ਚੜ੍ਹਦੀ ਉਮਰੇ ਜਦੋਂ ਜਸਵੰਤ ਸਿੰਘ ਕੰਵਲ ਹੁਰਾਂ ਨੇ ਮੇਰੇ ਇੱਕ ਪੱਤਰ ਦਾ ਜਵਾਬ ਦਿੱਤਾ ਸੀ ਤਾਂ ਮੇਰੇ ਲਈ ਇਹ ਗੱਲ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ ਸੀ ।ਉਦੋਂ ਦਾ ਪੱਤਰ ਮੇਰੇ ਕੋਲ ਅੱਜ ਵੀ ਸਾਂਭਿਆ ਪਿਆ ਹੈ ਜੋ ਕਿ ਸਾਂਝਾ ਕਰ ਰਿਹਾ ਹਾਂ । ਇਹ ਵੱਖਰੀ ਗੱਲ ਹੈ ਕਿ ਜਦੋਂ ਬਾਅਦ ਵਿੱਚ ਰਘਬੀਰ ਢੰਡ ਦੀ ਕਹਾਣੀਆਂ ਦੀ ਕਿਤਾਬ 'ਕੁਰਸੀ' ਪੜ੍ਹੀ ਤਾਂ ਮਹਿਸੂਸ ਹੋਇਆ ਕਿ ਕੰਵਲ ਸਮੇਤ ਪਹਿਲਾਂ ਪੜ੍ਹੇ ਬਹੁਤੇ ਵੱਡੇ ਪੰਜਾਬੀ ਲੇਖਕਾਂ ਦੀਆਂ ਲਿਖਤਾਂ ਵੀ ਪੇਤਲੀਆਂ ਸਨ ।
ਫਿਰ ਇਹ ਵੀ ਗੱਲ ਦਿਮਾਗ ਵਿੱਚ ਆਈ ਕਿ ਰਘਬੀਰ ਢੰਡ ਦੀਆਂ ਕਹਾਣੀਆਂ ਅਧਿਆਪਕਾਂ ਨੇ ਪੜ੍ਹਾਈਆਂ ਤੇ ਸਮਝਾਈਆਂ ਜਦਕਿ ਜਸਵੰਤ ਸਿੰਘ ਕੰਵਲ ਦੇ ਨਾਵਲ ਸ਼ੌਕ ਨਾਲ ਮਿੱਤਰਾਂ ਦੋਸਤਾਂ ਤੋਂ ਲੈ ਕੇ ਤੇ ਖਰੀਦ ਕੇ ਪਾਣੀ ਦਾ ਗਲਾਸ ਇੱਕੋ ਡੀਕ ਵਿੱਚ ਪੀਣ ਵਾਂਗ ਪੜ੍ਹੇ ਸਨ ।
ਅੱਜ ਜਦੋਂ ਜਸਵੰਤ ਸਿੰਘ ਕੰਵਲ ਹੋਰਾਂ ਦੇ ਸੌਵੇਂ ਜਨਮ ਦਿਨ 'ਤੇ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਲੇਖਣੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਉਨ੍ਹਾਂ ਦੇ ਆਲੋਚਕ ਦੋ ਤਿੰਨ ਗੱਲਾਂ 'ਤੇ ਆਲੋਚਨਾ ਕਰ ਰਹੇ ਹਨ ;ਇੱਕ ਉਨ੍ਹਾਂ ਦੀ ਧੀ ਦੀ ਮੌਤ ਬਾਰੇ , ਦੂਜਾ ਉਨ੍ਹਾਂ ਵੱਲੋਂ ਖਾੜਕੂਵਾਦ ਦੇ ਪੱਖ ਵਿੱਚ ਖੜ੍ਹਨ ਬਾਰੇ ਤੇ ਤੀਜਾ ਉਨ੍ਹਾਂ ਦੇ ਵਪਾਰਕ ਉਦੇਸ਼ਾਂ ਜਾਂ ਪਹੁੰਚ ਬਾਰੇ ।ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਇਹ ਤਿੰਨੋਂ ਗੱਲਾਂ ਅਣਗੌਲਿਆਂ ਕਰਨ ਯੋਗ ਹਨ ।
ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਆਮਦ ਬਾਰੇ ਅਸੀਂ ਸਭ ਤੋਂ ਪਹਿਲਾਂ ਇੱਕ ਸੈਮੀਨਾਰ ਕਰਵਾਇਆ ਸੀ ਜਿਸ ਵਿੱਚ ਕੰਵਲ ਸਾਹਿਬ ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਆਮਦ ਦੇ ਖਿਲਾਫ ਬੋਲੇ ਸਨ ਤੇ ਉਸ ਤੋਂ ਬਾਅਦ ਉਨ੍ਹਾਂ ਹੋਰ ਕਈ ਥਾਵਾਂ ਤੇ ਆਪਣੇ ਵਿਚਾਰ ਰੱਖੇ ਸਨ ।ਅਸੀਂ ਇਸ ਮੁੱਦੇ ਤੇ ਉਨ੍ਹਾਂ ਨਾਲ ਸਹਿਮਤ ਨਹੀਂ ਸਾਂ ਪਰ ਉਨ੍ਹਾਂ ਦਾ ਤਰਕ ਸੀ ਕਿ ਜੇਕਰ ਕੁਝ ਰਾਜਾਂ ਵਿੱਚ ਹੋਰ ਰਾਜਾਂ ਦੇ ਲੋਕ ਆ ਕੇ ਜ਼ਮੀਨ ਨਹੀਂ ਖਰੀਦ ਸਕਦੇ ਤਾਂ ਪੰਜਾਬ ਵਿੱਚ ਇਹੋ ਜਿਹਾ ਕਾਨੂੰਨ ਕਿਉਂ ਨਹੀਂ ਬਣ ਸਕਦਾ ਤੇ ਸਥਾਨਕ ਲੋਕਾਂ ਨੂੰ ਰੁਜ਼ਗਾਰ ਵਿੱਚ ਪਹਿਲ ਪੰਜਾਬ ਵਿੱਚ ਕਿਉਂ ਨਾ ਮਿਲੇ ।
ਕੁਝ ਕੁ ਲੋਕਾਂ ਨੂੰ ਹੀ ਪਤਾ ਹੋਵੇਗਾ ਕਿ ਮਰਹੂਮ ਸ਼ਾਇਰ ਡਾਕਟਰ ਜਗਤਾਰ ਸਾਹਿਬ ਵੀ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਦੇ ਬਹੁਤ ਖਿਲਾਫ਼ ਸਨ ।ਉਹ ਪ੍ਰਵਾਸੀ ਮਜ਼ਦੂਰਾਂ ਬਾਰੇ ਕੰਵਲ ਸਾਹਿਬ ਨਾਲੋਂ ਵੀ ਜ਼ਿਆਦਾ ਵਿਰੋਧੀ ਵਿਚਾਰ ਰੱਖਦੇ ਸਨ ।ਇਹ ਗਲ ਵੱਖਰੀ ਹੈ ਕਿ ਉਹ ਜ਼ਿਆਦਾ ਜਨਤਕ ਨਹੀਂ ਹੋਏ ।
ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਦੇ ਕਤਲ 'ਤੇ ਕੰਵਲ ਸਾਹਿਬ ਦੀ ਟਿੱਪਣੀ ਸੀ , " ਮੁੰਡਿਓ ਤੁਸੀਂ ਲੋਕਾਂ ਦਾ ਅਸਲ ਹੀਰੋ ਮਾਰ ਦਿੱਤਾ ਹੈ ਇਹ ਤੁਹਾਡੀ ਇਤਿਹਾਸਕ ਗਲਤੀ ਹੈ ।" ਜੇਕਰ ਕਮਲ ਸਾਹਿਬ ਅੱਤਵਾਦੀਆਂ /ਖਾੜਕੂਆਂ ਦੇ ਜ਼ਿਆਦਾ ਸਮਰਥਕ ਹੁੰਦੇ ਤਾਂ ਉਹ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਬਾਰੇ ਅਜਿਹੀ ਸਤਿਕਾਰ ਭਰੀ ਟਿੱਪਣੀ ਨਾ ਕਰਦੇ ।
ਅਸਲ ਵਿੱਚ ਕੰਵਲ ਸਾਹਿਬ ਦੀ ਮਕਬੂਲੀਅਤ ਨੂੰ ਥੋੜ੍ਹਾ ਜਿਹਾ ਫ਼ਰਕ ਉਦੋਂ ਪਿਆ ਜਦੋਂ ਜਲੰਧਰ ਤੋਂ ਛਪਦੇ ਇੱਕ ਪ੍ਰਮੁੱਖ ਪੰਜਾਬੀ ਅਖਬਾਰ ਨੇ ਰਾਜਸੀ ਕਾਰਨਾਂ ਦੇ ਚੱਲਦਿਆਂ ਉਨ੍ਹਾਂ ਨੂੰ ਛਾਪਣਾ ਬੰਦ ਕਰ ਦਿੱਤਾ ਸੀ ।ਨਹੀਂ ਤਾਂ ਸ਼ਾਇਦ ਕੰਵਲ ਲੋਕਾਂ ਦਾ ਮਹਿਬੂਬ ਲੇਖਕ ਹੋਣ ਦੇ ਨਾਲ ਨਾਲ ਮਹਿਬੂਬ ਨੇਤਾ ਵੀ ਹੁੰਦਾ।
ਪਰਵਿੰਦਰ ਸਿੰਘ ਕਿੱਤਣਾ
98143 13162
-
ਪਰਵਿੰਦਰ ਸਿੰਘ ਕਿੱਤਣਾ, ਲੇਖਕ
*********
98143 13162
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.