ਵਿਸ਼ਵ ਭਰ ਵਿਚ ਭਾਰਤ ਦੀ ਰਾਜਧਾਨੀ ਦਿੱਲੀ ਇਕ ਵਾਰੀ ਫਿਰ ਆਪਣੀ ਅਣ-ਮਨੁੱਖੀ ਬਰਬਰਤਾ ਅਤੇ ਮਾਨਸਿਕਤਾ ਕਰਕੇ ਫਿਰ ਬੁਰੀ ਤਰ੍ਹਾਂ ਬਦਨਾਮ ਹੋਈ ਹੈ। ਇਸ ਦੀ ਪੁਲਿਸ ਦਾ ਔਰੰਗਜ਼ੇਬੀ ਚਿਹਰਾ ਇੱਕ ਵਾਰ ਫਿਰ ਬੇਨਕਾਬ ਹੋਇਆ ਹੈ। ਦਿੱਲੀ ਪੁਲਿਸ ਕਿਉਂਕਿ ਸਿੱਧੀ ਕੇਂਦਰੀ ਸਾਸ਼ਨ ਅਧੀਨ ਹੈ ਇਸ ਲਈ ਇਸ ਸਰਕਾਰ ਦੇ ਹੁਣੇ ਦੁਬਾਰਾ ਵੱਡੇ ਬਹੁਮੱਤ ਨਾਲ ਚੁਣੇ ਗਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਉਨ੍ਹਾਂ ਦੀ ਸਰਕਾਰ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮੱਥੇ 'ਤੇ ਇਹ ਅਣ-ਮਨੁੱਖੀ ਬਰਬਰਤਾ ਭਰਪੂਰ ਘਟਨਾ ਇੱਕ ਬਦਨੁੰਮਾ ਦਾਗ਼ ਸਾਬਤ ਹੋਈਆ ਹੈ।
ਇਸ ਘਟਨਾ ਅਧੀਨ ਭਾਰਤ ਵਿਚ ਰਹਿੰਦੀ ਘੱਟ-ਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਿਤ ਇੱਕ ਟੈਂਪੂ ਚਲਾਉਣ ਵਾਲੇ ਕਿਰਤੀ ਗੁਰਸਿੱਖ ਅਤੇ ਉਸ ਦੇ ਪੁੱਤਰ ਤੋਂ ਮਹੀਨਾ ਮੰਗਣ ਵਾਲੀ ਪੁਲਿਸ ਏਨੀ ਬੇਰਹਿਮੀ ਨਾਲ ਕੁੱਟ-ਮਾਰ ਕਰਦੀ ਹੈ, ਸੈਂਕੜੇ ਲੋਕਾਂ ਦੀ ਆਵਾਜਾਈ ਅਤੇ ਅੱਖਾਂ ਸਾਹਮਣੇ ਪਿਸਤੋਲ ਦੇ ਬੱਟ, ਠੁੱਡੇ ਮਾਰਦੀ, ਡਾਂਗਾਂ ਨਾਲ ਛੱਲੀਆਂ ਵਾਂਗ ਕੁਟੱਦੀ, ਬਦਨਾਮ ਦਿੱਲੀ ਦੀਆਂ ਬਦਨਾਮ ਸੜਕਾਂ 'ਤੇ ਘਸੀਟਦੀ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਵਲੋਂ ਬਖਸ਼ੀ ਪਗੜੀ ਨੂੰ ਪੈਰਾਂ ਵਿਚ ਰੋਲਦੀ ਥਾਣੇ ਲਿਜਾਂਦੀ ਹੈ ਜਿੱਥੇ ਫਿਰ ਪਿਉ-ਪੁੱਤ ਨੂੰ ਬਸਤੀਵਾਦੀ ਬ੍ਰਿਟਿਸ਼ਸ਼ਾਹੀ ਹੀ ਕੁਟਾਪਾ ਲਗਾਇਆ ਜਾਂਦਾ ਹੈ। ਇੱਥੇ ਹੀ ਬਸ ਨਹੀਂ ਉਲਟਾ ਉਸ 'ਤੇ ਪੁਲਿਸ ਮੁਲਾਜ਼ਮਾਂ 'ਤੇ ਆਪਣੀ ਗਾਤਰੇ ਵਾਲੀ ਛੋਟੀ ਸ੍ਰੀ ਸਾਹਿਬ ਨਾਲ ਹਮਲਾ ਕਰਨ ਅਤੇ ਹੋਰ ਦੋਸ਼ਾਂ ਅਧੀਨ ਮੁਕੱਦਮਾਂ ਦਰਜ਼ ਕੀਤਾ ਜਾਂਦਾ ਹੈ। ਹਰ ਭਾਰਤੀ ਨਾਲ 'ਮੰਨ ਕੀ ਬਾਤ' ਦਾ ਸੰਵਾਦ ਰਚਾਉਣ ਵਾਲਾ ਪ੍ਰਧਾਨ ਮੰਤਰੀ, ਸਰਕਾਰ ਅਤੇ ਗ੍ਰਹਿ ਮੰਤਰੀ ਮੂਕਦਰਸ਼ਕ ਬਣੇ ਰਹਿੰਦੇ ਹਨ ਇਹ ਸਤਰਾਂ ਲਿਖਣ ਵੇਲੇ ਤੱਕ।
ਸਥਾਨਿਕ ਸਿੱਖ ਆਗੂਆਂ, ਆਮ ਆਦਮੀ ਪਾਰਟੀ, ਇਸ ਦੇ ਦਿੱਲੀ ਵਿਚ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਆਦਿ ਦੇ ਦਬਾਅ ਹੇਠ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ 10-12 ਹਮਲਾਵਰ ਪੁਲਿਸ ਮੁਲਾਜ਼ਮਾਂ ਵਿਚੋਂ ਤਿੰਨ ਨੂੰ ਮੁਅੱਤਲ ਕੀਤਾ ਜਾਂਦਾ ਹੈ। ਫਿਰ ਹੋਰ ਦਬਾਅ ਕਰਕੇ ਵੱਖ-ਵੱਖ ਮਾਮੂਲੀ ਧਾਰਾਵਾਂ ਤਹਿਤ ਮੁਕੱਦਮਾਂ ਦਰਜ ਕੀਤਾ ਜਾਂਦਾ ਹੈ।
ਲੇਖਕ ਕੈਨੇਡਾ ਦੇ ਓਂਟਾਰੀਓ ਪ੍ਰਾਂਤ ਵਿਚ ਰਹਿੰਦਾ ਹੈ। ਉਸ ਨੂੰ ਸੋਸ਼ਲ ਮੀਡੀਆ ਰਾਹੀਂ ਵਟਸਅੱਪ 'ਤੇ ਭਾਰਤ ਅੰਦਰ ਦੋ ਸਿੱਖਾਂ 'ਤੇ ਹਮਲਿਆਂ ਸਬੰਧੀ ਅਤੇ ਇੱਕ ਆਂਧਰਾ ਪ੍ਰਦੇਸ਼ ਅੰਦਰ ਭਾਜਪਾ ਆਗੂ ਦੇ ਪੁੱਤਰ ਤੋਂ ਪੁਲਿਸ ਸਬ ਇੰਸਪੈਕਟਰ ਵਲੋਂ ਪੈਂਰੀ ਹੱਥ ਲਾ ਕੇ ਮੁਆਫ਼ੀ ਮੰਗਣ ਸਬੰਧੀ ਜਾਣਕਾਰੀਆਂ ਹਾਸਿਲ ਹੋਈਆਂ।
ਸਿੱਖ ਘੱਟ ਗਿਣਤੀਆਂ ਸੰਬਧਿਤ ਦੋ ਸਿੱਖ ਪਿਉ-ਪੁੱਤਰ ਕਿਰਤੀਆਂ ਸਬੰਧੀ ਇੱਕ ਨਾਮਵਰ ਰਾਸ਼ਟਰੀ ਹਿੰਦੀ ਅਖ਼ਬਾਰ 'ਦੈਨਿਕ ਭਾਸਕਰ' ਵਿਚ ਕੰਮ ਕਰ ਰਿਹਾ ਪੱਤਰਕਾਰ ਭੇਜ ਰਿਹਾ ਹੈ। ਇਹ ਵੀਡੀਓ ਐਡਿਟ ਕੀਤਾ ਹੋਇਆ ਹੈ ਜੋ ਵਿਸ਼ਵ ਅੰਦਰ ਪੁਲਿਸ ਦੀ ਦਰਿੰਦਗੀ ਦੇ ਤਾਂਡਵਨਾਚ ਨਾਲੋਂ ਭਿੰਨ ਹੈ। ਇਸ ਵੀਡੀਓ ਨਾਲ-ਨਾਲ ਅੰਗਰੇਜ਼ੀ ਵਿਚ ਕੈਪਸ਼ਨ ਦਿਤੇ ਗਏ ਹਨ। ਇਸ ਵਿਚ ਇਨ੍ਹਾਂ ਕਿਰਤੀ ਪਿਉ-ਪੁੱਤਰ ਨੂੰ ਅਪਰਾਧੀ ਉਵੇਂ ਹੀ ਦਰਸਾਇਆ ਹੈ ਜਿਵੇਂ ਦੇਸ਼ ਦੀ ਵੰਡ ਵੇਲੇ 10 ਲੱਖ ਬੇਗੁਨਾਹ ਲੋਕਾਂ ਦੇ ਕੱਤਲ-ਏ-ਆਮ, ਕਰੋੜਾਂ ਲੋਕਾ ਦੇ ਉਜਾੜੇ, ਬਰਬਾਦੀ, ਧੀਆਂ, ਭੈਣਾਂ, ਮਾਵਾਂ ਦੀ ਬੇਇਜ਼ਤੀ ਬਾਅਦ ਜਦੋਂ ਸਿੱਖ ਘੱਟ-ਗਿਣਤੀ ਭਾਈਚਾਰਾ ਭਾਰਤ ਵਿਚ ਆ ਵਸਿਆ ਤਾਂ ਗ੍ਰਹਿ ਮੰਤਰਾਲੇ ਵਲੋਂ ਇੱਕ ਪੱਤਰ ਜਾਰੀ ਕਰਕੇ ਉਸ ਨੂੰ ਅਪਰਾਧੀ ਕਿਸਮ ਦਾ ਭਾਈਚਾਰਾ ਦਰਸਾ ਕੇ ਉਸ 'ਤੇ ਕੜੀ ਨਜ਼ਰ ਦੇ ਹੁੱਕਮ ਦਿਤੇ ਗਏ।
ਇਸ ਵੀਡੀਓ ਅਨੁਸਾਰ ਸਿੱਖ ਸਰਬਜੀਤ ਸਿੰਘ ਨੂੰ ਪੁਲਿਸ ਨੂੰ ਧਮਕਾਉਂਦੇ ਦਰਸਾਇਆ ਹੈ। ਉਸ ਨੂੰ ਗ੍ਰਿਫ਼ਤਾਰ ਕਰਨ ਆਉਂਦੀ ਪੁਲਿਸ 'ਤੇ ਆਪਣੇ ਗਾਤਰੇ ਵਾਲੀ ਛੋਟੀ ਜਿਹੀ ਸ੍ਰੀ ਸਾਹਿਬ ਨਾਲ ਹਮਲਾ ਕਰਦਾ ਦਰਸਾਇਆ ਹੈ। ਉਸ ਨੂੰ ਪਕੜਦੀ ਪੁਲਿਸ 'ਤੇ ਉਸਦੇ ਪੁੱਤਰ ਵਲੋਂ ਟੈਂਪੂ ਚੜਾਉਂਦੇ ਦਰਸਾਇਆ ਹੈ। ਪੁਲਿਸ ਵਲੋਂ ਉਨ੍ਹਾਂ ਦੀ ਕੁੱਟ-ਮਾਰ ਅਤੇ ਗ੍ਰਿਫ਼ਤਾਰੀ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਸਿੱਖਾਂ ਨੂੰ ਪੁਲਿਸ ਵਾਲਿਆਂ 'ਤੇ ਹਮਲਾ ਕਰਦੇ ਦਰਸਾਇਆ ਗਿਆ ਹੈ। ਅਖੀਰ 'ਤੇ ਇਹ ਲਿਖਿਆ ਹੈ ਕਿ ਅਸੀਂ ਸਿੱਖਾਂ ਦਾ ਸਨਮਾਨ ਕਰਦੇ ਹਾਂ ਪਰ ਇੱਕ ਅਪਰਾਧੀ ਦੀ ਮਦਦ ਨਹੀਂ ਕਰ ਸਕਦੇ।
ਦੂਸਰਾ ਵੀਡੀਓ ਇੱਕ ਪ੍ਰਿੰਸੀਪਲ ਵਲੋਂ ਰਾਜਿਸਥਾਨ ਵਿਚ ਬੇਗੁਨਾਹ ਸਿੱਖਾਂ ਨੂੰ ਗੱਡੀਆਂ ਵਿਚੋਂ ਉਤਾਰ ਕੇ ਬੜੀ ਬੇਰਹਿਮੀ ਨਾਲ ਲੋਕਾਂ ਵਲੋਂ ਕੁੱਟਣ, ਜਖ਼ਮੀ ਅਤੇ ਬੇਹੋਸ਼ ਕਰਨ ਸਬੰਧੀ ਭੇਜਿਆ ਗਿਆ।
ਤੀਸਰਾ ਵੀਡੀਓ ਇੱਕ ਅਕਾਲੀ ਆਗੂ ਵਲੋਂ ਭੇਜਿਆ ਹੈ ਜਿਸ ਵਿਚ ਆਂਧਰਾ ਪ੍ਰਦੇਸ਼ ਵਿਚ ਇੱਕ ਪੁਲਿਸ ਸਬ-ਇੰਸਪੈਕਟਰ ਵਲੋਂ ਇੱਕ ਭਾਜਪਾ ਆਗੂ ਦੇ ਪੁੱਤਰ ਦੀ ਗੱਡੀ ਚੈੱਕ ਕਰਨ ਲਈ ਰੋਕਣ ਦੇ ਦੋਸ਼ ਵਿਚ ਉਸ ਨੂੰ ਧੱਕਾ-ਮੁੱਕੀ ਅਤੇ ਗਾਲ ਮੰਦਾ ਕਰਕੇ ਉਸ ਦੇ ਪੈਂਰੀ ਹੱਥ ਲਗਾ ਕੇ ਮੁਆਫ਼ੀ ਮੰਗਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਇਸ ਸਬੰਧੀ ਭਾਰਤੀ ਮੀਡੀਆ ਖ਼ਬਰ ਤੱਕ ਨਹੀਂ ਛਾਪਦਾ। ਸਾਰਾ ਇਲੈਕਟ੍ਰਾਂਨਿਕ ਮੀਡੀਆ ਗੁੰਮ ਗਿਆ ਲਗਦਾ ਹੈ। ਪੁਲਿਸ ਬਾਂਦੀ ਬਣੀ ਨਜ਼ਰ ਆਉਂਦੀ ਹੈ।
ਐਸੇ ਸੈਂਕੜੇ ਕੇਸ ਰੋਜ਼ਾਨਾ ਵਾਪਰ ਰਹੇ ਹਨ ਜਿੰਨਾਂ ਤੋਂ ਪਤਾ ਚਲਦਾ ਹੈ ਕਿ ਦੇਸ਼ ਇੱਕ ਬਹੁਤ ਹੀ ਖ਼ਤਰਨਾਕ ਦਿਸ਼ਾ ਵੱਲ ਵੱਧ ਰਿਹਾ ਹੈ।
ਅਜੋਕੇ ਭਾਰਤ ਦੇ ਰਾਜਨੀਤਕ ਆਗੂ ਅਤੇ ਰਾਜਨੀਤਕ ਪਾਰਟੀਆਂ, ਬਹੁਗਿਣਤੀ ਸਮਾਜ ਅਤੇ ਪ੍ਰਸਾਸ਼ਨ ਇਹ ਸਮਝ ਨਹੀਂ ਰਹੇ ਕਿ ਅਜੋਕਾ ਭਾਰਤ ਦੇਸ਼ ਅਤੇ ਹਿੰਦੂ ਧਰਮ ਇਸ ਗਲੋਬ 'ਤੇ ਨਾ ਹੁੰਦਾ ਜੇਕਰ ਸਿੱਖਾਂ ਦੇ ਨੌਵੇਂ ਗੁਰੂ ਦਿੱਲੀ ਦੇ ਚਾਂਦਨੀ ਚੌਂਕ ਵਿਚ ਹਿੰਦੂ ਧਰਮ ਅਤੇ ਧਾਰਮਿਕ ਅਜ਼ਾਦੀਆਂ ਲਈ ਆਪਣਾ ਸੀਸ ਨਾ ਦਿੰਦੇ, ਦਸਮ ਗੁਰੂ ਸਰਬੰਸ ਨਾ ਵਾਰਦੇ ਅਤੇ ਖਾਲਸਾ ਪੰਥ ਦੀ ਸਾਜਨਾ ਕਰਦੇ। ਲੇਕਿਨ ਨਸਲਘਾਤੀ ਘਲੂਘਾਰਿਆਂ ਜਿੰਨਾਂ ਵਿਚ ਮੁਗ਼ਲਕਾਲੀ ਛੋਟਾ ਅਤੇ ਵੱਡਾ ਘਲੂਘਾਰਾ, ਦੇਸ਼ ਦੀ ਵੰਡ ਵੇਲੇ ਘਲੂਘਾਰਾ, ਜੂਨ, 1984 ਵਿਚ ਨੀਲਾ ਤਾਰਾ ਸਾਕਾ ਘਲੂਘਾਰਾ, ਨਵੰਬਰ 84 ਘਲੂਘਾਰਾ, ਪੰਜਾਬ ਪੁਲਿਸ ਵਲੋਂ 10-12 ਸਾਲਾ ਅਤਿਵਾਦੀ ਤ੍ਰਾਸਦੀ ਸਮੇਂ 30-35 ਹਜ਼ਾਰ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਕੀਤਾ ਨਸਲਕੁਸ਼ੀ ਘਲੂਘਾਰਾ ਆਦਿ ਦੇ ਬਾਵਜੂਦ ਹੁਣ ਦਿੱਲੀ ਦੀਆਂ ਸਰਕਾਰਾਂ ਕਿਉਂ ਨਹੀਂ ਸਿੱਖਾਂ ਪ੍ਰਤੀ ਆਪਣੀ ਨਸਲਘਾਤੀ ਮਾਨਸਿਕਤਾ ਬਦਲ ਰਹੀਆਂ?
ਨਵੰਬਰ' 84 ਦੇ ਸਿੱਖ ਕੱਤਲ-ਏ-ਆਮ ਵਿਚ ਕਾਂਗਰਸ ਪਾਰਟੀ ਦੇ ਤੱਤਕਾਲੀ ਗੈਰ-ਸੰਵਿਧਾਨਿਕ ਤੌਰ 'ਤੇ ਬਣੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਕਾਂਗਰਸੀ ਕੇਂਦਰੀ ਮੰਤਰੀਆਂ, ਕੁੱਝ ਰਾਜਾਂ ਦੇ ਮੁੱਖ ਮੰਤਰੀਆਂ, ਦਿੱਲੀ ਦੇ ਉੱਪ ਰਾਜਪਾਲ, ਸਥਾਨਿਕ ਕਾਂਗਰਸ, ਭਾਜਪਾ ਅਤੇ ਹੋਰ ਪਾਰਟੀਆਂ ਦੇ ਸ਼ਾਮਿਲ ਆਗੂਆਂ, ਪੁਲਿਸ ਦੇ ਅਧਿਕਾਰੀਆਂ ਅਤੇ ਥਾਣਿਆਂ ਵਿਚ ਤਾਇਨਾਤ ਮੁਲਾਜ਼ਮਾਂ ਵਲੋਂ ਇਸ ਰਾਜਕੀ ਗੁਨਾਹ ਵਿਚ ਸ਼ਾਮਿਲ ਹੋਣ ਕਰਕੇ 'ਸਿੱਖ ਨਸਲਕੁਸ਼ੀ' ਜੁਰਸ ਹੇਠ ਕੇਸ ਚਲੇ ਹੁੰਦੇ ਤਾਂ ਅੱਜ ਬਹੁ-ਗਿਣਤੀ ਫਿਰਕੇ, ਆਗੂਆਂ, ਮੀਡੀਏ ਅਤੇ ਪੁਲਿਸ ਪ੍ਰਸਾਸ਼ਨ ਅੰਦਰ ਸਿੱਖ ਵਿਰੋਧੀ ਮਾਨਸਿਕਤਾ ਕਾਇਮ ਨਾ ਰਹਿੰਦੀ। ਨਾ ਹੀ ਹੁਣ ਪੁਲਿਸ ਪ੍ਰਸਾਸ਼ਨ, ਬਹੁਗਿਣਤੀ ਭਾਈਚਾਰਾ, ਵੱਖ-ਵੱਖ ਰਾਜਾਂ ਵਿਚ ਵਸਦੀ ਬਹੁਗਿਣਤੀ ਜਿਵੇਂ ਗੁਜਰਾਤ ਅੰਦਰ ਸਿੱਖ ਪੰਜਾਬੀ ਕਿਸਾਨਾਂ ਤੋਂ ਜਮੀਨਾਂ ਖੋਹਣ ਦਾ ਜ਼ਬਰ ਸਥਾਨਿਕ ਲੋਕਾਂ ਵਲੋਂ ਪੁਲਿਸ, ਸਿਵਲ ਪ੍ਰਸਾਸਨ ਦੀ ਮਿਲੀਭੁਗਤ ਰਾਹੀਂ, ਸਿੱਕਮ ਅੰਦਰ ਬੋਧੀ ਭਾਈਚਾਰੇ ਵਲੋਂ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ 'ਡਾਂਗਮਾਰ ਗੁਰਦਵਾਰਾ' ਖੋਹਣ, ਮੇਘਾਲਿਯਾ ਅੰਦਰ ਸ਼ਿਲਾਗ ਵਿਚ ਵਸਦੇ ਭਾਈਚਾਰੇ ਦੀ ਬਸਤੀ ਅਤੇ ਮਾਰਕੀਟ ਖੋਹਣ ਲਈ ਸਰਕਾਰ ਅਤੇ ਪ੍ਰਸਾਸ਼ਨ ਨਾਲ ਮਿਲ ਕੇ ਹਿੰਸਾ ਰਾਹੀਂ ਦਬਾਅ ਬਣਾਉਣਾ, ਵੱਖ-ਵੱਖ ਸੂਬਿਆਂ ਅੰਦਰ ਸਿੱਖਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਉਣ ਦੀਆਂ ਘਟਨਾਵਾਂ 'ਸਿੱਖ ਨਸਲਕੁਸ਼ੀ' ਦੀਆਂ ਘਟਨਾਵਾਂ ਹਨ। ਕੇਂਦਰ ਸਰਕਾਰਾਂ ਇਸ ਪ੍ਰਤੀ ਸੰਵਿਧਾਨਿਕ, ਕਾਨੂੰਨੀ ਅਤੇ ਪ੍ਰਸਾਸਨਿਕ ਕਾਰਵਾਈ ਕਰਨ ਅਤੇ ਸਿੱਖਾਂ ਦੀ ਸੁਰਖਿਅਤਾ ਯਕੀਨੀ ਬਣਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀਆਂ ਸੱਤਾ ਦੇ ਟੁੱਕੜੇ ਲਈ ਭਾਜਪਾ ਨਾਲ ਭਾਈਵਾਲ ਪਾਈ ਬੈਠਾ ਸ਼੍ਰੋਮਣੀ ਅਕਾਲੀ ਦਲ, ਇਸ ਦੇ ਕੇਂਦਰ ਅਤੇ ਪੰਜਾਬ ਵਿਚ ਨੁਮਾਇੰਦੇ, ਇਸ ਦਲ 'ਤੇ ਭਾਰੂ ਪਰਿਵਾਰ ਦੀ ਗੋਲੀ ਬਣੀ ਬੈਠੀ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਦੇਸ਼ ਭਰ ਵਿਚ ਸੁਰੱਖਿਆ, ਮਾਣ-ਮਰਿਯਾਦਾ, ਆਨ-ਬਾਨ ਸ਼ਾਨ ਕਾਇਮ ਰੱਖਣੋ ਬੁਰੀ ਤਰ੍ਹਾਂ ਨਾਕਾਮ ਰਹੀ ਹੈ ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣੋਂ ਨਾਕਾਮ ਰਹੀ। ਜਿਸ ਮਨਜਿੰਦਰ ਸਿੰਘ ਸਿਰਸਾ ਨੂੰ ਇਨ੍ਹਾਂ ਕਾਰਜਾਂ ਦੇ ਹੱਲ ਲਈ ਅੱਗੇ ਕੀਤਾ ਹੋਇਆ ਹੈ, ਉਹ ਤਾਂ ਭਾਜਪਾ ਦਾ ਦਿੱਲੀ ਵਿਚ ਵਿਧਾਇਕ ਹੈ। ਉਸ ਤੋਂ ਕਿਸੇ ਤਰ੍ਹਾਂ ਦੀ ਆਸ ਰੱਖਣਾ ਬੇਕਾਰ ਹੈ। ਸਿਕੱਮ ਸਰਕਾਰ 'ਤੇ ਗੁਰਦੁਆਰਾ ਡਾਂਗਮਾਰ ਸਾਹਿਬ ਅਜ਼ਾਦ ਕਰਾਉਣ ਲਈ ਦਬਾਅ ਬਣਾਉਣੋਂ ਸਿੱਖ ਜੱਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨਾਕਾਮ ਰਹੇ। ਗੁਜਰਾਤ ਅੰਦਰ ਸਿੱਖ ਕਿਸਾਨ ਅਜੇ ਤੱਕ ਅਨਿਆਂ ਦਾ ਸ਼ਿਕਾਰ ਹਨ, ਸ਼ਿਲਾਂਗ ਵਿਚੋਂ ਵੀ ਸਥਾਨਿਕ ਲੋਕ, ਸਰਕਾਰ ਅਤੇ ਇਲਾਕਾਈ ਪ੍ਰਬਲਤਾ ਸਿੱਖਾਂ ਨੂੰ ਬਾਹਰ ਕੱਢਣ 'ਤੇ ਬਜ਼ਿਦ ਹਨ, ਦਿੱਲੀ, ਰਾਜਿਸਥਾਨ, ਜੰਮੂ-ਕਸ਼ਮੀਰ ਵਿਚ ਸਿੱਖ ਸਥਾਨਿਕ ਲੋਕਾਂ ਦੇ ਅੱਖਾਂ ਵਿਚ ਰੜਕਦੇ ਹਨ।
ਵਿਸ਼ਵ ਭਰ ਵਿਚ ਸੇਵਾ, ਸਿਮਰਨ, ਮਾਨਵ ਬਰਾਬਰੀ, ਨਿਆਸਰਿਆਂ ਦੇ ਆਸਰਾ ਬਣ ਰਹੇ ਸਿੱਖ ਭਾਰਤੀ ਬਹੁਗਿਣਤੀ, ਰਾਜਨੀਤੀਵਾਨਾਂ ਅਤੇ ਪ੍ਰਸਾਸਨ ਜਾਂ ਇਲਾਕਾਈ ਬਹੁਗਿਣਤੀਆਂ ਦੇ ਸੀਨੇ ਵਿਚ ਸੂਲ ਇਸ ਕਰਕੇ ਹਨ ਕਿ ਉਹ ਅੱਣਖ ਲਾਲ ਜਿਉਣ ਦਾ ਡੀ.ਐਨ.ਏ. ਰਖਦੇ ਹਨ। ਉਨ੍ਹਾਂ ਦਾ ਪਹਿਰਾਵਾ, ਪੰਜ ਕਕਾਰ, ਕਿਰਤ ਸਭਿਆਚਾਰ ਅਤੇ ਅਣਖ ਭਾਰਤੀ ਭਾਈਚਾਰੇ ਨੂੰ ਪੱਚ ਨਹੀਂ। ਦੇਸ਼ ਅਜ਼ਾਦੀ ਲਈ ਉਨ੍ਹਾਂ ਵਲੋਂ 80 ਪ੍ਰਤੀਸ਼ਤ ਕੁਰਬਾਨੀਆਂ ਅਤੇ ਦੇਸ਼ ਦੀ ਰਾਖੀ ਲਈ ਮੁਹਰਲੀ ਤਾਰ ਵਿਚ ਹਮੇਸ਼ ਖੜ੍ਹੇ ਰਹਿਣ ਦਾ ਭਾਰਤੀਆਂ ਨੂੰ ਪਾਸ ਨਹੀਂ।
ਦੇਸ਼ ਦਾ ਸੰਵਿਧਾਨ ਸਿੱਖ ਪੰਜ ਕਕਾਰਾਂ, ਸਵੈਰਾਖੀ ਲਈ ਸ੍ਰੀ ਸਾਹਿਬ ਦੀ ਵਰਤੋਂ ਦਾ ਅਧਿਕਾਰ ਦਿੰਦਾ ਹੈ। ਸੁਪਰੀਮ ਕੋਰਟ ਗਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰਾ-ਹਜ਼ੂਰ, ਜਾਹਿਰਾ ਜ਼ਰੂਰ ਗੁਰੂ ਵਜੋਂ ਮਾਨਤਾ ਦਿੰਦੀ ਹੈ। ਪੁਲਿਸ ਦੀ ਗੁੰਡਾਗਰਦੀ ਤੋਂ ਬਚਣ ਲਈ ਦਿੱਲੀ ਅੰਦਰ ਸਰਬਜੀਤ ਸਿੰਘ ਨੇ ਜੋ ਆਪਣੀ ਸ਼੍ਰੀ ਸਾਹਿਬ ਦੀ ਵਰਤੋਂ ਕੀਤੀ ਉਹ ਸਹੀ ਹੈ।
ਕੈਨੇਡਾ ਅੰਦਰ ਸਿੱਖ ਦੀ ਪੱਗ ਲਾਹੁਣ ਜਾਂ ਇਸ ਦੀ ਬੇਅਦਬੀ ਕਰਨ ਦੀ ਸਜ਼ਾ 10 ਸਾਲ ਕੈਦ ਹੈ। ਅੱਜ ਚਾਰ ਸਿੱਖ ਕੈਨੇਡਾ ਫੈਡਰਲ ਕੈਬਨਿਟ ਵਿਚ ਕੈਬਨਿਟ ਮੰਤਰੀ ਹਨ। ਇਥੋਂ ਦੀ ਪੁਲਿਸ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਮਸ਼ਹੂਰ ਹੈ। ਇਸ ਨੂੰ 'ਮਹੀਨਾ ਉਗਰਾਹੀ' ਦਾ ਕੋਈ ਪਤਾ ਨਹੀਂ। ਭ੍ਰਿਸ਼ਟਾਚਾਰ ਨਾਲ ਸਖ਼ਤ ਨਫ਼ਰਤ ਹੈ। ਸਿੱਖੀ, ਆਨ, ਬਾਨ, ਸ਼ਾਨ, ਪਗੜੀ ਕਿਵੇਂ ਬਨ੍ਹਦੇ ਹਨ ਬਾਰੇ ਜਦੋਂ ਕੈਨੇਡੀਅਨ ਸਕੂਲ ਵਿਦਿਆਰਥੀ ਰੱਖਿਆ ਮੰਤਰੀ ਕਰਨਲ ਸ : ਹਰਜੀਤ ਸਿੰਘ ਸੱਜਣ ਨੂੰ ਪੁੱਛਦੇ ਹਨ ਤਾਂ ਉਹ ਕਲਾਸ ਵਿਚ ਉਨ੍ਹਾਂ ਪੱਗੜੀ ਬੰਨ੍ਹ ਕੇ ਜਾਣੂ ਕਰਾਉਂਦੇ ਹਨ।
'ਸਾਬਕਾ ਦਾ ਸਾਥ, ਸਭ ਕਾ ਵਿਕਾਸ' ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ 'ਸਭ ਕੇ ਸਾਥ ਇਨਸਾਫ਼' ਜੋੜਦਿਆਂ ਨਾ ਸਿਰਫ਼ ਦਿੱਲੀ ਪੁਲਿਸ ਸਬੰਧਿਤ ਵਰਦੀਧਾਰੀ ਗੁੰਡਿਆਂ ਵਿਰੁੱਧ ਕਿਰਤੀ ਸਿੱਖ ਪਿਤਾ-ਪੁੱਤਰ ਤੇ ਇਰਾਦਾ ਕਤੱਲ ਅਤੇ ਸਿੱਖ ਨਸਲ ਕੁਸ਼ੀ ਦੇ ਇਰਾਦੇ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਤੇ ਡਿਸਮਿਸ ਕਰਕੇ ਇਨਸਾਫ਼ ਦੇਣਾ ਚਾਹੀਦਾ ਹੈ ਬਲਕਿ ਉਨ੍ਹਾਂ ਦੀ ਧਾਰਮਿਕ ਮਾਨਸਿਕਤਾ ਅਤੇ ਸਰੀਰਕ ਯਾਤਰਾ ਲਈ ਢੁੱਕਵਾਂ ਮੁਆਵਜ਼ਾ ਦੇਣਾ ਚਾਹੀਦਾ ਹੈ। ਦਿੱਲੀ ਹਾਈਕੋਰਟ ਦੇ ਜਸਟਿਸ ਜਯੰਤ ਕੁਮਾਰ ਅਤੇ ਜਸਟਿਸ ਨਜ਼ਮੀ ਵਜੀਰੀ ਨੇ ਇਸ ਕੇਸ ਸਬੰਧੀ ਇੱਕ ਜਨਹਿਤ ਪਟੀਸ਼ਨ ਵਿਚ ਸ਼੍ਰੀ ਮੋਦੀ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਨੂੰ ਸ਼ੀਸ਼ਾ ਵਿਖਾਉਂਦੇ ਸਾਫ਼ ਕਿਹਾ ਹੈ, ਇਹ ਪੁਲਿਸ ਦੀ ਬਰਬਰਤਾ ਦੀ ਉਦਾਹਰਣ ਨਹੀਂ ਤਾਂ ਹੋਰ ਕੀ ਹੈ?'' ਜਦ ਸਰਬਜੀਤ ਸਿੰਘ ਅਤੇ ਪੁੱਤਰ ਨੂੰ ਕਾਬੂ ਕਰ ਲਿਆ ਤਾਂ ਫਿਰ ਡੰਡਿਆਂ ਨਾਲ ਕੁੱਟਣ 'ਤੇ ਸੜਕ ਤੇ ਘਸੀਟਣ ਦੀ ਕੀ ਲੋੜ ਸੀ? ਐਸੀ ਰਾਜਨੀਤਕ, ਸਮਾਜਿਕ, ਪ੍ਰਸਾਸ਼ਨਿਕ ਵਿਵਸਥਾ ਨੂੰ ਉਸਾਰੂ ਅਤੇ ਕਾਨੂੰਨ ਦੇ ਰਾਜ ਦੀ ਦਿਸ਼ਾ ਦਿੰਦੇ ਸ਼੍ਰੀ ਮੋਦੀ ਸਰਕਾਰ ਨੂੰ ਦੇਸ਼ ਅੰਦਰ ਸਿੱਖ ਭਾਈਚਾਰੇ ਦੀ ਸੁਰੱਖਿਆ, ਆਨ, ਬਾਨ, ਸ਼ਾਨ ਅਤੇ ਅਣਖ ਦੀ ਰਾਖੀ ਯਕੀਨੀ ਬਣਾਉਣੀ ਚਾਹੀਦੀ ਹੈ। ਅੱਜ ਵਿਸ਼ਵ ਭਰ ਵਿਚ ਵਸਦੇ ਸਿੱਖ ਭਾਈਚਾਰੇ ਦੀਆਂ ਨਜ਼ਰਾਂ ਮੋਦੀ ਸਰਕਾਰ 'ਤੇ ਟਿੱਕੀਆਂ ਹੋਈਆਂ ਹਨ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
+ 343 889 2550
ਕੈਨੇਡਾ।
-
ਦਰਬਾਰਾ ਸਿੰਘ ਕਾਹਲੋਂ,
kahlondarbarasingh@gmail.com
+1 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.