ਜਿੱਧਰ ਵੇਖੋ ਭੀੜ-ਭੜੱਕੇ,
ਪੈਰ-ਪੈਰ ਤੇ ਜਾਮ ਨੇ ਚੱਕੇ।
ਵੇਖ ਤਰੱਕੀ ਭਾਰਤ ਮਾਂ ਦੀ,
ਸਾਰੀ ਦੁਨੀਆਂ ਹੱਕੇ-ਬੱਕੇ।
ਸੱਚ ਨੂੰ ਪਈਆਂ ਦੰਦਲਾਂ ਏਥੇ,
ਝੂਠ ਦੇ ਵੱਜਣ ਚੌਕੇ-ਛੱਕੇ।
ਹਿੰਦੂ-ਮੁਸਲਿਮ-ਸਿੱਖ-ਇਸਾਈ,
ਆਖਣ ਨੂੰ ਨੇ ਭਾਈ ਸੱਕੇ।
ਇੱਕ ਦੂਜੇ ਨੂੰ ਮਾਰਨ ਖਾਤਰ,
ਆਏ ਦਿਨ ਹਥਿਆਰ ਨੇ ਚੱਕੇ।
ਧਰਮ ਅਸਥਾਨ ਤੇ ਸਾਧਾਂ ਵਾਲੇ
ਥਾਂ-ਥਾਂ ਬਣੇ ਮਦੀਨੇ-ਮੱਕੇ।
ਲੱਭਿਆ ਨਾ ਰੱਬ ਤਾਂ ਵੀ ਸਾਨੂੰ,
ਰਗੜ-ਰਗੜ ਕੇ ਮੱਥੇ ਥੱਕੇ।
ਨੇਤਾ ਬਣ ਗਏ ਅਨਪੜ੍ਹ ਸਾਰੇ,
ਪੜ੍ਹੇ-ਲਿਖੇ ਪਏ ਖਾਂਦੇ ਧੱਕੇ।
ਦੁੱਕੀ-ਤਿੱਕੀ ਸਮਝਣ ਏਥੇ,
ਆਪਣੇ ਆਪ ਨੂੰ ਹੁਕਮ ਦੇ ਯੱਕੇ।
ਕਰਦੇ ਗੱਲ ਅਸਮਾਨ ਛੂਹਣ ਦੀ,
ਵਿਹਲੜ ਉਂਝ ਨਾ ਤੋੜਨ ਡੱਕੇ।
ਬੇਈਮਾਨੀ ਨੂੰ ਸਮਝਣ ਰੁਤਬੇ,
ਬਣਨਾ ਚਾਹੁੰਦੇ ਚੋਰ-ਉਚੱਕੇ।
ਮੁੱਢ ਤੋਂ ਵਫਾ ਨਿਭਾਈ ਜਾਂਦੇ,
ਚੋਰ-ਸਿਪਾਹੀ ਬੇਲੀ ਪੱਕੇ।
‘ਰਵੀ ਆਲਮ ਸ਼ਾਹ` ਚਿੰਤਾ ਦੇ ਵਿੱਚ,
ਕਿਹੜਾ ਇਸ ਤੂਫਾਨ ਨੂੰ ਡੱਕੇ।
ਜਿੱਧਰ ਵੇਖੋ ਭੀੜ-ਭੜੱਕੇ,
ਪੈਰ-ਪੈਰ ਤੇ ਜਾਮ ਨੇ ਚੱਕੇ।
ਲੇਖਕ : ਰਵੀ ਆਲਮ ਸ਼ਾਹ ਵਾਲਾ
ਜਿਲ੍ਹਾ ਫਾਜਿਲਕਾ
ਮੋਬਾਈਲ : 098140-16421
-
ਰਵੀ ਆਲਮ ਸ਼ਾਹ ਵਾਲਾ, ਲੇਖਕ
jaggasingh423@gmail.com
98140-16421
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.