ਵੱਖ ਵੱਖ ਅਖ਼ਬਾਰਾਂ ਪੜ੍ਹਦਿਆਂ "ਸੀ ਐਨ ਐਨ ਦੀ ਇਕ ਹੈੱਡ ਲਾਈਨ ਨੇ ਇਕ ਦਮ ਮੇਰਾ ਧਿਆਨ ਖਿੱਚਿਆ ਜਿਸ ਦਾ ਪੰਜਾਬੀ ਤਜ਼ੁਰਮਾ ਇਉਂ ਹੈ " ਭਾਰਤ ਕੋਲ਼ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਿਰਫ਼ ਪੰਜ ਸਾਲ, ਮਾਹਿਰਾਂ ਦਾ ਡਰ। ਵਾਰਨਾ ਕਰੋੜਾਂ ਲੋਕਾਂ ਦੀ ਜ਼ਿੰਦਗੀ ਖ਼ਤਰੇ ਚ ਪੈ ਜਾਵੇਗੀ।
2018 ਦੀ ਨੀਤੀ ਆਯੋਗ ਦੀ ਰਿਪੋਰਟ ਮੁਤਾਬਿਕ ਅਗਲੇ ਸਾਲ ਯਾਨੀ 2020 'ਚ ਭਾਰਤ ਦੇ 21 ਵੱਡੇ ਸ਼ਹਿਰਾਂ ਦਾ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਿਹਾ ਹੈ। ਭਾਰਤ ਦਾ 70% ਪਾਣੀ ਗੰਦਾ ਹੈ ਅਤੇ ਗੰਦੇ ਪਾਣੀ ਰੈਂਕਿੰਗ ਚ ਭਾਰਤ 122 ਦੇਸ਼ਾਂ ਚੋ 120ਵੇਂ ਸਥਾਨ ਤੇ ਹੈ।
ਪੰਜਾਬ ਦਾ ਅੰਮ੍ਰਿਤ ਵਰਗਾ ਪਾਣੀ ਪਹਿਲਾਂ ਪੰਜਾਬ ਦੀ ਰਾਜਨੀਤੀ ਦੀ ਭੇਟ ਚੜ੍ਹ ਗਿਆ ਜਦੋਂ ਇੱਥੋਂ ਦੇ ਸਿਆਸਤਦਾਨਾਂ ਨੇ ਕੁਰਸੀਆਂ ਅਤੇ ਪੈਸਿਆਂ ਦੇ ਲਾਲਚ ਵੱਸ ਨਹਿਰਾਂ ਕਢਵਾ ਕੇ ਬਾਹਰਲੇ ਸੂਬਿਆਂ ਨੂੰ ਦੇ ਦਿੱਤਾ ਰਹਿੰਦੀ ਕਸਰ ਬਰਬਾਦੀ ਦੀ, ਪੰਜਾਬ ਵਿੱਚ ਕੱਦੂ ਕਰ ਕੇ ਲਾਏ ਜਾ ਰਹੇ ਝੋਨੇ ਕੱਢ ਦਿੱਤੀ। ਝੋਨੇ ਦੇ ਸੀਜ਼ਨ 'ਚ ਇਉਂ ਲਗਦਾ ਜਿਵੇਂ ਸਾਰਾ ਪੰਜਾਬ ਇੱਕ ਤਰ੍ਹਾਂ ਨਾਲ਼ ਛੱਪੜ ਦੇ ਵਿੱਚ ਤਬਦੀਲ ਹੋ ਗਿਆ ਹੈ।
ਖੇਤੀ ਮਾਹਿਰ ਡਾ ਦਲੇਰ ਸਿੰਘ ਦਾ ਦਾਅਵਾ ਹੈ ਕਿ ਜੇਕਰ ਅੱਜ ਤੋਂ ਲਗਭਗ ਵੀਹ ਸਾਲ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਝੋਨੇ ਦੀ ਲਵਾਈ ਨੂੰ ਵੱਟਾਂ ਤੇ ਜ਼ਰੂਰੀ ਕਰਾਰ ਦੇ ਦਿੰਦੀ ਤਾਂ ਪੰਜਾਬ 'ਚ ਸਬਮਰਸੀਬਲ ਬੋਰਾਂ ਦੀ ਲੋੜ ਨਾ ਪੈਂਦੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਅੱਜ ਵੀ ਆਪਣੀ ਜ਼ਿੱਦ ਤੇ ਅੜੇ ਹੋਏ ਹਨ ਕਿ ਝੋਨਾ ਕੱਦੂ ਤੋਂ ਬਗੈਰ ਨਹੀਂ ਹੋ ਸਕਦਾ, ਜਦਕਿ ਡਾ. ਦਲੇਰ ਸਿੰਘ ਨੇ ਸੰਨ 2000 ਵਿੱਚ ਆਪਣੇ ਖੇਤਾਂ ਚ ਇਹ ਕ੍ਰਿਸ਼ਮਾ ਕਰਕੇ ਵਿਖਾਇਆ ਸੀ।
ਅੱਜ ਬਹੁਤ ਸਾਰੇ ਕਿਸਾਨ ਬਿਨਾਂ ਕੱਦੂ ਤੋਂ ਝੋਨਾ ਬੀਜ ਰਹੇ ਹਨ ਜਿਨ੍ਹਾਂ ਦੇ ਖੇਤਾਂ ਚ ਮੈ ਖ਼ੁਦ ਵੀ ਜਾ ਕੇ ਵੇਖ ਚੁੱਕਾਂ ਹਾਂ ਕਿ ਝੋਨਾ ਬਹੁਤ ਵਧੀਆ ਹੋ ਰਿਹਾ ਹੈ ਅਤੇ ਕਿਸਾਨ ਨਾਲ਼ ਗੱਲ ਬਾਤ ਵੀ ਕੀਤੀ ਕਿਸਾਨਾਂ ਦੇ ਮੁਤਾਬਿਕ ਕੱਦੂ ਤੋਂ ਬਗੈਰ ਝੋਨੇ ਦੀ ਲਵਾਈ ਉੱਤੇ ਲਾਗਤ ਅਤੇ ਪਾਣੀ ਦੀ ਖਪਤ ਬਹੁਤ ਘੱਟ ਜਾਂਦੀ ਹੈ ਝਾੜ ਵੀ ਜ਼ਿਆਦਾ ਨਿਕਲਦਾ ਹੈ। ਖ਼ਾਸ ਗੱਲ ਤਾਂ ਇਹ ਹੈ ਕਿ ਬਿਨਾਂ ਕੱਦੂ ਤੋਂ ਬਰਸਾਤੀ ਪਾਣੀ ਵੱਡੀ ਮਾਤਰਾ ਚ ਧਰਤੀ ਹੇਠਾਂ ਸਮਾਅ ਜਾਂਦਾ ਹੈ ਜਿਸ ਨਾਲ਼ ਪਾਣੀ ਦੇ ਪੱਧਰ ਦਾ ਸੰਤੁਲਨ ਬਣਿਆ ਰਹਿੰਦਾ ਹੈ ਧਰਤੀ ਹੇਠਲੇ ਪਾਣੀ ਦਾ ਲੈਵਲ ਬਰਾਬਰ ਰੱਖਣ ਲਈ ਬਰਸਾਤੀ ਪਾਣੀ ਹੀ ਇਕ ਮਾਤਰ ਵੱਡਾ ਜ਼ਰੀਆ ਹੈ। ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਸਾਹਿਬ ਦਾ ਬਚਨ ਹੈ "ਜੋ ਕਿਛੁ ਪਾਇਆ ਸੁ ਏਕਾ ਵਾਰ" ਭਾਵ ਪਰਮਾਤਮਾ ਨੇ ਧਰਤੀ ਆਦਿ 'ਚ ਜੋ ਕੁਝ ਵੀ ਪਾਉਣਾ ਸੀ ਉਹ ਇਕੋ ਵਾਰੀ ਹੀ ਪਾ ਦਿੱਤਾ, ਵਾਰ-ਵਾਰ ਨਹੀਂ ਪਾਉਣਾ ਇਸ ਕਰਕੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਅਸੀਂ ਹੀ ਕਰਨੀ ਹੈ। ਪਰ ਅਸੀਂ ਲਗਾਤਾਰ ਧਰਤੀ ਹੇਠੋਂ ਪਾਣੀ ਕੱਢ ਤਾਂ ਰਹੇ ਹਾਂ ਪਰ ਉਸ ਨੂੰ ਰੀਚਾਰਜ ਨਹੀਂ ਕਰ ਰਹੇ।
ਡਾ. ਦਲੇਰ ਸਿੰਘ ਉਮਰ ਦਰਾਜ਼ ਹੋਣ ਦੇ ਬਾਵਜੂਦ ਵੀ ਦਿਨ ਰਾਤ ਹੋਕਾ ਦੇਣ ਤੇ ਲੱਗੇ ਹੋਏ ਨੇ ਕਿ "ਪਾਣੀ ਨੂੰ ਬਚਾ ਲਵੋ, ਕੱਦੂ ਨਾ ਕਰੋ, ਝੋਨੇ ਦੀ ਸਿੱਧੀ ਬਿਜਾਈ ਕਰੋ ਇਸ ਦੇ ਨਾਲ਼ ਪੰਜਾਬ ਦੀ ਧਰਤੀ ਹੇਠਲਾ ਪਾਣੀ ਕੁੱਝ ਸਾਲਾਂ ਚ ਉੱਪਰ ਆ ਜਾਵੇਗਾ ਦਲੇਰ ਸਿੰਘ ਇਹ ਵੀ ਦਾਅਵਾ ਕਰ ਰਹੇ ਹਨ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਗਿਆਨੀ ਜੇਕਰ ਉਨ੍ਹਾਂ ਦੀ ਇਸ ਗੱਲ ਨੂੰ ਝੁਠਲਾ ਦੇਣ ਤਾਂ ਜੋ ਮਰਜ਼ੀ ਸਜ਼ਾ ਦੇ ਸਕਦੇ ਹਨ ਪਰ ਪਤਾ ਨਹੀ ਯੂਨੀਵਰਸਿਟੀ ਅਤੇ ਸਰਕਾਰ ਕਿਉਂ ਨਹੀਂ ਜਾਗ ਰਹੇ? ਸ਼ਾਇਦ ਉਹ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਪੰਜਾਬੀ ਰਾਤਾਂ ਨੂੰ ਮੂੰਹ ਢੱਕ ਕੇ ਕੰਧਾਂ ਟੱਪ ਕੇ ਪਾਣੀ ਚੋਰ ਕਰਨ ਜਾਇਆ ਕਰਨਗੇ?
-
ਜਸਪਾਲ ਨਿੱਜਰ, ਪੱਤਰਕਾਰ ਬਾਬੂਸ਼ਾਹੀ ਡਾਟ ਕਾਮ
jassi67338@gmail.com
8279371632
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.