ਬਗੈਰ ਕਿਸੇ ਠੋਸ ਵਜ੍ਹਾ ਅਤੇ ਪੱਕੇ-ਠੱਕੇ ਤੱਥਾਂ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਖਾਲਿਸਤਾਨੀ ਅਤਿਵਾਦੀਆਂ ਦਾ ਦੋਸ਼ ਕੈਨੇਡਾ ਦੇ ਸਿੱਖ ਭਾਈਚਾਰੇ ਤੇ ਮੜ੍ਹਦਿਆਂ ਕੈਨੇਡਾ ਤੇ ਇਸ ਦੀ ਲਿਬਰਲ ਪਾਰਟੀ ਦੀ ਜਸਟਿਨ ਟਰੂਡੋ ਦੀ ਅਗਵਾਈ ਵਿਚ ਚਲ ਰਹੀ ਫੈਡਰਲ ਸਰਕਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਉੰਨਾਂ ਕੈਨੇਡਾ ਰਾਜ ਨੂੰ ਸਿੱਖ ਖਾਲਿਸਤਾਨੀ ਅਤਵਾਦੀਆਂ ਪ੍ਰਤੀ ਨਰਮ ਗੋਸ਼ਾ ਰਖਣ ਦਾ ਸਿੱਧਾ ਦੋਸ਼ ਲਗਾਇਆ ਹੈ।
ਸਭ ਜਾਣਦੇ ਹਨ ਕਿ ਸੰਨ 2016 ਵਿਚ ਪੰਜਾਬ ਅੰਦਰ ਸੰਨ 2017 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਕੈਨੇਡਾ ਦਾ ਦੌਰਾ ਕਰਕੇ ਇਥੇ ਵਸਦੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੀ ਹਮਾਇਤ ਪ੍ਰਾਪਤ ਕਰਨਾ ਚਾਹੁੰਦੇ ਸਨ। ਲੇਕਿਨ ਕੈਨੇਡਾ ਸਰਕਾਰ ਨੇ ਇੱਕ ਪ੍ਰਸਾਸ਼ਨਿਕ ਨਿਰਣੇ ਰਾਹੀਂ ਵਿਦੇਸ਼ੀ ਰਾਜਨੀਤੀਵਾਨਾਂ ਵੱਲੋਂ ਇਸ ਦੇਸ਼ ਅੰਦਰ ਰਾਜਨੀਤਕ ਪਬਲਿਕ ਮੀਟਿੰਗਾਂ, ਪ੍ਰਚਾਰ ਅਤੇ ਜਲਸੇ-ਜਲੂਸਾਂ ਤੇ ਪਾਬੰਦੀ ਲਗਾ ਦਿਤੀ ਸੀ। ਕੈਪਟਨ ਸਮਝਦੇ ਸਨ ਕਿ ਅਜਿਹਾ ਜਸਟਿਨ ਟਰੂਡੋ ਦੀ ਫੈਡਰਲ ਸਰਕਾਰ ਨੇ ਸਿੱਖ ਖਾਲਿਸਤਾਨ ਅਤਿਵਾਦੀਆਂ ਦੇ ਪ੍ਰਭਾਵ ਹੇਠ ਕੀਤਾ ਸੀ।
ਦਰਅਸਲ ਕੈਨੇਡਾ ਇੱਕ ‘ਪ੍ਰਵਾਸੀ ਲੋਕਾਂ’ ਦਾ ਦੇਸ਼ ਹੈ ਜਿਸ ਵਿਚ ਵਿਸ਼ਵ ਤੋਂ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਧਰਮਾਂ, ਰੰਗਾਂ, ਮਜ਼ਹਬਾਂ, ਨਸਲਾਂ, ਜਾਂਤਾ, ਇਲਾਕਿਆਂ ਦੇ ਲੋਕ ਆ ਕੇ ਵਸੇ ਹੋਏ ਹਨ। ਇਸ ਸਮੇਂ ਇਸ ਦੇਸ਼ ਦੀ ਅਬਾਦੀ 3 ਕਰੋੜ 72 ਲੱਖ ਕਰੀਬ ਹੈ। ਮੂਲ ਵਾਸੀ ਕੈਨੇਡੀਅਨਾਂ ਦੀ ਅਬਾਦੀ ਸਿਰਫ਼ 1673785 ਕਰੀਬ ਹੈ। ਸਿੱਖ ਭਾਈਚਾਰੇ ਦੀ ਅਬਾਦੀ ਪੰਜ ਲੱਖ ਕਰੀਬ ਹੈ। ਵੱਖ-ਵੱਖ ਦੇਸ਼ਾਂ ਤੋਂ ਆ ਕੇ ਵਸੇ ਲੋਕ ਬੜੇ ਪਿਆਰ ਮੁਹੱਬਤ, ਇੱਕਜੁਟਤਾ, ਭਾਈਚਾਰਕ ਸਾਂਝ ਨਾਲ ਵਸੇ ਹੋਏ ਹਨ। ਕੈਨੇਡਾ ਦੇ ਸੰਨ 2016 ਵਿਚ ਪੋਲਿੰਗ ਫਰਮ ਨਾਨੋਜ਼ ਵਲੋਂ ਕੀਤੇ ਸਰਵੇ ਅਨੁਸਾਰ ਸਮੂਹ ਕੈਨੇਡਾ ਨਿਵਾਸੀ ਚਾਰ ਕਾਰਨਾਂ ਕਰਕੇ ਆਪਣੇ ਆਪ ਨੂੰ ਮਹਾਨ ਕੈਨੇਡੀਅਨ ਅਖਵਾਉਣ ਵਿਚ ਫਖ਼ਰ ਮਹਿਸੂਸ ਕਰਦੇ ਹਨ। (1) ਬਰਾਬਰੀ ਅਤੇ ਇਨਸਾਫ (2) ਸ਼ਾਂਤੀ ਕਾਇਮ ਰਖਣ ਵਾਲੇ ਵਿਸ਼ਵ ਪ੍ਰਸਿੱਧ ਲੋਕ (3) ਬਹੁ-ਸਭਿਆਚਾਰ, ਅਨੇਕਤਾ ਅਤੇ ਬਹੁ ਭਾਸ਼ਾਈ ਹੋਣਾ (4) ਉਨਾਂ ਵਲੋਂ ਦੂਸਰਿਆਂ ਦਾ ਸਨਮਾਨ ਕਰਨਾ।
ਅਜਿਹਾ ਕੈਨੇਡੀਅਨ ਸਮਾਜ ਅੱਤਵਾਦ, ਹਿੰਸਾ, ਨਫ਼ਰਤ, ਸਾੜੇ ਦਾ ਘੋਰ ਵਿਰੋਧੀ ਹੈ। ਇਹ ਦੇਸ਼ ਅਤੇ ਇਸ ਦੇ ਲੋਕ ਇਸ ਅੰਦਰ ਸਿੱਖ ਭਾਈਚਾਰੇ ਦੀ 1.4 ਪ੍ਰਤੀਸ਼ਤ ਅਬਾਦੀ ਹੋਣ ਦੇ ਬਾਵਜੂਦ ਵਿਸ਼ਵ ਅੰਦਰ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਦੀਆਂ ਕੈਬਨਿਟਾਂ ਵਿਚੋਂ ਇਸ ਦੀ ਕੈਬਨਿਟ ਵਿਚ 12 ਪ੍ਰਤੀਸ਼ਤ ਭਾਵ ਸਭ ਤੋਂ ਵੱਧ ਪ੍ਰਤੀਨਿਧਤਾ ਹੋਣ ਤੇ ਮਾਣ ਮਹਿਸੂਸ ਕਰਦਾ ਹੈ। ਉੰਨਾਂ ਨੂੰ ਮਾਣ ਹੈ ਕਿ ਜਦੋਂ ਇੱਕ ਸਿੱਖ ਰਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਅੰਤਰਰਾਸ਼ਟਰੀ ਸਮਾਰੋਹਾਂ ਦੀ ਸਟੇਜ ਤੇ ਖੜਾ ਹੁੰਦਾ ਹੈ ਤਾਂ ਪੂਰੇ ਵਿਸ਼ਵ ਨੂੰ ਪਤਾ ਚਲਦਾ ਹੈ ਕਿ ਕੈਨੇਡਾ ਇੱਕ ਅੰਤਰਰਾਸ਼ਟਰੀ ਦੇਸ਼ ਹੈ।
ਕੈਪਟਨ ਸਾਹਿਬ ਨੇ ਪਹਿਲਾਂ ਵੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਸਰਕਾਰ ਤੇ ਦੋਸ਼ ਲਗਾਇਆ ਸੀ ਕਿ ਉਹ ਖਾਲਿਸਤਾਨੀ ਸਿੱਖ ਅਤਿਵਾਦੀਆਂ ਅਤੇ ਵੱਖ ਵਾਦੀਆਂ ਨਾਲ ਸਾਂਠ-ਗਾਂਠ ਕਰਦੀ ਹੈ। ਇਸ ਵਿਸ਼ੇ ਤੇ ਭਾਰਤ ਦੀ ਯਾਤਰਾ ਤੇ ਗਏ ਰਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਨਾਂਹ ਕਰ ਦਿਤੀ ਸੀ ਅਤੇ ਕਿਹਾ ਸੀ ਉੰਨਾਂ ਇਲਾਵਾ ਜਸਟਿਨ ਟਰੂਡੋ ਸਰਕਾਰ ਵਿਚ ਤਿੰਨ ਦੂਸਰੇ ਸਿੱਖ ਮੰਤਰੀ ਜਿਵੇ ਸ: ਅਮਰਜੀਤ ਸਿੰਘ ਸੋਹੀ, ਨਵਦੀਪ ਸਿੰਘ ਬੈਂਸ ਅਤੇ ਬੀਬਾ ਬਰਦੀਸ਼ ਚੱਗਰ ਖਾਲਿਸਤਾਨੀ ਲਹਿਰ ਦੇ ਹਮਾਇਤੀ ਹਨ। ਲੇਕਿਨ ਇੰਨਾਂ ਨੌਜਵਾਨ ਸਿੱਖ ਮੰਤਰੀਆਂ ਨੇ ਐਸੇ ਦੋਸ਼ਾਂ ਨੂੰ ਬਿਲਕੁਲ ਝੂਠ ਅਤੇ ਬੇਬੁਨਿਆਦ ਕਰਾਰ ਦਿਤਾ ਸੀ।
ਹੁਣ ਫਿਰ ਕੈਪਟਨ ਸਾਹਿਬ ਨੇ ਕੈਨੇਡਾ ਅਤੇ ਇਸ ਦੀ ਜਸਟਿਨ ਟਰੂਡੋ ਫੈਡਰਲ ਸਰਕਾਰ ਤੇ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਉਹ ਸਿੱਧੇ-ਅਸਿਧੇ ਢੰਗ ਨਾਲ ਖਾਲਿਸਤਾਨੀ ਲਹਿਰ ਦੀ ਮਦਦ ਕਰ ਰਹੀ ਹੈ। ਉੰਨਾਂ ਨੇ ਕੇਂਦਰ ਸਰਕਾਰ ਤੇ ਜ਼ੋਰ ਦਿਤਾ ਹੈ ਕਿ ਉਹ ਕੈਨੇਡਾ ਤੇ ਗਲੋਬਲ ਪੱਧਰ ਤੇ ਦਬਾਅ ਪਾਏ ਕਿ ਕੈਨੇਡਾ ਕਦਾਚਿਤ ਆਪਣੀ ਧਰਤੀ ਭਾਰਤ ਵਿਰੁੱਧ ਅਤਿਵਾਦੀ ਵੱਖਵਾਦੀ ਅਨਸਰ ਨੂੰ ਵਰਤਣ ਨਾ ਦੇਵੇ ਖਾਸ ਕਰਕੇ ਖਾਲਿਸਤਾਨੀ ਅਤਿਵਾਦੀਆਂ ਨੂੰ।
ਉੰਨਾਂ ਇਹ ਹੀ ਦੋਸ਼ ਲਗਾਇਆ ਕਿ ਭਾਰਤ ਲੰਬੇ ਸਮੇਂ ਤੋਂ ਕੈਨੇਡਾ ਪ੍ਰਤੀ ਨਰਮ ਨੀਤੀ ਅਤੇ ਰਵਈਆ ਅਪਣਾ ਰਿਹਾ ਹੈ। ਹੁਣ ਲੋੜ ਹੈ ਉਸ ਵਿਰੁੱਧ ਸਖ਼ਤ ਨੀਤੀ ਅਤੇ ਰਵਈਆ ਅਪਣਾਇਆ ਜਾਵੇ। ਜੋ ਲੋੜ ਪਵੇ ਤਾਂ ਉਸ ਵਿਰੁੱਧ ਯੂ.ਐਨ ਵਲੋਂ ਸਖ਼ਤ ਪ੍ਰਤੀਬੰਧ ਲਗਾਏ ਜਾਣ ਤਾਂ ਕਿ ਉਸ ਦੇਸ਼ ਅੰਦਰ ਭਾਰਤ ਵਿਰੁੱਧ ਪੈਦਾ ਹੋਣ ਵਾਲਾ ਅਤਿਵਾਦੀ ਖ਼ਤਰਾ ਸਦਾ ਲਈ ਖ਼ਤਮ ਹੋ ਜਾਏ।
ਖਾਲਿਸਤਾਨੀ ਲਹਿਰ ਬਾਰੇ ਉਹ ਦੂਸਰੇ ਦੇਸ਼ਾਂ ਵਿਰੁੱਧ ਵੀ ਬਿਆਨਬਾਜ਼ੀ ਕਰਦੇ ਹਨ ਖਾਸ ਕਰਕੇ ਪਾਕਿਸਤਾਨ ਵਿਰੁੱਧ। ਜਿਸ ਵਿਚ ਉਹ ਪਾਕਿਸਤਾਨੀ ਫੌਜ ਪ੍ਰਮੁੱਖ ਜਨਰਲ ਕੁਮਰ ਜਾਵੇਦ ਬਾਜਵਾ ਦੀ ਜਿੱਥੇ ਤਿੱਖੀ ਆਲੋਚਨਾ ਕਰਦੇ ਹਨ ਉਥੇ ਆਪਣੇ ਨਾਲ ਵਿਭਾਗ ਬਦਲਣ ਤੋਂ ਸਖ਼ਤ ਨਰਾਜ਼ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਤਾਬੜ-ਤੋੜ ਆਲੋਚਨਾ ਦਾ ਸ਼ਿਕਾਰ ਬਣਾਉਂਦੇ ਹਨ।
ਇਸੇ ਦੌਰਾਨ ਭਾਰਤ ਸਰਕਾਰ ਨੇ ਕੈਨੇਡਾ ਨਾਲ ਆਪਣੀ ਨਾ-ਖੁਸ਼ੀ ਦਾ ਇਜ਼ਹਾਰ ਕੀਤਾ ਸੀ ਕਿਉਂਕਿ ਕੁੱਝ ਕੈਨੇਡੀਅਨ ਰਾਜਨੀਤੀਵਾਨਾਂ ਦੇ ਸਿੱਖ ਰਾਸ਼ਟਰਵਾਦੀ ਆਗੂਆਂ ਨਾਲ ਮੇਲ-ਜੋਲ ਨੂੰ ਉਹ ਚੰਗਾ ਨਹੀਂ ਸਮਝਦੀ ਹੈ। ਪਰ ਜਦੋਂ ਕਿਸੇ ਅਜਿਹੇ ਮੁੱਦੇ ਬਾਰੇ ਅਟਾਵਾ ਸਥਿੱਤ ਭਾਰਤੀ ਹਾਈ ਕਮਿਸ਼ਨ ਵੱਲੋਂ ਪ੍ਰਤੀਕਰਮ ਦੀ ਮੰਗ ਕੀਤੀ ਗਈ ਤਾਂ ਉਸ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿਤੀ।
ਵਿਸ਼ਵ ਸਿੱਖ ਸੰਗਠਨ ਅਤੇ ਹੋਰ ਅਨੇਕ ਸਿੱਖ ਸੰਗਠਨਾਂ ਨੇ ਕੈਪਟਨ ਸਾਹਿਬ ਦੀ ਐਸੀ ਬਿਆਨਬਾਜ਼ੀ ਅਤੇ ਸਟੈਂਡ ਨੂੰ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਮੰਨਿਆ ਹੈ। ਇਸ ਤੋਂ ਕੈਨੇਡੀਅਨ ਸਿੱਖ ਭਾਈਚਾਰਾ ਸਖ਼ਤ ਨਰਾਜ਼ ਹੋਇਆ ਹੈ। ਉਹ ਸਮਝਦਾ ਹੈ ਕਿ ਕੈਪਟਨ ਸਾਹਿਬ ਉੰਨਾਂ ਨੂੰ ਕੈਨੇਡੀਅਨ ਬਹੁਕੌਮੀ, ਬਹੁ ਭਾਸ਼ੀ, ਬਹੁ ਨਸਲੀ, ਬਹੁ-ਸਭਿਆਚਾਰਕ ਭਾਈਚਾਰੇ ਵਿਚ ਬਦਨਾਮ ਕਰਨ ਤੇ ਤੁਲੇ ਹੋਏ ਹਨ। ਉੰਨਾਂ ਦੀ ਇਸ ਬੇਤੁੱਕੀ ਅਤੇ ਸਿੱਖ ਭਾਈਚਾਰੇ ਵਿਰੋਧੀ ਬਿਆਨਬਾਜ਼ੀ ਦਾ ਖ਼ਮਿਆਜ਼ਾ ਪੰਜਾਬ ਅੰਦਰ ਸਿੱਖ ਅਤੇ ਦੂਸਰੇ ਹਮਜੋਲੀ ਭਾਈਚਾਰਿਆਂ ਦੇ ਵਿਰੋਧ ਰਾਹੀਂ ਸਾਹਮਣਾ ਕਰਨਾ ਪਏਗਾ। ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਉੰਨਾਂ ਵਿਚ ਭਾਰੀ ਰੋਹ ਪੈਦਾ ਹੋਇਆ ਹੈ।
ਫਰਵਰੀ, 2018 ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਸਮੇਂ ਕੈਪਟਨ ਸਾਹਿਬ ਉੰਨਾਂ ਨੂੰ ਅਤੇ ਰਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਨੂੰ ਮਿਲੇ ਸਨ। ਉਦੋਂ ਉੰਨਾਂ ਆਪਸੀ ਗਿੱਲੇ-ਸ਼ਿੱਕਵੇ ਦੂਰ ਕਰਨ ਦਾ ਯਤਨ ਕੀਤਾ ਸੀ। ਕੈਪਟਨ ਸਾਹਿਬ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ 9 ਸਿੱਖ ਅਤਿਵਾਦੀਆਂ ਦੀ ਲਿਸਟ ਵੀ ਜਰੂਰੀ ਕਾਰਵਾਈ ਲਈ ਸੌਂਪੀ ਸੀ।
ਤਿੰਨ ਸਿੱਖ ਵਿਅਕਤੀਆਂ ਨੂੰ ਪਹਿਲੀ ਵਾਰ ਨੋ ਫਲਾਈ ਫੈਡਰਲ ਸੂਚੀ ਵਿਚ ਰਖਿਆ ਹੈ। ਕੈਨੇਡੀਅਨ ਸਲਾਨਾ ਅਤਿਵਾਦ ਸਬੰਧੀ ਰਿਪੋਰਟ ਵਿਚ ਸਿੱਖ ਅਤਿਵਾਦ ਨੂੰ ਇਕੋ ਚਣੌਤੀ ਮੰਨਿਆ ਗਿਆ ਸੀ। ਪਰ ਅਪਰੈਲ, 2019 ਵਿਚ ਪਬਲਿਕ ਸੁਰਖਿਆ ਰਿਪੌਰਟ ਵਿਚੋਂ ਸਿੱਖ ਭਾਈਚਾਰੇ ਦੇ ਦਬਾਅ ਕਰਕੇ ਐਸੇ ਜ਼ਿਕਰ ਹਟਾ ਦਿਤੇ ਗਏ।
ਲੇਕਿਨ ਕੈਨੇਡਾ ਸਰਕਾਰ ਦੇਸ਼ ਅੰਦਰ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਵਿਰੁੱਧ ਬਹੁਤ ਚੌਕੰਨੀ ਹੈ। ਉਹ ਨਾ ਤਾਂ ਨੀਤੀਗਤ ਤੌਰ ਤੇ ਅਜਿਹਾ ਬਰਦਾਸ਼ਤ ਕਰਦੀ ਹੈ ਅਤੇ ਨਾ ਹੀ ਐਸੇ ਅਨਸਰ ਨੂੰ ਸਿਰ ਚੁੱਕਣ ਦੀ ਆਗਿਆ ਦਿੰਦੀ ਹੈ। ਉਹ ਕਿਸੇ ਵੀ ਸੂਰਤ ਵਿਚ ਦੇਸ਼ ਅਤੇ ਜਨਤਕ ਹਿੱਤ ਵਿਚ ਅਜਿਹਾ ਨਾ ਹੋਣ ਦੇਣ ਪ੍ਰਤੀ ਪ੍ਰਤੀਬੱਧ ਹੈ। ਹੁਣੇ-ਹੁਣੇ ਜਾਰੀ ਸਰਕਾਰੀ ਸੂਚੀ ਵਿਚ ਗੋਰੇ ਨਿਊ-ਨਾਜ਼ੀ ਅਤਿਵਾਦੀ ਅਤੇ ਤਿੰਨ ਇਰਾਨੀਅਨ ਹਮਾਇਤ ਨਾਲ ਗਠਤ ਹੋਏ ਸ਼ੀਆ ਅਤਿਵਾਦੀ ਗਰੁਪ ਸ਼ਾਮਲ ਕੀਤੇ ਹਨ। ਕੈਨੇਡਾ ਅੰਦਰ ਅੱਤਵਾਦੀ ਖ਼ਤਰੇ ਸਬੰਧੀ 2018 ਦੀ ਸਰਕਾਰੀ ਪਬਲਿਕ ਰਿਪੋਰਟ ਵਿਚ ਕਿਹਾ ਗਿਆ ਕਿ ਦੇਸ਼ ਨੂੰ ਪ੍ਰਮੱਖ ਤੌਰ ‘ਤੇ ਹਿੰਸਕ ਅਤੇ ਅਤਿਵਾਦੀ ਐਸੇ ਵਿਅਕਤੀਆਂ ਅਤੇ ਗਰੁਪਾਂ ਤੋਂ ਖ਼ਤਰਾ ਹੈ ਜੋ ਹਿੰਸਕ ਵਿਚਾਰਧਾਰਾਵਾਂ ਅਤੇ ਅਤਿਵਾਦੀ ਗਰੁਪਾਂ ਤੋਂ ਪ੍ਰਭਾਵਿਤ ਹਨ ਜਿਵੇ ਦਾਇਸ਼ ਅਤੇ ਅੱਲ ਕਾਇਦਾ। ਇਸ ਤੋਂ ਇਲਾਵਾ ਦੇਸ਼ ਸੱਜੇ ਪੱਖੀ ਅੱਤਵਾਦੀ ਵਿਚਾਰਾਂ ਵਾਲੇ ਵਿੰਗਾਂ ਤੋਂ ਵੀ ਪੂਰੀ ਤਰ੍ਹਾਂ ਸੁਚੇਤ ਹੈ। ਸੋ ਕੈਨੇਡਾ ਵਰਗੇ ਵਿਕਸਤ, ਚੇਤੰਨ ਅਤੇ ਆਧੁਨਿਕ ਤਕਨੀਕਾਂ ਨਾਲ ਲੈਸ ਦੇਸ਼ ਅੰਦਰ ਕਦੇ ਵੀ ਕਿਸੇ ਤਰ੍ਹਾਂ ਦੇ ਅਤਿਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਕੈਨੇਡਾ ਦੇ ਉਂਟਾਰੀਓ, ਬ੍ਰਿਟਿਸ਼ ਕੋਲੰਬੀਆ, ਅਲਬਰਟਾ ਆਦਿ ਰਾਜਾਂ ਵਿਚ ਕੁੱਝ ਗੁਰਦਵਾਰਿਆਂ ਵਿਚ ਪੰਜਾਬ ਅੰਦਰ ਮਰਹੂਮ ਖਾੜਕੂਆਂ ਤੇ ਉੰਨਾਂ ਅਤੇ ਬੇਗੁਨਾਹ ਸਿੱਖ ਨੌਜਵਾਨਾ ਨੂੰ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰਨ ਵਾਲੇ ਪੁਲਸ ਅਫਸਰਾਂ ਜਾਂ ਰਾਜਨੀਤੀਵਾਨਾਂ ਦੀਆਂ ਫੋਟੋਆਂ ਵੇਖੀਆਂ ਜਾਂਦੀਆਂ ਹਨ। ਸ: ਸਿਮਰਨਜੀਤ ਸਿੰਘ ਮਾਨ ਜਾਂ ਹੋਰ ਰੈਡੀਕਲ ਗਰੁਪਾਂ ਵਾਂਗ ਇਥੇ ਵੀ ਕੁੱਝ ਸਿੱਖ ਗਰੁਪ ਖਾਲਿਸਤਾਨ ਬਾਰੇ ਅਵਾਜ਼ ਉਠਾਉਂਦੇ ਮਿਲਦੇ ਹਨ। ਪਰ ਕੀ ਇਹ ਲੋਕ ਅਤਿਵਾਦੀ ਹਨ? ਲੋਕਤੰਤਰ ਅੰਦਰ ਸੰਵਿਧਾਨ ਉੰਨਾਂ ਨੂੰ ਸ਼ਾਤਮਈ ਢੰਗ ਨਾਲ ਐਸੀਆਂ ਮੰਗਾਂ ਲਈ ਇਜਾਜ਼ਤ ਦਿੰਦਾ ਹੈ। ਕੈਨੇਡਾ ਵਿਚ ਨੌਜਵਾਨਾਂ ਅਤੇ ਕਿਰਤੀ ਸਿੱਖਾ ਨੂੰ ਏਨੀ ਵਿਹਲ ਨਹੀਂ ਕਿ ਉਹ ਐਸੀ ਵਿਚਾਰਧਾਰਾ, ਸੋਚ ਜਾਂ ਗਰੁਪ ਨਾਲ ਜੁੜ ਸਕਣ। ਉਹ ਰਾਤ-ਦਿਨ ਕੰਮ-ਕਿਰਤ ਵਿਚ ਮਸਰੂਫ ਹਨ।
ਬਹੁਤ ਸਾਰੀਆਂ ਏਜੰਸੀਆਂ, ਮੀਡੀਆ ਅਤੇ ਬੁੱਧੀਜੀਵੀ ਵਰਗ ਹੈਰਾਨ ਹਨ ਕਿ ਕੈਪਟਨ ਸਾਹਿਬ ਦੀ ਐਸੀ ਬਿਆਨਬਾਜ਼ੀ ਦੇ ਕੀ ਕਾਰਨ ਹਨ? ਉਨਾਂ ਨੂੰ ਕਿਸ ਗੱਲ ਨੇ ਐਸੀ ਬਿਆਨਬਾਜ਼ੀ ਲਈ ਭੜਕਾਇਆ?
ਹਕੀਕਤ ਇਹ ਕਿ ਪਿਛੱਲੇ ਸਵਾ ਦੋ ਸਾਲਾਂ ਦੇ ਸਾਸ਼ਨ ਦੋਰਾਨ ਉਹ ਚੋਣਾਂ ਵੇਲੇ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਵਿਚੋਂ ਇੱਕ ਵੀ ਪੂਰਾ ਨਹੀਂ ਕਰ ਸਕੇ। ਉਹ ਲੋਕ ਲੁਭਾਊ ਵਾਅਦੇ ਪੂਰੇ ਕੀਤੇ ਜਾ ਸਕਦੇ ਹਨ। ਪੰਜਾਬ ਆਰਥਿਕ ਤੌਰ ‘ਤੇ ਦੀਵਾਲੀਏਪਣ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਚਾਰ-ਚੁਫੇਰੇ ਬੱਦਅਮਨੀ ਫੈਲੀ ਹੋਈ ਹੈ। ਹਰ ਵਰਗ ਸਰਕਾਰ ਤੋਂ ਨੱਕੋ-ਨੱਕ ਆਇਆ ਹੋਇਆ ਹੈ। ਮੁਲਾਜ਼ਮ ਜੋ ਸਰਕਾਰਾ ਦੇ ਅੱਖਾਂ, ਕੰਨ, ਨੱਕ ਹੁੰਦੇ ਹਨ, ਕੈਪਟਨ ਸਰਕਾਰ ਤੋਂ ਬੂਰੀ ਤਰ੍ਹਾਂ ਖਫਾ ਹਨ। ਜੇਲ੍ਹਾਂ ਖਾਨਾਜੰਗੀ, ਨਸ਼ੀਲੇ ਪਦਾਰਥਾਂ ਅਤੇ ਤਸਕਰੀ ਦਾ ਸ਼ਿਕਾਰ ਹਨ। ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਕਰਕੇ ਰਾਸ਼ਟਰੀ ਲੀਡਰਸ਼ਿਪ ਸਦਮੇ ਕਰਕੇ ਰਾਜਨੀਤਕ ਆਈ.ਸੀ.ਯੂ ਵਿਚ ਅਧਮੋਈ ਪਈ ਹੈ। ਪੰਜਾਬ ਵਿਚ ਮਿਸ਼ਨ ਤੇਰ੍ਹਾਂ ਬੁਰੀ ਤਰ੍ਹਾਂ ਨਾਕਾਮ ਰਹਿਣ ਕਰਕੇ ਪੰਜਾਬ ਕਾਂਗਰਸ ਅਤੇ ਕੈਬਨਿਟ ਖਾਨਾਜੰਗੀ ਦਾ ਸ਼ਿਕਾਰ ਹੋ ਗਈ। ਮੁੱਖ ਮੰਤਰੀ ਵਲੋਂ ਕੁੱਝ ਮੰਤਰੀਆਂ ਦੇ ਵਿਭਾਗਾਂ ਵਿਚ ਫੇਰ-ਬਦਲ ਨੇ ਇਸ ਖਾਨਾਜੰਗੀ ਨੂੰ ਹੋਰ ਤੇਜ਼ ਕੀਤਾ। ਨਿਕੰਮੇ ਅਤੇ ਸ਼ਗੂਫੇਬਾਜ਼ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਜੇਲ੍ਹਾਂ ਵਿਚ ਬਦਅਮਨੀ ਕਰਕੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਵਿਭਾਗ ਬਦਲਣ ਦੀ ਸਖ਼ਤ ਲੋੜ ਸੀ ਜੋ ਨਾ ਬਦਲਣ ਕਰਕੇ ਸਥਿੱਤੀ ਹੋਰ ਸੰਗੀਨ ਹੋ ਗਈ। ਕਰਜ਼ੇ ਅਤੇ ਮੰਦਹਾਲੀ ਮਾਰੇ ਦੋ-ਤਿੰਨ ਕਿਸਾਨਾਂ-ਖੇਤ ਮਜ਼ਦੂਰਾ ਅਤੇ ਨਸ਼ੀਲੇ ਪਦਾਰਥਾਂ ਤੇ ਬੇਰੋਜ਼ਗਾਰੀ ਦੇ ਸ਼ਿਕਾਰ ਦੋ-ਤਿੰਨ ਨੌਜਵਾਨਾਂ ਵਲੋਂ ਰੋਜ਼ਾਨਾ ਖੁਦਕੁਸ਼ੀਆਂ, ਹਰ ਪੱਧਰ ਤੇ ਪ੍ਰਸਾਸ਼ਨਿਕ ਨਾਕਾਮੀਆਂ, ਮਹਿਗਾਈ, ਬਿਜਲੀ ਦੇ ਲੱਕ ਤੋੜਵੇਂ ਬਿਲਾਂ ਤੇ ਪੁਲਸ ਬਰਬਰਤਾ ਕਰਕੇ ਕੈਪਟਨ ਸਰਕਾਰ ਵਿਰੁੱਧ ਭੜਕ ਰਹੀ ਜਨਤਕ ਸੁਨਾਮੀ ਨੂੰ ਰੋਕਣ ਦੇ ਉਪਰਾਲੇ ਵਜੋਂ ਕੈਪਟਨ ਸਾਹਿਬ ਨੇ ਐਸਾ ਸਿੱਖ ਭਾਈਚਾਰੇ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਵਾਲਾ ਬਿਆਨ ਦਾਗ ਦਿਤਾ ਜਿਸ ਦਾ ਕੋਈ ਅਧਾਰ ਹੀ ਨਹੀਂ ਹੈ। ਪਰ ਉਹ ਸਮਾਂ ਦੂਰ ਨਹੀਂ ਜਦੋਂ ਉੰਨਾਂ ਨੂੰ ਇਸ ਦਾ ਰਾਜਨੀਤਕ ਤੌਰ ‘ਤੇ ਵੱਡਾ ਖ਼ਮਿਆਜ਼ਾ ਭੁਗਤਣਾ ਪਏਗਾ। ਫਿਰ ਭੱਦਰਪੁਰਸ਼ ਕਹਿਣਗੇ ‘ਆਪੇ ਫਾਥੜੀਏ ਤੈਨੂੰ ਕੋਣ ਛੁਡਾਵੇ।’
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
+1 3438892550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.