ਤਾਇਆ ਪੀ ਐੱਚ ਡੀ ਦੇ ਸੁਪਨੇ ਲੈਂਦਾ ਦੇਸ ਪਹੁੰਚ ਗਿਆ। ਥਕਾਵਟਾਂ ਲਾਹ ਦੂਜੇ ਦਿਨ ਹੀ 'ਅਮਰੀਕਾ ਰਿਟਰਨ' ਤਾਕਟਰ ਦੇ ਦਫਤਰ ਜਾ ਪੁੱਜਾ। ' ਆ ਬਈ ਆ' ਗਰਮਜੋਸ਼ੀ ਨਾਲ ਹੱਥ ਮਿਲਾ ਸਾਹਮਣੇ ਆਲੀ ਕੁਰਸੀ ਤੇ ਬਹਿ ਗਿਆ। ਚਾਹ ਪੀ ਕੇ ਡਾਕਟਰ ਕਹਿੰਦਾ, "ਹੁਣ ਸਾਡੀ ਮੀਟਿੰਗ ਹੈ , ਸ਼ਾਮ ਨੂੰ ਮਿਲਦੇ ਹਾਂ, ਫਲਾਣੇ ਥਾਂ, ਉੱਥੇ ਖੁੱਲ੍ਹ ਕਿ ਗੱਲ ਕਰਦੇ ਹਾਂ ਨਾਲੇ ਸ਼ਾਮ ਗੁਜਰ ਜੂ।"
ਤਾਇਆ ਸਾਰਾ ਦਿਨ ਐਧਰ ਉਧਰ ਘੁੰਮਦਾ ਰਿਹਾ, ਇਕ ਦੋ ਵਾਰੀ ਕੰਟੀਨ ਤੋਂ ਚਾਹ ਪੀਤੀ। ਇੱਥੇ ਹੀ ਤਾਈ ਖਾਤਰ ਗੁਜ਼ਾਰੇ ਦਿਨਾਂ ਵੀ ਯਾਦ ਕਰਦਾ ਰਿਹਾ। ਮਸੀਂ ਸ਼ਾਮ ਪਈ। ਕੱਛ ਵਿਚ ਦੇਕੇ ਡਿਊਟੀ ਫਰੀ ਤੋਂ ਲਿਆਂਦੀ ਕਾਲ਼ੀ ਪਰੀ, ਪੈਦਲ ਹੀ ਪਹੁੰਚ ਗਿਆ, ਡਾਕਟਰ ਦੇ ਦੱਸੇ ਹੋਏ ਸਿਰਨਾਵੇਂ ਤੇ। ਮੂਹਰੇ ਡਾਕਟਰ ਤੇ ਦੋ ਹੋਰ ਬੈਠੇ ਸਨ। ਥੋੜਾ ਕਾਇਮ ਜਿਹਾ ਹੋਕੇ ਡਾਕਟਰ ਕਹਿੰਦਾ, ' ਆਹ ਪ੍ਰੋਫੈਸਰ ਬਣੂ ਤੇਰਾ ਗਾਇਡ ਤੇ ਆ ਦਫਤਰ ਦਾ ਕਲਰਕ ਕਰੂ ਤੇਰੀ ਮਦਦ ਕਾਗਜ਼ ਪੱਤਰ ਤਿਆਰ ਕਰਨ ਵਿਚ' ਤਾਇਆ ਖੁਸ਼ ਬਈ ਆ ਤਾਂ ਰੱਬ ਹੀ ਟੱਕਰਗੇ। ਹੁਣ ਤਾਇਆ ਰੋਜ਼ ਕਦੇ ਕਲਰਕ ਦੇ ਕਹੇ ਅਨੁਸਾਰ ਕਾਗਜ਼ ਕੱਠੇ ਕਰਦਾ ਰਿਹਾ ਕਰੇ ਜਾਂ ਫੇਰ ਪ੍ਰੋਫੈਸਰ ਦੇ ਹੁਕਮ ਅਨੁਸਾਰ ਲਾਇਬਰੇਰੀ ਵਿਚ ਕਿਤਾਬਾਂ ਲੱਭਦਾ ਰਿਹਾ ਕਰੇ। ਸ਼ਾਮ ਨੂੰ ਪਰੀ ਵਾਲੀਆਂ ਮੀਟਿੰਗਾਂ ਵੀ ਵੱਧ ਗਈਆਂ। ਤਿੰਨ ਕੁ ਮਹੀਨੇ ਵਿਚ ਨਗਦ ਲਿਆਂਦੇ ਸੱਠ ਸੱਠ ਰੁਪਿਆਂ ਆਲੇ ਨੋਟ ਵੀ ਮੁੱਕ ਗਏ ਤੇ ਫੇਰ 'ਕਾਰਡ' ਨੂੰ ਵਾਢਾ ਧਰ ਲਿਆ। ਤਾਏ ਨੂੰ ਟਰੱਕ ਦੀ ਯਾਦ ਵੀ ਸਤਾਉਣ ਲੱਗ ਪਈ । ਕਾਗਜ਼ੀ ਕਾਰਵਾਈ ਪੂਰੀ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਹੀ। ਤਾਏ ਨੇ ਡਾਕਟਰ ਕੋਲ ਗਿਲਾ ਕੀਤਾ। 'ਦੇਖ ਬਾਈ, ਅਸੀਂ ਤਾਂ ਹਾਂ ਪੜ੍ਹਾਉਣ ਵਾਲੇ, ਪਰ ਕੇਸ ਪਾਸ ਹੋਏ ਬਗੈਰ ਸ਼ੁਰੂ ਨਹੀਂ ਕਰ ਸਕਦੇ।' ਤਾਇਆ ਸਾਰੀ ਗੱਲ ਸਮਝ ਗਿਆ ।ਤਾਇਆ ਏਅਰਪੋਰਟ ਨੂੰ ਜਾਂਦੀ ਬਸ ਵਿਚ ਬੈਠਾ ਇਵੇਂ ਮਹਿਸੂਸ ਕਰ ਰਿਹਾ ਸੀ, ਜਿਵੇਂ ਉਹ ਸ਼ੇਰਾਂ ਦੇ ਪੰਜੇ ਚੋਂ ਬਚ ਕੇ ਅਮਰੀਕਣ ਹਾਈਵੇਅ ਤੇ ਟਰੱਕ ਲਈ ਜਾਂਦਾ ਹੋਵੇ।
-
ਜਨਮੇਜਾ ਸਿੰਘ ਜੌਹਲ, ਲੇਖਕ
*********
janmeja@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.