ਅਕਾਲੀ ਦਲ ਹੁਣ ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ। ਸਿਰਫ ਬਾਦਲ ਅਕਾਲੀ ਦਲ ਬਣ ਗਿਆ ਹੈ। ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਅਤੇ ਇਸ ਅਕਾਲੀ ਦਲ ਵਲੋਂ ਪੰਜਾਬ ਵਿੱਚ ਖੜੇ ਕੀਤੇ ਗਏ ਹੋਰ ਅੱਠ ਉਮੀਦਵਾਰਾਂ ਦੀ ਹਾਰ, ਕੀ ਇਹ ਸਿੱਧ ਨਹੀਂ ਕਰਦੀ ਕਿ ਇਸ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਨੇ ਆਪਣੀ ਜਿੱਤ ਪੱਕੀ ਕਰਨ ਵੱਲ ਤਾਂ ਪੂਰੀ ਤਵੱਜੋ ਦਿੱਤੀ ਸਮੇਤ ਪਰਿਵਾਰ ਦੇ ਵੱਡੇ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਦੇ, ਪਰ ਬਾਕੀ ਉਮੀਦਵਾਰਾਂ ਨੂੰ ਆਪੋ-ਆਪਣੇ ਰਹਿਮੋ ਕਰਮ ਉਤੇ ਛੱਡ ਦਿੱਤਾ। ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ (ਆਨੰਦਪੁਰ ਸਾਹਿਬ), ਬੀਬੀ ਜਗੀਰ ਕੌਰ (ਖਡੂਰ ਸਾਹਿਬ), ਚਰਨਜੀਤ ਸਿੰਗ ਅਟਵਾਲ(ਜਲੰਧਰ), ਮਹੇਸ਼ ਇੰਦਰਸਿੰਘ ਗਰੇਵਾਲ(ਲੁਧਿਆਣਾ), ਦਰਬਾਰਾ ਸਿੰਘ ਗੁਰੂ (ਫਤਿਹਗੜ੍ਹ ਸਾਹਿਬ), ਗੁਲਜਾਰ ਸਿੰਘ ਰਣੀਕੇ (ਫਰੀਦਕੋਟ), ਪਰਮਿੰਦਰ ਸਿੰਘ ਢੀਂਡਸਾ(ਸੰਗਰੂਰ), ਸੁਰਜੀਤ ਸਿੰਘ ਰੱਖੜਾ(ਪਟਿਆਲਾ) ਜੋ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਦੇ ਮੈਂਬਰ ਹਨ, ਚੋਣਾਂ 'ਚ ਕਾਂਗਰਸ ਹੱਥੋਂ ਬੁਰੀ ਤਰ੍ਹਾਂ ਮਾਤ ਖਾ ਗਏ।
ਇਥੇ ਹੀ ਬੱਸ ਨਹੀਂ ਕਾਂਗਰਸ ਵਲੋਂ ਅਕਾਲੀ ਦਲ ਦੇ ਪੱਕੇ ਪੁਰਾਣੇ ਪੇਂਡੂ ਵੋਟ ਬੈਂਕ ਵਿੱਚ ਸੰਨ੍ਹ ਲਾ ਲਈ ਗਈ ਅਤੇ ਪੇਂਡੂ ਖੇਤਰਾਂ ਵਿੱਚ ਅਕਾਲੀ ਦਲ ਦੇ ਵੱਡੇ ਵੋਟ ਬੈਂਕ ਨੂੰ ਖੋਰਾ ਲੱਗਿਆ। ਉਹ ਪੇਂਡੂ ਅਤੇ ਖਾਸ ਕਰਕੇ ਪੇਂਡੂ ਕਿਸਾਨ ਜਿਹੜੇ ਕਦੇ ਕਾਂਗਰਸ ਤੋਂ ਨੱਕ ਬੁਲ੍ਹ ਵੱਟਦੇ ਸਨ, ਉਹ ਅਕਾਲੀ ਦਲ ਨਾਲ ਕਿਸੇ ਨਾ ਕਿਸੇ ਵਜਹ ਕਾਰਨ ਨਾਰਾਜ਼ ਹੋਕੇ, ਉਸਨੂੰ ਸਬਕ ਸਿਖਾਉਣ ਦੇ ਰਾਹ ਤੁਰ ਪਏ। ਉਹ ਅਕਾਲੀ ਦਲ ਜਿਸ ਦਾ ਮੁੱਖ ਅਧਾਰ ਸਿੱਖ ਅਤੇ ਕਿਸਾਨੀ ਰਿਹਾ ਹੈ, ਉਸਨੇ ਪਹਿਲਾਂ ਵਿਧਾਨ ਸਭਾ ਦੀ 2017 ਚੋਣ ਵੇਲੇ ਅਕਾਲੀ ਦਲ ਨੂੰ ਸਬਕ ਸਿਖਾਇਆ ਅਤੇ ਬਾਵਜੂਦ ਇਸ ਗੱਲ ਦੇ ਕਿ 2019 ਤੱਕ ਕਾਂਗਰਸੀ ਸਰਕਾਰ ਤੋਂ ਕੁਝ ਵੀ ਨਾ ਕਰਨ ਦੀ ਨਰਾਜ਼ਗੀ ਹੋਣ ਦੇ ਵੀ ਅਕਾਲੀ ਦਲ ਨੂੰ ਨਹੀਂ ਸਗੋਂ ਕਾਂਗਰਸ ਨੂੰ ਵੋਟ ਪਾਉਣ ਨੂੰ ਹੀ ਤਰਜ਼ੀਹ ਦਿਤੀ, ਹਾਲਾਂਕਿ ਪੰਜਾਬ ਦੇ ਵੋਟਰਾਂ ਕੋਲ ਦੂਜੀਆਂ ਹੋਰ ਪਾਰਟੀਆਂ- ਬਸਪਾ, ਪੀਡੀਏ, ਆਮ ਆਦਮੀ ਪਾਰਟੀ, ਕਮਿਊਨਿਸਟ ਪਾਰਟੀਆਂ ਨੂੰ ਵੋਟ ਦੇਣ ਦਾ ਬਦਲ ਵੀ ਸੀ।
ਅਕਾਲੀ ਦਲ ਕਦੇ ਪੰਜਾਬ ਦੇ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਬਨਣ ਦਾ ਮਾਣ ਪ੍ਰਾਪਤ ਕਰਦਾ ਰਿਹਾ। ਕਾਰਨ ਸੀ ਉਸਦੀ ਮੁੱਦਿਆਂ ਲਈ ਲੜਾਈ। ਪੰਜਾਬ ਦੇ ਪਾਣੀਆਂ ਲਈ ਲੜਾਈ। ਪੰਜਾਬੀ ਬੋਲੀ ਲਈ ਅਤੇ ਪੰਜਾਬੀ ਸੂਬੇ ਲਈ ਸੰਘਰਸ਼। ਐਮਰਜੈਂਸੀ ਦੌਰਾਨ ਲੋਕ ਹੱਕਾਂ ਲਈ ਲੜਾਈ ਕਾਰਨ ਅਕਾਲੀ ਦਲ ਦੇਸ਼ ਭਰ 'ਚ ਚਰਚਿਤ ਹੋਇਆ। ਸਾਲ 1920 'ਚ ਪੰਥਕ ਨੇਤਾਵਾਂ ਵਲੋਂ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਸਿਆਸੀ ਧਿਰ ਬਣਿਆ, ਜਿਸਦੇ ਪਹਿਲੇ ਪ੍ਰਧਾਨ ਸਰਮੁਖ ਸਿੰਘ ਝੁਬਾਲ ਸਨ, ਪਰ ਮਾਸਟਰ ਤਾਰਾ ਸਿੰਘ ਨੇ ਪੰਥਕ ਸਰਗਰਮੀਆਂ ਨਾਲ ਇਸ ਨੂੰ ਬੁਲੰਦੀਆਂ ਉਤੇ ਪਹੁੰਚਾਇਆ।
ਸਾਲ 1937 ਦੀਆਂ ਪ੍ਰੋਵਿੰਸ਼ਿਅਲ ਚੋਣਾਂ 'ਚ ਅਕਾਲੀ ਦਲ ਨੇ 10 ਸੀਟਾਂ ਜਿੱਤੀਆਂ ਅਤੇ ਸਿੰਕਦਰ ਹਿਆਤ ਖਾਨ ਦੀ ਵਜ਼ਾਰਤ ਵੇਲੇ ਵਿਰੋਧੀ ਧਿਰ ਵਜੋਂ ਭੂਮਿਕਾ ਨਿਭਾਈ ਪਰ ਸਾਲ 1946 'ਚ 22 ਸੀਟਾਂ ਜਿੱਤਕੇ ਉਹ ਖਿਜ਼ਾਰ ਹਿਆਤ ਖਾਨ ਵਲੋਂ ਬਣਾਈ ਕੁਲੀਸ਼ਨ ਵਜ਼ਾਰਤ ਦਾ ਹਿੱਸਾ ਬਣਿਆ। ਸਾਲ 1950 'ਚ ਪੰਜਾਬੀ ਸੂਬਾ ਮੂਵਮੈਂਟ ਸ਼ੁਰੂ ਕਰਕੇ, ਪੰਜਾਬੀ ਬੋਲਦੇ ਇਲਾਕਿਆਂ ਲਈ ਵੱਖਰੇ ਸੂਬੇ ਦੀ ਮੰਗ ਕੀਤੀ। ਮੋਰਚਾ ਲਾਇਆ ਅਤੇ 1966 ਵਿੱਚ ਪੰਜਾਬੀ ਸੂਬੇ ਦੀ ਪ੍ਰਾਪਤੀ ਇਸ ਮੋਰਚੇ ਕਾਰਨ ਹੀ ਸੰਭਵ ਹੋ ਸਕੀ। ਸਾਲ 1920 'ਚ ਬਣੇ ਸ਼੍ਰੋਮਣੀ ਅਕਾਲੀ ਦਲ ਵਿੱਚ ਸਮੇਂ ਸਮੇਂ ਟੁੱਟ ਭੱਜ ਹੋਈ, ਕਈ ਅਕਾਲੀ ਦਲ ਇਸ ਵਿਚੋਂ ਬਾਹਰ ਨਿਕਲੇ ਪਰ ਪ੍ਰਕਾਸ਼ ਸਿੰਘ ਬਾਦਲ ਵਾਲਾ ਅਕਾਲੀ ਦਲ ਮੁੱਖ ਰੂਪ ਵਿੱਚ ਪੰਜਾਬ ਦੀ ਸਿਆਸਤ ਵਿੱਚ ਆਪਣੀ ਥਾਂ ਬਣਾ ਸਕਿਆ। ਸ਼ੁਰੂ ਤੋਂ ਲੈ ਕੇ ਹੁਣ ਤੱਕ ਇਸਦੇ 20 ਪ੍ਰਧਾਨ ਬਣੇ। ਇਹਨਾ ਵਿੱਚ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ,ਸੰਤ ਹਰਚੰਦ ਸਿੰਘ ਲੋਂਗੇਵਾਲ, ਪ੍ਰਕਾਸ਼ ਸਿੰਘ ਬਾਦਲ ਪ੍ਰਸਿੱਧ ਹਨ ਅਤੇ 21ਵੇਂ ਪ੍ਰਧਾਨ ਵਜੋਂ ਸੁਖਵੀਰ ਸਿੰਘ ਬਾਦਲ ਨੇ ਇਸ ਦੀ ਵਾਂਗ ਡੋਰ ਸੰਭਾਲੀ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੇਵਾ ਹੀ ਨਹੀਂ ਨਿਭਾਈ ਸਗੋਂ ਚਾਰ ਵੇਰ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਵੀ ਸੰਭਾਲਿਆ। ਅਕਾਲੀ ਦਲ ਦੇ ਹੋਰ ਮੁੱਖ ਮੰਤਰੀਆਂ ਵਿੱਚ ਗੁਰਨਾਮ ਸਿੰਘ ਅਤੇ ਸੁਰਜੀਤ ਸਿੰਘ ਬਰਨਾਲਾ ਵੀ ਸ਼ਾਮਲ ਹਨ।
ਕਿਉਂਕਿ ਸਿੱਖ ਦੀ ਆਵਾਜ਼ ਵਜੋਂ ਜਾਣੇ ਜਾਂਦੇ ਅਕਾਲੀ ਦਲ ਦਾ ਮੰਨਣਾ ਹੈ ਕਿ ਰਾਜਨੀਤੀ ਤੇ ਧਰਮ ਇੱਕ ਦੂਸਰੇ ਦੇ ਪੂਰਕ ਹਨ, ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਲੰਮੇ ਸਮੇਂ ਤੋਂ ਆਪਣੇ ਕੰਟਰੋਲ ਵਿੱਚ ਰੱਖਿਆ ਹੋਇਆ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਬਾਦਲ ਅਕਾਲੀ ਦਲ ਭਾਜਪਾ ਦਾ ਭਾਈਵਾਲ ਹੈ ਅਤੇ ਦੇਸ਼ ਉਤੇ ਰਾਜ ਕਰ ਰਹੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐਨ ਡੀ ਏ) ਦਾ ਹਿੱਸਾ ਹੈ। ਇਸ ਵੇਲੇ ਇਸ ਅਕਾਲੀ ਦਲ ਦੇ ਦੋ ਲੋਕ ਸਭਾ ਮੈਂਬਰ, ਤਿੰਨ ਰਾਜ ਸਭਾ ਮੈਂਬਰ ਅਤੇ ਪੰਜਾਬ ਅਸੰਬਲੀ ਵਿੱਚ 13 ਮੈਂਬਰ ਹਨ। ਇਹ ਸਥਿਤੀ ਪਾਰਟੀ ਦੀ ਨਿਵਾਣਾਂ ਵੱਲ ਜਾਣ ਦੀ ਨਿਸ਼ਾਨੀ ਹੈ ਕਿ ਲੰਮੇ ਸਮੇਂ ਬਾਅਦ ਜਿਵੇਂ ਕੇਂਦਰ ਵਿੱਚ ਕਾਂਗਰਸ ਦੀ ਅੱਧੋਗਤੀ ਹੋਈ ਤੇ ਉਹ ਪ੍ਰਵਾਨਤ ਵਿਰੋਧੀ ਧਿਰ ਨਹੀਂ ਬਣ ਸਕੀ, ਅਕਾਲੀ ਦਲ ਬਾਦਲ ਵੀ ਪੰਜਾਬ ਵਿੱਚ ਵਿਰੋਧੀ ਧਿਰ ਦਾ ਦਰਜਾ ਪ੍ਰਾਪਤ ਨਹੀਂ ਕਰ ਸਕਿਆ, ਸਗੋਂ ਤੀਜੇ ਨੰਬਰ 'ਤੇ ਰਿਹਾ ਜਦ ਕਿ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦਾ ਰੁਤਬਾ 20 ਵਿਧਾਇਕੀ ਸੀਟਾਂ ਲੈ ਕੇ ਪ੍ਰਾਪਤ ਕੀਤਾ।
ਆਪਣੇ ਪਿਛਲੇ 10 ਸਾਲ ਦੇ ਸ਼ਾਸ਼ਨ ਕਾਰਜ ਕਾਲ ਦੌਰਾਨ ਅਕਾਲੀ-ਭਾਜਪਾ ਸਰਕਾਰ ਲੋਕਾਂ ਵਿੱਚ ਹਰਮਨ ਪਿਆਰੀ ਨਾ ਹੋ ਸਕੀ। ਅਕਾਲੀ ਦਲ ਵਿੱਚ ਸਵਾਰਥੀ ਕਿਸਮ ਦੇ ਲੋਕਾਂ ਦੀ ਆਮਦ ਨੇ ਅਸਲ ਅਕਾਲੀਆਂ ਨੂੰ ਪਿੱਛੇ ਸੁੱਟ ਦਿੱਤਾ ਅਤੇ ਅਕਾਲੀ ਦਲ ਵਿੱਚ ਮਾਫੀਏ, ਢੁੱਠਾਂ ਵਾਲੇ, ਵੱਡੇ ਕਾਰੋਬਾਰੀਏ, ਜ਼ਮੀਨਾਂ ਵੇਚਣ-ਵੱਟਣ ਵਾਲੇ ਅਤੇ ਦਲਾਲ ਕਿਸਮ ਦੇ ਲੋਕਾਂ ਦੀ ਸ਼ਮੂਲੀਅਤ ਨੇ ਅਕਾਲੀ ਦਲ ਦਾ "ਸਿਰੜੀ ਅਕਾਲੀਆਂ" ਦੀ ਦਿੱਖ ਵਾਲਾ ਅਕਸ ਖਰਾਬ ਕੀਤਾ। ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਭੁੱਲ ਗਿਆ, ਜਿਹੜੇ ਉਹਦੀ ਰੀੜ੍ਹ ਦੀ ਹੱਡੀ ਸਨ। ਸਿੱਖ ਸਿਆਸਤ ਤੋਂ ਕੰਨੀ ਕਤਰਾ ਰਾਸ਼ਟਰੀ ਪਾਰਟੀ ਦੇ ਸੁਪਨੇ ਸਜੋਣ ਦਾ ਉਸ ਭਰਮ ਪਾਲ ਲਿਆ ਅਤੇ ਪੰਜਾਬੋਂ ਬਾਹਰ ਦਿੱਲੀ, ਹਰਿਆਣਾ, ਰਾਜਸਥਾਨ, ਯੂ.ਪੀ. 'ਚ ਪੈਰ ਪਸਾਰਨੇ ਆਰੰਭੇ, ਪਰ ਸਹੀ ਨੀਤੀਗਤ ਫੈਸਲੇ ਅਕਾਲੀ ਦਲ ਨਾ ਲੈ ਸਕਿਆ। ਬਾਦਲ ਪਰਿਵਾਰ ਦਾ ਅਕਾਲੀ ਦਲ ਉਤੇ ਗਲਬਾ ਵੀ ਅਕਾਲੀ ਦਲ ਨੂੰ ਡਬੋਣ ਦਾ ਕਾਰਨ ਬਣਿਆ। ਪਰਿਵਾਰ ਨੂੰ ਅੱਗੇ ਲਿਆਉਣ ਦੀ ਮਨਸ਼ਾ ਤਹਿਤ ਹਰਸਿਮਰਤ ਕੌਰ ਬਾਦਲ ਨੂੰ ਤਾਂ ਭਾਜਪਾ ਵਜ਼ਾਰਤ 'ਚ ਬਾਦਲ ਪਰਿਵਾਰ ਨੇ ਦੋ ਵੇਰ ਕੇਂਦਰੀ ਮੰਤਰੀ ਬਣਵਾ ਲਿਆ, ਪਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਗਿਆ। ਇਹੋ ਹਾਲ ਪਾਰਟੀ ਵਿੱਚ ਕੁਝ ਸਮਾਂ ਪਹਿਲਾ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ ਦਾ ਬਾਦਲ ਪਰਿਵਾਰ ਵਲੋਂ ਕੀਤਾ ਗਿਆ ਸੀ।
ਲਗਾਤਾਰ ਪਰਿਵਾਰਕ ਸਿਆਸਤ ਕਰਦਿਆਂ ਬਾਦਲ ਪਰਿਵਾਰ ਵਲੋਂ ਮਾਝੇ ਦੇ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਛੱਡਕੇ ਉਸਦੀ ਥਾਂ ਹਰਸਿਮਰਤ ਕੌਰ ਦੇ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਅੱਗੇ ਲਿਆਂਦਾ ਗਿਆ ਜਿਸਨੇ ਪੂਰੇ ਪੰਜਾਬ ਵਿੱਚ ਇੱਕ ਵੱਖਰੀ ਕਿਸਮ ਦੀ ਸਿਆਸਤ ਦਾ ਮੁੱਢ ਬੰਨ੍ਹਿਆ ਅਤੇ ਯੂਥ ਅਕਾਲੀ ਦਲ ਵਿੱਚ ਇਹੋ ਜਿਹੇ ਨੌਜਵਾਨਾਂ ਦੀ ਜੁੰਡਲੀ ਭਰ ਲਈ ਗਈ, ਜਿਹੜੀ ਲੋਕਾਂ ਦੇ ਮਸਲੇ ਹੱਲ ਕਰਨ ਨਾਲੋਂ ਆਪਣੇ ਹਿੱਤਾਂ ਦੀ ਪੂਰਤੀ ਨੂੰ ਪਹਿਲ ਦੇਣ ਵਾਲੀ ਸੀ। ਸਿੱਟਾ ਅਕਾਲੀ ਦਲ 'ਚ ਕੁਰਬਾਨੀ ਦੇਣ ਵਾਲੇ, ਜੇਲ੍ਹਾਂ ਜਾਣ ਵਾਲੇ, ਮੋਰਚੇ ਲਾਉਣ ਵਾਲੇ, ਲੋਕਾਂ ਦੇ ਹੱਕਾਂ ਲਈ ਪਹਿਰਾ ਦੇਣ ਵਾਲੇ ਮਿਸ਼ਨਰੀ ਵਰਕਰਾਂ ਦੀ ਘਾਟ ਹੋ ਗਈ। ਧੱਕੇ-ਧੌਂਸ ਵਾਲੇ ਲੋਕਾਂ ਨੇ ਪੈਸੇ ਦੇ ਜ਼ੋਰ ਨਾਲ ਅਸਲ ਅਰਥਾਂ 'ਚ ਪਾਰਟੀ ਲਈ ਕੰਮ ਕਰਨ ਵਾਲੇ 'ਜੱਥੇਦਾਰਾਂ' ਨੂੰ ਪਿੱਛੇ ਛੱਡ ਦਿੱਤਾ ਅਤੇ "ਮਾਡਰਨ" ਲੋਕਾਂ ਦੀ ਭੀੜ ਅਕਾਲੀ ਦਲ 'ਚ ਵੱਡੀ ਗਿਣਤੀ 'ਚ ਵੱਧ ਗਈ। ਪਾਰਟੀ ਸੰਗਠਨ ਪੂਰੀ ਤਰ੍ਹਾਂ ਟੁੱਟਿਆ ਨਜ਼ਰ ਆਉਣ ਲੱਗਾ। ਪਾਰਟੀ ਦੀਆਂ ਵੱਡੀਆਂ ਰੈਲੀਆਂ, ਭੀੜਾਂ ਅਤੇ ਰੋਡ ਸ਼ੋ ਹੀ ਅਕਾਲੀ ਦਲ ਦਾ ਸੱਭੋ ਕੁਝ ਹੋ ਗਿਆ।
ਇਹ ਅਕਾਲੀ ਆਪਣੇ ਅਸਲੀ ਮੁੱਦਿਆਂ ਤੋਂ ਜੀਅ ਚੁਰਾਕੇ ਅਗਲ-ਬਗਲ ਝਾਕਣ ਲੱਗੇ ਅਤੇ ਦਲੀਲਾਂ ਛੱਡਕੇ ਗੈਰ-ਜ਼ਿੰਮੇਵਾਰਾਨਾ ਪਹੁੰਚ ਅਪਨਾਉਣ ਲੱਗੇ। ਪਾਰਟੀ ਵਿੱਚ ਜੁਗਲਬੰਦੀ, ਗੁੱਟਬਾਜੀ, ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ਅਤੇ ਇੱਕ ਦੂਜੇ ਨੂੰ ਮਿੱਧਣ ਅਤੇ ਪਰਿਵਾਰਵਾਦ ਦਾ ਬੋਲ ਬਾਲਾ ਹੋ ਗਿਆ। ਅਕਲ ਅਤੇ ਕਰਮ ਦਾ ਆਪਸ ਵਿੱਚ ਵੈਰ ਦਿਸਣ ਲੱਗਾ। ਅਕਾਲੀ ਦਲ ਦੇ ਉਪਰਲੇ ਨੇਤਾਵਾਂ ਦੁਆਲੇ ਇਹੋ ਜਿਹੀ ਚੰਡਾਲ ਚੌਕੜੀ ਜੁੜ ਗਈ, ਜਿਹੜੀ 'ਦਲ' ਨੂੰ ਸਭ ਪਾਸੇ ਹਰਾ ਹਰਾ ਹੋਣ ਦਾ ਸੰਕੇਤ ਦਿੰਦੀ ਰਹੀ। ਆਮ ਲੋਕਾਂ,ਕਿਸਾਨਾਂ, ਸਿੱਖ ਭਾਈਚਾਰੇ ਵਿੱਚ ਵਿਚਰਨ ਦੀ ਥਾਂ ਇਹ ਨਵੇਂ ਬਣੇ ਨੇਤਾ ਲੋਕ ਅਖ਼ਬਾਰਾਂ ਦੇ ਇਸ਼ਤਿਹਾਰਾਂ ਵਿੱਚ ਸਿਮਟ ਗਏ ਅਤੇ ਲੋਕਾਂ ਨਾਲ ਬਣਿਆ ਰਾਬਤਾ ਟੁੱਟ ਗਿਆ। ਅਕਾਲੀ ਦਲ ਨਾਲ ਸਬੰਧਤ ਕਿਸਾਨ ਨੇਤਾ, ਆਪਣੇ ਸਵਾਰਥ ਹਿੱਤ, ਆਪਣੀ ਕੁਰਸੀ ਬਚਾਉਣ ਲਈ ਲੱਗੇ ਰਹੇ ਅਤੇ ਦਸ ਸਾਲ ਉਹਨਾ ਨੇ ਮੰਡੀਆ 'ਚ ਕਿਸਾਨਾਂ ਨਾਲ ਹੋ ਰਹੇ ਵਰਤਾਰੇ, ਫਸਲਾਂ ਦੇ ਮਿਲ ਰਹੇ ਘੱਟ ਮੁੱਲ, ਸ਼ਾਹੂਕਾਰਾਂ, ਆੜ੍ਹਤੀਆਂ ਵਲੋਂ ਕੀਤੀ ਜਾ ਰਹੀ ਉਹਨਾ ਦੀ ਲੁੱਟ-ਖਸੁੱਟ ਵੱਲ ਰਤਾ ਮਾਸਾ ਤਵੱਜੋ ਨਾ ਦਿੱਤੀ। ਅਕਾਲੀ ਦਲ ਉਤੇ ਕਾਬਜ ਹੋਏ ਪੂੰਜੀ ਪਤੀਆਂ, ਧੰਨ ਕੁਬੇਰਾਂ, ਸਾਬਕਾ ਨੌਕਰਸ਼ਾਹਾਂ ਅਤ ਅਕਾਲੀ ਦਲ 'ਚ ਨੇਤਾ ਬਣਕੇ ਆੜ੍ਹਤ ਅਤੇ ਜ਼ਮੀਨ ਦੀ ਖਰੀਦੋ ਫਰੋਖਤ ਦਾ ਕੰਮ ਕਰਕੇ ਲੋਕਾਂ ਨੂੰ ਲੁੱਟਣ ਵਾਲੇ ਲੋਕਾਂ ਨੇ ਅਕਾਲੀ ਦਲ ਨਾਲੋਂ ਲੋਕਾਂ ਦਾ ਰਾਬਤਾ ਤੋੜਨ ਦਾ ਕੰਮ ਕੀਤਾ। ਇਸਦਾ ਸਿੱਟਾ ਇਹ ਨਿਕਲਿਆ ਕਿ ਪਿੰਡਾਂ ਦੇ ਕਿਸਾਨ ਅਤੇ ਉਹਨਾ ਦੇ ਬੇਟੇ ਜਿਹੜੇ ਕੁਰਬਾਨੀ ਕਰਨ ਵਾਲੇ ਅਕਾਲੀਆਂ ਦੇ ਵਾਰੇ-ਵਾਰੇ ਜਾਂਦੇ ਸਨ ਉਹ ਅਕਾਲੀਆਂ ਨਾਲੋਂ ਲਗਭਗ ਟੁੱਟ ਹੀ ਗਏ। ਕੋਟਕਪੂਰਾ ਅਤੇ ਬਰਗਾੜੀ ਕਾਂਡ ਨੇ ਤਾਂ ਅਕਾਲੀਆਂ ਨਾਲੋਂ ਉਹਨਾ ਸਾਰੇ ਲੋਕਾਂ ਨੂੰ ਤੋੜ ਦਿੱਤਾ ਜਿਹਨਾ ਦੇ ਮਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਸਬੰਧੀ ਵੱਡਾ ਰੋਸ ਸੀ।
ਅਕਾਲੀ ਦਲ ਅੱਜ ਕਟਿਹਰੇ 'ਚ ਹੈ। ਭਾਜਪਾ ਨਾਲ ਉਸਦੀ ਸਾਂਝ ਭਿਆਲੀ ਬਣਾਏ ਰੱਖੇ ਜਾਣ ਸਬੰਧੀ ਸੰਦੇਹ ਬਣਿਆ ਹੋਇਆ ਹੈ। ਭਾਜਪਾ ਜੇਕਰ ਭਵਿੱਖ ਵਿੱਚ "ਅਕੇਲੇ ਚਲੋ" ਦੀ ਨੀਤੀ ਉਤੇ ਚੱਲਦਾ ਹੈ ਤਾਂ ਅਕਾਲੀ ਦਲ ਨੇ ਸ਼ਹਿਰਾਂ ਦੀ ਹਿੰਦੂ ਵੋਟ ਨੂੰ ਆਪਣੇ ਨਾਲ ਕਿਵੇਂ ਰੱਖਣਾ ਹੈ? ਅਕਾਲੀ ਦਲ ਜਿਸਦਾ ਅਧਾਰ ਪਿੰਡਾਂ 'ਚ ਗਿਣਿਆ ਜਾਂਦਾ ਰਿਹਾ ਹੈ ਅਤੇ ਹੁਣ ਵੀ ਹੈ, ਉਸਨੂੰ ਕਿਵੇਂ ਸਾਂਭ ਕੇ ਰੱਖਣਾ ਹੈ? ਉਹਨਾ ਲਈ ਇਹ ਵੀ ਸੋਚਣ ਦਾ ਵੇਲਾ ਹੈ ਕਿ ਉਹਨਾ ਅਕਾਲੀ ਦਲ ਨੂੰ ਇੱਕ ਪ੍ਰਾਈਵੇਟ ਪਰਿਵਾਰਕ ਪਾਰਟੀ ਵਜੋਂ ਬਣੇ ਰਹਿਣ ਦੇਣਾ ਹੈ ਜਾਂ ਇਸ ਨੂੰ ਲੋਕਾਂ ਦੀ ਪਾਰਟੀ ਬਣਾਕੇ ਲੋਕ ਭਲਾਈ ਵਾਲੇ ਕੰਮ ਕਰਨ ਵਾਲੀ ਪਾਰਟੀ ਬਨਾਉਣਾ ਹੈ।
ਅਸਲ ਵਿੱਚ ਅਕਾਲੀ ਦਲ ਦੀ ਬੋਹੜ ਵਰਗੀ ਸਿਆਸੀ ਪਾਰਟੀ ਨੂੰ ਅਮਰ ਵੇਲਾਂ ਨੇ ਜਕੜ ਰੱਖਿਆ ਹੈ। ਬੋਹੜ ਦੀ ਇਸ ਮਿੱਠੀ ਛਾਂ ਅਤੇ ਖੁਸ਼ਬੂ ਨੂੰ ਅਮਰਵੇਲ ਆਪਣੀ ਥੋੜ੍ਹ ਚਿਰੀ ਬਨਾਉਟੀ ਤੜਕ-ਭੜਕ ਨਾਲ ਹਰਾ ਹਰਾ ਬਨਾਉਣ ਦੇ ਰਾਹ ਪਈ ਹੋਈ ਹੈ। ਇਹ ਸੋਚਣਾ, ਹੁਣ ਅਕਾਲੀ ਦਲ ਦੇ ਨੇਤਾਵਾਂ ਦੇ ਹੱਥ ਹੈ ਕਿ ਪਾਰਟੀ ਨੂੰ ਜੀਉਂਦਾ ਰੱਖਣਾ ਚਾਹੁੰਦੇ ਹਨ ਤੇ ਲੋਕ ਨੁਮਾਇੰਦਾ ਖੇਤਰੀ ਪਾਰਟੀ ਬਣਾਈ ਰੱਖਣਾ ਚਾਹੁੰਦੇ ਹਨ ਜਾਂ ਇਸਨੂੰ ਸਮੇਂ ਦੇ ਵਹਿਣ 'ਚ ਵਹਿ ਜਾਣ ਦੇਣਾ ਹੈ ਕਿਉਂਕਿ ਦੇਸ਼ ਦੀਆਂ ਘੱਟ ਗਿਣਤੀਆਂ ਉਤੇ ਆਉਣ ਵਾਲਾ ਸਮਾਂ ਵੱਡੇ ਸੰਕਟ ਵਾਲਾ ਹੈ। ਅਕਾਲੀ ਦਲ ਨੇ ਪਿਛਲੇ ਸਮੇਂ 'ਚ ਪੰਜਾਬ ਦੇ ਬੁਧੀਜੀਵੀ ਵਰਗ ਨੂੰ ਆਪਣੇ ਨਾਲੋਂ ਤੋੜ ਲਿਆ ਹੈ, ਉਸਨੂੰ ਕਿਨਾਰੇ ਲਗਾ ਦਿੱਤਾ ਹੈ, ਇਸੇ ਕਰਕੇ ਪਾਰਟੀ ਵਿੱਚ ਕ੍ਰਿਸ਼ਮਈ ਅਗਵਾਈ ਕਰਨ ਵਾਲੇ ਨੇਤਾਵਾਂ ਦਾ ਸੰਕਟ ਪੈਦਾ ਹੋ ਚੁੱਕਾ ਹੈ!
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.