ਕੁਝ ਸਾਲ ਪਹਿਲਾਂ ਦੀ ਗੱਲ ਹੈ ਮੈਂ ਆਪਣੇ ਇੱਕ ਦੋਸਤ ਦੇ (ਹੁਸ਼ਿਆਰਪੁਰ ਜ਼ਿਲੇ 'ਚ )ਨਸ਼ਾ ਛੁਡਾਊ ਕੇਂਦਰ ਵਿੱਚ ਉਸ ਕੋਲ ਖੜ੍ਹਾ ਗੱਲਬਾਤ ਕਰ ਰਿਹਾ ਸੀ। ਉੱਥੇ ਦੋ ਨੌਜਵਾਨ ਆਉਂਦੇ ਹਨ ਉਨ੍ਹਾਂ ਚੋਂ ਇੱਕ ਪੁੱਛਦਾ ਹੈ ,"ਜੇਕਰ ਕੋਈ ਬੰਦਾ ਰੋਜ਼ ਦਾ ਇੱਕ ਪੱਤਾ ਯਾਨੀ ਦਸ ਗੋਲੀਆਂ ਜਾਂ ਕੈਪਸੂਲ ਖਾਂਦਾ ਹੋਵੇ ਤਾਂ ਕੀ ਤੁਸੀਂ ਉਸ ਦਾ ਇਲਾਜ ਕਰ ਸਕਦੇ ਹੋ ? " ਮੇਰੇ ਦੋਸਤ ਨੇ ਕਿਹਾ" 'ਹਾਂ" ਉਹ ਨੌਜਵਾਨ ਅੱਗੋਂ ਪੁੱਛਦਾ ਹੈ "ਜੇਕਰ ਵੀਹ ਖਾਂਦਾ ਹੋਵੇ ਫਿਰ ਵੀ ?"
ਮੇਰੇ ਦੋਸਤ ਨੇ ਕਿਹਾ " ਹਾਂ" ਜਦੋਂ ਉਸ ਨੌਜਵਾਨ ਨੇ ਕਿਹਾ " ਜੇਕਰ ਕੋਈ ਤੀਹ ਗੋਲੀਆਂ ਖਾਂਦਾ ਹੋਵੇ?"
ਮੇਰੇ ਦੋਸਤ ਵੱਲੋਂ 'ਹਾਂ' ਕਹਿਣ ਤੇ ਉਹ ਚਾਲੀ ਪੰਜਾਹ ਅਤੇ ਸੱਠ ਗੋਲੀਆਂ ਤੱਕ ਪਹੁੰਚਿਆ ਤਾਂ ਸਾਨੂੰ ਲੱਗਿਆ ਕਿ ਉਹ ਸਿਰਫ ਚੈੱਕ ਕਰਨ ਵਾਸਤੇ ਹੀ ਆਇਆ ਹੈ ਕਿ ਇੱਥੇ ਨਸ਼ਾ ਛੁਡਾਇਆ ਵੀ ਜਾਂਦਾ ਹੈ ਜਾਂ ਨਹੀਂ ।
ਫਿਰ ਉਹ ਨੌਜਵਾਨ ਕਹਿੰਦਾ ਹੈ "ਜੇਕਰ ਕੋਈ ਰੋਜ਼ ਦੀਆਂ ਸੱਤਰ ਗੋਲੀਆਂ ਖਾਂਦਾ ਹੋਵੇ ਤਾਂ ਕੀ ਤੁਸੀਂ ਉਸ ਨੂੰ ਦਾਖਲ ਕਰ ਲਓਗੇ?" ਮੇਰੇ ਦੋਸਤ ਨੇ ਫਿਰ ਕਿਹਾ " ਹਾਂ ਕਰ ਲਵਾਂਗੇ " ਫਿਰ ਉਹ ਨੌਜਵਾਨ ਕਹਿੰਦਾ ਹੈ " ਜੇਕਰ ਕੋਈ ਰੋਜ਼ ਦੀਆਂ 80 ਗੋਲੀਆਂ ਖਾਂਦਾ ਹੋਵੇ ਤਾਂ ਕੀ ਤੁਸੀਂ ਉਸ ਨੂੰ ਦਾਖਲ ਕਰ ਲਓਗੇ ?"
ਮੇਰੇ ਦੋਸਤ ਨੇ ਕਿਹਾ," ਹਾਂ ਅਸੀਂ ਦਾਖ਼ਲ ਕਰ ਲਵਾਂਗੇ ।"
ਉਹ ਨੌਜਵਾਨ ਬੋਲਿਆ, "ਭਾਅ ਜੀ ਮੈਨੂੰ ਹੁਣ ਹੀ ਦਖਲ ਕਰ ਲਓ , ਮੈਂ ਹੀ ਖਾਂਦਾ ਹਾਂ ਰੋਜ਼ ਦੇ 80 .....ਪਰ ਮੈਂ ਹੁਣ ਇਹ ਕੰਮ ਛੱਡਣਾ ਚਾਹੁੰਦਾ ਹਾਂ...।"
ਉਸ ਦੇ ਨਾਲ ਆਏ ਦੂਜੇ ਮੁੰਡੇ ਨੇ ਵੀ ਹਾਮੀ ਭਰੀ ਕਿ ਉਹ ਨੌਜਵਾਨ ਵਾਕਿਆ ਹੀ 80 ਗੋਲੀਆਂ/ਕੈਪਸੂਲ ਰੋਜ਼ ਖਾ ਲੈਂਦਾ ਸੀ । ਉਸ ਮੁੰਡੇ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕੀਤਾ ਪਰ ਉਹ ਇਲਾਜ ਵਿੱਚ ਹੀ ਛੱਡ ਕੇ ਦੌੜ ਗਿਆ ਸੀ ।
*****************
ਉੱਥੇ ਹੀ ਇੱਕ ਔਰਤ ਆਪਣੇ ਵੀਹ ਬਾਈ ਸਾਲਾਂ ਦੇ ਮੁੰਡੇ ਨੂੰ ਲੈ ਕੇ ਨਸ਼ਾ ਛੁਡਾਉਣ ਵਾਸਤੇ ਆਉਂਦੀ ਹੈ । ਗੱਲਬਾਤ ਦੌਰਾਨ ਮੈਂ ਉਸ ਔਰਤ ਨੂੰ ਕਹਿੰਦਾ ਹਾਂ ਕਿ ਤੁਸੀਂ ਪੁਲਸ ਨੂੰ ਜਾਂ ਪ੍ਰਸ਼ਾਸਨ ਨੂੰ ਸ਼ਿਕਾਇਤ ਕਿਉਂ ਨਹੀਂ ਕਰਦੇ ।ਉਹ ਕਹਿੰਦੀ ਹੈ ਕਿ ਸਾਰਿਆਂ ਨੂੰ ਸਭ ਪਤਾ ਕਿ ਕੌਣ ਕੌਣ ਵੇਚਦਾ ਹੈ ਕੋਈ ਕਾਰਵਾਈ ਨਹੀਂ ਕਰਦਾ ।
ਮੈਂ ਉਸ ਨੂੰ ਕਿਹਾ ਕਿ ਤੁਸੀਂ ਆਪਣੇ ਮੁੰਡੇ ਦੀ ਸੰਗਤ ਦਾ ਵੀ ਧਿਆਨ ਰੱਖੋ ਨਸ਼ਾ ਕਰਨ ਵਾਲੇ ਮੁੰਡਿਆਂ ਨਾਲ ਰਹਿਣ ਤੋਂ ਇਸ ਨੂੰ ਰੋਕੋ । ਉਹ ਔਰਤ ਕਹਿੰਦੀ ਹੈ,
" ਇਸ ਨੂੰ ਤਾਂ ਲਾਇਆ ਹੀ ਨਵਾਂ ਸ਼ਹਿਰ ਦੇ ਐਸ.ਡੀ.ਐਮ. ਦੇ ਮੁੰਡੇ ਨੇ ਹੈ। ਉਹ ਆਪ ਵੀ ਬਹੁਤ ਨਸ਼ੇ ਕਰਦਾ ਤੇ ਇਸ ਨੂੰ ਵੀ ਲਾ ਦਿੱਤਾ। ਕੁਝ ਹੋਰ ਮੁੰਡੇ ਵੀ ਲਾਏ ਹਨ ਉਸ ਨੇ ।ਸ਼ਿਕਾਇਤ ਦੱਸੋ ਕਿਸਨੂੰ ਕਰਨੀ ਹੈ ?"
*****************
ਇੱਕ ਵਾਰ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਨਸ਼ਾ ਛੁਡਾਊ ਕੈਂਪ ਲਗਾਇਆ ।ਸ੍ਰੀ ਕ੍ਰਿਸ਼ਨ ਕੁਮਾਰ ਨੇ ਕੁਝ ਨੌਜਵਾਨਾਂ ਦੀ ਵਿਥਿਆ ਸੁਣੀ ਤਾਂ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਕਿਹਾ ਕਿ ਇਹ ਮੁੰਡੇ ਜਿੱਥੇ ਜਿੱਥੋਂ ਨਸ਼ਾ ਖਰੀਦਦੇ ਹਨ ਉਨ੍ਹਾਂ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਜਾਵੇ। ਉਨ੍ਹਾਂ ਨੂੰ ਸਖਤੀ ਨਾਲ ਕਿਹਾ ਗਿਆ ਸੀ ਕਿ ਤੁਹਾਡੇ ਵੱਲੋਂ ਮਾਰੇ ਜਾਣ ਵਾਲੇ ਛਾਪੇ ਦੀ ਪਹਿਲਾਂ ਕਿਸੇ ਨੂੰ ਭਿਣਕ ਨਹੀਂ ਲੱਗਣੀ ਚਾਹੀਦੀ । ਦੱਸਦੇ ਹਨ ਕਿ ਰਸਤੇ ਵਿੱਚ ਸਿਹਤ ਵਿਭਾਗ ਦਾ ਇੱਕ ਕਰਮਚਾਰੀ ਪਿਸ਼ਾਬ ਕਰਨ ਦੇ ਬਹਾਨੇ ਗੱਡੀ ਵਿੱਚੋਂ ਉੱਤਰਦਾ ਹੈ ਫੋਨ 'ਤੇ ਗੱਲ ਕਰਦਾ ਹੈ। ਤੇ ਜਦੋਂ ਚੈਕਿੰਗ ਕਰਨ ਵਾਲੀ ਟੀਮ ਨਵਾਂ ਸ਼ਹਿਰ ਪਹੁੰਚਦੀ ਹੈ ਤਾਂ ਅੱਗੋਂ ਉਹ ਦੁਕਾਨਾਂ ਦਿਨ ਵੇਲੇ ਹੀ ਬੰਦ ਮਿਲਦੀਆਂ ਹਨ ।
****************
ਇੱਕ ਵਾਰ ਨਵਾਂ ਸ਼ਹਿਰ ਦੇ ਇੱਕ ਉੱਘੇ ਪ੍ਰਾਈਵੇਟ ਹਸਪਤਾਲ ਦੇ ਕੋਲ ਇੱਕ ਸਕੂਟਰ ਸਵਾਰ ਦੇ ਵਿੱਚ ਕਾਰ ਵੱਜੀ ਤੇ ਉਹ ਡਿਗ ਪਿਆ ਤੇ ਉਸ ਦੇ ਸੱਟਾਂ ਲੱਗੀਆਂ ।ਅਸੀਂ ਉਸ ਨੂੰ ਹਸਪਤਾਲ ਪਹੁੰਚਾਉਣ ਲਈ ਕਾਫੀ ਕੋਸ਼ਿਸ਼ ਕੀਤੀ ਪਰ ਉਹ ਉੱਠਣ ਨੂੰ ਤਿਆਰ ਨਹੀਂ ਸੀ ਸਗੋਂ ਅੱਗੋਂ ਲੜੇ ਕਿ ਤੁਸੀਂ ਚਲੇ ਜਾਓ ਮੈਂ ਹਸਪਤਾਲ ਨਹੀਂ ਜਾਣਾ ਮੇਰੇ ਬੰਦੇ ਮੈਨੂੰ ਲੈਣ ਆ ਜਾਣਗੇ ।ਬਾਅਦ ਵਿੱਚ ਪਤਾ ਲੱਗਿਆ ਕਿ ਅਸਲ ਵਿੱਚ ਉਸ ਕੋਲ ਡੋਡੇ ਸਨ ਜਿਹੜੇ ਕਿ ਉਹ ਇੱਕ ਪੁਲੀਸ ਅਧਿਕਾਰੀ ਦੇ ਸੁਰੱਖਿਆ ਕਰਮਚਾਰੀਆਂ ਤੋਂ ਲੈ ਕੇ ਆਇਆ ਸੀ ।ਡੋਡਿਆਂ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਪਤਾ ਹੋਣਾ ਕਿ 2007-08 ਵਿੱਚ ਪੰਜਾਬ ਵਿੱਚ ਡੋਡਿਆਂ ਦੀ ਕਾਫੀ ਕਮੀ ਆਈ ਸੀ ।ਉਦੋਂ ਸਿਰਫ ਥਾਣਿਆਂ ਚੋਂ ਜਾਂ ਪੁਲਸ ਵਾਲਿਆਂ ਤੋਂ ਹੀ ਮਿਲਦੇ ਸਨ ।
***********
ਨਸ਼ਾ ਵੇਚਣ ਵਾਲਿਆਂ ਨੂੰ ਖੁੱਲ੍ਹ ਦੇਣ ਲਈ ਮਸ਼ਹੂਰ ਕਈ ਥਾਣੇਦਾਰ ਗੜ੍ਹਸ਼ੰਕਰ ਅਤੇ ਮਾਹਲਪਰ ਥਾਣਿਆਂ ਵਿੱਚ ਸਨ । ਉਹ ਕੁਝ ਸੱਤਾਧਾਰੀ ਰਾਜਸੀ ਆਗੂਆਂ ਦੀ ਸਿਫਾਰਿਸ਼ ਤੇ ਇੱਥੇ ਟਿਕੇ ਹੋਏ ਸਨ ।ਉਹ ਨਸ਼ਾ ਵੇਚਣ ਵਾਲਿਆਂ ਨੂੰ ਫੜਦੇ ਤੇ ਸ਼ਾਮ ਨੂੰ ਛੱਡ ਦਿੰਦੇ ।ਆਲੇ ਦੁਆਲੇ ਦੇ ਕੁਝ ਪਿੰਡਾਂ ਦੇ ਲੋਕਾਂ ਨੂੰ ਹੋਰ ਜ਼ਿਲਿਆਂ ਦੀ ਪੁਲਸ ਨਾਲ ਸੰਪਰਕ ਕਰਨਾ ਪਿਆ ਨਸ਼ਾ ਵੇਚਣ ਵਾਲਿਆਂ ਨੂੰ ਫੜਾਉਣ ਲਈ । ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਥਾਣੇਦਾਰਾਂ ਚੋਂ ਕਈ ਹਾਲੇ ਵੀ ਆਪਣੀਆਂ ਪਹਿਲੀਆਂ ਥਾਵਾਂ 'ਤੇ ਹੀ ਮੌਜੂਦ ਹਨ ।
-
ਪਰਵਿੰਦਰ ਸਿੰਘ ਕਿੱਤਣਾ, ਲੇਖਕ
*********
98143-13162
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.