2014 ਦਾ ਉਤਰ ਰਿਹਾ ਦਿਆਲੂ ਦਿਨ। ਮੈਂ ਵੈਨਕੂਵਰ ਦੀ ਏਅਰ ਪੋਰਟ 'ਤੇ ਬੈਠਾਂ। ਵਾਪਸੀ ਹੈ ਮੇਰੀ। ਦੇਖਦਾ ਹਾਂ ਉਡਦੇ-ਲਹਿੰਦੇ ਜਹਾਜ਼ਾਂ ਨੂੰ। ਅਜੀਬ ਮੇਲਾ ਹੈ ਜਹਾਜ਼ੀ ਜਗਤ ਦਾ! 'ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਵਾਂਗ...।' ਬਾਪੂ ਪਾਰਸ ਦੀ ਤਰਜ਼ 'ਤੇ ਇਹੋ ਜਿਹੀ ਤੁਕ ਗੁਣ-ਗੁਣਾਉਣੀ ਚਾਹੀ, ਜਹਾਜ਼ੀ ਜਗਤ ਬਾਰੇ, ਪਰ ਅਹੁੜੀ ਨਹੀਂ। ਪਲ-ਪਲ ਉਤਰੀ ਤੇ ਲੱਥੀ ਜਾਂਦੇ ਨੇ ਜਹਾਜ਼, ਕੋਈ ਨਿੱਕਾ, ਕੋਈ ਵੱਡਾ ਤੇ ਕੋਈ ਬਹੁਤਾ ਈ ਵੱਡਾ! ਇਹ ਜਹਾਜ਼ ਭਾਰਤ ਤੋਂ ਆਇਆ ਹੈ ਤੇ ਕੁਝ ਮਿੰਟ ਪਹਿਲਾਂ ਹੀ ਵੈਨਕੂਵਰ ਦੀ ਏਅਰ ਪੋਰਟ ਉਤੇ ਆਣ ਲੱਥਾ ਹੈ। ਇਸ ਜਹਾਜ਼ ਵਿੱਚੋਂ ਨਿਕਲੇ ਵਧੇਰੇ ਯਾਤਰੀ ਨੌਜਵਾਨ ਮੁੰਡੇ-ਕੁੜੀਆਂ ਹੀ ਨੇ ਤੇ ਇੰਨ੍ਹਾਂ ਵਿੱਚੋਂ ਵੀ ਵਧੇਰੇ ਪੰਜਾਬੀ। ਇਨਾਂ੍ਹ ਦੇ ਚਿਹਰਿਆਂ 'ਤੇ ਕੈਨੇਡਾ ਦੀ ਧਰਤੀ 'ਤੇ ਆ ਲੱਥਣ ਦਾ ਚਾਅ ਵੀ ਹੈ। ਭਵਿਖ ਦਾ ਫਿਕਰ ਵੀ ਤੈਰ ਰਿਹੈ। ਉਤਸੁਕਤਾ ਦੇ ਭਾਵ ਵੀ ਹਨ। ਉਦਾਸੀ ਦੇ ਹਾਵ-ਭਾਵ ਵੀ ਨੇ, ਮਾਪਿਆਂ ਨਾਲੋਂ ਵਿਛੋੜਾ ਪੈ ਗਿਐ। ਰੱਬ-ਸਬੱਬੀਂ ਗੇੜਾ ਵੱਜਿਆ ਕਰੇਗਾ ਵਤਨੀ ਹੁਣ। ਅੱਜ ਤੋਂ ਸਾਡਾ ਇਹੋ ਮੁਲਕ ਹੋ ਗਿਆ ਹੈ। ਪਰਦੇਸੀ ਹੋਏ ਇੱਕ ਪੰਜਾਬੀ ਮੁੰਡੇ ਨੇ ਹਉਕਾ ਭਰਿਆ ਤੇ ਨੈਪਕਿਨ ਨਾਲ ਮੁੜ੍ਹਕਾ ਪੂੰਝਿਆ ਸੀ। ਉਹਦੇ ਮੋਢਿਆ 'ਤੇ ਲਟਕ ਰਿਹਾ ਪਿੱਠੂ ਬੈਗ ਹੋਰ ਵੀ ਭਾਰਾ ਹੋ ਗਿਆ ਜਾਪਿਆ।
ਸਪੱਸ਼ਟ ਹੈ ਕਿ ਇਹ ਵਿਦਿਆਰਥੀ ਪੜਾਈ ਵੀਜ਼ਿਆਂ ਉਤੇ ਆਏ ਹਨ ਅਤੇ ਅੱਜ ਤੋਂ ਹੀ ਇਹ ਇਹਨਾਂ ਦੀ ਇਥੇ ਪੱਕੇ ਹੋ ਜਾਣ ਦੇ ਯਤਨਾਂ ਲਈ ਭਾਰੀ ਜੱਦੋ-ਜਹਿਦ ਸ਼ੁਰੂ ਹੋ ਜਾਵੇਗੀ। ਸਖਤ ਮਿਹਨਤਾਂ ਕਰਨਗੇ। ਆਪਣੇ ਤੇ ਪਿੱਛੇ ਆਪਣੇ ਪਰਿਵਾਰਾਂ ਦੇ ਸੋਹਣੇ ਜੀਵਨ ਲਈ ਲੱਖਾ ਸੁਫਨੇ ਨੇ ਇਹਨਾਂ ਦੇ ਮਨਾਂ ਅੰਦਰ।
ਪਰਦੇਸ ਤੋਂ ਵਾਪਸ ਆਉਂਦੇ ਸਮੇਂ ਏਅਰ-ਪੋਰਟ ਉਤੇ ਬੈਠਾ ਸੋਚਣ ਲਗਦਾ ਹਾਂ ਕਿ ਪੰਜਾਬ ਅਤੇ ਨਾਲ ਦੇ ਸੂਬਿਆਂ ਦੇ ਮੁੰਡੇ-ਕੁੜੀਆਂ ਉੱਚ-ਡਿਗਰੀਆਂ ਹਾਸਿਲ ਕਰ ਕੇ ਜੇਕਰ ਇੰਝ ਹੀ ਪਰਦੇਸਾਂ ਨੂੰ ਭੱਜਦੇ ਰਹੇ ਤਾਂ ਲਗਦੈ ਕਿ ਪਿੱਛੇ ਕੋਈ ਰਹਿਣਾ ਹੀ ਨਹੀਂ।ਜਦ ਵੀ ਬਰਤਾਨੀਆਂ, ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਵਿਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਵੇਖਦਾ ਰਿਹਾ ਹਾਂ ਤਾਂ ਲਗਦਾ ਰਿਹੈ ਕਿ ਸਾਰਾ ਪੰਜਾਬ ਹੀ ਇੱਥੇ ਆਣ ਵੱਸਿਐ।ਅਖ਼ਬਾਰੀ ਸੁਰਖੀਆਂ ਤੋਂ ਗੱਲ ਸ਼ੁਰੂ ਕਰੀਏ ਤੇ ਸੋਸ਼ਲ ਸਾਈਟਾਂ ਤੱਕ ਲੈ ਜਾਈਏ ਤਦ ਵੀ ਕੋਈ ਅੰਤ ਨਹੀਂ ਲੱਭਦਾ ਪਰਵਾਸੀ ਪੰਜਾਬੀਆਂ ਦੇ ਦੁੱਖਾਂ-ਦਰਦਾਂ ਦੀਆਂ ਕਥਾਵਾਂ ਦਾ। ਪੰਜਾਬ, ਹਰਿਆਣਾ ਤੇ ਵਿੱਚ-ਵਿੱਚ ਹਿਮਾਚਲ ਪ੍ਰਦੇਸ਼ ਦੇ ਨੇਪਾਲ ਦੀ ਭਟਕਦੀ ਹੋਈ ਜਵਾਨੀ ਨੂੰ ਲਾਗੇ ਤੋਂ ਦੇਖ ਆਇਆ ਕਿ ਸਾਡੇ ਇਨ੍ਹਾਂ ਪ੍ਰਾਂਤਾਂ ਦੇ ਉਚ ਡਿਗਰੀਆਂ ਹਾਸਿਲ ਕਰੀ ਫਿਰਦੇ ਮੁੰਡੇ-ਕੁੜੀਆਂ ਦੇ ਭਾਗਾਂ ਵਿਚ ਇਹ 'ਠੰਢੇ ਮੁਲਕਾਂ' ਦੀ 'ਤਪਦੀ ਧਰਤੀ' ਦੇ ਭਾਗ ਇਸ ਪ੍ਰਕਾਰ ਲਿਖੇ ਹੋਏ ਸਨ? ਮੈਂ ਅਜਿਹਾ ਸਵਾਲ ਇਕ ਛੋਟੇ ਜਹਾਜ਼ ਦੀ ਉਡਾਨ ਭਰਨ ਸਮੇਂ ਆਪਣੇ ਆਪ ਨਾਲ ਕੀਤਾ ਸੀ।ਮੇਰੇ ਮਨ ਨੇ 'ਮੈਨੂੰ' ਹੀ ਪੁੱਛਿਆ ਸੀ ਕਿ ਕੀ ਡਿਗਦੇ ਜਹਾਜ਼ਾਂ ਤੇ ਡੁੱਬੀਆਂ ਕਿਸ਼ਤੀਆਂ ਤੋਂ ਪੰਜਾਬੀਆਂ ਨੇ ਕੋਈ ਸਬਕ ਸਿੱਖਿਆ? ਮੈਂ ਆਪਣੇ ਆਪ ਹੀ 'ਨਾਂਹ' ਵਿਚ ਸਿਰ ਹਿਲਾਇਆ।
ਦੁੱਖਾਂ ਦਾ ਕੋਈ ਅੰਤ ਨਹੀਂ
ਮੈਨੂੰ ਕੈਨੇਡਾ ਯਾਤਰਾ ਕਰ ਕੇ ਮੁੜੇ ਨੂੰ ਲਗਭਗ ਸਾਢੇ ਪੰਜ ਸਾਲ ਹੋਣ ਲੱਗੇ ਹਨ ਤੇ ਹੁਣ ਤੇ ਉਦੋਂ ਦੇ ਮਾਹੌਲ ਵਿਚ ਡਾਹਢਾ ਫਰਕ ਹੈ। ਲੱਖਾਂ ਬੱਚੇ ਗਏ ਨੇ ਇੰਨੇ ਸਾਲਾਂ ਵਿਚ ਤੇ ਜਾ ਵੀ ਰਹੇ ਨੇ। ਪਿਛਿਓ ਲੈ ਕੇ ਹੁਣ ਤੱਕ ਦਾ ਸਫਰ ਵੇਖੀਏ, ਤਾਂ ਪਰਦੇਸਾਂ ਨੂੰ ਗਏ ਅਣਗਿਣਤ ਮੁਸਾਫ਼ਿਰ ਰਸਤੇ ਵਿਚ ਹੀ ਭਟਕਦੇ ਮਰ ਮੁੱਕ ਗਏ, ਕਦੇ ਵਤਨੀ ਮੁੜਨਾ ਨਸੀਬੇ ਨਹੀਂ ਸੀ। ਇਹ ਵੀ ਸੱਚ ਹੈ ਕਿ ਹੁਣ ਸਾਡਾ ਮੁਲਕ ਡਰਾਉਣਾ ਮੁਲਕ ਬਣ ਗਿਆ ਹੈ। ਜਦੋਂ ਘਰ ਵਿਚੋਂ ਡਰ ਆਉਣ ਲੱਗ ਪਵੇ ਤਾਂ ਬੰਦਾ ਜਾਏ ਕਿੱਥੇ! ਜੋ ਹਾਲਾਤ ਇਸ ਵੇਲੇ ਪੰਜਾਬ ਦੇ ਹਨ, ਤੁਸੀਂ ਜਾਣਦੇ ਹੀ ਹੋ, ਦੱਸਣ ਦੀ ਲੋੜ ਨਹੀਂ ਏਥੇ। ਜੇ ਉਹਨਾਂ ਮੁਲਕਾਂ ਨੇ ਸਾਨੂੰ 'ਹਾਕ' ਮਾਰੀ ਹੈ ਤਾਂ ਉਸ 'ਹਾਕ' ਦਾ ਮੁੱਲ ਪਾਈ ਏ ਨਾ ਕਿ...?
ਪਿੱਛੇ ਜਿਹੇ ਸਾਡੇ ਬੱਚੇ ਟੋਰਾਂਟੋ ਜਾ ਕੇ ਆਪੋ ਵਿਚ ਲੜੇ, ਸਭ ਨੂੰ ਵੀਡੀਓਜ਼ ਦੇਖ ਕੇ ਤਕਲੀਫ ਹੋਈ ਤੇ ਫਿਕਰ ਵੀ ਹੋਇਆ ਸੀ ਕਿ ਜੇ ਉਥੇ ਜਾ ਕੇ ਅਸੀਂ ਇਹੋ ਕੁਛ 'ਪੰਜਾਬ ਵਾਲਾ' ਕਰਨਾ, ਤਾਂ ਇੱਕ ਦਿਨ ਕੈਨੇਡਾ ਨੇ ਵੀ ਦੁਖੀ ਹੋਕੇ ਬੂਹੇ ਭੇੜ ਲੈਣੇ ਨੇ। ਚੰਗਾ ਹੋਇਆ ਸਮੇਂ ਸਿਰ ਅਕਲ ਆ ਗਈ। ਕੈਨੇਡਾ ਦੇ ਬੂਹੇ ਹਾਲੇ ਵੀ ਖੁੱਲ੍ਹੇ ਨੇ।
*************************
ਹਾਲੇ ਵੀ ਠੱਗੀਆਂ 'ਤੇ ਠੱਗੀਆਂ ਵੱਜ ਰਹੀਆਂ ਨੇ, ਲੋਕ ਪੜ੍ਹ-ਲਿਖ ਕੇ ਵੀ ਕਮਲੇ ਬਣੀ ਜਾ ਰਹੇ ਨੇ। ਸੋਚਦਾ ਹਾਂ ਕਿ ਹੁਣ ਤਾਂ ਇੰਨ੍ਹਾਂ ਖਬਰਾਂ ਨੂੰ ਠੱਲ੍ਹ ਪੈ ਜਾਵੇਗੀ ਕਿ ਟਰੈਵਲ ਏਜੰਟ ਲੱਖਾਂ ਡਕਾਰ ਕੇ ਫਰਾਰ। ਪਰ ਨਹੀਂ। ਹੁਣ ਜਿਹੇ ਫਗੜਾੜੇ ਵਾਲਾ ਇੱਕ ਸੱਜਣ ਬਾਹਰ ਜਾਣ ਦੇ ਚਾਹਵਾਨਾਂ ਦੇ ਕਰੋੜਾਂ ਰੁਪਏ ਲੈ ਕੇ ਛੂ-ਮੰਤਰ ਹੋ ਗਿਆ ਤੇ ਪਾਸਪੋਰਟ ਬੋਰੀ ਵਿਚ ਭਰ ਕੇ ਦਫਤਰ ਦੇ ਬੂਹੇ ਮੂਹਰੇ ਧਰ ਗਿਆ ਕਿ ਲਓ, ਲੱਭੀ ਚੱਲੋ...ਆਪਣਾ ਆਪਣਾ...ਮੈਂ ਤੇ ਨਹੀਂ ਹੁਣ ਲੱਭਣਾ!
ਬਦੇਸ਼ ਭੇਜਣ ਬਦਲੇ ਟਰੈਵਲ ਏਜੰਟਾਂ ਵੱਲੋਂ ਲੱਖਾਂ ਰੁਪਏ ਦੀ ਠੱਗੀ ਖਾਣ ਬਾਅਦ ਫਿਰ ਕਿਹੜਾ ਅਸਾਂ ਕੁਝ ਸਿੱਖ ਲਿਆ? ਮੀਡੀਆ ਵਿੱਚੋਂ ਦੇਖ-ਸੁਣ ਤੇ ਪੜ ਕੇ ਸਾਡੇ ਤੇ ਰਤਾ ਅਸਰ ਨਹੀਂ ਹੈ। ਫਿਰ ਵੀ ਨਹੀਂ ਹਟੇ ਹਾਂ ਤੇ ਬੈਗ ਭਰ-ਭਰ ਪੈਸੇ ਦੇਈ ਜਾ ਰਹੇ ਹਾਂ ਕਿ ਔਖੇ-ਸੌਖੇ ਇੱਕ ਵਾਰ ਜਹਾਜ਼ੇ ਚੜ੍ਹ ਜਾਈਏ,ਬਾਕੀ ਦੇਖੀ ਜਾਵੇਗੀ ਕਵੇਂ ਬੀਤਦੀ ਹੈ। ਹਾਲ ਹੀ ਵਿੱਚ ਮੇਰੇ ਇੱਕ ਜਾਣੂੰ ਪਰਿਵਾਰ ਤੇ ਤਾਜ਼ੀ-ਤਾਜ਼ੀ ਪੰਜ ਲੱਖ ਦੀ ਠੱਗੀ ਖਾਧੀ ਹੈ। ਮੁੰਡੇ ਨੂੰ ਕੈਨੇਡਾ ਭੇਜ ਰਹੇ ਸੀ। ਸੱਤ ਮੁੰਡਿਆਂ ਤੋਂ ਟਰੈਵਲ ਏਜੰਟ ਨੇ ਪੰਜ-ਪੰਜ ਲੱਖ ਰੁਪਏ ਲਏ ਤੇ ਪੈਂਤੀ ਲੱਖ ਡਕਾਰ ਹੁਣ ਫੋਨ ਬੰਦ ਕਰ ਗਿਆ। ਪੁਲੀਸ ਕੋਲ ਗਏ ਤਾਂ ਜਵਾਬ ਮਿਲਿਆ ਕਿ ਸਾਨੂੰ ਪੁੱਛ ਕੇ ਦਿੱਤੇ ਸੀ ਪੈਸੇ? ਨਾ ਕੋਲ ਕੋਈ ਲਿਖਤੀ ਜਾਂ ਹੋਰ ਸਬੂਤ ਹੀ ਹੈ। ਅਜਿਹੀਆਂ ਕਹਾਣੀਆਂ ਇੱਕ ਜਾਂ ਦੋ ਨਹੀਂ,ਸਗੋਂ ਅਣਗਿਣਤ ਹਨ।
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.