ਬਹੁਤ ਸਾਰਾ ਪਾਣੀ ਗੰਗਾ-ਯਮੁਨਾ ਦੇ ਪੁਲਾਂ ਹੇਠੋਂ ਦੀ ਵਹਿ ਚੁੱਕਾ ਹੈ। ਕਦੇ ਕੋਈ ਰਾਜਨੀਤਕ ਪੰਡਤ ਇਹ ਨਹੀਂ ਸੀ ਸੋਚ ਸਕਦਾ ਕਿ ਜਿਸ ਕਾਂਗਰਸ ਨੇ ਦੇਸ਼ ਅਜ਼ਾਦੀ ਲਈ ਅਹਿਮ ਯੋਗਦਾਨ ਨਿਭਾਇਆ ਸੀ, ਜਿਸ ਨੇ ਦੇਸ਼ ਅਜ਼ਾਦੀ ਦੇ 72 ਸਾਲਾਂ ਵਿਚੋਂ ਕਰੀਬ 55 ਸਾਲ ਕੇਂਦਰੀ ਸੱਤਾ ਤੇ ਆਪਣਾ ਬੋਲਬਾਲਾ ਕਾਇਮ ਰਖਿਆ, ਜੋ ਇਸ ਭਾਰਤੀ ਰਾਸ਼ਟਰ ਦੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਹੈ ਅਤੇ ਜਿਸ ਦਾ ਰਾਜਨੀਤਕ ਵਰਕਰ ਅੱਜ ਵੀ ਦੇਸ਼ ਦੇ ਹਰ ਪਿੰਡ, ਗਲੀ, ਮੁਹੱਲੇ ਵਿਚ ਮਿਲ ਜਾਂਦਾ ਹੈ, ਉਹ ਏਨੀ ਤੇਜ਼ੀ ਨਾਲ ਰਾਜਨੀਤਕ ਤੌਰ 'ਤੇ ਗਰਕ ਜਾਵੇਗੀ। ਲਗਾਤਾਰ ਦੇਸ਼ ਅੰਦਰ ਦੋ ਪਾਰਲੀਮੈਂਟਰੀ ਚੋਣਾਂ ਵਿਚ ਸ਼ਰਮਨਾਕ ਢੰਗ ਨਾਲ ਹਾਰ ਜਾਵੇਗੀ। ਸੰਨ 2014 ਦੀਆਂ ਲੋਕਸਭਾ ਚੋਣਾਂ ਵਿਚ 19.31 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਕੇ 44 ਅਤੇ 2019 ਦੀਆਂ ਚੋਣਾਂ ਵਿਚ 19 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਕੇ 52 ਸੀਟਾਂ ਪ੍ਰਾਪਤ ਕਰੇਗੀ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਪ੍ਰਾਪਤ ਕਰਨੋਂ ਵੀ ਅਸਫਲ ਰਹੇਗੀ। ਇਹ ਉਹ ਕਾਂਗਰਸ ਪਾਰਟੀ ਹੁੰਦੀ ਸੀ ਜਿਸਨੇ ਸੰਨ 1951 ਵਿਚ ਪਹਿਲੀਆਂ ਪਾਰਲੀਮੈਂਟਰੀ ਚੋਣਾਂ ਵਿਚ 44.99 ਪ੍ਰਤੀਸ਼ਤ ਵੋਟ ਪ੍ਰਾਪਤ ਕਰਕੇ 364 ਲੋਕ ਸ਼ਭਾ ਸੀਟਾਂ ਅਤੇ 1984 ਵਿਚ 49.10 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਕੇ 404 ਲੋਕ ਸਭਾ ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ। ਪਰ ਅੱਜ ਇਸ ਦੀ ਦੁਰਦਸ਼ਾ ਦਾ ਹਾਲ ਇਹ ਹੈ ਕਿ ਇਹ ਦੇਸ਼ ਦੇ 29 ਰਾਜਾਂ ਵਿਚੋਂ 18 ਰਾਜਾਂ ਵਿਚ ਖਾਤਾ ਵੀ ਨਹੀਂ ਖੋਲ੍ਹ ਸਕੀ।
ਜੇਕਰ ਕਾਂਗਰਸ ਪਾਰਟੀ ਦਾ ਮੌਜੂਦਾ ਰਾਜਨੀਤਕ ਤਾਣਾ ਬਾਣਾ, ਸੰਗਠਨ, ਵਿਚਾਰਧਾਰਾ, ਸਭਿਆਚਾਰ ਅਤੇ ਲੀਡਰਸ਼ਿਪ ਇਵੇਂ ਹੀ ਕਾਇਮ ਰਹਿੰਦਾ ਹੈ ਤਾਂ ਭਵਿੱਖ ਵਿਚ ਪਾਰਲੀਮੈਂਟ ਅਤੇ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਦੂਸਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਇਸ ਨੂੰ ਸ਼ਰਮਨਾਕ ਸਿਕਸ਼ਤ ਦੇਣੀ ਜਾਰੀ ਰਹੇਗੀ।
. ਹਕੀਕਤ ਵਿਚ ਉੱਘੇ ਦੇਸ਼ ਭਗਤਾਂ, ਅਜ਼ਾਦੀ ਘੁਲਾਟੀਆਂ, ਚਿੰਤਕਾਂ, ਠੋਸ ਰਾਜਨੀਤਕ ਵਿਚਾਰਧਾਰਾ ਦੇ ਵਿਦਵਾਨਾਂ, ਕੁਸ਼ਲ ਪ੍ਰਸਾਸ਼ਕ ਅਤੇ ਆਗੂਆਂ ਦਾ ਮਾਣਮੱਤਾ ਇਤਿਹਾਸ ਰਖਣ ਵਾਲੀ ਇਸ ਵਿਸ਼ਵ ਪੱਧਰ 'ਤੇ ਨਿਵੇਕਲੀ ਪਹਿਚਾਣ ਰਖਣ ਵਾਲੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਰਾਜਨੀਤਕ ਤ੍ਰਾਸਦੀ ਇਹ ਹੈ ਕਿ ਇਹ ਅੱਜ ਇਕ ਪਰਿਵਾਰਕ ਲੀਡਰਸ਼ਿਪ ਦੇ ਪੱਲੇ ਨਾਲ ਬੱਝੀ ਹੋਣ ਕਰਕੇ ਗਰਕਦੀ ਚਲੀ ਜਾ ਰਹੀ ਹੈ।
ਨਹਿਰੂ-ਗਾਂਧੀ ਪਰਿਵਾਰ ਜਿਸ ਦੇ ਪੱਲੇ ਨਾਲ ਇਹ ਸ਼ਾਨਾਮਤੀ ਰਾਜਨੀਤਕ ਪਾਰਟੀ ਬੱਝੀ ਹੋਈ ਹੈ ਹੁਣ ਰਾਜਨੀਤਕ, ਮਾਨਸਿਕ, ਬੌਧਿਕ, ਵਿਚਾਰਧਾਰਕ, ਸੰਗਨਾਤਮਿਕ ਵਿਜ਼ਨ ਪੱਖੋਂ ਏਨਾ ਸਮਰੱਥ ਨਹੀਂ ਰਿਹਾ ਹੈ ਕਿ ਇਸ ਯੋਗ ਅਗਵਾਈ ਦੇ ਸਕੇ।
ਇਸ ਮਹਾਨ ਰਾਜਨੀਤਕ ਪਾਰਟੀ ਦੀ ਲੋਕਤੰਤਰੀ, ਸੰਗਠਨਾਤਮਿਕ ਅਤੇ ਵਿਚਾਰਧਾਰਕ ਬਰਬਾਦੀ ਸ਼੍ਰੀਮਤੀ ਇੰਦਰਾਗਾਂਧੀ ਕਾਲ ਤੋਂ ਸ਼ੁਰੂ ਹੋ ਗਈ ਸੀ। ਪਰਿਵਾਰਵਾਦੀ ਅਗਵਾਈ ਦਾ ਲੋਕਤੰਤਰ ਵਿਵਸਥਾ ਅੰਦਰ ਸਭ ਤੋਂ ਮਾੜਾ, ਘਟੀਆ, ਨੁਕਸਾਨਦਾਇਕ ਲੱਛਣ ਇਹ ਹੁੰਦਾ ਹੈ ਕਿ ਇਹ ਏਕਾਧਿਕਾਰਵਾਦੀ ਅਤੇ ਚਾਪਲੂਸਵਾਦੀ ਰਾਜਨੀਤਕ ਸਭਿਆਚਾਰ ਨੂੰ ਜਨਮ ਦਿੰਦਾ ਹੈ ਅਤੇ ਪਾਲਦਾ ਪਲੋਸਦਾ ਹੈ। ਅਸੀਂ ਐਮਰਜੈਂਸੀ ਦੇ ਕਾਲੇ-ਬੋਲੇ ਦਿਨਾਂ ਵਿਚ ਇਸ ਨੂੰ ਚਰਮ ਸੀਮਾ 'ਤੇ ਵੇਖਿਆ ਜਦੋਂ ਆਲ ਇੰਡੀਆ ਕਾਂਗਰਸ ਕਮੇਟੀ ਪ੍ਰਧਾਨ ਦੇਵਕਾਂਤ ਬਰੂਆ ਨੇ ਇੰਦਰਾਗਾਂਧੀ ਦੀ ਚਾਪਲੂਸੀ ਕਰਦੇ ਕਿਹਾ 'ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ' ਮਜ਼ਾਲ ਹੈ ਸ਼੍ਰੀ ਮਤੀ ਇੰਦਰਾ ਗਾਂਧੀ ਜਾਂ ਕਾਂਗਰਸ ਦੇ ਸੰਗਠਨ ਜਾਂ ਉੱਚ ਕੋਟੀ ਦੇ ਆਗੂਆਂ ਵਿਚੋਂ ਉਸ ਨੂੰ ਕਿਸੇ ਵਰਜਿਆ ਹੋਵੇ।
ਕਾਂਗਰਸ ਅੰਦਰ ਨਹਿਰੂ-ਗਾਂਧੀ ਪਰਿਵਾਰ ਦੇ ਏਕਾਧਿਕਾਰ ਦੇ ਪ੍ਰਭਾਵ ਕਰਕੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤੱਲ ਬਾਅਦ ਸੰਵਿਧਾਨਿਕ ਤੌਰ 'ਤੇ ਕਾਂਗਰਸ ਪਾਰਲੀਮੈਂਟਰੀ ਗਰੁੱਪ ਵੱਲੋਂ ਸ਼੍ਰੀ ਰਾਜੀਵ ਗਾਂਧੀ ਨੂੰ ਚੁਣੇ ਜਾਣ ਬਗੈਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਾ ਦਿਤੀ। ਫਿਰ ਪਾਰਟੀ ਅੰਦਰੂਨੀ ਲੋਕਤੰਤਰ ਦਾ ਗਲਾ ਦਬਾਅ ਕੇ ਉਸ ਨੂੰ ਪਾਰਟੀ ਪ੍ਰਧਾਨ ਥਾਪ ਦਿਤਾ।
ਬਗੈਰ ਲੀਡਰਸ਼ਿਪ ਦੇ ਗੁਣ ਜਾਂਚਿਆਂ ਬਦੇਸ਼ੀ ਮੂਲ ਦੀ ਬੀਬੀ ਇੰਦਰਾ ਗਾਂਧੀ ਦੀ ਨੂੰਹ ਅਤੇ ਰਾਜੀਵ ਗਾਂਧੀ ਦੀ ਵਿਧਵਾ ਪਤਨੀ ਨੂੰ ਇਸ ਮਹਾਨ ਪਾਰਟੀ ਦੀ ਪ੍ਰਧਾਨ ਹੀ ਨਹੀਂ ਬਲਕਿ ਡਾ. ਮਨਮੋਹਨ ਸਿੰਘ ਦੇ 10 ਸਾਲ ਪ੍ਰਧਾਨ ਮੰਤਰੀ ਕਾਲ ਵੇਲੇ ਪ੍ਰਕਾਸੀ ਰਾਹੀਂ ਸਰਕਾਰ ਚਲਾਉਣ ਦੇ ਅਧਿਕਾਰ ਦਿਤੇ। ਉਸ ਨੇ ਆਪਣੇ ਪ੍ਰਧਾਨਗੀ ਕਾਰਜਕਾਲ ਵੇਲੇ ਪਾਰਟੀ ਮਜ਼ਬੂਤੀ ਲਈ ਕੀ ਕੀਤਾ? ਚਾਪਲੂਸਾਂ ਨੂੰ ਅੱਗੋਂ ਪਰਿਵਾਰਵਾਦ, ਭ੍ਰਿਸ਼ਟਾਚਾਰਵਾਦ ਅਤੇ ਸਕੈਮਵਾਦ ਰਾਹੀਂ ਦੇਸ਼ ਲੁੱਟਣ ਅਤੇ ਪਾਰਟੀ ਦੇ ਉੱਚ ਅਹੁਦਿਆਂ 'ਤੇ ਕਾਬਜ਼ ਹੋਣ ਦੀ ਖੁੱਲ੍ਹ ਦਿਤੀ। ਉਸ ਦੀ ਪ੍ਰਧਾਨਗੀ ਹੇਠ ਸੰਨ 2014 ਵਿਚ ਪਾਰਟੀ ਮੂੱਧੇ ਮੂੰਹ ਡਿੱਗ ਪਈ ਅਤੇ ਲੋਕ ਸਭਾ ਚੋਣਾਂ ਵਿਚ ਇਸਦੇ ਇਤਿਹਾਸ ਵਿਚ ਸਭ ਤੋਂ ਘੱਟ 44 ਸੀਟਾਂ ਜਿੱਤਣ ਦੀ ਨਮੋਸ਼ੀ ਸਹਿਣ ਲਈ ਮਜ਼ਬੂਰ ਕੀਤਾ।
ਫਿਰ ਪਾਰਟੀ ਅੰਦਰ ਅੰਦਰੂਨੀ ਲੋਕਤੰਤਰ ਛਿੱਕੇ 'ਤੇ ਟੰਗ ਕੇ ਸ਼੍ਰੀ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਦਸੰਬਰ, 2017 ਵਿਚ ਥਾਪ ਦਿਤਾ ਜਿਸ ਕੋਲ ਨਾ ਕੋਈ ਰਾਜਨੀਤਕ ਤਜ਼ਰਬਾ, ਨਾ ਰਾਜਨੀਤਕ ਵਿਜ਼ਨ, ਨਾ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਦਾ ਗਿਆਨ ਸੀ। ਉਹ ਪਾਰਟੀ ਸੰਗਠਨ ਮਜ਼ਬੂਤ ਕਰਨ, ਪਾਰਟੀ ਲੀਡਰਸ਼ਿਪ ਅਤੇ ਵਰਕਰਾਂ ਵਿਚ ਜੋਸ਼ ਭਰਨ ਵਿਚ ਨਾਕਾਮ ਰਿਹਾ। ਪਾਰਟੀ ਅੰਦਰ ਰਾਸ਼ਟਰੀ, ਪ੍ਰਾਂਤ ਅਤੇ ਸਥਾਨਿਕ ਪੱਧਰ 'ਤੇ ਪਰਿਵਾਰਵਾਦ ਅਤ ਚਾਪਲੂਸਵਾਦ ਰੋਕਣ ਤੋਂ ਨਾਕਾਮ ਰਿਹਾ। ਉਲਟਾ ਪੈਰਾਸ਼ੂਟ ਰਾਹੀਂ ਆਪਣੀ ਵੱਡੀ ਭੈਣ ਪਿਅੰਕਾ ਗਾਂਧੀ ਵਾਡਰਾ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਨਾਮਜ਼ਦ ਕਰਕੇ ਪਰਿਵਾਰਵਾਦ ਨੂੰ ਹੋਰ ਸ਼ਰਮਨਾਕ ਢੰਗ ਨਾਲ ਅੱਗੇ ਵਧਾਇਆ। ਨਤੀਜਾ ਸਾਹਮਣੇ ਹੈ। ਲੋਕ ਸਭਾ ਚੋਣਾਂ ਵਿਚ 545 ਵਿਚੋਂ ਨਮੋਸ਼ੀ ਭਰੀਆਂ 52 ਸੀਟਾਂ ਜਿੱਤਣਾ। ਐਸੇ ਆਗੂ ਨੂੰ ਰਾਜਿਸਥਾਨ ਦੇ ਮੁੱਖ ਮੰਤਰੀ ਗਹਿਲੋਤ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਸ਼੍ਰੀ ਪੀ. ਚਿਦੰਬਰਮ ਸਮੇਤ ਦੂਸਰੇ ਆਗੂਆਂ ਨੂੰ ਆਪਣੇ ਪੁੱਤਰ, ਧੀਆਂ, ਔਰਤਾਂ ਜਾਂ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਅੱਗੇ ਲਿਆਉਣ ਅਤੇ ਉਨ੍ਹਾਂ ਨੂੰ ਜਿਤਾਉਣ ਲਈ ਧਿਆਨ ਕੇਂਦਰਤ ਕਰਨ 'ਤੇ ਸਵਾਲ ਉਠਾਉਣ ਦਾ ਕੀ ਅਧਿਕਾਰ ਹੈ?
ਚੋਣਾਂ ਵੇਲੇ ਨਾ ਕਿਸੇ ਰਾਜਨੀਤਕ ਟੀਮ ਦਾ ਗਠਨ, ਨਾ ਜਨਤਕ, ਰਾਸ਼ਟਰੀ ਅਤੇ ਵਿਚਾਰਧਾਰਕ ਮੁੱਦੇ ਨੂੰ ਉਠਾਇਆ ਜਿਵੇਂ ਕਿ ਧਰਮ ਨਿਰਪੱਖਵਾਦ, ਘੱਟ ਗਿਣਤੀਆਂ ਅਤੇ ਦਲਿਤਾਂ ਦੀ ਰਾਖੀ, ਆਰਥਿਕ ਬਰਾਬਰੀ, ਔਰਤਾਂ ਨੂੰ ਬਰਾਬਰ ਅਧਿਕਾਰ, ਸਮਾਜਿਕ ਇਨਸਾਫ਼, ਧਾਰਮਿਕ ਕੱਟੜਵਾਦ, ਸਮਾਜਵਾਦ, ਇਲਾਕਾਈ ਅਤੇ ਸਥਾਨਿਕ ਲੋੜਾਂ, ਬੇਰੋਜ਼ਗਾਰੀ ਅਤੇ ਕਿਸਾਨ ਖ਼ੁਦ ਕੁਸ਼ੀਆਂ ਆਦਿ। ਦੇਸ਼ ਦੇ ਪ੍ਰਧਾਨ ਮੰਤਰੀ ਲਈ ਹਰ ਚੋਣ ਜਲਸੇ ਵਿਚ 'ਚੌਂਕੀਦਾਰ ਚੋਰ ਹੈ' ਦੇ ਨਾਅਰੇ ਲਗਾਉਣਾ ਕੀ ਇੱਕ ਪਾਰਟੀ ਦੇ ਪ੍ਰਧਾਨ ਵੱਲੋਂ ਦਿਮਾਗੀ ਦੀ ਵਾਲੀਏਪਣ ਅਤੇ ਨੀਵੇ ਦਰਜੇ ਦੇ ਆਈ. ਕਿਊ ਦਾ ਪ੍ਰਦਰਸ਼ਨ ਨਹੀਂ ਸੀ? ਸਮੁੱਚੀ ਪਾਰਟੀ ਅਤੇ ਅਹੁਦੇਦਾਰਾਂ ਵਿਚ ਪੂਰੇ ਦੇਸ਼ ਅੰਦਰ ਕਿੱਧਰੇ ਕੋਈ ਤਾਲਮੇਲ ਨਜ਼ਰ ਨਹੀਂ ਆਇਆ। ਹਰ ਥਾਂ ਚਾਪਲੂਸਵਾਦ, ਨਿੱਜਪ੍ਰਸਤੀ, ਆਪਸੀ ਖਿੱਚੋਤਾਣ ਭਾਰੂ ਨਜ਼ਰ ਆਈ। ਸ਼੍ਰੀ ਰਾਹੁਲ ਗਾਂਧੀ ਆਪਣੇ ਪੁਰਾਣੇ ਪਰਿਵਾਰਕ ਹਲਕੇ ਅਮੇਠੀ ਦੀਆਂ ਹਕੀਕਤਾਂ ਪਹਿਚਾਨਣ ਤੋਂ ਕੋਰੇ ਨਜ਼ਰ ਆਏ। ਪੰਜਾਬ ਤੋਂ ਉਠਿਆ ਉਨ੍ਹਾਂ ਅਤੇ ਉਨਾਂ ਦੇ ਪਰਿਵਾਰ ਦਾ ਮਹਾਂ ਚਾਪਲੂਸ ਨਵਜੋਤ ਸਿੱਧੂ ਅਮੇਠੀ ਦੀਆਂ ਹਕੀਕਤਾਂ ਜਾਨਣ ਬਗੈਰ ਕਸੀਦੇ ਕਢ ਰਿਹਾ ਸੀ ਕਿ ਉਹ ਰਾਜਨੀਤੀ ਤੋਂ ਸਨਿਆਸ ਲੈ ਲਵੇਗਾ ਜੇ ਰਾਹੁਲ ਇਸ ਹਲਕੇ ਵਿਚੋਂ ਹਾਰ ਜਾਏ। ਇਵੇਂ ਹੀ ਭਾਜਪਾ 'ਚ ਹੁੰਦੇ ਉਹ ਸ਼੍ਰੀ ਨਰੇਂਦਰ ਮੋਦੀ ਦੇ ਕਸੀਦੇ ਕਢਦਾ ਹੁੰਦਾ ਸੀ। ਅਮੇਠੀ ਹਲਕੇ ਤੋਂ ਰਾਹੁਲ ਗਾਂਧੀ ਦਾ ਹਾਰਨਾ ਨਹਿਰੂ-ਗਾਂਧੀ ਪਰਿਵਾਰਵਾਦੀ ਲੀਡਰਸ਼ਿਪ ਦੇ ਪਤਨ ਦਾ ਸਿਖ਼ਰ ਹੈ ਜਿਸ ਨੂੰ ਪੂਰੇ ਪਰਿਵਾਰ ਅਤੇ ਕਾਂਗਰਸ ਪਾਰਟੀ ਨੂੰ ਸਮਝਣਾ ਚਾਹੀਦਾ ਹੈ।
ਭਾਰਤ ਅੰਦਰ ਪਰਿਵਾਰਵਾਦੀ ਰਾਜਨੀਤਕ ਲੀਡਰ ਸ਼ਿਪ ਦਾ ਭਵਿੱਖ ਤੇਜ਼ੀ ਨਾਲ ਆਪਣੇ ਪਤਨ ਵੱਲ ਵੱਧ ਰਿਹਾ ਹੈ। ਹਰਿਆਣਾ ਅੰਦਰ ਓਮ ਪ੍ਰਕਾਸ ਚੌਟਾਲਾ, ਬਿਹਾਰ ਅੰਦਰ ਲਾਲੂ ਪ੍ਰਸਾਦ ਯਾਦਵ, ਯੂ.ਪੀ. ਅੰਦਰ ਮੁਲਾਇਮ ਸਿੰਘ ਯਾਦਵ ਪਰਿਵਾਰ, ਆਂਧਰਾ ਪ੍ਰਦੇਸ਼ ਅੰਦਰ ਚੰਦਰ ਬਾਬੂ ਨਾਇਡੂ ਪਰਿਵਾਰ ਆਦਿ ਸਮੇਤ ਅਨੇਕ ਰਾਜਨੀਤ ਪਰਿਵਾਰ ਪਤਨ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਵਿਚ ਜੇਕਰ ਸ: ਪ੍ਰਕਾਸ਼ ਸਿੰਘ ਬਾਦਲ ਪਰਿਵਾਰ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਨਜ਼ਰ-ਏ-ਅਨਾਇਤ ਨਾ ਹੁੰਦੀ ਤਾਂ ਇਸ ਦਾ ਹਾਲ ਵੀ ਚੌਟਾਂਲਿਆ ਅਤੇ ਲਾਲੂ ਆਦਿ ਤੋਂ ਭਿੰਨ ਨਹੀਂ ਸੀ ਹੋਣਾ। ਕਾਂਗਰਸ ਅੰਦਰ ਜਿਵੇਂ ਕਈ ਪਰਿਵਾਰਵਾਦੀ ਮੁੱਖ ਮੰਤਰੀ, ਉਨ੍ਹਾਂ ਦੇ ਪੁੱਤਰ ਜਾਂ ਨਜ਼ਦੀਕੀ ਰਿਸ਼ਤੇਦਾਰ ਹਾਰੇ ਹਨ ਉਹ ਇਸੇ ਰਾਜਨੀਤਕ ਪਤਨ ਦਾ ਨਤੀਜਾ ਹੈ।
ਪੱਛਮ ਅੰਦਰ ਨਰੋਏ ਅਤੇ ਸਫ਼ਲ ਲੋਕਤੰਤਰ ਦਾ ਰਾਜ ਇਹ ਹੈ ਕਿ ਉਥੇ ਜਦੋਂ ਕਿਸੇ ਰਾਜਨੀਤਕ ਪਾਰਟੀ ਦੇ ਆਗੂ ਦੀ ਅਗਵਾਈ ਵਾਲੀ ਪਾਰਟੀ ਪਾਰਲੀਮੈਂਟਰੀ ਚੋਣਾਂ ਵਿਚ ਹਾਰ ਜਾਂਦੀ ਹੈ ਤਾਂ ਉਹ ਤੁਰੰਤ ਹਾਰ ਦੀ ਜੁਮੇਂਵਾਰੀ ਲੈਂਦਾ ਆਪਣਾ ਅਸਤੀਫਾ ਦੇ ਦਿੰਦਾ ਹੈ ਅਤੇ ਕਿਸੇ ਨਵੇਂ, ਸਮਰਥ ਅਤੇ ਦੂਰ-ਅੰਦੇਸ਼ ਆਗੂ ਲਈ ਥਾਂ ਖਾਲੀ ਕਰ ਦਿੰਦਾ ਹੈ। ਪਾਰਟੀ ਆਪਣੇ ਪ੍ਰਤੀਨਿਧ ਅਹੁਦੇਦਾਰਾਂ ਦੀ ਮੀਟਿੰਗ ਬੁਲਾ ਕੇ ਵਿਧੀਵਤ ਤੌਰ 'ਤੇ ਨਵਾਂ ਆਗੂ ਚੁਣਨ ਦੀ ਪ੍ਰਕ੍ਰਿਆ ਅੰਜਾਮ ਦਿੰਦੀ ਹੈ।
ਅਸੀਂ ਇਹ ਨਹੀਂ ਚਾਹੁੰਦੇ ਕਿ ਨਹਿਰੂ-ਗਾਂਧੀ ਪਰਿਵਾਰ ਕਾਂਗਰਸ ਪਾਰਟੀ ਤੋਂ ਵੱਖ ਹੋ ਜਾਏ। ਇਸ ਪਰਿਵਾਰ ਨੂੰ ਕਾਂਗਰਸ ਵਰਗੀ ਮਹਾਨ ਪਾਰਟੀ ਨੂੰ ਮੁੜ੍ਹ ਤੋਂ ਪੁੰਨਰ ਸਥਾਪਿਤ ਕਰਨ, ਭਾਰਤੀ ਲੋਕਤੰਤਰ ਦੀ ਬਿਹਤਰੀ ਲਈ ਮਜ਼ਬੂਤ ਬਣਾਉਣ ਲਈ ਅਜ਼ਾਦ ਕਰ ਦੇਣਾ ਚਾਹੀਦਾ ਹੈ। ਪਾਰਟੀ ਦੀ ਨਮੋਸ਼ੀ ਭਰੀ ਹਾਰ ਦੀ ਜੁਮੇਂਵਾਰੀ ਲੈਂਦੇ ਸ਼੍ਰੀ ਰਾਹੁਲ ਗਾਂਧੀ ਨੂੰ ਪ੍ਰਧਾਨਗੀ ਪਦ, ਬੀਬੀ ਸੋਨੀਆ ਗਾਂਧੀ ਨੂੰ ਕਾਂਗਰਸ ਪਾਰਲੀਮਾਨੀ ਪਾਰਟੀ ਲੀਡਰ ਅਤੇ ਪ੍ਰਿਅੰਕਾ ਗਾਂਧੀ ਨੂੰ ਜਨਰਲ ਸਕੱਤਰ ਅਹੁਦੇ ਤੋਂ ਅਸਤੀਫਾਂ ਦੇ ਦੇਣਾ ਚਾਹੀਦਾ ਸੀ।
ਕਾਂਗਰਸ ਪਾਰਟੀ ਨੂੰ ਰਾਜਨੀਤਕ ਜੁਮੇਂਵਾਰੀ ਅਤੇ ਇਮਾਨਦਾਰੀ ਦਾ ਸਬੂਤ ਦਿੰਦੇ, ਪੂਰੇ ਪਾਰਟੀ ਇਜਲਾਸ ਸੱਦ ਕੇ ਚਾਪਲੂਸਵਾਦ ਨੂੰ ਤਿਲਾਂਜਲੀ ਦਿੰਦੇ, ਨਵਾਂ ਪ੍ਰਧਾਨ ਅਹੁਦੇਦਾਰ ਚੁਣਨੇ ਚਾਹੀਦੇ ਹਨ। ਜੇਕਰ ਪਾਰਟੀ ਰਾਜਨੀਤਕ ਇੱਛਾ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਇੰਜ ਨਹੀਂ ਕਰਦੀ ਤਾਂ ਇਹ ਭਵਿੱਖ ਵਿਚ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ ਕਿਉਂਕਿ ਭਾਜਪਾ ਆਗੂ ਤਾਂ ਬਗਲਾਂ ਵਜਾਉਂਦੇ ਇਹੀ ਚਾਹੁੰਦੇ ਹਨ ਕਿ ਰਾਹੁਲ ਗਾਂਧੀ ਅਤੇ ਪਰਿਵਾਰ ਇਸ ਪਾਰਟੀ ਦੀ ਅਗਵਾਈ ਕਰਦਾ ਰਹੇ।
ਸੋ ਪਾਰਟੀ ਨੂੰ ਨਵਾਂ ਪ੍ਰਧਾਨ, ਅਹੁਦੇਦਾਰ ਚੁਣ ਕੇ ਪੱਚਮਰੀ ਅਤੇ ਸ਼ਿਮਲਾ ਵਰਗਾ ਪਾਰਟੀ ਇਜਲਾਸ ਬੁਲਾ ਕੇ ਮੁੜ ਤੋਂ ਪਾਰਟੀ ਵਿਚਾਰਧਾਰਾ, ਰਣਨੀਤੀ ਅਤੇ ਪਾਰਟੀ ਅੰਦਰੂਨੀ ਲੋਕਤੰਤਰ ਅਪਣਾਉਣਾ ਚਾਹੀਦਾ ਹੈ। ਪਿੰਡ, ਮੁਹੱਲੇ, ਜ਼ਿਲ੍ਹਾ, ਸੂਬਾ ਅਤੇ ਰਾਸ਼ਟਰੀ ਪੱਧਰ 'ਤੇ ਸੰਗਠਨ ਮਜ਼ਬੂਤ ਕਰਨਾ ਚਾਹੀਦਾ ਹੈ। ਸਾਫਟ ਹਿੰਦੁਤਵਵਾਦ ਤੱਜ ਕੇ ਧਰਮ ਨਿਰਪੱਖਤਾ, ਘੱਟ ਗਿਣਤੀਆਂ, ਦਲਿਤਾਂ, ਪੱਛੜਿਆਂ ਦੀ ਰਾਖੀ ਅਤੇ ਇਨਸਾਫ਼, ਸਮਾਜਵਾਦੀ ਵਿਚਾਰਧਾਰਾ, ਫੈਡਰਲਵਾਦ, ਔਰਤ ਵਰਗ ਦੀ ਬਰਾਬਰੀ, ਸਮਾਨ ਵਿਚਾਰਧਾਰਾ ਵਾਲੀਆਂ ਸੂਬਾਈ ਅਤੇ ਇਲਾਕਾਈ ਪਾਰਟੀਆਂ ਨਾਲ ਗਠਜੋੜ, ਆਧੁਨਿਕ ਭਾਰਤ ਦੀਆਂ ਚਣੌਤੀਆਂ ਅਤੇ ਜਨਤਕ ਮੁਸ਼ਕਿਲਾਂ ਨੂੰ ਆਪਣੀ ਵਿਚਾਰਧਾਰਾ ਅਤੇ ਰਣਨੀਤੀ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਕੌਮਾਂਤਰੀ ਪੱਧਰ 'ਤੇ ਗੁੱਟ ਨਿਰਲੇਪਤਾ, ਗੁਆਂਢੀਆਂ ਨਾਲ ਵਧੀਆ ਸਬੰਧਾਂ, ਵਿਸ਼ਵ ਸ਼ਾਂਤੀ, ਪ੍ਰਮਾਣੂ ਹਥਿਆਰਾਂ ਦੀ ਸਮਾਪਤੀ, ਵਾਤਾਵਰਨ ਸੰਭਾਲ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਇਕ ਨਵ ਰਾਜਨੀਤਕ ਜਾਗ੍ਰਿਤੀ ਪੈਦਾ ਕਰਦੇ 'ਨਵ ਕਾਂਗਰਸ' ਦੀ ਸਥਪਨਾ ਕਰਨੀ ਚਾਹੀਦੀ ਹੈ ਤਾਂ ਜੋ ਭਾਜਪਾ ਵਰਗੀ ਸੱਜ-ਪਿਛਾਖੜ ਹਿੰਦੁਤਵੀ ਰਾਸ਼ਟਰਵਾਦੀ ਪਾਰਟੀ ਅਤੇ ਹਮਜੋਲੀਆਂ ਨੂੰ ਭਾਂਜ ਦਿਤੀ ਜਾ ਸਕੇ।
-
'ਦਰਬਾਰਾ ਸਿੰਘ ਕਾਹਲੋਂ', ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
+1 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.