(ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਲਿਖੀ 11 ਜੁਲਾਈ ਦੀ ਸੰਪਾਦਕੀ ਨੂੰ ਅਜੀਤ ਦੇ ਧੰਨਵਾਦ ਸਾਹਿਤ ਪ੍ਰਕਾਸ਼ਤ ਕਰ ਰਹੇ ਹਾਂ )
ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦਾ ਰੋਲ ਕੁਝ ਇਸ ਲਈ ਬਦਲ ਗਿਆ ਜਾਪਦਾ ਹੈ ਕਿਉਂਕਿ ਉਹ ਹੁਣ ਸੂਬੇ ਦੀ ਵਿਧਾਨ ਸਭਾ ਦੇ ਨਹੀਂ, ਸਗੋਂ ਦੇਸ਼ ਦੀ ਸੰਸਦ ਦੇ ਮੈਂਬਰ ਬਣ ਗਏ ਹਨ। ਸਥਾਨ ਦੇ ਬਦਲਣ ਨਾਲ ਕੁਝ ਵਿਚਾਰ ਅਤੇ ਬੋਲੀ ਵੀ ਬਦਲਦੀ ਹੈ। ਜ਼ਿੰਮੇਵਾਰੀ ਨਿਭਾਉਣੀ ਵੱਖਰਾ ਕਰਮ ਹੈ ਅਤੇ ਬਿਆਨ ਦੇਣੇ ਵੱਖਰਾ ਖੇਤਰ ਹੈ। ਦੇਸ਼ ਦੀ ਸੰਸਦ ਵਿਚ ਉਨ੍ਹਾਂ ਨੇ ਆਪਣਾ ਪਹਿਲਾ ਭਾਸ਼ਨ ਦਿੱਤਾ ਹੈ। ਉਨ੍ਹਾਂ ਨੂੰ ਇਕ ਵਾਰ ਫਿਰ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਿਲ ਕਰਨ ਦੀ ਗੱਲ ਯਾਦ ਆਈ ਹੈ। ਹਾਲਾਂਕਿ ਉਹ ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕਿਆਂ ਦੀ ਇਥੇ ਗੱਲ ਕਰਨੀ ਭੁੱਲ ਗਏ ਹਨ।
ਉਨ੍ਹਾਂ ਨੂੰ ਪੰਜਾਬ ਦੇ ਪਾਣੀਆਂ ਦੀ ਯਾਦ ਆਈ ਹੈ ਅਤੇ ਇਹ ਵੀ ਕਿ ਰਾਜਸਥਾਨ ਨੂੰ ਪੰਜਾਬ ਵਲੋਂ ਦਿੱਤੇ ਜਾ ਰਹੇ ਪਾਣੀਆਂ ਦਾ ਵੀ ਮੁੱਲ ਲੈਣਾ ਚਾਹੀਦਾ ਸੀ ਅਤੇ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਪਤਾਲ ਵਿਚ ਚਲੇ ਜਾਣ ਦੀ ਗੱਲ ਵੀ ਯਾਦ ਆਈ ਹੈ। ਪਾਣੀ ਦੇ ਗਹਿਰਾਉਂਦੇ ਸੰਕਟ 'ਚੋਂ ਨਿਕਲਣ ਲਈ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਨੂੰ ਬਦਲਣ ਦਾ ਅਹਿਸਾਸ ਵੀ ਹੋਇਆ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਦੀ ਸਨਅਤ ਦੀ ਢਹਿੰਦੀ ਕਲਾ ਅਤੇ ਖ਼ਾਸ ਕਰਕੇ ਹਿਮਾਚਲ, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਨੂੰ ਪੰਜਾਬ ਦੀ ਸਨਅਤ ਦੇ ਵੱਡੀ ਗਿਣਤੀ ਵਿਚ ਹਿਜਰਤ ਕਰਨ ਦਾ ਵੀ ਅਹਿਸਾਸ ਹੋਇਆ ਹੈ।
ਬਿਨਾਂ ਸ਼ੱਕ ਅੱਜ ਪੰਜਾਬ ਕਈ ਪੱਖਾਂ ਤੋਂ ਗੰਭੀਰ ਸੰਕਟ ਵਿਚ ਫਸਿਆ ਨਜ਼ਰ ਆਉਂਦਾ ਹੈ। ਉਸ ਸਾਹਮਣੇ ਅਨੇਕਾਂ ਚੁਣੌਤੀਆਂ ਆ ਖੜ੍ਹੀਆਂ ਹੋਈਆਂ ਹਨ। ਪੰਜਾਬ ਵਿਚ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਗੱਠਜੋੜ ਦਾ ਸੂਬੇ ਵਿਚ ਪ੍ਰਸ਼ਾਸਨ ਰਿਹਾ ਹੈ। ਇਨ੍ਹਾਂ ਪਾਰਟੀਆਂ ਦੀਆਂ ਨੀਤੀਆਂ ਅਨੁਸਾਰ ਹੀ ਸੂਬੇ ਦੀ ਦਸ਼ਾ ਅਤੇ ਦਿਸ਼ਾ ਨਿਰਧਾਰਤ ਹੁੰਦੀ ਰਹੀ ਹੈ। ਅਸੀਂ ਸਮਝਦੇ ਹਾਂ ਕਿ ਜੇਕਰ ਅੱਜ ਸੂਬਾ ਮੰਦੀ ਹਾਲਤ ਵਿਚੋਂ ਗੁਜ਼ਰ ਰਿਹਾ ਹੈ, ਜੇਕਰ ਇਸ ਦੀ ਆਰਥਿਕਤਾ ਲੜਖੜਾ ਰਹੀ ਹੈ ਤਾਂ ਇਸ ਲਈ ਇਨ੍ਹਾਂ ਪਾਰਟੀਆਂ ਦੇ ਵੱਡੇ ਆਗੂ ਜ਼ਿੰਮੇਵਾਰ ਹਨ। ਸ: ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੇ ਕਿਸਾਨਾਂ ਨੂੰ ਬਿਜਲੀ-ਪਾਣੀ ਮੁਫ਼ਤ ਦੇਣ ਦੇ ਐਲਾਨ ਕੀਤੇ। ਲੱਖ ਰੋਕਣ ਦੇ ਬਾਵਜੂਦ ਉਹ ਆਪਣੀ ਇਸ ਅੜੀ 'ਤੇ ਕਾਇਮ ਰਹੇ। ਅੱਜ ਜੇਕਰ ਪੰਜਾਬ ਰਾਜਸਥਾਨ ਬਣਦਾ ਜਾ ਰਿਹਾ ਹੈ ਤਾਂ ਇਸ ਲਈ ਇਨ੍ਹਾਂ ਆਗੂਆਂ ਨੂੰ ਵਧੇਰੇ ਜ਼ਿੰਮੇਵਾਰ ਮੰਨਿਆ ਜਾਏਗਾ।
ਅਕਾਲੀ ਦਲ ਨੇ ਮੋਰਚੇ 'ਤੇ ਮੋਰਚੇ ਲਾ ਕੇ ਪੰਜਾਬੀ ਸੂਬਾ ਮੰਗਿਆ ਅਤੇ ਉਨ੍ਹਾਂ ਦੇ ਹੱਥ ਛੋਟਾ ਜਿਹਾ ਪ੍ਰਾਂਤ ਫੜਾ ਦਿੱਤਾ ਗਿਆ। ਜੇ ਉਹ ਇਸ ਗੱਲ 'ਤੇ ਕਦੇ-ਕਦੇ ਕੁਸਕਦੇ ਵੀ ਰਹੇ ਤਾਂ ਵੀ ਉਨ੍ਹਾਂ ਦੀ ਇਸ ਕੁਸਕਣ ਵਿਚ ਕੋਈ ਵਜ਼ਨ ਨਹੀਂ ਸੀ। ਇਥੋਂ ਤੱਕ ਕਿ ਚੰਡੀਗੜ੍ਹ ਦੇ ਮਸਲੇ 'ਤੇ ਵੀ ਉਹ ਮਜ਼ਬੂਤ ਸਟੈਂਡ ਨਾ ਲੈ ਸਕੇ। ਲੌਂਗੋਵਾਲ-ਰਾਜੀਵ ਸਮਝੌਤੇ ਅਧੀਨ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਐਲਾਨ ਕੀਤਾ ਗਿਆ ਪਰ ਬਾਅਦ ਵਿਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਇਸ ਤੋਂ ਮੁਕਰ ਗਏ। ਇਸ ਦੇ ਬਾਵਜੂਦ ਅਕਾਲੀ ਆਗੂ ਰਾਜ ਕਰਨ ਦੀ ਆਪਣੀ ਲਾਲਸਾ ਕਰਕੇ ਸੱਤਾ ਨਾਲ ਚਿੰਬੜੇ ਰਹੇ। ਇਸ ਲਈ ਸ: ਸੁਰਜੀਤ ਸਿੰਘ ਬਰਨਾਲਾ ਅਤੇ ਸ: ਬਲਵੰਤ ਸਿੰਘ ਵੱਡੇ ਦੋਸ਼ੀ ਮੰਨੇ ਜਾ ਸਕਦੇ ਹਨ। ਬਾਅਦ ਦੀਆਂ ਅਕਾਲੀ ਸਰਕਾਰਾਂ ਨੇ ਚੰਡੀਗੜ੍ਹ ਲੈਣ ਲਈ ਕਿੰਨੇ ਕੁ ਯਤਨ ਕੀਤੇ, ਇਸ ਬਾਰੇ ਕੁਝ ਲੁਕਿਆ ਛੁਪਿਆ ਨਹੀਂ ਹੈ।
ਅਕਾਲੀ ਸਰਕਾਰਾਂ ਵੇਲੇ ਚੰਡੀਗੜ੍ਹ ਤੋਂ ਬਹੁਤੇ ਦਫ਼ਤਰ ਚੁੱਕ ਕੇ ਮੁਹਾਲੀ ਲਿਜਾਏ ਗਏ। ਹੋਰ ਤਾਂ ਹੋਰ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਲਈ ਵਿਰਾਸਤ ਦਾ ਦਰਜਾ ਰੱਖਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਤੇ ਵੀ ਆਪਣਾ ਹੱਕ ਛੱਡ ਦਿੱਤਾ ਸੀ ਅਤੇ ਇਸ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ ਫਾਈਲ ਕੇਂਦਰ ਨੂੰ ਭੇਜ ਦਿੱਤੀ ਸੀ। ਪਰ ਇਸ ਦਾ ਤਿੱਖਾ ਵਿਰੋਧ ਹੋਣ ਕਾਰਨ ਬਾਅਦ 'ਚ ਇਹ ਫਾਈਲ ਵਾਪਸ ਮੰਗਵਾਈ ਗਈ। ਅਕਾਲੀ ਦਲ ਦੀਆਂ ਸਰਕਾਰਾਂ ਮੁਲਾਜ਼ਮਾਂ ਦੀ ਨਿਯੁਕਤੀ ਸਬੰਧੀ 60:40 ਦਾ ਅਨੁਪਾਤ ਵੀ ਬਰਕਰਾਰ ਨਾ ਰੱਖਵਾ ਸਕੀਆਂ। ਸੁਖਬੀਰ ਸਿੰਘ ਬਾਦਲ ਨੇ ਅਨੇਕਾਂ ਕਾਰਨਾਂ ਕਰਕੇ ਨਵੇਂ ਚੰਡੀਗੜ੍ਹ ਦੀ ਲਾਲਸਾ ਪਾਲ ਕੇ ਇਕ ਤਰ੍ਹਾਂ ਨਾਲ ਚੰਡੀਗੜ੍ਹ ਦੇ ਕੇਸ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ।
ਇਥੋਂ ਤੱਕ ਕਿ ਕੇਂਦਰ ਵਲੋਂ ਪੰਜਾਬ ਦੀ ਹਿੱਕ 'ਤੇ ਬਣਾਏ ਗਏ ਕੇਂਦਰ ਸ਼ਾਸਿਤ ਇਸ ਖੇਤਰ ਵਿਚ ਪੰਜਾਬੀ ਬੋਲੀ ਦੀ ਪੂਰੀ ਤਰ੍ਹਾਂ ਜਖਣਾ ਪੁੱਟ ਦਿੱਤੀ ਗਈ। ਪਰ ਅਕਾਲੀ ਇਸ 'ਤੇ ਕਦੇ ਵੀ ਕੋਈ ਸਖ਼ਤ ਸਟੈਂਡ ਨਹੀਂ ਲੈ ਸਕੇ। ਲੇਖਕ ਸਭਾਵਾਂ ਅਤੇ ਪੰਜਾਬੀ ਬੁੱਧੀਜੀਵੀ ਜ਼ਰੂਰ ਇਸ ਵਿਰੁੱਧ ਆਵਾਜ਼ ਉਠਾਉਂਦੇ ਰਹੇ ਪਰ ਅਕਾਲੀ-ਭਾਜਪਾ ਆਗੂ ਇਸ 'ਤੇ ਖਾਮੋਸ਼ ਹੀ ਰਹੇ। ਪਹਾੜੀ ਰਾਜਾਂ ਨੂੰ ਦਿੱਤੀਆਂ ਵਿਸ਼ੇਸ਼ ਸਹੂਲਤਾਂ ਕਾਰਨ ਪੰਜਾਬ ਦੀ ਉਜੜ ਰਹੀ ਸਨਅਤ ਨੂੰ ਬਚਾਉਣ ਲਈ ਅਕਾਲੀਆਂ ਅਤੇ ਭਾਜਪਾ ਵਾਲਿਆਂ ਨੇ ਦਿੱਲੀ ਜਾ ਕੇ ਕਿੰਨੇ ਕੁ ਮੋਰਚੇ ਲਾਏ, ਇਸ ਦਾ ਸਭ ਨੂੰ ਪਤਾ ਹੈ। ਕਿਉਂਕਿ ਉਨ੍ਹਾਂ ਦੇ ਰਾਜ ਸਮੇਂ ਸਿਵਾਏ ਕੇਂਦਰ ਨੂੰ ਕੁਝ ਚਿੱਠੀਆਂ ਲਿਖਣ ਦੇ ਇਸ ਮਸਲੇ 'ਤੇ ਡੱਕਾ ਨਹੀਂ ਤੋੜਿਆ ਗਿਆ। ਰਾਜਸਥਾਨ ਨੂੰ ਜਾਂਦੇ ਪਾਣੀਆਂ ਨੂੰ ਰੋਕਣ ਲਈ ਅਕਾਲੀਆਂ ਅਤੇ ਭਾਜਪਾ ਨੇ ਕਿੰਨੇ ਕੁ ਅਮਲੀ ਕਦਮ ਉਠਾਏ, ਇਸ ਸਬੰਧੀ ਕਿਸੇ ਨੂੰ ਕੁਝ ਪਤਾ ਨਹੀਂ। ਜੇਕਰ ਹੁਣ ਸਭ ਕੁਝ ਗੁਆ ਕੇ ਅਕਾਲੀ ਆਗੂ ਹੋਸ਼ ਵਿਚ ਆਏ ਵੀ ਹਨ ਤਾਂ ਸੰਸਦ ਵਿਚ ਮਹਿਜ਼ ਤਕਰੀਰਾਂ ਕਰਕੇ ਉਹ ਪੰਜਾਬ ਨੂੰ ਕਿਸ ਤਰ੍ਹਾਂ ਮੁੜ ਪੈਰਾਂ 'ਤੇ ਖੜ੍ਹਾ ਕਰ ਸਕਣਗੇ? ਇਸ ਦੀ ਸਮਝ ਘੱਟੋ-ਘੱਟ ਇਸ ਸਮੇਂ ਪੰਜਾਬ ਵਾਸੀਆਂ ਨੂੰ ਨਹੀਂ ਆ ਰਹੀ। ਇਸੇ ਲਈ ਅੱਜ ਵੱਡੀ ਗਿਣਤੀ ਵਿਚ ਪੰਜਾਬੀ ਇਸ ਦਰਦ ਨੂੰ ਭੋਗ ਰਹੇ ਹਨ। ਇਸੇ ਲਈ ਪੰਜਾਬ ਅੱਜ ਆਰਥਿਕ ਮੰਦਵਾੜੇ 'ਚੋਂ ਗੁਜ਼ਰਦਾ ਹੋਇਆ ਦਿਸ਼ਾਹੀਣਤਾ ਦੀ ਹਾਲਤ ਵਿਚ ਭਟਕਦਾ ਦਿਖਾਈ ਦੇ ਰਿਹਾ ਹੈ।
ਸੰਪਾਦਕੀ ਅਜੀਤ 11 ਜੁਲਾਈ 2019
( ਅਜੀਤ ਦੇ ਧੰਨਵਾਦ ਸਾਹਿਤ )
ਅਜੀਤ ਵਿਚ ਸੰਪਾਦਕੀ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :
http://beta.ajitjalandhar.com/edition/20190711/4.cms
-
ਡਾ. ਬਰਜਿੰਦਰ ਸਿੰਘ ਹਮਦਰਦ, ਮੁੱਖ ਸੰਪਾਦਕ ਅਜੀਤ
********
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.