ਘੋਲੀਆ ਕਲਾਂ ਤੇ ਘੋਲੀਆ ਖ਼ੁਰਦ (ਮੇਗਾ) ਸੁਪਨਿਆਂ ਨੂੰ ਹਕੀਕਤ ਵਿੱਚ ਤਬਦੀਲ ਕਰਨ ਦੀ ਧਰਤੀ ਹੈ।
ਮੇਰੇ ਮਿਹਰਬਾਨ ਬਾਪੂ ਕਾਮਰੇਡ ਸੁਰਜੀਤ ਗਿੱਲ ਘੋਲੀਆ ਤੇਂ ਲੈ ਕੇ ਜਰਨੈਲ ਸਿੰਘ ਘੋਲੀਆ ਤੀਕ।
ਮੈਂ ਇਸ ਪਿੰਡ ਕਦੇ ਨਹੀਂ ਗਿਆ ਪਰ ਮੈਨੂੰ ਚੰਗਾ ਚੰਗਾ ਲੱਗਦਾ ਹੈ ਇਸ ਦਾ ਜ਼ਿਕਰ ਸੁਣਨਾ ਤੇ ਕਰਨਾ।
ਮੈਂ ਰੁਜ਼ਗਾਰ ਦੇ ਲਗਪਗ 25 ਸਾਲ ਇਸੇ ਪਿੰਡ ਦੇ ਹੀਰੇ ਪੁਰਖ ਰਣਤੇਜ ਸਿੰਘ ਗਿੱਲ ਨਾਲਪੰਜਾਬ ਖੇਤੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਚ ਰਿਹਾ ਹਾਂ। ਖਿਡਾਰੀ ਸਿਖਰਲਾ, ਟੀ ਵੀ ਨਿਰਮਾਤਾ ਕਮਾਲ ਦਾ, ਕਾਮਾ ਓੜਕਾਂ ਦਾ, ਸੋਹਣਾ ਤੇ ਦਾਨੀ ਪੁੱਜ ਕੇ। ਜੇ ਅੰਮ੍ਰਿਤ ਛਕਿਆ ਤਾਂ ਭਜਨੀਕ ਤੇ ਸੇਵਕ ਸਿਖਰਲੇ ਪਾਰ ਦਾ।
ਉਸੇ ਦੀ ਹਿੰਮਤ ਸਦਕਾ ਬਾਬਾ ਸੁੱਚਾ ਸਿੰਘ ਜਵੱਦੀ ਵਾਲਿਆਂ ਨੇ ਉਸਤਾਦ ਜਸਵੰਤ ਭੰਵਰਾ ਕੇ ਹੋਰ ਸਹਿਯੋਗੀਆਂ ਦੀ ਮਦਦ ਨਾਲ ਗੁਰੂ ਗਰੰਥ ਸਾਹਿਬ ਵਿਚਲੇ 31 ਰਾਗਾਂ ਵਾਲਾ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 1992 ਚ ਕਰਵਾਇਆ ਉਸਦੀ ਆਡਿਉ ਵੀਡੀਓ ਰੀਕਾਰਡਿੰਗ ਸੰਭਵ ਹੋ ਸਕੀ। ਤਿੰਨ ਚਾਰ ਦਿਨ ਖੜ੍ਹੇ ਪੈਰ ਰਿਹਾ। ਪੈਰ ਸੁੱਜ ਕੇ ਭੜੋਲਾ ਹੋ ਗਏ। ਇਸ ਨਾਲ ਮੈਂ ਘੋਲੀਆ ਦੇ ਘੋਲ ਵਾਲੇ ਸੁਭਾਅ ਨੂੰ ਜਾਣਿਆ।
ਗੁਰਦੀਪ ਘੋਲੀਆ ਦਾ ਲਿਖਿਆ ਗੀਤ
ਪਾਲੀ ਪਾਣੀ ਖੂਹ ਤੋਂ ਭਰੇ
ਗਾ ਕੇ ਗੁਰਪਾਲ ਸਿੰਘ ਪਾਲ ਅਮਰ ਹੋ ਗਿਆ।
ਇਸੇ ਪਿੰਡ ਦੇ ਦੋ ਹੋਰ ਅਮਰ ਹੀਰੇ ਨੇ
ਅਮਰ ਦੀਪ ਗਿੱਲ ਤੇ
ਅਮਰ ਘੋਲੀਆ
ਦੋਵੇਂ ਸਿਰੜੀ ਸੂਰਮੇ ਨੇ।
ਅਮਰਦੀਪ ਵਧੀਆ ਸ਼ਾਇਰ, ਬੁਲੰਦ ਗੀਤਕਾਰ, ਪੇਸ਼ਕਾਰ, ਫ਼ਿਲਮਕਾਰ ਤੇ ਸੁਪਨਕਾਰ ਹੈ।
ਚੰਗੇ ਅਦਬ ਤੇ ਫਿਲਮਾਂ ਬਣਾਉਣਾ ਉਹਦਾ ਇਸ਼ਕ ਹੈ।
ਆਪਣੀ ਧੁਨ ਵਿੰਚ ਰਹਿੰਦਾ ਹੈ।
ਉਹ ਹੀ ਉਹਦੇ ਵਰਗਾ ਹੈ।
ਦੂਸਰਾ ਅਮਰ ਘੋਲੀਆ ਲੇਖਕਾਂ ਦੇ ਜੀਵਨ ਆਧਾਰਿਤ ਫਿਲਮਾਂ ਦਾ ਨਿਰਦੇਸ਼ਕ ਪੇਸ਼ਕਾਰ ਹੈ। ਨਿੱਕਾ ਕੱਦ, ਡੂੰਘੀ ਨੀਝ।
ਦ੍ਰਿਸ਼ਟੀ ਤੇ ਦ੍ਰਿਸ਼ਟੀਕੋਨ ਦਾ ਸੁੰਦਰ ਸੁਮੇਲ। ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ, ਸੁਰਜੀਤ ਪਾਤਰ, ਵਰਿਆਮ ਸੰਧੂ ਤੇ ਕਿੰਨੇ ਹੋਰ ਕਲਮਕਾਰਾਂ ਬਾਰੇ ਚੰਗੀਆਂ ਫਿਲਮਾਂ ਬਣਾ ਚੁਕਾ ਹੈ।
ਸਿੱਖਿਆ ਮਹਿਕਮੇ ਚ ਸੇਵਾ ਨਿਭਾ ਰਿਹੈ।
ਜੇ ਮੈਂ ਪੰਜਾਬ ਦਾ ਸਿੱਖਿਆ ਮੰਤਰੀ ਹੁੰਦਾ ਤਾਂ ਅਮਰ ਘੋਲੀਆ ਤੇ ਡਾ: ਸਾਂਵਲ ਧਾਮੀ ਨੂੰ ਪੰਜਾਬ ਦੇ ਸਰਬਪੱਖੀ ਸੁਭਾਅ ਤੇ ਦਰਦਨਾਮੇ ਰੀਕਾਰਡ ਕਰਨ ਲਈ ਸਨਮਾਨ ਯੋਗ ਸਹੂਲਤੇਂ ਦੇ ਕੇ ਪਿੰਡ ਪਿੰਡ ਤੋਰਦਾ।
ਪਰ ਕੀ ਕਰਾਂ
ਸਿਰਫ਼ ਖ਼੍ਵਾਬ ਦੇਖਦਾ ਹਾਂ ਨੰਗੇ ਧੜ।
ਫਿਰ ਸੋਚਦਾ ਹਾਂ
ਸਾਕੀ ਕੀ ਇਨਾਇਤ ਉਨ ਪਰ ਹੈ
ਪੀਨੇ ਕਾ ਸਲੀਕਾ ਜਿਨ ਕੋ ਨਹੀਂ।
ਸਾਡੇ ਪਿਆਰੇ ਵੀਰ ਸਾਂਵਲ ਧਾਮੀ ਦਾ ਪਿੰਡ ਹੋਸ਼ਿਆਰਪੁਰ ਚ ਪਿੱਪਲਾਂਵਾਲਾ ਹੈ, ਸ਼ਾਇਦ ਤਾਂ ਹੀ ਉਹ ਬੜੀ ਜੁੰਮੇਵਾਰੀ ਤੇ ਹੋਸ਼ਿਆਰੀ ਨਾਲ 1947 ਚ ਵੰਡ ਵੇਲੇ ਉੱਜੜੇ ਲੋਕਾਂ ਦੀ ਦਰਦ ਕਹਾਣੀ ਸੰਤਾਲੀ ਨਾਮਾ ਨਾਮ ਹੇਠ ਮੁਲਾਕਾਤਾਂ ਰਾਹੀਂ ਪੇਸ਼ ਕਰ ਰਿਹਾ ਹੈ। ਨਾਲੋ ਨਾਲ ਯੂ ਟਿਊਬ ਚ ਸਾਨੂੰ ਵੇਖਣ ਲਈ ਦੇ ਰਿਹਾ ਹੈ। ਸਕੂਲ ਲੈਕਚਰਾਰ ਹੈ ਉਹ।
ਗੱਲ ਤਾਂ ਘੋਲੀਏ ਦੇ ਜਰਨੈਲ ਦੀ ਕਰਨੀ ਸੀ, ਕਿੱਧਰ ਤੁਰ ਪਿਆ।
ਜੇ ਰਾਹ ਵਿੱਚ ਕਿਤੇ ਠੰਢੜੀ ਛਾਂ ਮਿਲ ਜਾਵੇ ਤਾਂ ਘੜੀ ਪਲ ਬਹਿ ਲੈਣਾ ਚਾਹੀਦਾ ਹੈ। ਸੇਕ ਤਾਂ ਪਹਿਲਾਂ ਹੀ ਚੁਫ਼ੇਰੇ ਚ ਬਹੁਤ ਹੈ।
ਜਰਨੈਲ ਸਿੰਘ ਘੋਲੀਆ ਨੇ ਅੱਜ ਦਾ ਜੱਗਾ ਗੀਤ ਵਿੱਚ ਪੰਜਾਬ ਦੀ ਕਿਸਾਨੀ ਦੇ ਦਰਦ ਨੂੰ ਬੜੇ ਮਾਰਮਿਕ ਸ਼ਬਦਾਂ ਚ ਪਰੋਇਆ ਹੈ। ਬੱਲੀ ਬਲਜੀਤ ਦੀ ਬੁਲੰਦ ਆਵਾਜ਼ ਨੂੰ ਨਿੰਮਾ ਵਿਰਕ ਨੇ ਬੜੇ ਜੀਵੰਤ ਸੰਗੀਤ ਚ ਢਾਲਿਆ ਹੈ।
ਅਮਰ ਘੋਲੀਆ ਦਾ ਫਿਲਮਾਂਕਣ ਵੀ ਬਹੁਤ ਪਰਤਾਂ ਖੋਲ੍ਹਦਾ ਹੈ, ਗੀਤ ਦੇ ਅਰਥ ਗੂੜ੍ਹੇ ਕਰਦਾ ਹੈ।
ਡਾ: ਸੁਰਜੀਤ ਬਰਾੜ ਵਰਗੇ ਜ਼ਹੀਨ ਲੇਖਕ ਆਲੋਚਕ ਦੀ ਕਰਮਭੂਮ ਘੋਲੀਆ ਜਿੰਦਾਬਾਦ।
ਬੇਕਰਫੀਲਡ ਵੱਸਦਾ ਜਰਨੈਲ ਸਿੰਘ ਘੋਲੀਆ ਪੰਜਾਬ ਦਾ ਫ਼ਿਕਰ ਕਰਕੇ ਸਾਨੂੰ ਜਗਾਉਂਦਾ ਹੈ।
ਕੋਸ਼ਿਸ਼ ਕਰੋ ਕਿ ਪੰਜਾਬ ਦੀ ਜੂਨ ਸੁਧਾਰਨ ਲਈ ਹੀਲੇ ਵਸੀਲੇ ਵਰਤੀਏ , ਹਕੂਮਤਾਂ ਵੀ ਯੋਜਨਾ ਦਾ ਮੂੰਹ ਵਿਕਾਸ ਵੱਲ ਮੋੜਨ।
ਤਾਂ ਜੋ ਜਰਨੈਲ ਸਿੰਘ ਘੋਲੀਆ ਵਰਗੇ ਗੀਤਕਾਰ ਨੂ ਅੱਜ ਦਾ ਜੱਗਾ ਵਰਗੇ ਉਦਾਸ ਗੀਤ ਨਾ ਲਿਖਣੇ ਪੈਣ।
ਚੰਗੀ ਪੇਸ਼ਕਾਰੀ ਲਈ ਪੂਰੀ ਟੀਮ ਮੁਬਾਰਕ ਦੀ ਹੱਕਦਾਰ ਹੈ।
ਵੀਡੀੳ ਦੇਖਣ ਲਈ ਲਿੰਕ 'ਤੇ ਕਲਿੱਕ ਕਰੋ :-
https://youtu.be/fQMORYPTZb0
ਗੁਰਭਜਨ ਗਿੱਲ
24.6.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.