ਖ਼ਬਰ ਹੈ ਕਿ ਪੱਛਮੀ ਬੰਗਾਲ ਵਿੱਚ ਕਈ ਸਾਲਾਂ ਤੋਂ ਚੱਲ ਰਹੀ 'ਕੱਟ ਮਨੀ' ਦੀ ਖੇਡ ਖ਼ਤਮ ਹੋ ਗਈ ਹੈ। ਮਮਤਾ ਬੈਨਰਜੀ ਨੇ ਆਪਣੀ ਪਾਰਟੀ ਦੇ ਨੇਤਾਵਾਂ ਅਤੇ ਨੁਮਾਇੰਦਿਆਂ ਨੂੰ ਕੱਟ ਮਨੀ ਦੀ ਰਕਮ ਵਾਪਸ ਕਰਨ ਲਈ ਕਿਹਾ ਹੈ। ਕੱਟ ਮਨੀ ਸੱਤਾਧਾਰੀ ਨੇਤਾਵਾਂ ਵਲੋਂ ਸਥਾਨਕ ਖੇਤਰ ਦੇ ਪ੍ਰਾਜੈਕਟਾਂ ਲਈ ਮਨਜ਼ੂਰ ਸ਼ੁਦਾ ਰਕਮ ਤੋਂ ਲਿਆ ਜਾਣ ਵਾਲਾ ਗੈਰ-ਰਸਮੀ ਕਮਿਸ਼ਨ ਹੈ। ਜੇਕਰ ਸਰਕਾਰ ਕਿਸੇ ਵਿਸ਼ੇਸ਼ ਪ੍ਰਾਜੈਕਟ ਦੇ ਵਿੱਤ ਪੋਸ਼ਣ ਲਈ 100 ਰੁਪਏ ਜਾਰੀ ਕਰਦੀ ਹੈ ਤਾਂ ਸਥਾਨਕ ਨੇਤਾ ਕਮਿਸ਼ਨ ਦੇ ਰੂਪ ਵਿੱਚ ਉਸ ਗ੍ਰਾਂਟ ਵਿੱਚੋਂ 25 ਰੁਪਏ ਵਸੂਲ ਲੈਂਦੇ ਹਨ ਜੋ ਹੇਠਲੇ ਪੱਧਰ ਦੇ ਨੇਤਾ ਤੋਂ ਸੀਨੀਅਰ ਨੇਤਾਵਾਂ ਤੱਕ ਪੁੱਜਦਾ ਹੈ। ਟੀ ਐਮ ਸੀ ਦੇ ਯੂਥ ਪ੍ਰਧਾਨ ਦੇ ਸਵਾ ਦੋ ਲੱਖ ਰੁਪਏ ਤੋਂ ਜਿਆਦਾ ਕੱਟ ਮਨੀ ਰਕਮ ਵਾਪਸ ਕਰ ਦਿੱਤੀ ਹੈ ਜੋ ਕਿ 141 ਮਜ਼ਦੂਰਾਂ ਤੋਂ ਉਹਨਾ ਦੀ ਅੱਠ ਦਿਨ ਦੀ ਮਜ਼ਦੂਰੀ ਤੋਂ ਲਈ ਗਈ ਸੀ।
ਟਿੱਕ-ਟਾਕ, ਟਿੱਕ-ਟਾਕ ਦੂਜੇ ਦੀ ਜੇਬ ਸਾਫ਼। ਜ਼ਮਾਨਾ ਹੀ ਐਹੋ ਜਿਹਾ ਆ। ਏ ਟੀ ਐਮ ਨਾਲ ਦੂਜੇ ਦੀਆਂ ਵੋਟਾਂ ਸਾਫ਼। ਹੱਥ ਦੀ ਸਫਾਈ ਨਾਲ ਦੂਜੇ ਦੀ ਕਮਾਈ ਸਾਫ਼। ਜ਼ਮਾਨਾ ਹੀ ਇਹੋ ਜਿਹਾ ਆ ਗਿਆ ਆ, ਮਿਹਨਤ ਤੁਸੀਂ ਕਰੋ, ਤੁਹਾਡੀ ਮਿਹਨਤ ਤੇ ਬੁਲੇ ਕੋਈ ਹੋਰ ਲੁੱਟੇ। ਵੇਖੋ ਨਾ ਜੀ, ਦੇਸ਼ ਲਈ ਕੁਰਬਾਨੀਆਂ ਸ਼ਹੀਦਾਂ ਨੇ ਕੀਤੀਆਂ ਤੇ ਮੌਜਾਂ ਆਹ ਕਰ ਰਹੇ ਆ ਕਾਲੇ ਅੰਗਰੇਜ਼! ਟਿਕ-ਟਾਕ, ਟਿਕ-ਟਾਕ ਇਕੋ ਝਟਕੇ ਨਾਲ ਦੂਜੇ ਦੀ ਜੇਬ ਸਾਫ਼। ਤਦੇ ਕਹਿੰਦੇ ਨੇ "ਪਹਿਲਾਂ ਦੇਸ਼ ਵਿੱਚ ਰਾਜ ਸੀ ਗੋਰਿਆਂ ਦਾ, ਹੁਣ ਦੇਸ਼ 'ਚ ਰਾਜ ਹੈ ਕਾਲਿਆਂ ਦਾ,ਪੂੰਜੀਵਾਦ ਦੀ ਕਾਲੀ ਵਗੇ ਨ੍ਹੇਰੀ ਆਇਆ ਮੌਸਮ ਹੈ ਹੁਣ ਘੁਟਾਲਿਆਂ ਦਾ"।
ਟਿਕ-ਟਾਕ, ਟਿੱਕ ਟਾਕ, ਭਾਈ ਗੈਰ ਅੰਗਰੇਜ਼ਾਂ ਵੇਲੇ ਵੀ ਕੱਟ-ਮਨੀ ਸੀ। ਭਲਾ ਕਾਲੇ ਅੰਗਰੇਜ਼ ਉਸ 'ਡਾਲੀ' ਨੂੰ ਕਿਉਂ ਭੁੱਲਣ? ਸੜਕ 'ਚੋਂ ਲੁੱਕ, ਇਮਾਰਤ 'ਚੋਂ ਸੀਮਿੰਟ, ਬਜਰੀ, ਸਰੀਆ ਖਾਣਾ ਤਾਂ ਨੇਤਾ ਦਾ ਅਧਿਕਾਰ ਸੀ ਤੇ ਹੈ । ਵੰਡ ਖਾਉ-ਖੰਡ ਖਾਉ ਦਾ ਫਾਰਮੂਲਾ ਨੇਤਾ ਲੋਕ ਬਾਖ਼ੂਬੀ ਨਿਭਾਉਂਦੇ ਆਏ ਆ ਤੇ ਨਿਭਾ ਰਹੇ ਆ ਤਾਂ ਭਲਾ ਕਿਸੇ ਨੂੰ ਕੀ ਇਤਰਾਜ਼? ਐਂਵੇ ਸਿਰ-ਫਿਰੇ ਕੱਟ ਮਨੀ, ਕੱਟ ਮਨੀ ਕਰੀ ਜਾਂਦੇ ਆ। ਇਸੇ ਕੱਟ ਮਨੀ ਦੇ ਆਸਰੇ ਤਾਂ ਨੇਤਾ ਵੋਟਾਂ ਵਟੋਰਦੇ ਆ। ਦੂਜੇ ਦੇ ਗਿੱਟੇ ਸੇਕਦੇ ਆ। ਗਰੀਬਾਂ ਦਾ ਢਿੱਡ ਪਾੜਦੇ ਆ ਤੇ ਆਪ ਮੋਟੇ-ਤਾਜੇ ਹੋ ਲੋਕਾਂ ਦੀ ਤਾ-ਉਮਰ ਸੇਵਾ ਕਰਦੇ ਆ। ਤਦੇ ਹੀ ਤਾਂ ਭਾਰਤੀ ਨੇਤਾ ਦੀ ਖਾਸੀਅਤ ਦੁਨੀਆਂ ਭਰ 'ਚ ਜਾਣੀ ਜਾਂਦੀ ਆ, ਪਛਾਣੀ ਜਾਂਦੀ ਆ, 'ਟਿੱਕ-ਟਾਕ, ਟਿੱਕ-ਟਾਕ ਇੱਕੋ ਝਟਕੇ ਦੂਜੇ ਦੀ ਜੇਬ ਸਾਫ਼'।
ਤੇਰੀ ਲੋਕਲ ਲਾਈਨ ਕੋ, ਅਖਿਲ ਭਾਰਤੀ ਨਹੀਂ ਅੰਤਰਰਾਸ਼ਟਰੀ ਬਣਾ ਦੀਆ
ਖ਼ਬਰ ਹੈ ਕਿ ਸੰਦੇਸਰਾ ਭਰਾਵਾਂ ਨੇ ਭਾਰਤੀ ਲੋਕਾਂ ਨੂੰ ਨੀਰਵ ਮੋਦੀ ਦੇ ਮੁਕਾਬਲੇ ਕਿਤੇ ਜ਼ਿਆਦਾ ਚੂਨਾ ਲਾਇਆ ਹੈ। ਇਹ ਦਾਅਵਾ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕੀਤਾ ਹੈ। ਕੇਂਦਰੀ ਏਜੰਸੀ ਦੇ ਸੂਤਰਾਂ ਨੇ ਕਿਹਾ ਕਿ ਜਾਂਚ 'ਚ ਸੰਦੇਸਰਾ ਭਰਾਵਾਂ ਦੀਆਂ ਕੰਪਨੀਆਂ ਨੇ ਭਾਰਤੀ ਬੈਂਕ ਦੇ ਨਾਲ 14,500 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ, ਜਦ ਕਿ ਨੀਰਵ ਮੋਦੀ 'ਤੇ ਪੰਜਾਬ ਨੈਸ਼ਨਲ ਬੈਂਕ ਨੂੰ 11,400 ਕਰੋੜ ਰੁਪਏ ਦਾ ਝਟਕਾ ਦੇਣ ਦਾ ਦੋਸ਼ ਹੈ। ਸੰਦੇਸਰਾ ਭਰਾਵਾਂ ਉਤੇ ਅਕਤੂਬਰ 2017 'ਚ ਐਫ.ਆਈ.ਆਰ. ਦਰਜ਼ ਕੀਤੀ ਗਈ ਸੀ ਅਤੇ ਹੁਣ ਇਹ ਦੋਵੇਂ ਭਰਾ ਦੇਸ਼ ਤੋਂ ਬਾਹਰ ਭੱਜੇ ਹੋਏ ਹਨ। ਸੰਦੇਸਰਾ ਸਮੂਹ ਦੀਆਂ 9778 ਕਰੋੜ ਦੀਆਂ ਜਾਇਦਾਦਾਂ ਜਬਤ ਕਰ ਲਈਆਂ ਗਈਆਂ ਹਨ।
ਨੀਰਵ ਮੋਦੀ ਤੋਂ ਬਾਅਦ ਸ਼ੀਰਵ, ਸ਼ੀਰਵ ਤੋਂ ਬਾਅਦ ਸੰਦੇਸਰਾ ਉਵੇਂ ਹੀ ਜਿਵੇਂ ਲਾਲੂ ਤੋਂ ਬਾਅਦ ਕਚਾਲੂ ਅਤੇ ਬਾਲੂ ਤੋਂ ਬਾਅਦ ਭਾਲੂ। ਇਹ ਤਾਂ ਹੇਰਾ ਫੇਰੀਆਂ ਕਰਨ ਵਾਲਿਆਂ, ਠੱਗੀ-ਠੋਰੀ ਕਰਨ ਵਾਲਿਆਂ ਦਾ ਇੱਕ ਸੰਘ ਹੈ, ਜਿਵੇਂ ਗ੍ਰਾਮ ਸੇਵਾ ਸੰਘ, ਪਤਨੀ ਸੇਵਾ ਸੰਘ, ਗੋ ਸੇਵਾ ਸੰਘ ਜਾਂ ਨੇਤਾ ਸੇਵਾ ਸੰਘ ਜਿਹੜਾ ਲੋਕਾਂ ਨੂੰ ਲੁੱਟ ਰਿਹਾ ਹੈ, ਕੁੱਟ ਰਿਹਾ ਅਤੇ ਸਮਾਂ ਰਹਿੰਦੇ 'ਸਰਕਾਰਾਂ' ਦੀ ਕਿਰਪਾ ਨਾਲ ਪ੍ਰਗਟ ਹੁੰਦਾ ਹੈ। ਇਹ ਹੇਰਾ-ਫੇਰੀਆਂ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ ਸਗੋਂ ਇਹ ਹਿੰਦੂ ਵੀ ਹੈ, ਇਸਾਈ ਵੀ ਹੈ, ਮੁਸਲਮਾਨ ਵੀ ਹੈ ਪਰ ਸੱਚ ਜਾਣਿਓ ਭਾਈ "ਸੱਚਾ ਹਿੰਦੋਸਤਾਨੀ" ਆ।
'ਸੱਚਾ ਹਿੰਦੋਸਤਾਨੀ' ਭਾਈ ਉਹੋ! ਜੋ ਪਿਆਰ ਦੀ ਭਾਸ਼ਾ ਬੋਲੇ ਅਤੇ ਬਗਲ ਮੇਂ ਛੁਰੀ ਰਖੇ, ਜਿਵੇਂ ਬਗਲ ਮੇਂ ਛੁਰੀ ਮੂੰਹ ਮੇਂ ਰਾਮ ਰਾਮ!ਜੋ ਨਫ਼ਰਤ ਦੀ ਭਾਸ਼ਾ ਨਾ ਬੋਲੇ, ਪਰ ਦੂਜੇ ਧਰਮ, ਫਿਰਕੇ, ਜਾਤ ਵਾਲਿਆਂ ਨਾਲ ਨਫ਼ਰਤ ਕਰੇ। ਜੋ ਸ਼ਹਿਰ-ਸ਼ਹਿਰ ਪਿੰਡ-ਪਿੰਡ ਸੱਚ ਦਾ ਢੰਡੋਰਾ ਪਿੱਟੇ ਤੇ ਜਦੋਂ ਸੂਤ ਲੱਗੇ, ਦੂਜੇ ਦੀ ਗਾਂ, ਬਹਿੜੀ, ਬੱਕਰੀ, ਮੱਝ, ਬਲਦ ਚੋਰੀ ਕਰ ਆਪਣੇ ਵਿਹੜੇ ਦਾ ਸ਼ਿੰਗਾਰ ਬਣਾ ਲਵੇ। ਇਹੋ ਕੁਝ ਇਹਨਾ ਦੇ ਆਕਾ ਆਹ ਸਿਆਸੀ ਨੇਤਾ ਕਰਦੇ ਆ। ਉਂਜ ਭਾਈ ਕਾਹਦਾ ਮਿਹਣਾ। ਪੈਸਿਆਂ ਬਿਨ੍ਹਾਂ ਨਾ ਗੱਦੀ ਚੱਲਦੀ ਆ ਨਾ ਨੇਤਾ ਗਿਰੀ। ਤਦ ਇਹ ਨੇਤਾ, ਇਹ ਠੱਗੀ-ਠੋਰੀ ਵਾਲੇ ਆਂਹਦੇ ਆ "ਅਰੇ ਚਿਲਾਤੇ ਕਿਉਂ ਹੋ, ਤੇਰੀ ਲੋਕਲ ਲਾਈਨ ਕੋ, ਅਖਿਲ ਭਾਰਤੀ ਨਹੀਂ ਅੰਤਰਰਾਸ਼ਟਰੀ ਬਣਾ ਦੀਆ" ਹਮਨੇ ਔਰ ਪੂਰੀ ਦੁਨੀਆਂ ਮੇਂ ਨਾਮ ਚਮਕਾ ਦੀਆ ਹਮਨੇ।
ਆਖ਼ਰ ਦੋਸਤੋ ਮੰਜਾ ਵੀ ਹੋਏ ਢਿੱਲਾ, ਉਹਦੀ ਦੌਣ ਨੂੰ ਜੇਕਰ ਕੱਸੀਏ ਨਾ
ਖ਼ਬਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੇ ਵਿਵਾਦ ਤੋਂ ਬਾਅਦ ਸਿੱਧੂ ਕਦੇ ਕਾਰਜਕਾਲ 'ਚ ਜਾਰੀ ਹੋਏ ਵਿਕਾਸ ਪ੍ਰਾਜੈਕਟਾਂ ਦਾ ਰਿਕਾਰਡ ਵੀਜੀਲੈਂਸ ਨੇ ਫਰੋਲਿਆ ਹੈ ਅਤੇ ਜਾਣਕਾਰੀ ਮਿਲੀ ਹੈ ਕਿ ਉਹਨਾ ਦੇ ਨਜ਼ਦੀਕੀ ਨੂੰ ਜਾਰੀ ਕੀਤੀ 27 ਲੱਖ 80 ਹਜ਼ਾਰ ਦੀ ਸ਼ਮਸ਼ਾਨ ਘਾਟ ਬਨਾਉਣ ਦੀ ਗ੍ਰਾਂਟ ਦਿੱਤੀ ਗਈ, ਜੋ ਬਣਿਆ ਹੀ ਨਹੀਂ, ਪਰ ਉਸਦੀ ਅਦਾਇਗੀ ਕਰ ਦਿੱਤੀ ਗਈ ਹੈ। ਇਸੇ ਤਰਹਾਂ ਦਾ ਘੁਟਾਲਾ ਬੂਥ ਅਲਾਟ ਕਰਨ ਅਤੇ ਹੋਰਡਿੰਗ ਲਗਾਉਣ ਦੇ ਮਾਮਲੇ 'ਚ ਦੇਖਿਆ ਗਿਆ ਪਰ ਸਿੱਧੂ ਦੇ ਕਰੀਬੀਆਂ ਦੀਆਂ ਇਹ ਫਾਈਲਾਂ ਦਫ਼ਤਰ 'ਚੋਂ ਗਾਇਬ ਹਨ।
ਸਭ ਨੇਤਾ ਗਿਰੀ ਦੀਆਂ ਕਰਾਮਾਤਾਂ ਹਨ। ਜਿਹੜਾ ਸਾਡੀ ਪਾਰਟੀ ਨਾਲ ਜੁੜੂ ਉਹੀ ਸੁੱਚਾ, ਨਹੀਂ ਤਾਂ ਲੁੱਚਾ। ਜਿਹੜਾ ਸਾਡੇ ਧੜੇ ਦਾ ਬੰਦਾ, ਉਹੀ ਚੰਗਾ। ਜਿਹੜਾ ਸਾਡੇ ਲਈ ਕਰੂ, ਉਹ ਕਦੇ ਨਾ ਮਰੂ! ਇਹ ਸਭ ਨੇਤਾਗਿਰੀ ਦੇ ਨੁਸਖ਼ੇ ਹਨ। ਵੇਖੋ ਨਾ ਵਿਚਾਰਾ ਸਿੱਧੂ, ਗੁਗਲੀ ਸੁੱਟਦਾ, ਨੇਤਾ ਬਣਿਆ। ਮਸਖਰਾ ਬਣਿਆ, ਤੇ ਫਿਰ ਮਸਖਰਾ ਨੇਤਾ ਬਣਿਆ। ਮੋਦੀ ਦੇ ਗੁਣ ਗਾਏ ਪਰ ਰਾਸ ਨਾ ਆਏ। ਗਾਂਧੀ ਦੇ ਗੁੱਗੇ ਗਾਏ, ਪਰ ਲੋਕਾਂ ਦੇ ਮਨ ਨੂੰ ਨਾ ਭਾਏ। ਗੁਗਲੀ ਵੀ ਗਈ, ਸ਼ੁਗਲੀ ਵੀ ਗਈ ਤੇ ਹੁਣ ਭਾਈ ਨੇਤਾਗਿਰੀ ਵੀ ਗਈ।
ਨੇਤਾਗਿਰੀ ਦਾ ਅਸੂਲ ਆ। ਆਪਣਿਆਂ ਨੂੰ ਕੱਸੋ ਅਤੇ ਫਿਰ ਉਹਨਾ ਦੀ ਵਿਗੜੀ ਹੋਈ ਹਾਲਤ ਉਤੇ ਹੱਸੋ। ਹੁਣ ਆਹ ਆਪਣਾ ਕੈਪਟਨ, ਸਿੱਧੂ ਦੇ ਨਮਦੇ ਕੱਸ ਰਿਹਾ ਤੇ ਹੱਸ ਰਿਹਾ ਜਿਵੇਂ ਵੱਡੇ ਨੇਤਾ ਨੇਤਾਗਿਰੀ ਦੇ ਨੁਸਖੇ ਨੂੰ ਨਿਭਾਉਂਦੇ ਆ ਅਤੇ ਆਪਣਿਆਂ ਨੂੰ ਹੀ ਲੰਮੇ ਪਾਉਂਦੇ ਆ। ਜਾਣਦਾ ਆ, ਕੈਪਟਨ, "ਆਖ਼ਰ ਦੋਸਤੋ ਮੰਜਾ ਵੀ ਹੋਏ ਢਿੱਲਾ, ਉਹਦੀ ਦੌਣ ਨੂੰ ਜੇਕਰ ਕੱਸੀਏ ਨਾ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
1. ਚੌਂਤੀ ਲੱਖ ਕਰੋੜ ਰੁਪਏ ਦਾ ਕਾਲਾ ਧਨ ਭਾਰਤੀਆਂ ਨੇ ਵਿਦੇਸ਼ਾਂ ਵਿੱਚ ਲੁਕੋ ਕੇ ਰੱਖਿਆ ਹੋਇਆ ਹੈ। ਇਹ ਜਾਣਕਾਰੀ ਲੋਕ ਸਭਾ ਵਿੱਚ ਪੇਸ਼ ਕੀਤੀ ਰਿਪੋਰਟ 'ਚ ਦਿੱਤੀ ਗਈ ਹੈ।
2. ਦੁਨੀਆਂ ਵਿੱਚ ਤੀਜੇ ਨੰਬਰ ਉਤੇ ਅਰਬਪਤੀ ਭਾਰਤ ਵਿੱਚ ਹਨ, ਜਿਥੇ ਇਹਨਾ ਦੀ ਗਿਣਤੀ 119 ਹੈ। ਅਮਰੀਕਾ ਵਿੱਚ 737 ਅਤੇ ਚੀਨ ਵਿੱਚ 249 ਅਰਬਪਤੀ ਹਨ ਜਦਕਿ ਬਰਤਾਨੀਆ ਵਿੱਚ ਇਹਨਾ ਦੀ ਗਿਣਤੀ 103 ਹੈ।
ਇੱਕ ਵਿਚਾਰ
ਸੱਚੀ ਦੋਸਤੀ ਹੌਲੇ-ਹੌਲੇ ਉਗਣ ਵਾਲਾ ਪੌਦਾ ਹੈ, ਦੋਸਤੀ ਦੀ ਪਦਵੀ ਤੇ ਪੁੱਜਣ ਲਈ ਕਈ ਝਟਕਿਆਂ 'ਚੋ ਲੰਘਣਾ ਪੈਂਦਾ ਹੈ ਅਤੇ ਕਈ ਝਟਕੇ ਸਹਿਣੇ ਪੈਂਦੇ ਹਨ। .......................ਜਾਰਜ ਵਸ਼ਿੰਗਟਨ
ਵਿਅੰਗ ਬਾਣ
ਦੇਸ਼ ਕੇ ਲੀਏ ਨੇਤਾ/ ਸ਼ੈਲ ਚਤੁਰਵੇਦੀ
ਦੇਸ਼ ਕੇ ਲੀਏ ਨੇਤਾ
ਨੇਤਾ ਕੇ ਲੀਏ ਆਪ
ਆਪਕੇ ਲੀਏ ਘੀ
ਘੀ ਕੇ ਲੀਏ ਮੱਖਣ
ਮੱਖਣ ਕੇ ਲੀਏ ਦੂਧ
ਦੂਧ ਕੇ ਲੀਏ ਗਾਏ
ਗਾਏ ਕੇ ਲੀਏ ਨੋਟ
ਨੋਟ ਕੇ ਲੀਏ ਵੋਟ
ਵੋਟ ਕੇ ਲੀਏ ਵੋਟਰ
ਵੋਟਰ ਕੇ ਲੀਏ ਮੋਟਰ
ਮੋਟਰ ਕੇ ਲੀਏ ਦੌਰਾ
ਦੌਰੇ ਕੇ ਲੀਏ ਭੱਤਾ
ਭੱਤੇ ਕੇ ਲੀਏ ਭਾਸ਼ਣ
ਭਾਸ਼ਣ ਕੇ ਲੀਏ ਜਨਤਾ
ਜਨਤਾ ਕੇ ਲੀਏ ਵਾਦੇ
ਵਾਦੇ ਕੇ ਲੀਏ ਮਾਂਗ
ਮਾਂਗ ਕੇ ਲੀਏ ਸੰਧੂਰ
ਸੰਧੂਰ ਕੇ ਲੀਏ ਨਾਰੀ
ਨਾਰੀ ਕੇ ਲੀਏ ਪਰਿਵਾਰ
ਪਰਿਵਾਰ ਕੇ ਲੀਏ ਨਗਰ
ਨਗਰ ਕੇ ਲੀਏ ਪ੍ਰਾਂਤ
ਪ੍ਰਾਂਤ ਕੇ ਲੀਏ ਦੇਸ਼
ਦੇਸ਼ ਕੇ ਲੀਏ ਨੇਤਾ।
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.