ ਤੇ ਫਿੱਕੇ ਤਾਰੇ। ਆਸਮਾਨ ਵੱਲ ਵੇਂਹਦੇ ਅਣਗਿਣਤ ਚੇਹਰੇ। ਕੋਈ ਅਰਦਾਸਾਂ ਕਰਦੈ। ਕੋਈ ਸੁਖਣਾ ਸੁਖਦੈ...ਕੁਦਰਤ ਤੋਂ ਚਾਰ ਕਣੀਆਂ ਖਾਤਰ । ਕਿੰਨਾ ਲਾਜ਼ਮੀ ਹੈ ਬੰਦੇ ਲਈ ਮੀਂਹ ਦਾ। ਇਕੱਲੇ ਬੰਦੇ ਲਈ ਹੀ ਨਹੀਂ ਸਗੋਂ ਸਭਨਾਂ ਲਈ...ਸੋਚਦਾ ਹਾਂ ਤੇ ਲਾਹੌਰ ਵਾਲੇ ਪਾਸੇ ਨੂੰ ਤੱਕਦਾ ਹਾਂ ਕਿ ਜਦ ਏਧਰ ਕਿਤੇ ਡੂੰਘਾ ਜਿਹਾ ਲਿਸ਼ਕਦਾ ਸੀ ਤਾਂ ਦਾਦੀ ਨੇ ਆਖਣਾ, " ਅੱਜ ਵਰ੍ਹ ਕੇ ਰਹੂ...ਲਾਹੌਰੋਂ ਉਠਿਆ ਬੱਦਲ ਸੁੱਕਾ ਨੀ ਜਾਂਦਾ...ਬਾਲਣ-ਬਿਸਤਰਾ ਤੇ ਭਾਡੇ-ਟੀਂਡੇ ਅੰਦਰ ਕਰ ਲਓ...।"
ਲਾਹੌਰ ਦਾ ਮੱਥਾ ਕਾਲਾ ਹੈ ਸੁੰਨ ਭਰਿਆ। ਮੂੰਹ ਪਾਸੇ ਕਰਿਆ। ਮੋਢੇ ਬੈਗ ਲਟਕਾਈ ਜਦ ਘਰ ਵੜਿਆ ਸਾਂ, ਚੁਬਾਰੇ ਚੜ੍ਹਿਆ ਸਾਂ, ਤਾਂ ਗੁਆਂਢ ਵਿਚ ਖਲੋਤੀ ਭਰੀ-ਭੁਕੰਨੀ ਨਿੰਮ ਨੇ ਜਿਵੇਂ ਨਿਹੋਰੇ ਨਾਲ ਆਖਿਆ ਸੀ, " ਆਪ ਆ ਗਿਆੈ, ਠੰਡੇ ਥਾਵੋਂ...ਠੰਢੀਆਂ ਹਵਾਵਾਂ ਲੈ ਕੇ...ਚਾਰ ਕਣੀਆਂ ਮੇਰੇ ਲਈ ਵੀ ਲੈ ਆਉਂਦਾ ਨਿਰਮੋਹਿਆ...?" ਪਤਾ ਨਹੀਂ ਕਿੰਨੇ ਵਰ੍ਹੇ ਪਹਿਲਾਂ ਤਾਈ ਆਗਿਆ ਵੰਤੀ ਦੀ ਲਾਈ ਇਹ ਨਿੰਮ ਹੁਣ ਫੈਲਰ-ਪਸਰ ਗਈ ਹੈ ਪੂਰੀ ਦੀ ਪੂਰੀ... ਪਰ ਤਾਈ ਦੇ ਚਲੇ ਜਾਣ ਮਗਰੋਂ ਵਿਹੜੇ ਵਿਚ ਕੱਲ-ਮੁਕੱਲੀ ਤੇ ਉਦਾਸ ਰਹਿੰਦੀ ਹੈ...ਕੋਈ ਇਹਦੀ ਛਾਂ ਲੈ ਕੇ ਰਾਜੀ਼ ਨਹੀਂ ਸਿਵਾਏ ਇੱਕ ਗਾਂ ਦੇ...! ( ਰਾਤ 8 ਵਜੇ)
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
94174-21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.