ਲੋਕਤੰਤਰੀ ਵਿਵਸਥਾ ਵਿਚ ਇਕ ਨਿਸਚਤ ਕਾਲ ਲਈ ਵਧੀਆ, ਵਿਕਾਸਮਈ, ਭ੍ਰਿਸ਼ਟਾਚਾਰ ਰਹਿਤ, ਸੁਅੱਛ, ਪਾਰਦਰਸ਼ੀ, ਜਵਾਬਦੇਹ, ਇਨਸਾਫ਼ ਪਸੰਦ, ਆਮ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਹਰ ਸਮੇਂ ਵਧੀਆ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਾਸ਼ਨ ਦੀ ਜੁਮੇਂਵਾਰੀ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਦਿਤੀ ਜਾਂਦੀ ਹੈ। ਐਸਾ ਪ੍ਰਸਾਸ਼ਨ ਅਕਸਰ ਤਿੰਨ ਪੜਾਵਾਂ ਤੇ ਦੇਣਾ ਸੰਵਿਧਾਨਿਕ ਤੌਰ 'ਤੇ ਨਿਸਚਤ ਕੀਤਾ ਜਾਂਦਾ ਹੈ ਜਿਵੇਂ ਸਥਾਨਿਕ, ਸੂਬਾਈ ਅਤੇ ਰਾਸ਼ਟਰੀ ਪੱਧਰ 'ਤੇ।
ਆਮਤੌਰ 'ਤੇ ਵਧੀਆ ਅਤੇ ਸਫਲ ਲੋਕਤੰਤਰੀ ਵਿਵਸਥਾਵਾਂ ਵਿਚ ਸਥਾਨਿਕ ਪੱਧਰ 'ਤੇ ਰਾਜਨੀਤਕ ਪਾਰਟੀਆਂ ਰਹਿਤ ਲੋਕਾਂ ਦੁਆਰਾ ਚੁਣੇ ਨੁਮਾਇੰਦੇ ਸਾਸ਼ਨ ਚਲਾਉਂਦੇ ਹਨ ਜੋ ਕਾਫ਼ੀ ਪੱਛਮੀ ਦੇਸ਼ਾਂ ਵਿਚ ਵੇਖਣ ਨੂੰ ਮਿਲਦਾ ਹੈ। ਸੂਬਾਈ ਅਤੇ ਰਾਸ਼ਟਰੀ ਪੱਧਰ 'ਤੇ ਇਹ ਵਿਵਸਥਾ ਰਾਜਨੀਤਕ ਪਾਰਟੀ ਸਿਸਟਮ 'ਤੇ ਅਧਾਰਤ ਹੈ। ਲੇਕਿਨ ਇਸ ਬਾਰੇ ਸੱਚ ਇਹ ਹੈ ਕਿ ਜਿੰਨਾਂ ਪਾਰਟੀਆਂ ਅੰਦਰ ਲੋਕਤੰਤਰ ਮਜ਼ਬੂਤ ਹੋਵੇਗਾ ਉਨ•ਾਂ ਹੀ ਉਹ ਲੋਕਤੰਤਰ ਵਧੀਆ ਅਤੇ ਸਫਲ ਪ੍ਰਸਾਸ਼ਨ ਦੇਣ ਸਮਰਥ ਹੋਵੇਗਾ। ਲੇਕਿਨ ਜੇਕਰ ਪਾਰਟੀ ਸਿਸਟਮ ਪਰਿਵਾਰਵਾਦੀ, ਏਕਾਧਿਕਾਰਵਾਦੀ, ਐਡਹਾਕਵਾਦੀ, ਡਿਕਟੇਟਰਾਨਾ, ਥੋਪਵਾਦੀ ਹੋਵੇਗਾ,ਲੋਕਤੰਤਰ ਤਾਂ ਕਮਜ਼ੋਰ ਅਤੇ ਬੇਕਾਰ ਹੋਵੇਗਾ, ਰਾਜਨੀਤੀਵਾਨਾਂ ਦੀ ਸਾਸ਼ਨ ਪ੍ਰਤਿਭਾ ਵੀ ਨਿਘਾਰਵਾਦੀ ਅਤੇ ਨਿਕੰਮੀ ਹੋਵੇਗੀ। ਅਜਿਹਾ ਵਰਤਾਰਾ ਅੱਜ ਵਿਸ਼ਵ ਪੱਧਰ 'ਤੇ ਵੇਖਣ ਨੂੰ ਮਿਲ ਰਿਹਾ ਹੈ। ਇਸ ਵਿਚ ਵੱਡਾ ਦੋਸ਼ ਪਾਰਟੀ ਵਿਚਾਰਧਾਰਾ ਅਤੇ ਉਸਦੇ ਗਿਆਨ ਦੀ ਕਮੀ, ਉਸ ਅਧਾਰਤ ਤਜ਼ਰਬੇ, ਰਾਜਨੀਤਕ ਅਨੁਸਾਸ਼ਨ ਅਤੇ ਵਿਵਹਾਰ ਸਹੰਤਾ ਸਬੰਧੀ ਅਮਲ ਵਿਚ ਕਮੀ ਆਦਿ ਸ਼ਾਮਿਲ ਹਨ। ਸਮੁੱਚੇ ਪ੍ਰਸਾਸ਼ਨ ਅਤੇ ਜਨਤਕ ਸੇਵਾਵਾਂ ਪ੍ਰਤੀ ਸੁਚੱਜੇ ਅਤੇ ਜ਼ਰੂਰੀ ਅਮਲ ਦਾ ਜਨਾਜ਼ਾ ਉਦੋਂ ਨਿਕਲਦਾ ਹੈ ਜਦੋਂ ਲੋਕਾਂ ਦੁਆਰਾ, ਲੋਕਾਂ ਲਈ, ਲੋਕਾਂ ਦੁਆਰਾ ਚੁਣੇ ਨੁਮਾਇੰਦੇ ਵੀ.ਆਈ.ਪੀ.ਅਤੇ ਰੱਬ ਬਣ ਬੈਠਦੇ ਹਨ ਅਤੇ ਉਨ•ਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦੇ ਹਨ।
ਵਿਸ਼ਵ ਦੇ ਸਭ ਤੋਂ ਤਾਕਤਵਰ ਲੋਕਤੰਤਰ ਅਮਰੀਕਾ ਦੇ ਪ੍ਰਧਾਨ ਡੋਨਾਲਡ ਟਰੰਪ, ਵਿਸ਼ਵ ਦੇ ਸਭ ਤੋਂਂ ਵਿਸ਼ਾਲ ਲੋਕਤੰਤਰ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਵਿਸ਼ਵ ਦੇ ਸਭ ਤੋਂ ਪੁਰਾਣੇ ਲੋਕਤੰਤਰ ਵਜੋਂ ਮੰਨੇ ਜਾਂਦੇ ਬਰਤਾਨੀਆਂ ਦੀ ਨਿਕੰਮੀ ਅਤੇ ਅਸਫਲ ਸਾਸ਼ਕ ਹੋਣ ਕਰਕੇ ਅਹੁਦੇ ਲਾਂਭੇ ਹੋਈ ਪ੍ਰਧਾਨ ਮੰਤਰੀ ਥਰੇਸਾ ਮੇਅ, ਫਰਾਂਸ ਦੇ ਪ੍ਰਧਾਨ ਮੈਕਰਾਨ ਆਦਿ, ਏਕਾਧਿਕਾਰਵਾਦੀ ਅਤੇ ਨਿਰਕੁੰਸ਼ਵਾਦੀ ਲੋਕਤੰਤਰਾਂ ਜਿਵੇਂ ਰੂਸ ਦੇ ਪ੍ਰਧਾਨ ਵਲਾਦੀਮੀਰ ਪੂਤਿਨ, ਚੀਨ ਦੇ ਪ੍ਰਧਾਨ ਜਿੰਨ ਪਿੰਗ ਸ਼ੀ, ਤੁਰਕੀ ਦੇ ਪ੍ਰਧਾਨ ਮੰਤਰੀ ਐਰਡੋਗਨ, ਈਰਾਨ ਦੇ ਤਾਕਤਵਰ ਪ੍ਰਧਾਨ ਹਸਨ ਰੂਹਾਨੀ ਆਦਿ ਲੋਕਾਂ ਦੁਆਰਾ ਚੁਣੇ ਜਾਣ ਬਾਅਦ ਉਨ•ਾਂ ਦੀ ਪਹੁੰਚ ਤੋਂ ਬਾਹਰ ਅਤੇ ਬਹੁਤ ਹੀ ਡਰਾਉਣੇ ਵੀ.ਆਈ.ਪੀ. ਸਭਿਆਚਾਰ ਅਤੇ ਸੁਰੱਖਿਆ ਨਾਲ ਘਿਰੇ ਹੋਏ ਹਨ। ਇਸੇ ਕਰਕੇ ਇਨ•ਾਂ ਸਮੇਤ ਵਿਸ਼ਵ ਦਾ ਕੋਈ ਐਸਾ ਦੇਸ਼ ਨਹੀਂ ਜੋ ਅੱਜ ਆਰਥਿਕ ਮੰਦਹਾਲੀ, ਬੇਰੁਜ਼ਗਾਰੀ, ਅਫਰਾ-ਤਫਰੀ, ਅੰਦਰੂਨੀ ਸਮਾਜਿਕ ਟਕਰਾਅ, ਨਸਲਵਾਦੀ, ਫਿਰਕੂ, ਇਲਾਕਾਈ ਵੰਡ, ਅਸਹਿਣਸ਼ੀਲਤਾ, ਰਾਜਨੀਤਕ ਅਤੇ ਪ੍ਰਸਾਸ਼ਨਿਕ ਬਦਹਾਲੀ ਅਤੇ ਨਿਘਾਰ ਦਾ ਸ਼ਿਕਾਰ ਨਾ ਹੋਵੇ।
\ਇਸ ਤੋਂ ਵੀ ਮਾੜਾ, ਨਿਕੰਮਾ, ਨਾਅਹਿਲੀਅਤ ਅਤੇ ਗੈਰ-ਲੋਕਤੰਤਰ ਭਰਿਆ ਪ੍ਰਸਾਸ਼ਨਿਕ ਨਿਘਾਰ ਵੱਖ-ਵੱਖ ਦੇਸ਼ਾਂ ਦੇ ਸੂਬਾਈ ਪੱਧਰ ਦੇ ਰਾਜਨੀਤਕ ਆਗੂਆਂ ਅਤੇ ਉਨ•ਾਂ ਦੁਆਰਾ ਦਿਤੇ ਜਾ ਰਹੇ ਨਿਕੰਮੇ ਸਾਸ਼ਨ ਦਾ ਹੈ। ਇਸ ਸਬੰਧੀ ਅਸੀਂ ਦੋ ਵੱਖ-ਵੱਖ ਲੋਕਤੰਤਰ ਦੇਸ਼ਾਂ ਦੇ ਰਾਜਾਂ ਦੀ ਮਿਸਾਲ ਦੇ ਸਕਦੇ ਹਨ। ਇਨ•ਾਂ ਵਿਚ ਭਾਰਤ ਦੇ ਕਦੇ ਸਭ ਤੋਂ ਅਮੀਰ ਰਹੇ ਪੰਜਾਬ ਸੂਬੇ ਅਤੇ ਕੈਨੇਡਾ ਦੇ ਸਭ ਤੋਂ ਵਿਕਸਤ ਅਤੇ ਅਮੀਰ ਜਾਣੇ ਜਾਂਦੇ ਸੂਬੇ ਓਂਟੇਰੀਓ ਸ਼ਾਮਿਲ ਹਨ।
16 ਮਾਰਚ, 2017 ਨੂੰ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੱਤਾ ਵਿਚ ਆਈ। ਲੋਕਾਂ ਨੇ ਇਸ ਨੂੰ ਬਹੁਤ ਵੱਡੇ ਇਤਿਹਾਸਕ ਬਹੁਮੱਤ ਨਾਲ ਸੱਤਾ ਵਿਚ ਲਿਆਂਦਾ। ਇਸ ਨੂੰ 117 ਮੈਂਬਰੀ ਵਿਧਾਨ ਸਭਾ ਵਿਚ 77 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ ਜਦਕਿ ਰਾਜ ਅੰਦਰ ਲਗਾਤਾਰ ਦੋ ਕਾਰਜਕਾਲ ਭਾਵ 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਗਠਜੋੜ ਜੋੜੀ ਨੂੰ ਬੁਰੀ ਤਰ•ਾਂ ਹਰਾ ਕੇ ਸੱਤਾ ਵਿਚੋਂ ਬਾਹਰ ਵਗਾਹ ਮਾਰਿਆ। ਸ਼੍ਰੋਮਣੀ ਅਕਾਲੀ ਦਲ ਮਸਾਂ 15 ਜਦਕਿ ਭਾਜਪਾ ਤਿੰਨ ਸੀਟਾਂ ਤੇ ਜਿੱਤ ਹਾਸਲ ਕਰ ਸਕਦੀਆਂ। ਕਾਰਨ ਉਨ•ਾਂ ਵਲੋਂ ਲੋਕਾਂ ਦੀਆਂ ਆਸਾਂ-ਉਮੀਦਾਂ ਉਲਟ ਨਿਕੰਮਾ, ਭ੍ਰਿਸ਼ਟਾਚਾਰੀ, ਆਰਥਿਕ ਮੰਦਹਾਲੀ, ਬੇਰੁਜ਼ਗਾਰੀ, ਮਾਰੂ ਨਸ਼ੀਲੇ ਪਦਾਰਥਾਂ ਦੀ ਖੁੱਲ•ੇ ਆਮ ਵਿੱਕਰੀ, ਜਨਤਕ ਸੇਵਾਵਾਂ ਰਹਿਤ ਲੋਕਾਂ ਲਈ ਨਾਸੂਰ ਬਣਿਆ ਸਾਸ਼ਨ ਦੇਣਾ ਸੀ।
ਲੇਕਿਨ ਆਪਣੇ ਕਾਰਜਕਾਲ ਦਾ ਕਰੀਬ ਅੱਧਾ ਸਮਾਂ ਬੀਤ ਜਾਣ ਬਾਅਦ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵੱਡੇ-ਵੱਡੇ ਭੁਲੇਖਾ ਪਾਊ ਵਾਅਦਿਆਂ ਵਿਚੋਂ ਅਜੇ ਤੱਕ ਇਕ ਵੀ ਪੂਰਾ ਨਹੀਂ ਕਰ ਪਾਈ। ਉਸ ਵਲੋਂ ਕੀਤੇ ਵਾਅਦੇ ਤਾਂ ਰੱਬ ਵੀ ਪੰਜਾਬ ਦੀ ਧਰਤੀ 'ਤੇ ਜੇ ਆਪ ਉਤਰ ਆਵੇ ਤਾਂ ਪੂਰੇ ਨਹੀਂ ਕਰ ਸਕਦਾ। ਦੂਸਰੇ ਅਯਾਸ਼ ਅਤੇ ਵੱਡੀ ਨਿੱਜੀ ਅਫ਼ਸਰ ਸ਼ਾਹਾਂ ਅਤੇ ਸਲਾਹਕਾਰਾਂ ਨਾਲ ਰਾਜਨੀਤਕ ਇੱਛਾ ਸ਼ਕਤੀ ਤੋਂ ਮਨਫ਼ੀ ਸਾਸ਼ਨ ਚਲਾਉਣ ਵਾਲੇ ਮੁੱਖ ਮੰਤਰੀ ਤੋਂ ਪੰਜਾਬ ਦੀ ਜਨਤਾ ਦਾ ਮੋਹ ਭੰਗ ਹੋ ਚੁੱਕਾ ਹੈ। ਭਲਾ ਲੋਕਾਂ ਦੀ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਉੱਘੇ ਕਾਂਗਰਸ ਕਾਰਕੁੰਨਾਂ ਦੀ ਪਹੁੰਚ ਤੋਂ ਦੂਰ ਮੁੱਖ ਮੰਤਰੀ ਕਿਵੇਂ ਵਧੀਆ ਸਾਸ਼ਨ ਦੇ ਸਕਦਾ ਹੈ? ਪੰਜਾਬ ਕੈਬਨਿਟ ਮੰਤਰੀ, ਵਿਧਾਇਕ, ਕਾਂਗਰਸ ਕਾਰਕੁੰਨ ਕਦੇ ਦੱਬੀ ਅਤੇ ਖੁੱਲ•ੀ ਅਵਾਜ਼ ਵਿਚ ਉਸ ਵੱਲੋਂ ਸਾਸ਼ਨ ਦੀ ਵਾਗ ਡੋਰ ਆਪਣੀ ਪਾਕਿਸਤਾਨੀ ਮਿੱਤਰ ਅਰੂਸਾ ਆਲਮ ਜੋ ਉਨ•ਾਂ ਦੀ ਸਰਕਾਰੀ ਰਿਹਾਇਸ਼ ਸਾਂਭੀ ਬੈਠੀ ਹੈ ਅਤੇ ਸੇਵਾ ਮੁੱਕਤ ਅਫਸਰਸ਼ਾਹ ਸੁਰੇਸ਼ ਕੁਮਾਰ ਹੱਥ ਦੇਣ ਨੂੰ ਪੰਜਾਬ, ਪੰਜਾਬੀਆਂ ਅਤੇ ਕਾਂਗਰਸ ਪਾਰਟੀ ਦੀ ਬਦਕਿਸਮਤੀ ਦਰਸਾਉਂਦੇ ਹਨ।
ਜਿਸ ਸਾਸ਼ਕ ਦੇ ਰਾਜ ਵਿਚ ਪੰਜਾਬ ਵਰਗੇ ਸੂਬੇ ਵਿਚ ਰੋਜ਼ਾਨਾ ਦੋ-ਤਿੰਨ ਕਿਸਾਨ ਭਾਰੀ ਕਰਜ਼ੇ ਅਤੇ ਆਰਥਿਕ ਮੰਦਹਾਲੀ ਕਰਕੇ, ਦੋ-ਤਿੰਨ ਨੌਜਵਾਨ ਬੇਰੁਜ਼ਗਾਰੀ ਅਤੇ ਅੰਧੇਰੀ ਗੁਫ਼ਾ ਭਰੇ ਭਵਿੱਖ ਤੋਂ ਦੁੱਖੀ ਨਸ਼ੀਲੇ ਪਦਾਰਥਾਂ ਦੇ ਸੇਵਨ ਕਰਕੇ ਖ਼ੁਦਕੁਸ਼ੀ ਕਰ ਰਹੇ ਹੋਣ ਉਹ ਆਪ ਚੱਪਣੀ ਵਿਚ ਨੱਕ ਡੋਬ ਕੇ ਭਲਾ ਕਿਉਂ ਨਹੀਂ ਮਰ ਜਾਂਦਾ।
ਪੰਜਾਬੀਆਂ ਦੀ ਕਿੰਨੀ ਵੱਡੀ ਬਦਕਿਸਮਤੀ ਹੈ ਕਿ ਉਨ•ਾਂ ਦਾ ਇੱਕ ਬੱਚਾ ਫਤਿਹਵੀਰ ਕਰੀਬ 107 ਫੁੱਟ ਡੂੰਘੇ ਬੋਰ ਵਿਚ ਡਿੱਗ ਜਾਂਦਾ ਹੈ। ਉਸ ਨੂੰ ਸਿਰਸਾ ਡੇਰੇ ਦੇ ਅਨੁਯਾਈ ਤੇ ਹੋਰ ਲੋਕ ਬਾਹਰ ਕੱਢਣ ਲਈ ਅੱਗੇ ਆਉਂਦੇ ਹਨ। ਪ੍ਰਸਾਸ਼ਨ ਇਸ ਕਾਰਜ ਪ੍ਰਤੀ ਗੁੰਮ ਨਜ਼ਰ ਆਉਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੁੰਦੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਪਹਾੜਾਂ ਵਿਚ ਛੁੱਟੀਆਂ ਮਨਾਉਣ ਅਤੇ ਅਯਾਸ਼ੀ ਵਿਚ ਮਸਰੂਫ ਹੁੰਦਾ ਹੈ। ਆਖ਼ਰ 6 ਦਿਨ ਬਾਅਦ ਬੋਰ ਵਿਚੋਂ ਬਾਹਰ ਕੱਢਿਆ ਬੱਚਾ ਮਰ ਜਾਂਦਾ ਹੈ। 'ਪੰਜਾਬ ਦਾ ਨੀਰੋ ਪਹਾੜਾਂ 'ਤੇ ਬੰਸਰੀ ਵਜਾਉਣ 'ਚ ਮਸਰੂਫ ਰਹਿੰਦਾ ਹੈ।
ਦੂਸਰੇ ਪਾਸੇ ਜਦੋਂ ਚੀਨ ਵਿਚ ਇੱਕ ਬੱਚਾ 300 ਫੁੱਟ ਕਰੀਬ ਬੋਰ ਵਿਚ ਡਿਗ ਪੈਂਦਾ ਹੈ ਤਾਂ ਪ੍ਰਸਾਸ਼ਨ ਤੁਰੰਤ ਆਧੁਨਿਕ ਤਕਨੀਕ ਬਲਬੂਤੇ ਦੋ ਘੰਟੇ ਵਿਚ ਉਸ ਨੂੰ ਜੀਵਤ ਬਾਹਰ ਕੱਢ ਲੈਦਾ ਹੈ। ਹੁਣ ਸੋਸ਼ਲ ਮੀਡੀਆ ਤੇ ਦੋ ਨੌਜਵਾਨ ਲੜਕੀਆਂ ਦੇ ਗੀਤ ਕੈਪਟਨ ਨੂੰ ਫਿਟਕਾਰ ਪਾਉਂਦਾ ਵਾਇਰਲ ਹੋ ਰਿਹਾ ਹੈ ਕਿ ਜੇਕਰ ਫਤਿਹਵੀਰ ਕੈਪਟਨ ਦਾ ਪੋਤਰਾ ਹੁੰਦਾ ਤਾਂ ਉਹ ਛੁੱਟੀਆਂ ਮਨਾਉਣ ਨਾ ਜਾਂਦਾ ਅਤੇ ਤੁਰੰਤ ਬਾਹਰ ਕੱਢ ਲਿਆ ਹੁੰਦਾ। ਜਿਸ ਸਾਸ਼ਕ ਨੂੰ ਆਪਣੇ ਲੋਕਾਂ ਦੀ ਜਾਨ-ਮਾਲ ਦਾ ਕੋਈ ਫ਼ਿਕਰ ਨਹੀਂ ਉਸ ਨੂੰ ਸੱਤਾ ਵਿਚ ਬਣੇ ਰਹਿਣ ਦਾ ਕੀ ਹੱਕ ਹੈ?
ਜੇਕਰ ਕੈਪਟਨ ਸਰਕਾਰ ਦਾ ਅੱਧੇ ਤੋਂ ਵੱਧ ਸਮਾਂ ਬਾਕੀ ਨਾ ਹੁੰਦਾ ਤਾਂ ਲੋਕ ਸਭਾ ਚੋਣਾਂ ਵਿਚ ਲੋਕ ਕਾਂਗਰਸ ਨੂੰ ਦੋ-ਤਿੰਨ ਸੀਟਾਂ ਤੋਂ ਵੱਧ ਨਾ ਦਿੰਦੇ। ਸਮੁੱਚੀ ਵਿਰੋਧੀ ਧਿਰ ਪਾਰਟੀ ਹੋਈ ਹੋਣ ਦੇ ਬਾਵਜੂਦ ਲੋਕਾਂ ਨੇ ਕੈਪਟਨ ਦੇ ਪੰਜਾਬ ਅੰਦਰ ਸਾਰੀਆਂ ਲੋਕ ਸਭਾ ਸੀਟਾਂ ਜਿੱਤਣ ਦੇ ਮਿਸ਼ਨ-13 ਨੂੰ ਵੱਡਾ ਝਟਕਾ ਦਿਤਾ। ਕਾਂਗਰਸ ਮਸਾਂ 8 ਸੀਟਾਂ ਜਿੱਤ ਸਕੀ। ਕੈਪਟਨ ਨੇ ਇਨ•ਾਂ ਹਾਰਾਂ ਦਾ ਜੁਮਾਂ ਰਾਹੁਲ ਗਾਂਧੀ ਵਾਂਗ ਆਪਣੇ ਸਿਰ ਲੈਣ ਉੱਲਟ ਇਨ•ਾਂ ਦਾ ਠੀਕਰਾ ਆਪਣੇ ਮੰਤਰੀਆਂ ਸਿਰ ਭੰਨਦਿਆਂ ਉਨ•ਾਂ ਦੇ ਮਹਿਕਮਿਆਂ ਵਿਚ ਫੇਰ-ਬਦਲ ਕਰ ਦਿਤਾ। ਲੇਕਿਨ ਜਿਸ ਲੱਕੜ ਦੇ ਸਿਰ ਵਾਲੇ ਨਲਾਇਕ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਮਹਿਕਮੇ ਦਾ ਦੀਵਾਲਾ ਕੱਢ ਰਖਿਆ ਹੈ, ਮੁਲਾਜ਼ਮ ਅਤੇ ਦਲਿਤ ਵਰਗ ਨੂੰ ਠੁੱਠ ਵਿਖਾ ਰਖਿਆ ਹੈ, ਜਿਸ ਦੇ ਹਲਕੇ ਬਠਿੰਡਾ ਸ਼ਹਿਰੀ ਵਿਚੋਂ ਕਾਂਗਰਸ ਬੁਰੀ ਤਰ•ਾਂ ਹਾਰੀ, ਦਾ ਮਹਿਕਮਾ ਨਹੀਂ ਬਦਲਿਆ। ਇਸ ਦੀਆਂ ਮਾੜੀਆਂ ਨੀਤੀਆਂ ਕਰਕੇ ਪੰਜਾਬ ਸਿਰ ਸਵਾ ਦੋ ਲੱਖ ਕਰੋੜ ਕਰਜ਼ਾ ਚੜ• ਚੁੱਕਾ ਹੈ ਅਤੇ ਵਿਕਾਸ ਕਾਰਜ ਅਤੇ ਰੁਜ਼ਗਾਰ ਠੱਪ ਹਨ।
ਨਵਜੋਤ ਸਿੰਘ ਸਿੱਧੂ ਤਾਂ ਮੁੱਖ ਮੰਤਰੀ ਦੀ ਅਗਵਾਈ ਨੂੰ ਚਣੌਤੀ ਅਤੇ ਆਪਣਾ ਸਥਾਨਿਕ ਸਰਕਾਰਾਂ ਦਾ ਮਹਿਕਮਾ ਸਹੀ ਨਾ ਚਲਾ ਸਕਣ ਕਰਕੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦੇ ਐਸੇ ਸਿਖਿਆ ਮੰਤਰੀ ਸੁਖਜਿੰਦਰ ਸਿੰਘ ਨੂੰ ਕੈਬਨਿਟ ਵਿਚੋਂ ਡਿਸਮਿਸ ਕਰ ਦਿਤਾ ਸੀ, ਡਿਸਮਿਸ ਕਰ ਦੇਣਾ ਚਾਹੀਦਾ ਹੈ। ਕੀ ਕੈਪਟਨ ਐਸੀ ਰਾਜਨੀਤਕ ਇੱਛਾ ਸ਼ਕਤੀ ਨਹੀਂ ਰਖਦਾ? ਪੰਜਾਬ ਦੇ ਸਾਰੇ ਸ਼ਹਿਰ ਗੰਦਗੀ, ਬੀਮਾਰੀ ਅਤੇ ਗੈਰ ਤਰਤੀਬੀ ਉਸਾਰੀ ਦਾ ਸ਼ਿਕਾਰ ਹਨ। ਗੰਦੇ ਗੱਟਰਾਂ ਤੇ ਖੜ•ੇ ਹਨ। ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਵਜੋਂ ਮਸ਼ਹੂਰ ਸ਼ਹਿਰ ਦੀਨਾਨਗਰ ਦੀਆਂ ਦੋ ਵਾਰਡਾਂ ਵਿਚੋਂ ਦੀ ਨਹਿਰੀ ਸੂਆ ਲੰਘਦਾ ਹੈ ਕੀ ਇਸ ਮੰਤਰੀ ਨੇ ਪਤਾ ਕੀਤਾ ਕਿ ਉਨ•ਾਂ ਦੇ ਸਾਰੇ ਘਰਾਂ ਦਾ ਸੀਵਰੇਜ਼ ਇਸ ਵਿਚ ਪੈਂਦਾ ਹੈ? ਇਹੋ ਗੰਦਾ ਪਾਣੀ ਪਸ਼ੂ ਪੀਂਦੇ ਅਤੇ ਕਿਸਾਨ ਖੇਤਾਂ ਨੂੰ ਲਗਾਉਂਦੇ ਹਨ। ਇਸ ਤੋਂ ਮੰਦਾ ਹਾਲ ਬਾਕੀ ਸਾਰੇ ਸ਼ਹਿਰਾਂ ਦਾ ਹੈ। ਇਸ ਵਿਅਕਤੀ ਦੀਆਂ ਚਿਕਨੀਆਂ ਚੋਪੜੀਆਂ ਅਤੇ ਦਾਅਵੇ ਵੇਖੋ! ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਖੁਆਬ ਲੈ ਰਿਹਾ ਹੈ।
ਚੰਗਾ ਮੁੱਖ ਮੰਤਰੀ ਅਤੇ ਸਰਕਾਰ ਉਹ ਹੁੰਦੀ ਹੈ ਜੋ ਆਪਣੇ ਕਾਰਜਕਾਲ ਵਿਚ ਨਾ ਸਿਰਫ ਵਿਕਾਸ ਕਰੇ, ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰੇ, ਬਲਕਿ ਉਨ•ਾਂ ਦੇ ਜੀਵਨ ਦਾ ਮਿਆਰ ਉਪਰ ਉਠਾਵੇ।
ਕੈਨੇਡਾ ਜੋ ਇੱਕ ਵਿਕਸਤ ਦੇਸ਼ ਹੈ, ਜਿਸ ਦੀ ਜੀ.ਡੀ.ਪੀ. ਉੱਤਰੀ ਅਮਰੀਕਾ ਵਿਚ ਦੂਸਰੇ ਅਤੇ ਵਿਸ਼ਵ ਅੰਦਰ 11ਵੇਂ ਸਥਾਨ 'ਤੇ ਹੈ, ਦਾ ਸਭ ਤੋਂ ਅਮੀਰ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਓਂਟਾਰੀਓ ਹੈ। ਇਸ ਰਾਜ ਦੀ ਰਾਜਧਾਨੀ ਟਰਾਂਟੋ ਹੈ, ਕੈਨਾਡਾ ਦੀ ਰਾਜਧਾਨੀ ਓਟਾਵਾ ਵੀ ਇਸ ਰਾਜ ਵਿਚ ਪੈਂਦੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਇਹ ਰਾਜ ਕੁਸਾਸ਼ਨ ਦਾ ਸ਼ਿਕਾਰ ਹੈ।
ਟਰਾਂਟੋ ਸ਼ਹਿਰ ਦੇ 4 ਸਾਲ ਕੌਂਸਲਰ ਵਜੋਂ ਰਾਜਨੀਤਕ ਤਜ਼ਰਬਾ ਰਖਣ ਵਾਲਾ ਡਗਫੋਰਡ ਪਿੱਛਲੇ ਸਾਲ 7 ਜੂਨ, ਸੰਨ 2018 ਨੂੰ ਹੋਈਆਂ ਪ੍ਰੋਵਿੰਸ਼ੀਅਲ ਪਾਰਲੀਮੈਂਟਰੀ (ਵਿਧਾਨ ਸਭਾ) ਚੋਣਾਂ ਵਿਚ ਪਿੱਛਲੇ 15 ਸਾਲਾਂ ਤੋਂ ਚਲੇ ਆ ਰਹੇ ਲਿਬਰਲ ਪਾਰਟੀ ਦੇ ਸਾਸ਼ਨ ਦਾ ਅੰਤ ਕਰਕੇ ਪ੍ਰੋਗ੍ਰੈਸਿਵ ਕੰਜਰਵੇਟਿਵ ਪਾਰਟੀ ਦੇ ਪ੍ਰੀਮੀਅਰ (ਮੁੱਖ ਮੰਤਰੀ), ਵਜੋਂ ਸੱਤਾ ਵਿਚ ਆਇਆ। ਉਸ ਦੀ ਖੁਸ਼ਕਿਸਮਤੀ ਸੀ ਕਿ ਪਾਰਟੀ ਦੇ ਆਗੂ ਬਾਬ ਰੇਅ ਤੇ ਜਿਨਸੀ ਬਦਫੈਲੀ ਦੇ ਦੋਸ਼ ਲਗਣ ਕਰਕੇ ਉਸ ਨੂੰ ਅਗਵਾਈ ਤੋਂ ਲਾਂਭੇ ਹੋਣਾ ਪਿਆ ਸੀ।
ਲੇਕਿਨ ਇੱਕ ਸਾਲ ਦਾ ਕਾਰਜਕਾਲ ਪੂਰਾ ਕਰਨ ਦੇ ਦਰਮਿਆਨ ਉਸਦੀਆਂ ਆਪ ਹੁੱਦਰੀਆਂ, ਲੋਕ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਅਤੇ ਲੋਕ ਵਿਰੋਧੀ ਨੀਤੀਆਂ ਕਰਕੇ ਓਟਾਰੀਅਨ ਲੋਕ ਉਸ ਤੋਂ ਨਰਾਜ਼ ਹੋ ਗਏ ਹਨ। ਜਿਸ 'ਫਾਰ ਦਾ ਪੀਪਲ', ਫਜ਼ੂਲ ਖ਼ਰਚੀ ਰੋਕਣ, ਟੈਕਸ ਦਰਾਂ ਘੱਟ ਕਰਨ, ਵਧੀਆ ਜਨਤਕ ਸੇਵਾਵਾਂ ਦੇਣ ਆਦਿ ਦੇ ਵਾਅਦਿਆਂ ਕਰਕੇ ਉਹ ਸੱਤਾ ਵਿਚ ਆਇਆ ਸੀ, ਉਹ ਠੁੱਸ ਹੁੰਦੇ ਵਿਖਾਈ ਦੇ ਰਹੇ ਹਨ। ਉਸਦੀ ਸਰਕਾਰ ਇੱਕ ਗੈਰ-ਜੁਮੇਂਵਾਰ ਗੈਰ ਪ੍ਰੋਫੈਸ਼ਨਲ, ਭੈੜੀ, ਹਫੜਾ-ਦਫੜੀ ਅਤੇ ਟਕਰਾਅਵਾਦੀ ਨਜ਼ਰ ਆਈ ਹੈ। ਉਹ ਜਨਤਕ ਬਹੁਮੱਤ ਨੂੰ ਰੱਬ ਤੋਂ ਪ੍ਰਾਪਤ ਕੀਤਾ ਫ਼ਤਵਾ ਸਮਝ ਕੇ ਮੰਨਮਾਨੀ ਕਰ ਰਿਹਾ ਹੈ। ਜਨਤਕ, ਮੂਲ ਢਾਂਚਾ ਅਤੇ ਆਰਥਿਕ ਵਿਕਾਸ ਪ੍ਰੋਗਰਾਮਾਂ ਨੂੰ ਬਰਬਾਦ ਕਰ ਰਿਹਾ ਹੈ।
50 ਮਿਲੀਅਨ ਦਰਖ਼ਤ ਲਗਾਉਣ, ਬਿਜਲੀ ਨਾਲ ਚਲਣ ਵਾਲੀ ਕਾਰ ਦੇ ਜੀਓ ਪਾਰਕਿੰਗ ਵਿਖੇ ਚਾਰਜਿੰਗ ਸਟੇਸ਼ਨ, ਧੂਆਂ ਚੈੱਕ ਪ੍ਰੋਗਰਾਮ ਉਲਟਣ ਨਾਲ ਵਾਤਾਵਰਨ ਨੂੰ ਨੁਕਾਸਾਨ ਪਹੁੰਚਾਉਣ, ਸਿਹਤ ਸੈਕਟਰ ਵਿਚ ਮਾਨਸਿਕ, ਕੈਂਦਰੀਕ੍ਰਿਤ ਸਿਹਤ, ਐਂਬੂਲੈਂਸ ਸੇਵਾਵਾਂ, ਵਿਦਿਆਰਥੀਆਂ ਅਤੇ ਔਰਤਾਂ ਦੀ ਸਿਹਤ ਕਵਰੇਜ਼, ਦਾਈਆਂ ਸੇਵਾਵਾਂ ਵਿਚ ਕਟੌਤੀ ਕਰਨ, ਸਿਖਿਆ ਖੇਤਰ ਵਿਚ 22 ਵਿਦਿਆਰਥੀਆਂ ਦੀ ਥਾਂ 28 ਵਿਦਿਆਰਥੀਆਂ ਅਧਾਰਤ ਜਮਾਤਾਂ ਕਰਨ, ਕਈ ਕੋਰਸ ਪ੍ਰੋਗਰਾਮਾਂ, ਪਾਠਕ੍ਰਮ, ਸਕੂਲਾਂ ਦੀ ਮੁਰੰਮਤ, ਕਾਲਜਾਂ-ਯੂਨੀਵਰਸਿਟੀਆਂ ਦੇ ਫੰਡਾਂ ਵਿਚ ਕਟੌਤੀ, ਸਮਾਜਿਕ ਸੇਵਾਵਾਂ, ਖੋਜ ਅਤੇ ਅਲਕੋਹਲ ਰੈਗੂਲੇਸ਼ਨ ਵਿਚ ਕਟੌਤੀ ਕਰਕੇ ਲੋਕ ਸਖ਼ਤ ਨਰਾਜ਼ ਤੇ ਦੁਖੀ ਹੋਏ ਪਏ ਹਨ।
ਉਹ ਟਰਾਟੋਂ ਸ਼ਹਿਰ ਦਾ ਬਾਦਸ਼ਾਹ ਬਣਿਆ ਬੈਠਾ ਹੈ। ਮੇਅਰ ਜਾਹਨ ਟੋਰੀ ਨੂੰ ਕੰਮ ਨਹੀਂ ਕਰਨ ਦੇ ਰਿਹਾ। ਉਸਦੀਆਂ ਮਾਨਸਿਕਤਾ ਇੱਕ ਕੌਂਸਲਰ ਦੇ ਤਜ਼ਰਬੇ ਤੋਂ ਉਪਰ ਨਹੀਂ ਉੱਠ ਰਹੀ ਜਿਸ ਦਾ ਮੇਅਰ ਕਦੇ ਉਸਦਾ ਭਰਾ ਰੋਬ ਫੋਰਡ ਹੁੰਦਾ ਸੀ। ਅਬਾਦੀ ਵਧਣ ਕਰਕੇ ਓਂਟਾਰੀਓ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ 107 ਤੋਂ 124 ਕਰ ਦਿਤੀ ਸੀ। ਪਰ ਇਸ ਨੇ ਪ੍ਰੀਮੀਅਰ ਬਣਨ ਬਾਅਦ ਟਰਾਂਟੋ ਕੌਂਸਲ ਦੀ ਗਿਣਤੀ 47 ਤੋਂ ਘਟਾ ਕੇ 25 ਕਰ ਦਿਤੀ। ਬਾਵਜੂਦ ਇਸਦੇ, ਲੋਕਾਂ ਨੇ ਇਸ ਰੱਬ ਬਣੇ ਪ੍ਰੀਮੀਅਰ ਦੀ ਪਾਰਟੀ ਨੂੰ ਬੁਰੀ ਤਰ•ਾਂ ਕੌਂਸਲ ਚੋਣਾਂ ਵਿਚ ਹਰਾ ਦਿਤਾ। ਲੇਕਿਨ ਫਿਰ ਵੀ ਇਹ ਟਰਾਂਟੋ ਦੇ ਬਾਦਸ਼ਾਹ ਵਜੋਂ ਕੰਮ ਕਰਦਾ ਮੇਅਰ ਜਾਹਨ ਟੋਰੀ ਨੂੰ ਕੰਮ ਨਹੀਂ ਕਰਨ ਦਿੰਦਾ ਅਤੇ ਕੈਨੇਡਾ ਦੇ ਇਸ ਸਭ ਵੱਡੇ ਸ਼ਹਿਰ ਅਤੇ ਓਂਟਾਰੀਓ ਸੂਬੇ ਦੀ ਰਾਜਧਾਨੀ ਤੇ ਗੈਰ-ਕਾਨੂੰਨੀ, ਗੈਰ-ਸੰਵਿਧਾਨਿਕ ਕਬਜ਼ਾ ਕਰੀ ਬੈਠਾ ਹੈ।
ਉਸ ਦੀਆਂ ਨੀਤੀਆਂ ਤੋਂ ਦੁੱਖੀ ਮੁਲਾਜ਼ਮ ਯੂਨੀਅਨਾਂ, ਅਧਿਆਪਕ ਯੂਨੀਅਨਾਂ, ਰਿਆਲਟਰ (ਜਿਨ•ਾਂ ਨੂੰ ਟਰਾਂਟੋ ਸ਼ਹਿਰ ਦੇ ਫੈਸਲਿਆਂ ਨੂੰ ਚੈਲਿੰਜ ਕਰਨ ਦੇ ਕਾਨੂੰਨ ਤੋਂ ਵੰਚਿਤ ਕਰ ਦਿਤਾ) ਮਿਉਂਸਪਲਟੀਆਂ ਆਦਿ ਉਸ ਦੀ ਸਰਕਾਰ ਵਿਰੁੱਧ ਖੜੀਆਂ ਹੋ ਗਈਆਂ ਹਨ। ਰਾਜਨੀਤਕ ਮਾਹਿਰ ਅਤੇ ਉੱਘੇ ਪੀ.ਸੀ.ਆਗੂ ਨਹੀਂ ਚਾਹੁੰਦੇ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਪ੍ਰਧਾਨ ਅਤੇ ਕੈਨੇਡਾ ਦੇ ਭਵਿੱਖੀ ਪ੍ਰਧਾਨ ਮੰਤਰੀ ਪਦ ਦਾ ਦਾਅਵੇਦਾਰ ਐਂਡਰਿਊ ਸ਼ੀਰ 21 ਅਕਤੂਬਰ ਨੂੰ ਹੋਣ ਵਾਲੀਆਂ ਪਾਰਲੀਮੈਂਟਰੀ ਚੋਣਾਂ ਵਿਚ ਉਸ ਦੀ ਮਦਦ ਲਵੇ।
ਕਿਸੇ ਰਾਜ ਦੀਆਂ ਵਿਧਾਨ ਸਭਾ ਚੋਣਾਂ ਜਾਂ ਦੇਸ਼ ਦੀਆਂ ਪਾਰਲੀਮੈਂਟਰੀ ਜਾਂ ਪ੍ਰਧਾਨਗੀ ਪਦ ਲਈ ਚੋਣਾਂ ਵਿਚ ਜਿੱਤ ਲੋਕਾਂ ਵਲੋਂ ਖ਼ਾਲੀ ਚੈੱਕ 'ਤੇ ਦਸਤਖ਼ਤ ਨਹੀਂ ਸਮਝ ਲੈਣੇ ਚਾਹੀਦੇ। ਸਫ਼ਲ ਲੋਕਤੰਤਰ ਸਫ਼ਲ ਅਤੇ ਵਧੀਆ ਸਰਕਾਰ ਅਤੇ ਸਾਸ਼ਨ ਉਹੀ ਅਖਵਾਉਂਦਾ ਹੈ ਜੋ ਹਰ ਪੱਧਰ 'ਤੇ ਜਨਤਕ ਸ਼ਮੂਲੀਅਤ ਰਾਹੀਂ, ਜਨਤਾ ਵਿਚ ਰੋਜ਼ਾਨਾ ਵਿਚਰਦਿਆਂ ਚਲਾਇਆ ਜਾਵੇ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
+1 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.