ਖ਼ਬਰ ਹੈ ਕਿ ਭਾਰਤ ਦੇ ਬਜ਼ਟ 'ਚ ਸੈੱਸ ਵਧਾਉਣ ਨਾਲ ਪੈਟਰੋਲ 2.50 ਰੁਪਏ ਲਿਟਰ ਅਤੇ ਡੀਜ਼ਲ 2.30 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਖ਼ਬਰ ਇਹ ਵੀ ਹੈ ਕਿ ਸਰਕਾਰ ਨੇ ਅਮੀਰਾਂ ਤੇ ਟੈਕਸ ਵਧਾਇਆ ਹੈ ਪਰ ਮੱਧ ਵਰਗ ਦੇ ਪੱਲੇ ਕੁਝ ਵੀ ਨਹੀਂ ਪਾਇਆ। ਸਰਕਾਰ ਨੇ ਸਿੱਧੇ ਵਿਦੇਸ਼ੀ ਨਿਵੇਸ਼ ਅਤੇ ਨਿੱਜੀਕਰਨ ਤੇ ਜ਼ੋਰ ਦਿੱਤਾ ਹੈ। ਰੇਲਵੇ ਦੇ ਨਿੱਜੀਕਰਨ ਦੀ ਤਿਆਰੀ ਕਰ ਦਿੱਤੀ ਗਈ ਹੈ। ਸਰਕਾਰ ਨੇ ਬਜ਼ਟ 'ਚ ਸਰਕਾਰੀ ਬੈਂਕਾਂ ਲਈ ਸੰਜੀਵਨੀ ਵਜੋਂ 70 ਹਜ਼ਾਰ ਕਰੋੜ ਦੀ ਪੂੰਜੀ ਦੇਣ ਦਾ ਐਲਾਨ ਕੀਤਾ ਹੈ, ਪਰ ਨੌਜਵਾਨ ਲਈ ਰੁਜ਼ਗਾਰ ਅਤੇ ਕਿਸਾਨਾਂ ਅਤੇ ਗਰੀਬਾਂ ਪੱਲੇ ਕੁਝ ਨਹੀਂ ਪਾਇਆ। ਛੋਟੇ ਦੁਕਾਨਦਾਰਾਂ ਨੂੰ ਤਿੰਨ ਹਜ਼ਾਰ ਪੈਨਸ਼ਨ ਅਤੇ 2022 ਤੱਕ ਸਾਰਿਆਂ ਨੂੰ ਘਰ ਦੇਣ ਦਾ ਵਾਇਦਾ ਕੀਤਾ ਗਿਆ ਹੈ।
ਨਾ ਖਾਤਾ, ਨਾ ਵਹੀ, ਜੋ ਹਾਕਮ ਕਹਿਣ ਉਹੀ ਸਹੀ। ਤਦੇ "ਭਾਈ ਭਗਵਿਆਂ" ਲਾਲ ਕੱਪੜੇ 'ਚ ਲਪੇਟ ਕੇ ਬਜ਼ਟ ਲਿਆਂਦਾ। ਕਿਸਾਨ ਦੇ ਗਲ ਫਾਹਾ ਪਾਉਣ ਦੀ ਤਰਕੀਬ ਜੁਟਾਈ, ਨੌਜਵਾਨ ਹੱਥ ਸਿਰਫ਼ ਡਿਗਰੀ ਫੜਾਈ ਜੋ ਉਹਨਾ ਦੇ ਕਦੇ ਰਾਸ ਹੀ ਨਹੀਂ ਆਈ। ਆਹ "ਤੋਲਿਆਂ" ਹੱਥ ਛੁਣ-ਛੁਣਾ ਫੜਾਇਆ, ਜਿਹੜੇ ਪਹਿਲਾਂ ਹੀ ਠੂੰਗਾ ਮਾਰਨ ਦੇ ਮਾਹਰ ਹਨ। ਅਸਲ 'ਚ ਜੀ, ਭਾਈ ਨੇ ਭਾਈ ਪਛਾਤਾ। ਤੂੰ ਖਾਹ,ਮੈਂ ਖਾਓਂ ਬਾਕੀ ਜਾਣ ਢੱਠੇ ਖੂਹ!
ਨਾਰੀ ਤੂੰ ਨਰਾਇਣੀ ਆਖ, ਔਰਤ ਵਿੱਤ ਮੰਤਰੀ ਨੇ, ਦੇਸ਼ ਦੀਆਂ ਔਰਤਾਂ ਹੱਥ ਛੁਣਛੁਣਾ ਫੜਾਇਆ ਤੇ ਦਸ ਵੇਰ ਆਖਿਆ, "ਆਪ ਵਜਾਉ, ਬੱਚਿਆਂ ਨੂੰ ਵਜਾ ਕੇ ਵਿਖਾਉ ਛੁਣਛੁਣਾ ਅਤੇ ਪਰਚਾਉ" ਤੇ ਨਾਲੋ ਨਾਲ ਆਖ ਤਾ 'ਆਹ ਛੁਣਛੁਣਾ ਆਪਣੇ ਤਿਆਗੀ ਪ੍ਰਧਾਨ ਮੰਤਰੀ ਨੇ ਭੇਜਿਆ ਆ, ਜੀਹਨੂੰ ਆਪ ਇਹ ਛੁਣਛੁਣਾ ਵਜਾਉਣ ਦੀ ਜਾਂਚ ਨਹੀਂਉਂ ਆਉਂਦੀ।
ਨਾ ਖਾਤਾ ਨਾ ਵਹੀ, ਜੋ ਹਾਕਮ ਕਹਿਣ ਉਹੀ ਸਹੀ। ਤਦੇ ਬਜ਼ਟ ਦਾ ਕੁੰਡਾ ਕਾਰਪੋਰੇਟੀਆਂ ਹੱਥ ਫੜਾਤਾ, ਜਿਹੜੇ ਕਿਰਤੀਆਂ, ਕਿਸਾਨਾਂ, ਵਿਦਵਾਨਾਂ, ਜਵਾਨਾਂ ਦਾ ਲਹੂ ਪੀਂਦੇ ਆ, ਅਤੇ ਰਤਾ ਭਰ ਡਕਾਰ ਨਹੀਂਉਂ ਮਾਰਦੇ। ਓ ਭਾਈ, ਬਜ਼ਟਾਂ ਦੀਆਂ ਤਾਂ ਸਭ ਗੱਲਾਂ ਆ, ਅਸਲ 'ਚ ਦੋ ਦੂਣੀ ਚਾਰ ਤੇ ਅੱਖ ਮੱਟਕੇ ਉਪਰਲਿਆਂ ਨਾਲ ਨੇ ਜਿਹਨਾ ਨੇ ਇਹਨਾ ਦੀ ਡਿਗਦੀ ਕੁਰਸੀ ਦੀ ਟੰਗ ਵੀ ਬਚਾਉਣੀ ਆ, ਡਿੱਗੀ ਸਾਖ ਨੂੰ ਚੇਪੀ ਵੀ ਲਾਉਣੀ ਆ। ਅਤੇ ਆਪਣੇ ਸਾਂਝ ਭਿਆਲੀ ਨਾਲ ਜਿਥੇ ਵੀ, ਜਿਵੇਂ ਵੀ, ਸੂਤ ਆਇਆ ਲਾਲ ਪੋਟਲੀ 'ਚ ਗਰੀਬਾਂ ਗੁਰਬਿਆਂ ਦਾ ਖ਼ੂਨ ਨਪੀੜਨਾ ਆਂ ਅਤੇ ਇਹ ਸੱਚ ਕਰ ਵਿਖਾਉਣਾ ਆਂ, "ਲਹੂ ਪੀਂਦੇ ਨੇ ਕਿਰਤੀ ਗਰੀਬ ਦਾ ਸਭਾ, ਕੌਡੇ ਰਾਖਸ਼ ਨਿੱਤ ਖਾਂਦੇ ਨੇ ਮਾਸ ਤਲ੍ਹਕੇ"।
ਸਾਡੀ ਮਹਿਕਦੀ-ਟਹਿਕਦੀ ਜ਼ਿੰਦਗੀ ਨੂੰ,
ਨਸ਼ਾ, ਭੁੱਖ, ਗਰੀਬੀ ਲੰਗਾਰ ਕਰ ਗਈ।
ਖ਼ਬਰ ਹੈ ਕਿ ਜੂਨ 2019 ਦੇ ਮਹੀਨੇ ਸੂਬੇ ਪੰਜਾਬ ਅੰਦਰ 23 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋਈ ਹੈ। ਇਹ ਉਹ ਅੰਕੜੇ ਹਨ, ਜਿਹੜੇ ਮੀਡੀਆ ਰਾਹੀਂ ਰਿਪੋਰਟ ਹੋਏ ਹਨ। ਇੱਕ-ਇੱਕ ਦਿਨ ਦੋ ਤੋਂ ਤਿੰਨ ਮੌਤਾਂ ਨਸ਼ੇ ਦੀ ਓਬਰਡੋਜ਼ ਨਾਲ ਹੋਈਆਂ ਹਨ। 24 ਜੂਨ ਨੂੰ ਪੰਜਾਬ ਅੰਦਰ ਚਿੱਟੇ ਦਾ ਟੀਕਾ ਲਗਾਉਣ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ। 18 ਜੂਨ, 25 ਜੂਨ, 27 ਜੂਨ ਨੂੰ ਚਿੱਟੇ ਕਾਰਨ ਦੋ-ਦੋ ਨੌਜਵਾਨਾਂ ਦੀ ਮੌਤ ਹੋਈ। ਬਠਿੰਡਾ ਜ਼ਿਲੇ ਅੰਦਰ ਜੂਨ ਮਹੀਨੇ 7, ਫਿਰੋਜ਼ਪੁਰ ਵਿੱਚ 8 ਨੌਜਵਾਨ ਚਿੱਟੇ ਦੀ ਭੇਂਟ ਚੜ੍ਹੇ। ਲੁਧਿਆਣਾ, ਸੰਗਰੂਰ, ਮੁਕਤਸਰ ਸਾਹਿਬ ਵਿੱਚ ਵੀ ਓਬਰਡੋਜ਼ ਨਾਲ ਮੌਤਾਂ ਹੋਈਆਂ।
ਬੱਲੇ-ਬੱਲੇ! ਦੇਸ਼ 'ਚ ਸਭ ਤੋਂ ਵੱਧ ਚਿੜੀ ਦੇ ਪਹੁੰਚੇ ਜਿੱਡਾ ਸੂਬਾ ਪੰਜਾਬ "ਸ਼ਰਾਬ" ਡਕਾਰ ਜਾਂਦਾ। ਕਿਵੇਂ ਨਾ ਮਾਣ ਕਰੀਏ?
ਸ਼ਾਵਾ-ਸ਼ਾਵਾ! ਦੇਸ਼ 'ਚ ਸਭ ਤੋਂ ਵੱਧ ਆਪਣੀਆਂ ਔਰਤਾਂ ਦੇ ਪੇਟ 'ਚ ਪਲ ਰਹੀਆਂ ਕੁੜੀਆਂ ਨੂੰ ਮਾਰਨ ਦਾ ਰਿਕਾਰਡ ਵਰ੍ਹਿਆਂ ਤੋਂ ਬਣਾਈ ਤੁਰਿਆ ਜਾਂਦਾ ਸਾਡਾ ਪੰਜਾਬ! ਕਿਵੇਂ ਨਾ ਮਾਣ ਕਰੀਏ?
ਵਾਹ-ਜੀ-ਵਾਹ! ਦੇਸ਼ 'ਚ ਮਰ ਰਹੇ ਆਤਮ-ਹੱਤਿਆ ਕਰ ਰਹੇ ਕਿਸਾਨਾਂ ਦੀ ਗਿਣਤੀ 'ਚ ਕਈ ਸੂਬਿਆਂ ਨੂੰ ਪਾਰ ਕਰੀ ਤੁਰਿਆਂ ਜਾਂਦਾ ਪਿਆਰਾ ਪੰਜਾਬ! ਕਿਵੇਂ ਨਾ ਮਾਣ ਕਰੀਏ!
ਪੰਜਾਬੀਆਂ ਨੂੰ ਕੁੱਝ-ਕੁੱਝ, ਫੂੰ-ਫੂੰ ਨੇ ਮਾਰਿਆ। ਪੰਜਾਬੀਆਂ ਨੂੰ ਕੁਝ ਬਦਕਲਾਮੀ, ਫੁੱਟ, ਖੇਤਾਂ 'ਚ ਧੂੜੀਆਂ ਜਾ ਰਹੀਆਂ ਅੰਨ੍ਹੇ ਵਾਹ ਜ਼ਹਿਰਾਂ ਨੇ ਮਾਰਿਆ। ਤੇ ਬਾਕੀ ਰਹਿੰਦਾ-ਖੂੰਹਦਾ "ਖੰਡ ਦੇ ਕੜਾਹ" ਵਰਗੇ ਛਕੇ ਜਾ ਰਹੇ ਨਸ਼ੇ ਨੇ ਮਾਰਿਆ।
ਤਾਂ ਹੀ ਤਾਂ ਭਾਈ ਖੁਸ਼ਹਾਲ ਤੋਂ ਬਦਹਾਲ ਹੋਏ ਗੁਰੂਆਂ, ਪੀਰਾਂ, ਫ਼ਕੀਰਾਂ ਦੇ ਸੂਬੇ ਪੰਜਾਬ ਦੀ ਬਦਹਾਲੀ, ਕਵੀ ਇਉਂ ਬਿਆਨ ਕਰਦਾ ਆ, "ਸਾਡੀ ਮਹਿਕਦੀ-ਟਹਿਕਦੀ ਜ਼ਿੰਦਗੀ ਨੂੰ, ਨਸ਼ਾ, ਭੁੱਖ, ਗਰੀਬੀ ਲੰਗਾਰ ਕਰ ਗਈ"।
ਆਪੋ-ਆਪਣੀ ਸਮਰੱਥਾ ਦੀ ਗੱਲ ਯਾਰੋ,
ਕੋਈ ਦੌੜਦਾ ਤੇ ਕੋਈ ਰੀਂਘਦਾ ਏ।
ਖ਼ਬਰ ਹੈ ਕਿ ਦੁਨੀਆ ਦੇ ਵੱਖੋ-ਵੱਖਰੇ ਦੇਸ਼ਾਂ ਦੇ ਨਾਗਰਿਕ ਰੁਜ਼ਗਾਰ ਦੇ ਸਿਲਸਿਲੇ 'ਚ ਦੂਜੇ ਦੇਸ਼ਾਂ ਨੂੰ ਜਾਂਦੇ ਹਨ। ਇੱਕ ਰਿਪੋਰਟ ਕਹਿੰਦੀ ਹੈ ਕਿ 2018 ਵਿੱਚ ਭਾਰਤੀ ਪ੍ਰਵਾਸੀਆਂ ਨੇ ਸਭ ਤੋਂ ਜਿਆਦਾ 78.6 ਅਰਬ ਡਾਲਰ ਆਪਣੇ ਦੇਸ਼ ਨੂੰ ਭੇਜੇ ਹਨ, ਜਦ ਕਿ ਚੀਨ ਦੇ ਨਾਗਰਿਕਾਂ ਨੇ 67.4, ਮੈਕਸੀਕੋ 35.7, ਫਿਲੀਫੀਨਸ 33.8, ਮਿਸਰ 28.9, ਪਾਕਸਿਤਾਨ 21 ਅਤੇ ਬੰਗਲਾ ਦੇਸ਼ ਦੇ ਪ੍ਰਵਾਸੀ ਨਾਗਰਿਕਾਂ ਨੇ 15.5 ਅਰਬ ਡਾਲਰ ਆਪੋ-ਆਪਣੇ ਦੇਸ਼ਾਂ ਨੂੰ ਭੇਜੇ ਹਨ।
ਆਹ ਆਪਣੇ ਦੇਸੀ ਭਾਈਬੰਦ ਭੈਣਾਂ, ਭਾਈ ਸਮਝਦੇ ਆ, ਆਹ ਵੀਰੇ, ਭੈਣਾਂ ਪ੍ਰਵਾਸੀ ਵਿਦੇਸ਼ ਜਾਂਦੇ ਆ, ਦਰਖ਼ਤਾਂ ਤੋਂ ਪੌਂਡ, ਡਾਲਰ, ਤੋੜਦੇ ਆ, ਝੋਲੇ ਭਰਦੇ ਆ, ਮੌਜਾਂ ਕਰਦੇ ਆ ਤੇ ਫਟਾ-ਫਟ ਬੈਂਕਾਂ ਦੇ ਖਾਤੇ ਭਰਦੇ ਆ। ਤੇ ਜਦੋਂ ਜੀਅ ਆਉਂਦਾ ਆਪਣੇ ਪੁੱਤਾਂ,ਧੀਆਂ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਨੂੰ ਘੱਲੀ ਜਾਂਦੇ ਆ। ਤੇ ਭਾਈ "ਮੋਦੀ ਦੇ ਖਜ਼ਾਨੇ" ਭਰੀ ਜਾਂਦੇ ਆ। ਜਿਵੇਂ ਆਹ ਆਪਣਾ ਹਾਕਮ ਮੋਦੀ ਆਪਣੇ ਵਿਦੇਸ਼ੀ ਮਿੱਤਰਾਂ ਨੂੰ ਰੁਝਾਉਣ, ਪਤਿਆਉਣ ਅਤੇ ਖੁਸ਼ ਕਰਨ ਲਈ ਮਾਇਆ ਰੋੜ੍ਹੀ ਜਾਂਦਾ, ਇਵੇਂ ਹੀ ਆਹ ਆਪਣੇ ਪ੍ਰਵਾਸੀਆਂ ਦੇ ਰਿਸ਼ਤੇਦਾਰ, ਮਿੱਤਰਾਂ, ਦੋਸਤ, ਉਹਨਾ ਦੀਆਂ ਜਾਇਦਾਦਾਂ, ਪੈਸੇ ਹੱੜਪੀ ਜਾਂਦੇ ਆ, ਤਾਂ ਕਿ ਵਿਚਾਰੇ ਜਦੋਂ ਦੇਸ਼ ਪਰਤਣ ਉਹਨਾ ਨੂੰ ਪੈਸੇ ਸੰਭਾਲਣ ਦੀ, ਖ਼ਰਚ ਕਰਨ ਦੀ ਫ਼ਿਕਰ ਹੀ ਨਾ ਰਹੇ। ਨੰਗੇ ਪੈਂਰੀ ਆਉਣ, ਮੰਦਰਾਂ ਦੇ ਟੱਲ ਖੜਕਾਉਣ ਗੁਰਦੁਆਰਿਆਂ ਦੇ ਦਰਸ਼ਨ ਕਰਨ, ਬੈਂਕ ਦੀ ਖਾਲੀ ਕਾਪੀ ਹੱਥ ਫੜਨ ਅਤੇ ਮੁੜ ਮਸ਼ੀਨ ਵਾਂਗੂ, ਏਅਰਪੋਰਟਾਂ ਦੇ ਟਾਇਲਟ, ਮੌਲਾਂ ਦੀਆਂ ਮਸ਼ੀਨਾਂ, ਸਾਫ਼ ਕਰਨ ਜਾਂ ਡਰੈਵਰੀ ਕਰਨ ਆਹ ਆਪਣੇ "ਨਵੇਂ ਦੇਸ਼" ਵਿਦੇਸ਼ ਪਰਤ ਜਾਣ।
ਵੇਖੋ ਨਾ ਜੀ, ਪ੍ਰਵਾਸੀਆਂ ਦੀ ਸਮਰੱਥਾ 18, 20 ਘੰਟੇ ਕੰਮ ਕਰਨ ਦੀ, ਦੇਸੀਆਂ ਦੀ ਸਮਰੱਥਾ ਪ੍ਰਵਾਸੀਆਂ ਦੀ ਚੋਵੀਂ ਘੰਟੇ ਜੀਅ ਆਇਆਂ ਤੇ ਸੇਵਾ ਕਰਨ ਦੀ ਤੇ ਉਹਨਾ ਦੀ ਜੇਬਾਂ ਚੋਂ ਬਚੀ-ਖੁਚੀ ਧੇਲੀ ਦੁਆਨੀ ਖਿਸਕਾਉਣ ਦੀ ਤੇ ਮੁੜ ਉਹਨਾ ਦੇ ਹੱਥ ਖਾਲੀ ਬੈਂਕ ਕਾਪੀ ਫੜਾਉਣ ਦੀ। ਸੁਣੋ ਇਸ ਸਬੰਧੀ ਕਵੀਓ ਵਾਚ "ਆਪੋ-ਆਪਣੀ ਸਮਰੱਥਾ ਦੀ ਗੱਲ ਯਾਰੋ, ਕੋਈ ਦੌੜਦਾ ਤੇ ਕੋਈ ਰੀਂਘਦਾ ਏ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
· ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਵੱਧ ਹੈ। ਪੰਜਾਬ 'ਚ ਲਗਭਗ 14.35 ਲੱਖ ਟਿਊਬਵੈੱਲ ਖੇਤੀ ਲਈ ਅਤੇ 20 ਲੱਖ ਸਬਮਰਸੀਬਲ ਪੰਪ ਸ਼ਹਿਰੀ ਖੇਤਰਾਂ 'ਚ ਪਾਣੀ ਦੀ ਸਪਲਾਈ ਲਈ ਵਰਤੇ ਜਾ ਰਹੇ ਹਨ।
· ਮਨੋਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਪਰ ਭਾਰਤ ਵਿੱਚ ਇੱਕ ਲੱਖ ਪਿੱਛੇ ਸਿਰਫ਼ 0.3 ਸਪੈਸ਼ਲਿਸਟ ਹੀ ਹਨ ਜਦ ਕਿ ਅਮਰੀਕਾ ਵਿੱਚ 12.4 ਅਤੇ ਨੀਦਰਲੈਂਡ ਵਿੱਚ 20.1 ਸਪੈਸ਼ਲਿਸਟ ਡਾਕਟਰ ਹਨ।
ਇੱਕ ਵਿਚਾਰ
ਅੱਜ ਦੀ ਨਾ-ਕਾਮਯਾਬੀ ਬਾਰੇ ਨਾ ਸੋਚੋ, ਬਲਕਿ ਉਸ ਸਫਲਤਾ ਦੇ ਬਾਰੇ ਸੋਚੋ ਜੋ ਕੱਲ ਤੁਹਾਨੂੰ ਮਿਲ ਸਕਦੀ ਹੈ।
.................ਹੈਲਰ ਕੇਲਰ
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.