ਪੰਜਾਬੀਆਂ ਵਿੱਚ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ ਇਹ ਕਿਸੇ ਦਾ ਪੁੱਠਾ ਨਾਮ ਜਾਂ ਅੱਲ ਪਾਉਣ ਲੱਗਿਆਂ ਮਿੰਟ ਲਗਾਉਂਦੇ ਹਨ। ਪਿੰਡਾਂ ਵਿੱਚ ਤਾਂ ਕੋਈ ਪਰਿਵਾਰ ਜਾਂ ਆਦਮੀ ਹੀ ਬਚਿਆ ਹੋਵੇਗਾ ਜਿਸ ਦੀ ਅੱਲ ਜਾਂ ਪੁੱਠਾ ਨਾਮ ਨਾ ਪਿਆ ਹੋਵੇ। ਕਿਸੇ ਨੂੰ ਮੱਕੀ ਚੱਬਾਂ ਦਾ ਟੱਬਰ, ਕਿਸੇ ਨੂੰ ਡਾਕੂਆਂ ਦਾ, ਕਿਸੇ ਨੂੰ ਅਮਲੀਆਂ ਦਾ, ਕਿਸੇ ਨੁੂੰ ਛੜਿਆਂ ਦਾ, ਕਿਸੇ ਨੁੰ ਨੰਗ ਪੈਰਿਆਂ ਦਾ ਤੇ ਕਿਸੇ ਨੂੰ ਖੋਤੀ ਵਾਲੇ ਪੁਕਾਰਿਆ ਜਾਂਦਾ ਹੈ। ਕਈ ਕਿਸਾਨ ਪਰਿਵਾਰ ਤਾਂ ਸਿਰਫ ਇਸੇ ਕਾਰਨ ਭੇਡਾਂ, ਬੱਕਰੀਆਂ ਅਤੇ ਸੂਰ ਪਾਲਣ ਦਾ ਲਾਹੇਵੰਦਾ ਧੰਦਾ ਨਹੀਂ ਕਰਦੇ ਕਿ ਕਿਤੇ ਸਾਡੀ ਅੱਲ ਭੇਡਾਂ, ਬੱਕਰੀਆਂ ਜਾਂ ਸੂਰਾਂ ਵਾਲੇ ਨਾ ਪੈ ਜਾਵੇ। ਇਸੇ ਤਰਾਂ ਜੇ ਕਿਸੇ ਨੇ ਛੋਟੇ ਹੁੰਦੇ ਗਾਲੜ੍ਹ ਮਾਰ ਦਿੱਤਾ ਤਾਂ ਉਸ ਦਾ ਨਾਮ ਗਾਲੜ੍ਹ ਪੱਕ ਗਿਆ, ਕੋਈ ਬਹੁਤਾ ਤੇਜ਼ ਤਰਾਟ ਹੈ ਤਾਂ ਛਟੱਲੀ ਪੈ ਗਿਆ, ਕੋਈ ਨਿਕੰਮਾ ਹੈ ਤਾਂ ਨੇਸਤੀ ਪੈ ਗਿਆ, ਕੋਈ ਜਿਆਦਾ ਹੀ ਭਲਾਮਾਣਸ ਹੈ ਤਾਂ ਬੱਕਰੀ ਪੈ ਗਿਆ, ਜੇ ਕੋਈ ਬੇਇਜ਼ਤੀ ਕਰਵਾ ਕੇ ਵੀ ਅਸਰ ਨਾ ਕਬੂਲੇ ਤਾਂ ਉਸ ਨੁੰ ਮਚਲਾ ਕਹਿਣ ਲੱਗ ਪੈਂਦੇ ਹਨ, ਮਹਾਂ ਕੰਜੂਸ ਹੋਵੇ ਤਾਂ ਮਜ਼ਾਕ ਉਡਾਉਣ ਲਈ ਸ਼ਾਹ ਕਹਿਣ ਲੱਗ ਪੈਂਦੇ ਹਨ, ਕੋਈ ਹਰ ਵੇਲੇ ਸੋਚਦਾ ਹੀ ਰਹੇ ਤਾਂ ਨਾਮ ਸਕੀਮੀ ਪੈ ਜਾਂਦਾ ਤੇ ਜੇ ਬਹੁਤਾ ਹੀ ਸਿੱਧ ਪੱਧਰਾ ਹੋਵੇ ਤਾਂ ਉਸ ਨੁੰ ਗਾਂਧੀ ਜਾਂ ਭੁੱਟੋ ਕਹਿਣ ਲੱਗ ਜਾਂਦੇ ਹਨ। ਸਾਡੇ ਨਜ਼ਦੀਕੀ ਪਿੰਡ ਵਿੱਚ ਇੱਕ ਪਰਿਵਾਰ ਦਾ ਵੱਡਾ ਵਡੇਰਾ ਡਾਕੂ ਸੀ। ਹੁਣ ਉਸ ਖਾਨਦਾਨ ਦੇ ਕਈ ਵਿਅਕਤੀ ਵੱਡੇ ਅਫਸਰ ਲੱਗੇ ਹੋਏ ਹਨ, ਪਰ ਇਲਾਕੇ ਵਾਲੇ ਅੱਜ ਵੀ ਉਹਨਾਂ ਨੂੰ ਡਾਕੂਆਂ ਦਾ ਟੱਬਰ ਹੀ ਦੱਸਦੇ ਹਨ।
ਇਸੇ ਤਰਾਂ ਪੁਲਿਸ ਮਹਿਕਮੇ ਵਿੱਚ ਵੀ ਸ਼ਾਇਦ ਹੀ ਕੋਈ ਅਫਸਰ ਜਾਂ ਮੁਲਾਜ਼ਮ ਹੋਵੇਗਾ, ਜਿਸ ਦਾ ਪੱੁਠਾ ਨਾਮ ਨਾ ਪਿਆ ਹੋਵੇ। ਕਈ ਨਾਮ ਤਾਂ ਐਨੇ ਅਜੀਬ ਹਨ ਕਿ ਬਦੋਬਦੀ ਹਾਸਾ ਨਿਕਲ ਜਾਂਦਾ ਹੈ। ਹਰੇਕ ਪੱੁਠੇ ਨਾਮ ਪਿੱਛੇ ਕੋਈ ਨਾ ਕੋਈ ਕਹਾਣੀ ਹੁੰਦੀ ਹੈ। ਇਸ ਕੰਮ ਦੀ ਸ਼ੁਰੂਆਤ ਟਰੇਨਿੰਗ ਸੈਂਟਰਾਂ ਤੋਂ ਹੀ ਹੋ ਜਾਂਦੀ ਹੈ। ਉਸਤਾਦਾਂ ਹੱਥੋਂ ਤੰਗ ਆਏ ਟਰੇਨੀ ਆਪਣਾ ਗੁੱਸਾ ਉਹਨਾਂ ਦੇ ਸਿੱਧੇ ਪੁੱਠੇ ਨਾਮ ਰੱਖ ਕੇ ਕੱਢਦੇ ਹਨ। ਉਥੇ ਇੱਕ ਸੁੱਕੜ ਜਿਹਾ ਉਸਤਾਦ ਹੁੰਦਾ ਸੀ ਰਾਮਾ ਪੱਟਾਂ ਵਾਲਾ (ਕਾਲਪਨਿਕ ਨਾਮ)। ਇੱਕ ਰਾਤ ਉਹ ਸੁੱਤਾ ਪਿਆ ਸੀ ਕਿ ਉਸ ਦੀ ਪਤਨੀ ਕਹਿੰਦੀ ਆਪਣੀ ਬਾਂਹ ਪਰਾਂ ਕਰੋ, ਐਵੇਂ ਹੱਡ ਜਿਹੇ ਚੁਭੋਈ ਜਾਂਦੇ ਉ। ਉਹ ਅੱਗੋਂ ਗੁੱਸੇ ਨਾਲ ਕਹਿ ਬੈਠਾ ਕਿ ਇਹ ਮੇਰੀ ਬਾਂਹ ਨਹੀਂ, ਪੱਟ ਆ ਪੱਟ। ਮਾੜੀ ਕਿਸਮਤ ਨੂੰ ਉਹ ਇਹ ਗੱਲ ਕਿਸੇ ਨੂੰ ਦੱਸ ਬੈਠਾ, ਬੱਸ ਉਸ ਦਾ ਨਾਮ ਹੀ ਪੱਟਾਂ ਵਾਲਾ ਪੈ ਗਿਆ। ਵੱਡੀਆਂ ਮੁੱਛਾਂ ਵਾਲੇ ਨੂੰ ਹਰਦੇਵ ਮੱੁਛ, ਕਾਲੇ ਰੰਗ ਵਾਲੇ ਨੂੰ ਜਰਨੈਲ ਕਾਲਾ, ਸਾਰਾ ਦਿਨ ਰੰਗਰੂਟਾਂ ਦਾ ਸਿਰ ਖਾਣ ਵਾਲੇ ਨੂੰ ਹਰੀ ਭੌਂਕਾ ਆਦਿ ਕਿਹਾ ਜਾਂਦਾ ਹੈ।
ਟਰੇਨਿੰਗ ਦੌਰਾਨ ਕਈ ਰੰਗਰੂਟ ਵੀ ਆਪਣਾ ਨਾਮ ਪਵਾ ਬੈਠਦੇ ਹਨ। ਇੱਕ ਰੰਗਰੂਟ ਨੇ ਸਟੇਜ਼ ‘ਤੇ ਭੰਡਾਂ ਬਾਰੇ ਸਕਿੱਟ ਪੇਸ਼ ਕਰ ਦਿੱਤੀ, ਉਸ ਦੀ ਪਹਿਚਾਣ ਹੀ ਫਲਾਣਾ ਸਿੰਘ ਭੰਡ ਪੱਕ ਗਈ। ਇੱਕ ਰੰਗਰੂਟ ਦੋ ਤਿੰਨ ਵਾਰ ਮੰਗਤੀ ਬਾਰੇ ਦਰਦ ਭਰੀ ਕਵਿਤਾ ਸੁਣਾ ਬੈਠਾ, ਉਸ ਦਾ ਨਾਮ ਹੀ ਫਲਾਣਾ ਸਿੰਘ ਮੰਗਤੀ ਪੈ ਗਿਆ। ਇੱਕ ਰੰਗਰੂਟ ਦੇ ਡੱਡੂ ਵਰਗੇ ਮੋਟੇ ਮੋਟੇ ਡੇਲੇ ਤੇ ਸਰੀਰ ‘ਤੇ ਰਿੱਛਾਂ ਵਰਗੇ ਵਾਲ ਸਨ। ਉਸ ਨੂੰ ਅੱਜ ਵੀ ਫਲਾਣਾ ਡੇਲੂ ਜਾਂ ਭੇਡੂ ਕਹਿ ਕੇ ਪੁਕਾਰਿਆ ਜਾਂਦਾ ਹੈ। ਇੱਕ ਪੁਲਿਸ ਮੁਲਾਜ਼ਮ ਦੀ ਦਾੜ੍ਹੀ ਵਿਰਲੀ ਤੇ ਮੁੱਛਾਂ ਪਤਲੀਆਂ ਸਨ, ਉਸ ਦਾ ਨਾਮ ਗੁਰਨਾਮ ਚੂਹਾ ਪੈ ਗਿਆ। ਬੈਲਟ ਨੰਬਰ ਦੋ ਵਾਲੇ ਦਾ ਨਾਮ ਦਰਸ਼ਨ ਦੁੱਕੀ ਪੈ ਗਿਆ ਤੇ ਬੈਲਟ ਨੰਬਰ 25¿; ਵਾਲੇ ਦਾ ਕਰਮਾ ਚਵਾਨੀ। ਕਰਨੈਲ ਸਿੰਘ ਜਿੱਥੇ ਵੀ ਜਾਂਦਾ ਪੰਗਾ ਸਹੇੜ ਲੈਂਦਾ, ਉਸ ਦਾ ਨਾਮ ਕਰਨੈਲ ਕਲੇਸ਼ੀ ਪੈ ਗਿਆ। ਭਾਗ ਸਿੰਘ ਅੜਬ ਤੋਂ ਅੜਬ ਅਫਸਰ ਨੂੰ ਵਗਾਰਾਂ ਅਤੇ ਗੱਲਾਂ ਬਾਤਾਂ ਨਾਲ ਵੱਸ ਵਿੱਚ ਕਰ ਲੈਂਦਾ ਸੀ, ਉਸ ਦਾ ਨਾਮ ਭਾਗ ਧਲਿਆਰਾ ਪੈ ਗਿਆ। ਥਾਣੇਦਾਰ ਹਰੀ ਪ੍ਰਸ਼ਾਦ ਨੇ ਕਿਸੇ ਪਿੰਡ ਜਾ ਕੇ ਸਰਪੰਚ ਨੂੰ ਰੋਟੀ ਬਣਾਉਣ ਲਈ ਤਾਕੀਦ ਕੀਤੀ ਕਿ ਗੋਭੀ ਅਤੇ ਪ੍ਰਸ਼ਾਦ ਜਰੂਰ ਬਣਾਇਉ। ਉਸ ਦਾ ਅਸਲੀ ਨਾਮ ਲੋਕ ਭੁੱਲ ਹੀ ਗਏ ਤੇ ਪੱਕਾ ਨਾਮ ਗੋਭੀ ਪ੍ਰਸ਼ਾਦ ਪੱਕ ਗਿਆ। ਬਰਨਾਲੇ ਇੱਕ ਮੁਲਾਜ਼ਮ ਢਾਬੇ ਵਾਲਿਆਂ ਤੋਂ ਵਗਾਰ ਦੀ ਦਾਲ-ਸਬਜ਼ੀ ਡੋਲੂ ਵਿੱਚ ਪਵਾ ਕੇ ਲਿਆਉਂਦਾ ਸੀ, ਉਸ ਦਾ ਨਾਮ ਗਾਮਾ ਡੋਲੂ ਪੈ ਗਿਆ।
ਕਰਮਜੀਤ ਥਾਣੇ ਆਏ ਹਰ ਬੰਦੇ ਤੋਂ ਪੈਸੇ ਖਿੱਚਣ ਵਿੱਚ ਮਾਹਰ ਸੀ, ਉਸ ਦਾ ਨਾਮ ਕਰਮਜੀਤ ਕੁੰਡੀ ਪੈ ਗਿਆ। ਮਨਜੀਤ ਕੋਲੋਂ ਜਦੋਂ ਕੋਈ ਗਲਤੀ ਹੁੰਦੀ ਤਾਂ ਅਫਸਰ ਦੇ ਪੈਰ ਪਕੜ ਕੇ ਕਹਿੰਦਾ ਮਾਫ ਕਰ ਦਿਉ ਜ਼ਨਾਬ ਮੇਰੇ ਛੋਟੇ ਛੋਟੇ ਬੱਚੇ ਹਨ, ਉਸ ਦਾ ਨਾਮ ਮਨਜੀਤ ਬੱਚਿਆਂ ਵਾਲਾ ਪੈ ਗਿਆ। ਅੱਤਵਾਦ ਵਿੱਚ ਇੱਕ ਅਫਸਰ ਨੂੰ ਇਹ ਕਹਿਣ ਦੀ ਆਦਤ ਸੀ ਕਿ ਲਗਾਉ ਇਸ ਨੂੰ ਘੋਟਾ। ਉਸ ਦਾ ਨਾਮ ਹੀ ਸਰਵਣ ਸਿੰਘ ਘੋਟਣਾ ਪੈ ਗਿਆ। ਇੱਕ ਥਾਣੇਦਾਰ ਤਿੰਨ ਚਾਰ ਕੜੇ ਪਾ ਕੇ ਰੱਖਦਾ ਸੀ, ਉਸ ਦਾ ਨਾਮ ਰਾਮ ਸਿੰਘ ਕੜਿਆਂ ਵਾਲਾ ਪੈ ਗਿਆ। ਇੱਕ ਥਾਣੇਦਾਰ ਬਦਮਾਸ਼ਾਂ ਨੂੰ ਘੱਗਰੀ ਪਾ ਕੇ ਨਚਾਉਂਦਾ ਹੁੰਦਾ ਸੀ, ਉਸ ਦਾ ਨਾਮ ਗੁਰਨਾਮ ਸਿੰਘ ਘਗਰੀ ਵਾਲਾ ਪੈ ਗਿਆ। ਮੁਲਜ਼ਮਾਂ ਨੂੰ ਬੇਤਹਾਸ਼ਾ ਕੱੁਟਣ ਕਾਰਨ ਥਾਣੇਦਾਰ ਬਲਦੇਵ ਸਿੰਘ, ਝੋਟੇਕੁੱਟ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ। ਇੱਕ ਥਾਣੇਦਾਰ ਕਿਤੇ ਬੈਠਾ ਬੈਠਾ ਫੜ੍ਹ ਮਾਰ ਬੈਠਾ ਕਿ ਮੈਂ ਮੁਕਾਬਲੇ ਦੌਰਾਨ ਰਿਵਾਲਵਰ ਦਾ ਬਰਸਟ ਮਾਰਿਆ, ਜਦ ਕਿ ਰਿਵਾਲਵਰ ‘ਕੱਲੀ ‘ਕੱਲੀ ਗੋਲੀ ਚਲਾਉਂਦਾ ਹੈ। ਉਸ ਦਾ ਨਾਮ ਰਮੇਸ਼ ਬਰਸਟ ਪੈ ਗਿਆ।
ਸੁਖਦੇਵ ਸਿੰਘ ਥਾਣੇਦਾਰ ਬੇਤਹਾਸ਼ਾ ਰਿਸ਼ਵਤਖੋਰ ਸੀ। ਉਸ ਦਾ ਨਾਮ ਗੰਦ ਖਾਣਾ ਪੈ ਗਿਆ। ਇੱਕ ਵਾਰ ਉਸ ਦੀ ਘਰ ਵਾਲੀ ਉਸ ਨੂੰ ਮਿਲਣ ਲਈ ਥਾਣੇ ਆਈ। ਉਸ ਨੇ ਸੰਤਰੀ ਨੂੰ ਉਸ ਬਾਰੇ ਪੁੱਛਿਆ ਤਾਂ ਸੰਤਰੀ ਬੋਲਿਆ, “ਕਿਹੜਾ ਸੁਖਦੇਵ, ਗੰਦ?” ਪਤਨੀ ਸੁਖਦੇਵ ਦੇ ਗਲ ਪੈ ਗਈ ਕਿ ਸੰਤਰੀ ਤੈਨੂੰ ਗੰਦ ਕਹਿੰਦਾ ਹੈ। ਸੁਖਦੇਵ ਹੱਸ ਕੇ ਬੋਲਿਆ ਕਿ ਸ਼ੁਕਰ ਕਰ ਉਸ ਨੇ ਮੇਰਾ ਪੂਰਾ ਨਾਮ ਨਹੀਂ ਲਿਆ, ਮੈਨੂੰ ਤਾਂ ਲੋਕ ਗੰਦ ਖਾਣਾ ਕਹਿੰਦੇ ਹਨ। ਇਸੇ ਤਰਾਂ ਅੱਤਵਾਦ ਦੌਰਾਨ ਕਈ ਜਿਲ੍ਹੇ ਕੱਟਣ ਵਾਲੇ ਇੱਕ ਐਸ.ਐਸ.ਪੀ. ਨੂੰ ਖੱਬੇ ਹੱਥਾ ਹੋਣ ਕਾਰਨ ਅਜੇ ਤੱਕ ਖੱਬੂ ਕਿਹਾ ਜਾਂਦਾ ਹੈ। ਮਾਝੇ ਦੇ ਦੋ ਥਾਣੇਦਾਰ ਝੂਠ ਬੋਲਣ ਵਿੱਚ ਬਹੁਤ ਮਸ਼ਹੂਰ ਹਨ। ਇੱਕੋ ਨਾਮ ਹੋਣ ਕਾਰਨ ਉਹਨਾਂ ਨੂੰ ਵੱਡਾ ਤੇ ਛੋਟਾ ਝੂਠ ਕਹਿੰਦੇ ਹਨ। ਮਾਝੇ ਵਿੱਚ ਤਾਇਨਾਤ ਮਲਵਈ ਥਾਣੇਦਾਰਾਂ ਨੂੰ ਬਾਈ ਤੇ ਮਝੈਲ ਥਾਣੇਦਾਰਾਂ ਨੂੰ ਮਾਲਵੇ ਵਿੱਚ ਭਾਊ ਕਿਹਾ ਜਾਂਦਾ ਹੈ। ਮਾਲਵੇ ਦੇ ਇੱਕ ਸਾਬਕਾ ਅੇੈਸ.ਐਸ.ਪੀ. ਨੂੰ ਮੁਲਾਜ਼ਮਾਂ ਦੇ ਬਹੁਤ ਜਿਆਦਾ ਗਲ ਪੈਣ ਕਾਰਨ ਵੱਢ੍ਹ ਖਾਣਾ ਕਹਿੰਦੇ ਸਨ। ਇੱਕ ਇੰਸਪੈਕਟਰ ਬਾਰੇ ਮਸ਼ਹੂਰ ਸੀ ਕਿ ਉਹ ਰਿਸ਼ਵਤ ਦੇ ਪੈਸੇ ਘੜੇ ਵਿੱਚ ਲੁਕਾ ਕੇ ਰੱਖਦਾ ਸੀ, ਉਸ ਦਾ ਨਾਮ ਮਹਿੰਦਰ ਘੜਾ ਪੈ ਗਿਆ। ਡਿਊਟੀ ਵੇਲੇ ਨੰਬਰ ਬਣਾਉਣ ਲਈ ਅਫਸਰਾਂ ਦੇ ਅੱਗੇ ਅੱਗੇ ਭੁੜਕਣ ਕਾਰਨ ਸੁਖਦੇਵ ਨੂੰ ਸੁਖਦੇਵ ਚਿੜਾ ਕਹਿਣ ਲੱਗ ਪਏ। ਹਰਿੰਦਰਜੀਤ ਸਿੰਘ ਸਾਰੀ ਉਮਰ ਨਾ ਕਿਸੇ ਨਾਲ ਚੰਗੀ ਤਰਾਂ ਬੋਲਿਆ ਤੇ ਨਾ ਕਿਸੇ ਦਾ ਕੰਮ ਕੀਤਾ। ਉਸ ਨੂੰ ਸਾਰੇ ਖੁਸ਼ਕੀ ਦੇ ਨਾਮ ਨਾਲ ਜਾਣਦੇ ਹਨ।
ਇਸ ਤੋਂ ਇਲਾਵਾ ਜੱਸੀ ਭਲਵਾਨ, ਸਰਬਜੀਤ ਟੋਕਾ, ਗੁਰਦੇਵ ਚਿੱਕੜ, ਤਰਲੋਕ ਟਾਂਗਾ, ਗੁਰਪ੍ਰੀਤ ਅਮਲੀ, ਕਰਤਾਰ ਕੁੱਬਾ, ਦਰਸ਼ਨ ਘੋੜੀ, ਬਲਕਾਰ ਗਾਡਰ, ਹਰਨਾਮ ਬੱੁਚੜ, ਜੈਬਾ ਯੱਬ, ਕੇਵਲ ਕੁੜਿੱਕੀ, ਸਵਰਨ ਪਰੌਂਠਾ, ਦਰਸ਼ਨ ਹਨੇਰੀ, ਰਛਪਾਲ 49-51, ਸੰਤਾ ਟਾਂਗਾ, ਗੁਰਨਾਮ ਜਹਾਜ਼, ਜੋਗਿੰਦਰ ਖੇਸੀ, ਚਰਨਾ ਜੁਗਾੜੀ, ਬਲਵਿੰਦਰ ‘ਕੱਤੀ ਬੱਤੀ, ਹਰਨਾਮ ਗੱਡਾ ਅਤੇ ਗੁਰਚਰਨ ਟਿਪ ਟਾਪ ਆਦਿ ਕਈ ਨਾਮ ਮਸ਼ਹੂਰ ਹਨ। ਜਿਹੜੀ ਅੱਲ ਨਾਮ ਨਾਲ ਇੱਕ ਵਾਰ ਚੰਬੜ ਜਾਵੇ, ਜੋ ਮਰਜ਼ੀ ਕਰ ਲਵੋ ਉਹ ਦੁਬਾਰਾ ਨਹੀਂ ਲੱਥਦੀ। ਤੁਸੀਂ ਜਿੰਨਾ ਵੀ ਗੁੱਸਾ ਕਰੋਗੇ, ਲੋਕ ਚਿੜਾਉਣ ਲਈ ਉਨਾ ਹੀ ਜਿਆਦਾ ਤੁਹਾਡਾ ਪੁੱਠਾ ਨਾਮ ਲੈਣਗੇ। ਕਈ ਬੰਦੇ ਤਾਂ ਅਜਿਹੇ ਹਨ ਜਿਹਨਾਂ ਦਾ ਅਸਲੀ ਨਾਮ ਹੀ ਲੋਕ ਭੁੱਲ ਗਏ ਹਨ, ਸਿਰਫ ਅੱਲ ਤੋਂ ਉਹਨਾਂ ਦੀ ਪਹਿਚਾਣ ਹੁੰਦੀ ਹੈ। ਪਰ ਵੇਖਣ ਵਿੱਚ ਆਇਆ ਹੈ ਕਿ ਸਿਰਫ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਅਫਸਰਾਂ ਦੇ ਹੀ ਪੁੱਠੇ ਨਾਮ ਧਰੇ ਜਾਂਦੇ ਹਨ। ਮੈਂ ਇੱਕ ਅਜਿਹੇ ਨੌਜਵਾਨ ਅਫਸਰ ਨਾਲ ਕੰਮ ਕੀਤਾ ਹੈ ਜੋ ਸਿਪਾਹੀ ਨੂੰ ਵੀ ਸਾਹਿਬ ਕਹਿ ਕੇ ਪੁਕਾਰਦਾ ਹੈ। ਅਜਿਹੇ ਵਧੀਆ ਅਫਸਰ ਦਾ ਪੱੁਠਾ ਨਾਮ ਰੱਖਣ ਬਾਰੇ ਕੋਈ ਸੋਚ ਵੀ ਨਹੀਂ ਸਕਦਾ। (ਸਾਰੇ ਨਾਮ ਕਾਲਪਨਿਕ ਹਨ)
-
ਬਲਰਾਜ ਸਿੰਘ ਸਿੱਧੂ, ਐੱਸ.ਪੀ ਪੰਜਾਬ ਪੁਲਿਸ
bssidhupps@gmail.com
9501100062
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.