ਪੀਪਲਜ਼ ਫੋਰਮ ਬਰਗਾੜੀ (ਫ਼ਰੀਦਕੋਟ) ਦੇ ਸੰਚਾਲਕ ਖੁਸ਼ਵੰਤ ਬਰਗਾੜੀ ਵੱਲੋਂ ਛਾਪੀ ਤੇ ਪ੍ਰਿੰਸੀਪਲ ਸਰਵਣ ਸਿੰਘ ਜੀ ਦੀ ਲਿਖੀ ਪੁਸਤਕ ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ 27 ਜੂਨ ਨੂੰ ਕੰਵਲ ਜੀ ਦੇ 101 ਵੇਂ ਜਨਮ ਦਿਨ ਤੇ ਢੁੱਡੀਕੇ(ਮੋਗਾ) ਚ ਲੋਕ ਅਰਪਨ ਹੋਈ।
ਮੈਂ ਉਸ ਦਿਨ ਨਹੀਂ ਸਾਂ ਜਾ ਸਕਿਆ, ਇੱਕ ਦਿਨ ਪਹਿਲਾਂ ਪੂਰੀ ਸ਼ਾਮ ਓਥੇ ਹੀ ਸਾਂ। ਖੁਸ਼ਵੰਤ ਨੂੰ ਕਿਤਾਬ ਭੇਜਣ ਦੀ ਬੇਨਤੀ ਕੀਤੀ ਤੇ ਉਸ ਕਲਕੱਤੇ ਤੋਂ ਆਏ ਪਿਆਰੇ ਵੀਰ ਜਗਮੋਹਨ ਸਿੰਘ ਗਿੱਲ ਰਾਹੀਂ ਮੇਰੇ ਤੀਕ ਅੱਜ ਪਹੁੰਚਦੀ ਕਰ ਦਿੱਤੀ। ਜਗਮੋਹਨ ਕੋਲੋਂ ਕਿਤਾਬ ਪ੍ਰਾਪਤ ਕਰਦਿਆਂ ਸਾਡੇ ਦੋਹਾਂ ਜੀਆਂ ਦੇ ਮਨ ਚ ਵੱਖਰੀ ਕਿਸਮ ਦਾ ਚਾਅ ਜਗਿਆ।
ਇਹ ਸੋਚ ਕੇ ਕਿ ਜਗਮੋਹਨ ਤਾਂ ਕੰਵਲ ਸਾਹਿਬ ਦੇ ਜਨਮ ਦਿਨ ਤੇ ਕਲਕੱਤਿਓਂ ਆ ਗਿਆ ਤੇ ਅਸੀਂ?
ਪਿਛਲੇ ਚਾਰ ਘੰਟੇ ਮੈਂ ਕਿਤਾਬ ਦੇ ਨਾਲ ਰਿਹਾਂ। ਏਨੀ ਰੋਚਕਤਾ, ਬਈ ਕਮਾਲ ਹੈ।
ਕਥਾ ਨਾਇਕ ਕੰਵਲ ਹੋਵੇ ਤੇ ਲਿਖਾਰੀ ਸਰਵਣ ਸਿੰਘ, ਫਿਰ ਬੰਦਾ ਕਿਤਾਬ ਰਾਹ ਵਿੱਚ ਛਿਡਣ ਦੀ ਹਮਾਕਤ ਕਿਵੇਂ ਕਰੇ।
ਇਹ ਵੀ ਗਨੀਮਤ ਕਿ ਕੋਈ ਮਹਿਮਾਨ ਜਾਂ ਫੋਨ ਇਸ ਦੌਰਾਨ ਨਹੀਂ ਆਇਆ।
ਕਿਤਾਬ ਸ਼ੁਰੂ ਕਰਨ ਵੇਲੇ ਮੁਹੰਮਦ ਸਦੀਕ ਸਾਹਿਬ ਦਾ ਫੋਨ ਜ਼ਰੂਰ ਆਇਆ। ਦੱਸ ਰਹੇ ਸੀ ਕਿ ਕੱਲ੍ਹ ਸਵੇਰੇ ਮੈਂ ਜ਼ਰੂਰ ਕੰਵਲ ਸਾਹਿਬ ਨੂੰ ਚਰਨ ਬੰਦਨਾ ਕਰਨ ਜਾਵਾਂਗਾ। ਸਦੀਕ ਇਸੇ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣੇ ਹਨ।
ਪਿਛਲੇ ਜਨਮ ਦਿਨ ਤੇ ਸਦੀਕ ਸਾਹਿਬ ਨੇ ਦੱਸਿਆ ਸੀ ਕਿ ਆਪਣੀ ਜ਼ਿੰਦਗੀ ਦਾ ਪਹਿਲਾ ਗੈਰ ਸਰਕਾਰੀ ਪ੍ਰੋਗਰਾਮ ਕੰਵਲ ਸਾਹਿਬ ਦੇ ਬੁਲਾਵੇ ਤੇ ਪਿੰਡ ਢੁੱਡੀਕੇ ਚ ਕੀਤਾ ਸੀ ਜਦ ਏਥੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਆਏ ਸਨ।
ਕਿਤਾਬ ਮੁੱਕੀ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਸ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੀ ਦਾ ਲੰਮੀ ਦੂਰੀ ਤੋਂ ਫੋਨ ਆਇਆ ਕਿ ਕੰਵਲ ਸਾਹਿਬ ਨੂੰ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਦੇਣਾ।
ਪੰਜ ਜੁਲਾਈ ਤੋਂ ਬਾਦ ਪੰਜਾਬ ਪਰਤ ਕੇ ਮੈਂ ਆਪ ਦਰਸ਼ਨ ਕਰਾਂਗਾ।
ਪਰ ਮੈਂ ਤਾਂ ਸਵੇਰ ਤੋਂ ਹੀ ਕੰਵਲ ਸਾਹਿਬ ਦੇ ਅੰਗ ਸੰਗ ਹਾਂ,ਇਸ ਕਿਤਾਬ ਰਾਹੀਂ , ਜੋ ਭਾਅ ਸਰਵਣ ਸਿੰਘ ਨੇ ਲਿਖੀ ਹੈ।
ਕੱਲ੍ਹ ਸਵੇਰੇ ਮੈਂ ਤੇ ਸ਼ਮਸ਼ੇਰ ਸਿੰਘ ਸੰਧੂ ਵੀ ਢੁੱਡੀਕੇ ਚ ਹੋਵਾਂਗੇ। ਗੱਲਾਂ ਕਰਾਂਗੇ ਉਸ ਕਾਲ ਦੀਆਂ ਜਦ ਕੰਵਲ ਸਾਹਿਬ ਨੂੰ ਵੇਖ ਕੇ ਮਹਿਸੂਸ ਕੀਤਾ ਸੀ ਕਿ ਦਿੱਲੀ ਵਾਲਾ ਕੁਤਬ ਮੀਨਾਰ ਵੇਖ ਲਿਆ। ਸੁਖਜੀਤ ਸਾਨੂੰ ਸੂਤਰਧਾਰ ਦੇ ਰੂਪ ਚ ਰਾਹ ਸਿਰ ਰੱਖੇਗਾ। ਨਵਦੀਪ ਸਿੰਘ ਗਿੱਲ ਵੀ ਚੰਡੀਗੜ੍ਹੋਂ ਪਹੁੰਚ ਰਿਹੈ, ਤ੍ਰੈਲੋਚਨ ਲੋਚੀ ਤੇ ਮਨਜਿੰਦਰ ਵੀ
ਤੁਸੀਂ ਵੀ ਆ ਜਾਇਓ!
ਇਹ ਦਿਨ ਖ਼ੁਸ਼ੀਆਂ ਦੇ
ਬਾਰ ਬਾਰ ਨਹੀਂ ਆਉਣੇ।
29 ਜੂਨ 2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.