ਹਰ ਰੋਜ਼ ਕਿਸੇ ਨਾ ਕਿਸੇ ਬਹਾਨੇ ਕੁਲਦੀਪ ਮਾਣਕ ਯਾਦ ਆ ਜਾਂਦਾ ਹੈ। ਗੀਤ ਸੁਣਦਾ ਹਾਂ ਤਾਂ ਲੱਗਦੈ ਮੇਰੇ ਨਾਲ ਗੱਲਾਂ ਕਰ ਰਿਹੈ।
ਸੈਂਕੜੇ ਗੀਤ ਕਿਸੇ ਨਾ ਕਿਸੇ ਸਬੱਬ ਰੇਡੀਓ, ਯੂ ਟਿਊਬ ਜਾਂ ਹੋਰ ਵਸੀਲਿਆਂ ਤੋਂ ਲਗਾਤਾਰ ਸੁਣਦਾ ਰਹਿੰਦਾ ਹਾਂ।
ਉਹ ਦਿਨ ਵੀ ਚੇਤੇ ਨੇ ਜਦ ਕੁਲਦੀਪ ਮਾਣਕ ਅਜੇ ਬਹੁਤਾ ਪ੍ਰਸਿੱਧ ਨਹੀਂ ਸੀ ਹੋਇਆ। ਉਹ ਗੌਰਮਿੰਟ ਕਾਲਿਜ ਚ ਸਾਥੋਂ ਅੱਗੇ ਪੜ੍ਹਦੇ ਮਿੱਤਰ ਚਮਕੌਰ ਸਿੰਘ ਚਮਕ ਨੂੰ ਮਿਲਣ ਆਉਂਦਾ ਹੁੰਦਾ ਸੀ। ਉਸ ਦੇ ਇੱਕਾ ਦੁੱਕਾ ਗੀਤ ਕਦੇ ਕਦਾਈਂ ਕੰਨੀਂ ਪੈਂਦੇ ਸਨ ਪਰ ਗੂੜ੍ਹੇ ਅਸਰ ਵਾਲੇ ਨਹੀਂ।
ਉਸ ਦੇ ਸਤਿੰਦਰ ਬੀਬਾ ਨਾਲ ਗਾਏ ਗੀਤ
ਰਾਤੀਂ ਟੁੱਟ ਗਈ ਨੀਂਦ ਨਾ ਆਈ
ਕਾਲੀ ਗਾਨੀ ਮਿੱਤਰਾਂ ਦੀ ਨੇ ਸਾਡੇ ਉਮਰ ਵਰਗ ਨੂੰ ਹਲੂਣਿਆ।
ਉਸ ਦੀਆਂ ਕੁਝ ਲੋਕ ਗਾਥਾਵਾਂ ਆਈਆਂ ਤਾਂ ਮਾਣਕ ਮਾਣਕ ਹੋ ਗਈ।
ਉਸ ਦਾ ਚਹੁੰ ਕੂੰਟੀ ਰਾਜ ਹੋ ਗਿਆ।
ਉਸ ਦੀ ਟੱਲੀ ਵਾਂਗ ਟੁਣਕਵੀਂ ਆਵਾਜ਼ ਨਿਵੇਕਲੀ ਸੀ।
ਹਰਦੇਵ ਦਿਲਗੀਰ ਦੇ ਲਿਖੇ ਬੋਲਾਂ ਨੂੰ ਉਸ ਖੂਬ ਨਿਭਾਇਆ।
ਮੁਲਾਕਾਤਾਂ ਬਹੁਤ ਹੁੰਦੀਆਂ ਪਰ ਮਾਣਕ ਮੇਰੇ ਨਾਲ ਸਤਿਕਾਰ ਦੇ ਰਿਸ਼ਤੇ ਨਾਲ ਹੀ ਤੁਰਦਾ। ਕਈ ਵਾਰ ਬਹੁਤੀ ਇੱਜਤ ਕਰਕੇ ਸ਼ਰਮਸਾਰ ਵੀ ਕਰ ਦੇਂਦਾ।
ਸੱਚਮੁੱਚ ਦਰਵੇਸ਼ ਰੂਹ ਸੀ। ਕੱਬਾ ਪੁੱਜ ਕੇ। ਕਈ ਵਾਰ ਸਾਵਾਂ ਛੁਡਾਉਣਾ ਪੈਂਦਾ।
ਮੇਰੀ ਜ਼ਿੰਦਗੀ ਦੀ ਉਹ ਸਵੇਰ ਸਭ ਤੋਂ ਮਨਹੂਸ ਸੀ ਜਦ ਅਚਨਚੇਤ ਮਾਣਕ ਦੀ ਜੀਵਨ ਸਾਥਣ ਦਾ ਉਦਾਸ ਫੋਨ ਆਇਆ ਕਿ ਮਾਣਕ ਬਹੁਤ ਗੰਭੀਰ ਹਾਲਤ ਚ ਹੈ। ਡਾ: ਨਿਰਮਲ ਜੌੜਾ, ਪ੍ਰੋ: ਰਵਿੰਦਰ ਭੱਠਲ ਤੇ ਕ ਕ ਬਾਵਾ ਨੂੰ ਨਾਲ ਲੈ ਕੇ ਜਦ ਦੀਪ ਨਰਸਿੰਗ ਹੋਮ ਪੁੱਜੇ ਤਾਂ ਉਹ ਨਿਢਾਲ ਸੀ। ਅੱਖ ਪਿੱਟ ਕੇ ਏਨਾ ਹੀ ਬੋਲਿਆ!
ਬਾਈ ਤੁਸੀਂ ਆ ਗਏ,ਹੁਣ ਨਹੀਂ ਮੈਂ ਮਰਦਾ।
ਉਸ ਦਾ ਵੱਡਾ ਭਰਾ ਅੱਖਾਂ ਭਰ ਆਇਆ। ਸਰਬਜੀਤ ਵੀ ਡੋਲੀ ਹੋਈ ਸੀ। ਸਾਡਾ ਮਨ ਵੀ ਉੱਛਲ ਗਿਆ ਪਰ ਅੱਥਰੂ ਮਾਣਕ ਨੂੰ ਨਾ ਦਿਸਣ ਦਿੱਤੇ।
ਹਸਨਪੁਰੀ ਦੀ ਅੰਤਿਮ ਹਾਲਤ ਵੀ ਦੁਖਦਾਈ ਵੇਖੀ ਸੀ, ਜਗਮੋਹਨ ਕੌਰ ਜੀ ਦੀ ਵੀ।
ਉਸ ਤੋਂ ਪਹਿਲਾਂ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸ: ਜਗਦੇਵ ਸਿੰਘ ਜੱਸੋਵਾਲ ਜੀ ਦੇ ਨਾਲ ਮੋਹਨ ਦੇਈ ਓਸਵਾਲ ਹਸਪਤਾਲ ਚ ਵਿਛੋੜੇ ਤੋਂ ਦੋ ਦਿਨ ਪਹਿਲਾਂ ਵੇਖਿਆ ਸੀ ਤਾਂ ਭੁੱਬਾਂ ਨਿਕਲ ਗਈਆਂ ਸਨ।
ਮਾਣਕ ਮਗਰੋਂ ਬਰਕਤ ਸਿੱਧੂ ਦੀ ਵੀ ਹਾਲਤ ਦਯਾਨੰਦ ਹਸਪਤਾਲ ਚ ਸਹਿਣਯੋਗ ਨਹੀਂ ਸੀ।
ਸਾਡੇ ਮਹਿਬੂਬ ਕਲਾਕਾਰਾਂ ਦਾ ਵਿਛੜਨ ਵੇਲਾ ਚੇਤੇ ਕਰਕੇ ਨੀਂਦ ਨਹੀਂ ਪੈ ਰਹੀ।
22 ਜੁਲਾਈ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.