ਛੜਾ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਵੇਲੇ ਤੋਂ ਹੀ ਪੰਜਾਬੀ ਦੀ ਇਹ ਕਹਾਵਤ ਮੇਰੇ ਮਨ ਵਿਚ ਘੁੰਮਣ ਲੱਗੀ ਸੀ। ਮੇਰਾ ਨਿਸ਼ਚਾ ਹੀ ਸੀ ਕਿ ਪੰਜਾਬੀ ਸਿਨਮੇ ਵਿਚ ਇਹ ਫ਼ਿਲਮੀ ਵਿਸ਼ਾ ਨਵਾਂ ਹੋਣ ਦੇ ਬਾਵਯੂਦ ਵੀ ਕੋਈ ਨਵੀਂ ਦਿਸ਼ਾ ਵਿਆਹ ਵਰਗੇ ਸਮਾਜਿਕ ਬੰਧਨ ਲਈ ਨਹੀਂ ਸੁਝਾਅ ਸਕੇਗਾ। ਸੋ, ਇਸੇ ਤਰ੍ਹਾਂ ਹੋਇਆ ਵੀ, 21 ਜੂਨ ਨੂੰ ਫ਼ਿਲਮ ਦੇਖ ਕੇ ਮੈਨੂੰ ਏਸ ਕਹਾਵਤ ਵਿੱਚ ਅਤੇ ਆਪਣੇ ਨ਼ਿਸ਼ਚੇ ਵਿਚ ਹੋਰ ਪਕਿਆਈ ਮਹਿਸੂਸ ਹੋਈ।
ਏਥੇ ਇਹ ਗੱਲ ਵੀ ਅਹਿਮ ਹੈ ਕਿ ਸਮਕਾਲੀ ਪੰਜਾਬੀ ਸਿਨਮੇ ਦੀ ਸਾਰਥਕਤਾ ਬਿਲਕੁਲ ਜ਼ੀਰੋ ਹੀ ਹੈ ਵਿਸ਼ੇ ਭਾਂਵੇ ਨਿੱਤ ਨਵੇਂ ਹੋਣ।
ਇਸ ਫ਼ਿਲਮ ਦਾ ਵਿਸ਼ਾ ਰਿਸ਼ਤਾ ਨਾ ਹੋਣ ਕਰਕੇ ਛੜੇ ਰਹਿ ਰਹੇ ਵਿਅਕਤੀ ਦੀ ਜ਼ਿੰਦਗੀ ਪ੍ਰਗਟਾਉਣ ਨਾਲ ਜੁੜਿਆ ਹੈ। ਫ਼ਿਲਮ ਦੇ ਅੱਧ ਤੱਕ ਦਰਸ਼ਕ ਨੂੰ ਇਸੇ ਧਾਰਨਾ ਨਾਲ ਜੋੜਿਆ ਗਿਆ ਹੈ ਕਿ ਵਿਆਹ ਕੋਈ ਵੱਡੀ ਪ੍ਰਾਪਤੀ ਨਹੀਂ ਪਰ ਇੰਟਰਵਲ ਤੋਂ ਬਾਅਦ ਪਾਤਰਾਂ ਦਾ ਸਾਰਾ ਜ਼ੋਰ ਵਿਆਹ ਦੇ ਜ਼ਰੂਰੀ ਹੋਣ ਤੇ ਲਵਾਇਆ ਗਿਆ ਹੈ। ਦਰਅਸਲ ਇਹ ਫ਼ਿਲਮ ਇੱਕ ਲਿੱਪੀ ਪੋਚੀ ਕਾਮੇਡੀ ਮਾਤਰ ਹੀ ਹੈ।
ਇਸਦੇ ਉਲਟ ਸਾਡੇ ਸਮਾਜ ਦੀ ਤ੍ਰਾਸਦੀ ਹੈ ਕਿ ਏਥੇ ਵਿਆਹ ਬੰਧਨ ਧਾਰਮਿਕ ਬੰਧਨਾਂ ਨਾਲੋਂ ਵੀ ਵਧੇਰੇ ਖ਼ਤਰਨਾਕ ਜਾਪਦਾ ਹੈ। ਇਸ ਤੋਂ ਵੀ ਦਿਲਚਸਪ ਗੱਲ ਕਿ ਧਰਮ ਵਿਚ ਤਾਂ ਬਦਲ ਵੀ ਸੰਭਵ ਹੈ ਜਦਕਿ ਵਿਆਹ ਤਾਂ ਜਿਉਂਦੇ ਰਹਿਣ ਦੀ ਜਿਵੇਂ ਵੱਡੀ ਸ਼ਰਤ ਹੀ ਹੋ ਗਈ ਹੈ। ਵਿਆਹ ਨਾ ਕਰਵਾ ਰਿਹਾ ਵਿਅਕਤੀ ਸਮਾਜ ਨੂੰ ਕਿਸੇ ਨਾ ਕਿਸੇ ਖੋਟ ਦਾ ਧਾਰਨੀ ਹੀ ਲੱਗਦਾ ਹੈ। ਇਹ ਵਿਆਹ ਨਾਲ ਜੁੜੀਆਂ ਹੋਈਆਂ ਅਹਿਮ ਧਾਰਨਾਵਾਂ ਅਤੇ ਮੁੱਦੇ ਹਨ ਜਿਹਨਾਂ ਬਾਰੇ ਨਿਰਦੇਸ਼ਕ ਨੇ ਕੋਈ ਕਿੰਤੂ ਪਰੰਤੂ ਛੋਹਿਆ ਤੱਕ ਵੀ ਨਹੀਂ (ਸਿਰਫ਼ ਇੱਕ ਸੰਵਾਦ ਨੂੰ ਛੱਡ ਕੇ ਜੋ ਸਮਲਿੰਗੀ ਵਿਆਹਾਂ ਪ੍ਰਤੀ ਸੰਕੇਤ ਹੈ)। ਖੈਰ, ਫ਼ਿਲਮ ਵਿਚ ਕਿੰਨੀ ਵੀ ਕਾਮੇਡੀ ਸ਼ਾਮਿਲ ਕੀਤੀ ਗਈ ਹੈ ਇਸਦੇ ਬਾਵਜੂਦ ਵੀ ਇਹ ਵਾਰ-ਵਾਰ ਦੇਖਣ ਲਈ ਉਤਸੁਕ ਨਹੀਂ ਕਰਦੀ ਅਤੇ ਦਾਅਵੇ ਨਾਲ ਇਹ ਬਹੁਗਿਣਤੀ ਪੰਜਾਬੀ ਫ਼ਿਲਮਾਂ ਦੀ ਤਰ੍ਹਾਂ ਵੰਨ ਟਾਇਮ ਵਾਚ ਏਥੋਂ ਤੱਕ ਕਿ ਡੰਗ ਟਪਾਊ ਹੈ।
ਫ਼ਿਲਮ ਦੇ ਸੰਵਾਦ ਜਿਵੇਂ ਕਿ
1.ਬੰਦੇ ਨੂੰ ਬੁੜੀ ਦੀ ਓਨੀ ਹੀ ਜ਼ਰੂਰਤ ਹੈ ਜਿੰਨੀ ਕਿ ਡੱਡੂ ਨੂੰ ਰਜਾਈ ਦੀ'
2.ਬਰਾਬਰਤਾ ਦੀ ਕੀ ਗੱਲ ਕਰਨੀ ਹੈ, ਕੀ ਮੋਢੇ ਜੋੜੀਏ ਇਹਨਾਂ ਨਾਲ, ਇਹ ਤਾਂ ਬਹੁਤ 'ਗਾਂਹ ਟੱਪੀਆਂ ਹੋਈਆਂ ਨੇ।
3. ਘਰੇ ਪਤਲੀ ਤੇ ਬਾਹਰ ਸੰਘਣੀ ਤੇ ਨਾਂ ਮੇਰਾ ਮੇਲੋ ਆਦਿ ਵਰਗੇ ਸੰਵਾਦ ਅਤੇ ਫ਼ਿਲਮ ਦੀ ਕਹਾਣੀ ਨੂੰ ਨਜਾਇਜ਼ ਖਿੱਚਣ ਲਈ ਰਿਸ਼ਤਿਆਂ ਦੀ ਬੇਅਦਬੀ ਸਿਖਾਉੰਦੇ ਲਫ਼ਜ਼ (ਜਿਵੇਂ ਸੱਸ ਲਈ ਸ਼ਬਦ ਨੌਨਸੈੰਸ ਮੰਮੀ ਵਰਤਣਾ) ਅਤੇ ਆਪਣੇ ਬਜ਼ੁਰਗਾਂ ਦੇ ਅੱਗੇ ਬੋਲਣ ਵਰਗੀਆਂ ਹੋਸ਼ੀਆਂ ਹਰਕਤਾਂ ਤੋਂ ਸਮਾਜ ਨੂੰ ਕੀ ਸੇਧ ਮਿਲੇਗੀ ਇਸਦਾ ਅੰਦਾਜ਼ਾ ਤਾਂ ਤੁਸੀਂ ਆਪ ਲਗਾ ਹੀ ਸਕਦੇ ਹੋ। ਗੌਰ ਕਰਨਯੋਗ ਹੈ ਕਿ ਧੜਾ ਧੜ ਰਿਲੀਜ਼ ਹੋ ਰਹੀਆਂ ਇਹਨਾਂ ਫ਼ਿਲਮਾਂ ਦੇ ਨਿਰਦੇਸ਼ਕਾਂ ਨੇ ਸਿਰਫ਼ ਤਕਨੀਕ ਵਿਕਸਿਤ ਕੀਤੀ ਹੈ ਜਿਸ ਨਾਲ ਚਾਰ ਗੀਤ, ਇੱਕ ਦੋ ਪ੍ਰੋਮੋਸ਼ਨਲ ਗੀਤ, ਕਾਮੇਡੀ ਅਤੇ ਕਹਾਣੀ ਜੋੜਨ ਨਾਲ ਮਹਿਜ਼ ਫ਼ਾਰਮੂਲਾ ਫ਼ਿਲਮਾਂ ਦਾ ਨਿਰਮਾਣ ਹੀ ਹੋਇਆ ਹੈ। ਇਸ ਤਰ੍ਹਾਂ ਦੀਆਂ ਕਹਾਣੀਆਂ ਤਾਂ ਹਾਈਪਰ ਰਿਆਲਟੀ ਵਿਚ ਵੀ ਗਿਣੀਆਂ ਨਹੀਂ ਜਾ ਸਕਦੀਆਂ ਜਿਹਨਾਂ ਨੂੰ ਪੰਜਾਬੀ ਨਿਰਦੇਸ਼ਕ ਪੰਜਾਬੀ ਸਿਨੇਮਾ ਲਈ ਨਵੇਂ ਵਿਸ਼ੇ ਦਾ ਪੜੇਥਣ ਲਾ ਕੇ ਆਪਣੀਆਂ ਹੀ ਰੋਟੀਆਂ ਸੇਕਣ ਲੱਗੇ ਹੋਏ ਹਨ। ਦਿਲਚਸਪ ਗੱਲ ਤਾਂ ਇਹ ਵੀ ਹੈ ਕਿ ਸਾਡੀਆਂ ਫ਼ਿਲਮਾਂ ਵਿੱਚ ਪਹਿਲਾਂ ਹੀ ਸਪੱਸ਼ਟ ਹੁੰਦਾ ਹੈ ਕਿ ਨਾਇਕ ਨੇ ਨਾਇਕਾ ਨੂੰ ਜਾਂ ਨਾਇਕਾ ਨੇ ਨਾਇਕ ਨੂੰ ਮਿਲਣਾ ਹੀ ਹੈ। ਸੋ, ਹੈਪੀ ਐਡੀਟਿੰਗ ਦਾ ਸੰਕਲਪ ਲੈਂਦਿਆਂ ਇਸ ਫ਼ਿਲਮ ਜ਼ਰੀਏ ਵੀ ਨਿਰਦੇਸ਼ਕ ਵਿਆਹ ਵਰਗੀ ਸੰਸਥਾ ਲਈ ਕੋਈ ਠੋਸ ਹੱਲ ਅਖੌਤੀ ਭਾਰਤੀ ਸਿਸਟਮ ਅੱਗੇ ਪੇਸ਼ ਕਰਨ ਤੋਂ ਕੋਰਾ ਅਸਮਰੱਥ ਰਿਹਾ ਹੈ। ਇਸ ਪ੍ਰਕਾਰ ਇਹ ਫ਼ਿਲਮ ਕੇਵਲ ਮਸਾਲਾ ਫ਼ਿਲਮ ਹੈ ਜਿਸਨੇ ਭਾਰਤੀ ਸਮਾਜ ਨੂੰ ਕੋਈ ਨਵੇਂ ਦ੍ਰਿਸ਼ਟੀਕੋਣ ਦੇਣ ਦੀ ਖੇਚਲ ਤੱਕ ਨਹੀਂ ਕੀਤੀ ਹੈ।
ਅੰਤ ਵਿਚ, ਇਸ ਗੱਲ ਦਾ ਅਫ਼ਸੋਸ ਰਹੇਗਾ ਕਿ ਇਸ ਫ਼ਿਲਮ ਜ਼ਰੀਏ ਜੂਨ ਦੀਆਂ ਛੁੱਟੀਆਂ 'ਚ ਫ਼ਿਲਮ ਚਲਾਉਣ ਦਾ ਜਿੰਨਾ ਲਾਹਾ ਨਿਰਦੇਸ਼ਕ ਨੇ ਲਿਆ ਹੈ ਉਸ ਤੋਂ ਵੱਧ ਭੋਲ਼ੀ ਜਨਤਾ ਇਸਨੂੰ ਆਪ ਮਨੋਰੰਜਿਤ ਹੋਣ ਦਾ ਸੁਭਾਗ ਮੰਨ ਰਹੀ ਹੈ। ਇਸ ਵਾਸਤੇ ਉਹਨਾਂ ਨੂੰ ਮੇਰੇ ਇਹ ਸ਼ਬਦ ਚੁਭਣਗੇ ਵੀ। ਸੰਖੇਪ ਵਿਚ ਮੇਰੀ ਅਜਿਹੇ ਸਮੂਹ ਨਿਰਦੇਸ਼ਕ ਵਰਗ ਨੂੰ ਸਲਾਹ ਹੈ ਕਿ ਪੈਸਿਆਂ ਦੀ ਖ਼ਾਤਰ ਭਵਿੱਖੀ ਪੀੜ੍ਹੀਆਂ ਦਾ ਵਪਾਰ ਨਾ ਕਰੋ, ਬੈਂਕ ਖ਼ਾਤਿਆਂ ਦੇ ਮਾਇਆ ਜਾਲ ਨੂੰ ਤਿਆਗ ਕੇ ਸਮਾਜ ਦੀ ਡੂੰਘਾਈ ਵੀ ਵਾਚ ਲਵੋ; ਮੇਰਾ ਯਕੀਨ ਹੈ ਜ਼ਿਆਦਾ ਵਧੀਆ ਕਹਾਣੀਆਂ ਲੱਭਣਗੀਆਂ।
-
ਖ਼ੁਸ਼ਮਿੰਦਰ ਕੌਰ , ਰਿਸਰਚ ਸਕਾਲਰ ਪੰਜਾਬੀ ਸਿਨਮਾ
khushminderludhiana@gmail.com
9878889217
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.