ਲੋਕ ਸੰਗੀਤ ਦੀ ਬੇਤਾਜ ਮਹਾਂਰਾਣੀ
ਬੀਬੀ ਰੇਸ਼ਮਾਂ ਨੂੰ 1987 ਚ ਮੈਂ ਪਹਿਲੀ ਵਾਰ ਲੁਧਿਆਣੇ ਚ ਮਿਲਿਆ
ਕ ਰ ਲਖਨਪਾਲ ਡਿਪਟੀ ਕਮਿਸ਼ਨਰ ਹੁੰਦੇ ਸਨ ਉਦੋਂ। ਬੇਹੱਦ ਮੁਹੱਬਤੀ ਤੇ ਦਿਲਦਾਰ ਇਨਸਾਨ। ਸਤਿਲੁਜ ਕਲੱਬ ‘ਚ ਨ ਸ ਨੰਦਾ ਤੋਂ ਕੁਝ ਨਾ ਕੁਝ ਸਿਰਜਣਾਤਮਕ ਕੰਮ ਕਰਵਾਉਂਦੇ ਰਹਿੰਦੇ। ਕਦੇ ਜਗਜੀਤ ਸਿੰਘ ਚਿਤਰਾ ਸਿੰਘ ਨੂੰ ਬੁਲਾਉਂਦੇ ਕਦੇ ਰੇਸ਼ਮਾਂ ਜਹੀ ਬੁਲੰਦ ਆਵਾਜ਼ ਨੂੰ ਸੁਣਦੇ ਸੁਣਾਉਂਦੇ।
ਮੈਂ ਸਤਿਲੁਜ ਕਲੱਬ ਦਾ ਮੈਂਬਰ ਨਹੀਂ ਸਾਂ ਕਦੇ ਵੀ, ਹੁਣ ਵੀ ਨਹੀਂ ਹਾਂ ਪਰ ਸੱਜਣ ਪਿਆਰੇ ਮਹਿਮਾਨ ਬਣਾ ਕੇ ਸਾਲ ਛਿਮਾਹੀ ਮਗਰੋਂ ਲੈ ਜਾਂਦੇ ਸੀ।
ਹੁਣ ਤਾਂ ਸਾਰੇ ਪਾਸੇ ਹੀ ਬੇੜਾ ਬਹਿ ਗਿਆ ਹੈ। ਬਦਤਮੀਜ਼ੀ ਵਧ ਗਈ ਹੈ ਤੇ ਸੰਗੀਤ ਸਹਿਕ ਰਿਹਾ ਹੈ।
ਗੱਲ ਤਾਂ ਰੇਸ਼ਮਾਂ ਦੀ ਕਰ ਰਿਹਾ ਸਾਂ।
ਰੇਸ਼ਮਾਂ ਨੇ ਦਿੱਲੀਓਂ ਕਾਰ ਤੇ ਲੁਧਿਆਣੇ ਆਉਣਾ ਸੀ ਪਰ ਰਾਹ ਚ ਅੜਿੱਕੇ ਪੈਂਦੇ ਰਹੇ। ਸ਼ਾਮ ਅੱਠ ਵਜੇ ਪਹੁੰਚਣ ਦਾ ਵਕਤ ਸੀ ਪਰ ਉਹ ਗਿਆਰਾਂ ਵਜੇ ਰਾਤੀਂ ਪਹੁੰਚੀ। ਅੰਦਰ ਓੜਕਾਂ ਦੀ ਭੀੜ। ਬਾਜ਼ਾਰੂ ਸੰਗੀਤ ਬਦਲਵੇਂ ਪ੍ਰਬੰਧ ਵਜੋਂ ਪੇਸ਼ ਕੀਤਾ ਜਾ ਰਿਹਾ ਸੀ।
ਅੱਕ ਕੇ ਘਰ ਨੂੰ ਪਰਤਿਆ ਤਾਂ ਮੁੱਖ ਬੂਹੇ ਤੇ ਰੇਸ਼ਮਾਂ ਸੀ। ਨਾਲ ਉਸਦਾ ਸਾਥੀ ਸੀ ਹਾਰਮੋਨੀਅਮ ਵਾਲਾ ਜੋ ਮਗਰੋਂ ਨੇੜਲੇ ਰਿਸ਼ਤੇ ਚ ਤਬਦੀਲ ਹੋ ਗਿਆ। ਗੇਟ ਕੀਪਰ ਲੰਘਣ ਨਾ ਦੇਵੇ, ਉਹ ਕਹੇ ਮੈਂ ਰੇਸ਼ਮਾ ਹਾਂ। ਪੰਗਾ ਇਹ ਕਿ ਦਾਰੂ ਦੇ ਲੋਰ ਚ ਗੇਟ ਕੀਪਰ ਨੂੰ ਤਾਂ ਰੱਬ ਭੁੱਲਿਆ ਹੋਇਆ ਸੀ, ਉਹ ਰੇਸ਼ਮਾਂ ਨੂੰ ਕੀ ਜਾਣੇ?
ਮੈਂ ਵੇਖਿਆ ਕਿ ਇਹ ਤਾਂ ਸੱਚਮੁੱਚ ਰੇਸ਼ਮਾ ਹੈ, ਸਫ਼ਰ ਦੀ ਮਧੋਲੀ ਹੋਈ। ਗੇਟ ਲੰਘਾ ਕੇ ਅੰਦਰ ਖ਼ਬਰ ਭੇਜੀ ਕਿ ਰੇਸ਼ਮਾਂ ਪਹੁੰਚ ਗਈ ਹੈ।
ਉਸ ਨੇ ਥੋੜਾ ਬਹੁਤ ਤਿਆਰ ਵੀ ਹੋਣਾ ਸੀ, ਚੱਜ ਦੇ ਲੀੜੇ ਕੱਪੜੇ ਪਾ ਕੇ ਹੀ ਮੰਚ ਤੇ ਜਾਣਾ ਸੀ ਕੰਘੀ ਪੱਟੀ ਵੀ ਕਰਨੀ ਸੀ। ਇੱਕਲਵਾਂਝੇ ਕਮਰੇ ਬਿਨ ਸੰਭਵ ਨਹੀਂ ਸੀ। ਪ੍ਰਬੰਧਕ ਜਨ ਵੀ ਗੁਲਾਬੀ ਹੋਏ ਫਿਰਨ। ਚੰਗੀ ਕਿਸਮਤ ਨੂੰ ਮੇਰੇ ਕਹੇ ਇੱਕ ਬੰਦੇ ਨੇ ਕਮਰਾ ਖੋਲ੍ਹ ਦਿੱਤਾ। ਬਾਥਰੂਮ ਚ ਪਿੰਡੇ ਪਾਣੀ ਪਾ ਕੇ ਉਸ ਲੀੜੇ ਲੱਤੇ ਬਦਲੇ ਤੇ ਬਾਹਰ ਆ ਕੇ ਬਿਨਾ ਓਹਲਾ ਕੀਤਿਆਂ ਉਹ ਸਾਡੇ ਸਾਹਮਣੇ ਹੀ ਤਿਆਰ ਹੋਈ ਗਈ ਤੇ ਨਾਲ ਨਾਲ ਦੁਨੀਆਂ ਭਰ ਦੀਆਂ ਆਲ਼ੀਆਂ ਭੋਲ਼ੀਆਂ ਗੱਲਾਂ।
ਮੈਂ ਰੇਸ਼ਮਾਂ ਦੇ ਗੀਤਾਂ ਦਾ ਬੇਰੋਕਟੋਕ ਜ਼ਿਕਰ ਕਰੀ ਗਿਆ ਤੇ ਉਹ ਹੂੰ ਹਾਂ ਕਰੀ ਗਈ। ਐੱਮ ਬੀ ਦੱਤ ਸਾਹਿਬ ਨੇ ਏਥੇ ਹੀ ਮੇਰੀ ਇਹ ਤਸਵੀਰ ਕਲਿੱਕ ਕੀਤੀ।
ਰੇਸ਼ਮਾਂ ਕਹੇ ਗਾਉਣ ਤੋਂ ਪਹਿਲਾਂ ਮੈਨੂੰ ਕਾਲੀ ਚਾਹ ਚਾਹੀਦੀ ਏ , ਬਿਨ ਮਿੱਠਿਉਂ, ਨਮਕੀਨ।
ਓਥੇ ਪ੍ਰਬੰਧ ਕੋਈ ਨਾ। ਇੱਕ ਚੌਕੀਦਾਰ ਲੱਭ ਪਿਆ ਜੀਹਦੇ ਕਵਾਟਰ ਚੋਂ ਮਾਰੂ ਚਾਹ ਤਿਆਰ ਕਰਵਾ ਕੇ ਰੇਸ਼ਮਾਂ ਕਾਇਮ ਕੀਤੀ।
ਮੰਚ ਵਾਲੀ ਰੇਸ਼ਮਾਂ ਹੋਰ ਸੀ। ਜਗਦੀ ਲਾਲਟੈਣ। ਪਹਿਲਾ ਹੀ ਗੀਤ ਛੋਹਿਆ, ਆਵਾਜ਼ ਅੰਬਰ ਚੀਰ ਕੇ ਪਰਤੀ।
ਹਾਏ ਓ ਰੱਬਾ
ਨਹੀਂ ਲੱਗਦਾ ਦਿਲ ਮੇਰਾ।
ਸੱਜਣਾਂ ਬਾਝੋਂ ਹੋਇਆ ਹਨ੍ਹੇਰਾ।
ਨਾ ਦਿਲ ਦੇਂਦੀ ਪਰਦੇਸੀ ਨੂੰ
ਕਦੇ ਮੈਂ ਪਛਤਾਉਂਦੀ ਨਾ।
ਦਮਾ ਦਮ ਮਸਤ ਕਲੰਦਰ
ਅਲੀ ਸ਼ਾਹਬਾਜ਼ ਕਲੰਦਰ।
ਤਾਂਘਾਂ ਵਾਲੇ ਨੈਣ ਕਦੋਂ
ਸੁਖ ਨਾਲ ਸੌਣਗੇ।
ਵਿੱਛੜੇ ਚਿਰਾਂ ਦੇ ਘਰੀਂ,
ਫੇਰਾ ਕਦੋਂ ਪਾਉਣਗੇ।
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖਾਂ।
ਤੇ ਕਿੰਨੇ ਹੋਰ ਗੀਤ। ਟਿਕੀ ਹੋਈ ਸੁਰਮਈ ਰਾਤ। ਜਿਹੜੇ ਵੇਲੇ ਭਗਤ ਜਨ ਜਾਗਦੇ ਨੇ।
ਸੁਣਨ ਵਾਲੇ ਅੱਧਿਉਂ ਵੱਧ ਦਸਮ ਦੁਆਰੇ ਸੁਰਤ ਟਿਕਾਈ ਬੈਠੇ ਸਨ।
ਇਹੋ ਜਹੀ ਸੁਰੀਲੀ ਰਾਤ ਕਦੇ ਹੀ ਨਸੀਬਾਂ ਵਿੱਚ ਆਉਂਦੀ ਹੈ।
ਮੈਂ ਉਸ ਦੇ ਗੀਤਾਂ ਚੋਂ ਪਰਵੇਜ਼ ਮਹਿਦੀ ਨਾਲ ਗਾਏ ਗੀਤ ਸਭ ਤੋਂ ਪਹਿਲਾਂ ਸੁਣੇ ਸਨ। ਪਾਕਿਸਤਾਨ ਰੇਡੀਓ ਤੋਂ ਪਿੰਡ ਰਹਿੰਦਿਆਂ। ਸਾਡੇ ਪਿੰਡੀਂ ਆਕਾਸ਼ਵਾਣੀ ਜਲੰਧਰ ਨਾਲੋਂ ਲਾਹੌਰ ਦੀ ਰੀਸੈਪਸ਼ਨ ਜ਼ਿਆਦਾ ਚੰਗੀ ਸੀ। ਮਗਰੋਂ ਜਲੰਧਰ ਵਾਲੇ ਵੀ ਰੇਸ਼ਮਾਂ ਦੇ ਗੀਤ ਸੁਣਾਉਣ ਲੱਗ ਪਏ ਸਨ।
ਗੋਰੀਏ! ਮੈਂ ਜਾਣਾ ਪਰਦੇਸ
ਮੈਂ ਜਾਣਾ ਤੇਰੇ ਨਾਲ ਵੇ......
ਹੋਰ ਬਹੁਤ ਕੁਝ।
1996 ਚ ਦੂਜੀ ਮੁਲਾਕਾਤ ਹਰਨੇਕ ਸਿੰਘ ਘੜੂੰਆਂ ਦੇ ਮੋਹਾਲੀ ਲੋਕ ਸੰਗੀਤ ਮੇਲੇ ਨੇ ਕਰਵਾਈ।
ਵਾਘਾ ਬਾਡਰ ਤੇ ਸ: ਜਗਦੇਵ ਸਿੰਘ ਜੱਸੋਵਾਲ ਤੇ ਮੈਂ ਤੇਲ ਚੋ ਕੇ ਰੇਸ਼ਮਾਂ, ਸ਼ੌਕਤ ਅਲੀ, ਇਨਾਇਤ ਹੁਸੈਨ ਭੱਟੀ, ਅਕਰਮ ਰਾਹੀ ਤੇ ਹੋਰ ਕਲਾਕਾਰਾਂ ਨੂੰ ਪਹਿਲਾਂ ਦਰਬਾਰ ਸਾਹਿਬ ਮੱਥਾ ਟਿਕਵਾਇਆ। ਸ਼੍ਰੋਮਣੀ ਕਮੇਟੀ ਦੇ ਲੋਕ ਸੰਪਰਕ ਅਧਿਕਾਰੀ ਸ੍ਵ: ਅਮਰਜੀਤ ਸਿੰਘ ਗਰੇਵਾਲ ਦੇ ਕਹਿਣ ਤੇ ਰੇਸ਼ਮਾਂ ਤੇ ਬਾਕੀ ਕਲਾਕਾਰਾਂ ਨੇ
ਅੱਵਲ ਅੱਲ੍ਹਾ ਨੂਰ ਉਪਾਇਆ
ਸ਼ਬਦ ਗਾ ਕੇ ਸੁਣਾਇਆ। ਉਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ।
ਰੇਸ਼ਮਾਂ ਨਾਲ ਸਬੰਧਿਤ ਯਾਦਾਂ ਤੇ ਉਹਦੇ ਸੰਗੀਤ ਬਾਰੇ ਵਿਸਥਾਰ ਚ ਗੱਲ ਕਦੇ ਫੇਰ ਸਹੀ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.