ਤਸਵੀਰ ਧੰਨਵਾਦ - ਹਿੰਦੁਸਤਾਨ ਟਾਈਮਜ਼
ਕਦੇ ਦੁਆਬਾ ਘੁੰਮ ਕੇ ਆਵੀਂ। ਜੀਟੀ ਰੋਡ ਤੋਂ ਉੱਤਰ ਕੇ ਪਿੰਡਾਂ ਵੱਲ ਨੂੰ ਹੋ ਤੁਰੀਂ। ਪਿੰਡੋਂ ਪਿੰਡੀ ਜਾਂਦਿਆਂ ਮਹਿਲਾਂ ਵਰਗੀਆਂ ਉਜਾੜ ਪਈਆਂ ਕੋਠੀਆਂ ਹਰ ਪਿੰਡ 'ਚ ਆਮ ਦਿੱਸਣਗੀਆਂ। ਬਾਹਰ ਬੁਰਜੀ ਤੇ ਨੇਮ ਪਲੇਟ ਲੱਗੀ ਹੋਊ.... "ਫਲਾਣਾ ਸਿੰਘ ਸੰਧੂ" ਬਰੈਕਟ ਪਾ ਕੇ ਨਾਮ ਦੇ ਮਗਰ ਕੈਨੇਡਾੲ, ਯੂ.ਐਸ.ਏ, ਯੂ.ਕੇ ਲਿਖਿਆ ਮਿਲੂ....! ਕੋਠੀ ਵੇਖ ਕੇ ਮੂੰਹ ਟੱਡਿਆ ਰਹਿ ਜਾਂਦਾ ਆ। ਪਰ ਕੰਧਾਂ ਤੇ ਜੰਮੀ ਧੂੜ ਵੇਖ ਕੇ ਸਹਿਜੇ ਈ ਅੰਦਾਜ਼ਾ ਹੋ ਜਾਂਦਾ ਆ ਕਿ ਇਸ ਘਰ ਦਾ ਕਮਾਊ ਪੁੱਤ ਚੰਗੇ ਭਵਿੱਖ ਖਾਤਿਰ ਪਰਿਵਾਰ ਸਮੇਤ ਪੰਦਰਾਂ ਠਾਰਾਂ ਵਰੇ ਪਹਿਲੋਂ ਠੰਡੇ ਮੁਲਖ ਆਲੇ ਜਹਾਜ ਚ ਬਹਿ ਗਿਆ, ਤੇ ਮਗਰ ਰਹਿ ਗਏ ਬੁੱਢੇ ਮਾਪੇ। ਪੁੱਤ ਦੇ ਪਰਦੇਸੀ ਹੋ ਜਾਣ ਮਗਰੋਂ ਇਹ ਹੱਸਦਾ ਵੱਸਦਾ ਘਰ ਉਜਾੜ ਬਣ ਗਿਆ। ਦੁਆਬੇ ਦੇ ਬਹੁਤੇ ਬੰਦ ਪਏ ਘਰਾਂ ਦੀ ਕਹਾਣੀ ਇਹੋ ਈ ਆ.....!
ਏਦੂੰ ਬਾਅਦ ਇੱਕ ਗੇੜਾ ਮਾਝੇ ਦੇ ਪਿੰਡਾਂ ਦਾ ਲਾਵੀਂ। ਇੱਥੇ ਵੀ ਤੈਨੂੰ ਉੱਜੜੇ ਘਰ ਆਮ ਈ ਮਿਲਣਗੇ। ਪਰ ਉਹ ਸਿਰਫ ਘਰ ਹੋਣਗੇ, ਮਹਿਲਾਂ ਵਰਗੀਆਂ ਕੋਠੀਆਂ ਨਹੀਂ। ਇਹਨਾਂ ਘਰਾਂ ਦੀਆਂ ਛੱਤਾਂ ਚ ਤੈਨੂੰ ਅੱਜ ਵੀ ਗਾਡਰ ਬਾਲੇ ਈ ਚਿਣੇ ਮਿਲਣਗੇ। ਬਾਹਰ ਬੁਰਜੀ ਤੇ ਕੋਈ ਨੇਮ ਪਲੇਟ ਨਹੀਂ ਹੋਣੀ। ਘਰ ਚ ਸ਼ਾਇਦ ਇੱਕ ਬੁੱਢੀ ਮਾਤਾ ਮਿਲੇ ਜਿਸਦੀਆਂ ਅੱਖਾਂ ਦੀ ਜੋਤ ਅਪਰੇਸ਼ਨ ਖੁਣੋਂ ਘੱਟ ਹੋਣ ਕਰਕੇ ਮੱਥੇ ਤੇ ਹੱਥ ਰੱਖ ਕੇ ਤੈਂਨੂੰ ਆਖੂ......"ਮੈਂ ਤੈਂਨੂੰ ਸਿਆਣਿਆਂ ਨਹੀਂ ਪੁੱਤ"....! ਤਿੰਨਾਂ ਚੋਂ ਵਿਚਲੇ ਗਾਡਰ ਨਾਲ, ਕੂੰਡੇ ਜਿੱਡੀ ਮੋਟਰ ਵਾਲੇ ਹੌਲੀ ਹੌਲੀ ਝੂਲਦੇ ਪੱਖੇ ਥੱਲੇ ਬੈਠ ਜਾਵੀਂ। ਮਾਤਾ ਦੇ ਝੁਰੜੀਆਂ ਭਰੇ ਚਿਹਰੇ ਨੂੰ ਗੌਰ ਨਾਲ ਵੇਖੀਂ....! ਸਬਰ, ਸੰਤੋਖ, ਵਾਹਿਗੁਰੂ ਦਾ ਸੁਕਰਾਨਾ, ਸਭ ਕੁਝ ਹੋਊ ਉਸ ਮਾਤਾ ਕੋਲ। ਫੇਰ ਗੌਰ ਨਾਲ ਆਲਾ ਦੁਆਲਾ ਵੇਖੀਂ। ਕਮਰੇ ਚ ਪੇਟੀ ਤੇ ਵਿਛੇ ਮੋਰਨੀਆਂ ਵਾਲੇ ਛਾੜੇ ਵਰਗਾ ਇੱਕ ਛਾੜਾ ਵਾਦੇ ਤੇ ਵਿਛਾਇਆ ਹੋਊ। ਉਸ ਵਾਦੇ ਤੇ ਇੱਕ ਮੁੱਛਫੁੱਟ ਗੱਭਰੂ ਦੀ ਖੱਟੇ ਸਾਫ਼ੇ ਤੇ ਹੱਥ ਚ ਏ.ਕੇ47 ਵਾਲੀ ਧੁੰਦਲੀ ਜਹੀ ਤਸਵੀਰ ਨਜ਼ਰੀਂ ਪਊ (ਕਈ ਘਰਾਂ ਚ ਦੋ ਜਾਂ ਤਿੰਨ ਸਕੇ ਭਰਾਵਾਂ ਦੀਆਂ ਫੋਟੋਆਂ ਵੀ ਵੇਖਣ ਨੂੰ ਮਿਲਣਗੀਆਂ).... ਓਸ ਵਾਦੇ ਤੇ ਨਾਲ ਈ ਇੱਕ ਗੋਲ ਦਸਤਾਰੇ ਵਾਲੀ ਬਲੈਕ ਐਂਡ ਵਾਈਟ ਫੋਟੋ ਚ ਕਿਸੇ ਨੇਂ ਹੱਥ ਚ ਤੀਰ ਤੇ ਢਾਕ ਉੱਤੇ ਪਿਸਟਲ ਟੰਗਿਆ ਹੋਊ । ਬੁਰਜੀ ਤੇ ਲਿਖਿਆ ਨਾਮ ਪੜਨ ਦੀ ਤੇਰੀ ਤਾਂਘ ਪਹਿਲੀ ਫੋਟੋ ਦਾ ਹੇਠਲਾ ਹਿੱਸਾ ਖ਼ਤਮ ਕਰੂ ਜਿਥੇ ਲਿਖਿਆ ਹੋਊ ....."#ਸ਼ਹੀਦ_ਭਾਈ_ਗੁਰਦੇਵ_ਸਿੰਘ_ਨਵਾਂਪਿੰਡ"(ਕੇ ਸੀ ਐੱਫ) .........!
ਵਾਪਸ ਆਉਂਦੇ ਦੋਹਾਂ ਘਰਾਂ ਦੇ ਉਜਾੜੇ ਦਾ ਫਰਕ ਲੱਭਣ ਦੀ ਕੋਸ਼ਿਸ਼ ਕਰੀਂ।
ਜੇ ਫਿਰ ਵੀ ਤਰਾਸਗੀ ਨਾ ਸਮਝ ਆਵੇ ਤਾ ਕਦੇ ਮਾਲਵੇ ਦੇ ਟਿੱਬਿਆ ਦੀ ਉੱਡਦੀ ਧੂੜ ਵਿੱਚ ਰੇਤਲੀ ਮਿੱਟੀ ਨਾਲ ਘੁਲਦੇ ਜਿਮੀਦਾਰ ਵੱਲ ਦੇਖੀ,
ਤੇ ਜਾ ਵੜੀ ਲੱਕੜ ਦੇ ਟੁੱਟੇ ਹੋਏ ਕੁੱੜੇ ਵਾਲੇ ਗੇਟ ਚ ਜਿੱਥੇ ਦੀ ਇੱਟ ਇੱਟ ਕੈਸਰ ਤੇ ਰਹੇਆ ਸਪਰੇਆਂ ਕਰਕੇ ਕਰਜਾਈ ਹੋਈ ਪਈ ਆ,
ਜਿੱਥੇ ਲੋਕਾ ਨੇ ਬਜੁਰਗਾਂ ਦੀਆਂ ਪੱਗਾਂ ਦੇ ਸਾਇਜ ਵੀ ਘੱਟ ਕਰਤੇ ਤਾ ਕਿ ਉਹਦੀ ਈ ਰੱਸਾ ਬੰਨ ਕੇ ਗਲ ਚ ਨਾ ਪੈਜੇ ।।
ਮਝੈਲ ਸਿੰਘ ਔਲਖ
4-7-2019
ਨੋਟ : ਇਸ ਰਚਨਾ ਸੋਸ਼ਲ ਮੀਡੀਆ ਪਲੇਟਫਾਰਮ ਵ੍ਹਟਸਐਪ ਤੋਂ ਸਾਂਝੀ ਕੀਤੀ ਗਈ ਹੈ।
-
ਮਝੈਲ ਸਿੰਘ ਔਲਖ, ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.