ਜੂਨ 1984 ਜਦੋਂ ਵੀ ਇਹ ਸੰਨ ਅਸੀਂ ਸੁਣਦੇ ਹਾਂ ਜਾਂ ਕਦੇ ਵੀ ਇਸ ਸਬੰਧੀ ਕੋਈ ਗੱਲ ਹੋਵੇ ਤਾਂ ਜ਼ਿਆਦਾਤਰ ਅਸੀਂ ਚੌਕੰਨੇ ਹੋ ਜਾਂਦੇ ਹਾਂ ਅਤੇ ਬਹੁਤ ਧਿਆਨ ਨਾਲ ਇਸ ਪ੍ਰਤੀ ਹੋਰ ਰਹੀ ਗੱਲਬਾਤ ਨੂੰ ਸੁਣਦੇ ਹਾਂ। ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇ੍ਰਬੇਰੀ ਤੋਂ ਫੌਜ ਆਪਣੇ ਨਾਲ ਜੋ ਅਣਮੁਲਾ ਸਰਮਾਇਆ ਆਪਣੇ ਨਾਲ ਲੈ ਗਈ ਸੀ ਉਹ ਅੱਜ 35 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖ ਹਿਰਦਿਆਂ ਅਤੇ ਸਿੱਖ ਸਿਆਸਤ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 1984 'ਚ ਜੋ ਹੋਇਆ ਉਸਦੇ ਜ਼ਖਮ ਅਜੇ ਤੱਕ ਅਲ੍ਹੇ ਹਨ ਅਤੇ ਸਿੱਖ ਕੌਮ ਅਤੇ ਜੋ ਗੈਰ ਪੰਜਾਬੀ ਗੁਰੂ ਮਹਾਰਾਜ ਪ੍ਰਤੀ ਅਟੁੱਟ ਵਿਸ਼ਵਾਸ ਰੱਖਦੇ ਹਨ ਉਹ ਵੀ ਕਦੇ ਵੀ ਇਸ ਨੂੰ ਨਹੀਂ ਭੁੱਲ ਸਕਦੇ।
10 ਫਰਵਰੀ 1945 ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸਿੱਖ ਹਿਸਟਰੀ ਸੁਸਾਇਟੀ ਦੀ ਨੀਂਹ ਰੱਖੀ ਗਈ। ਇਸ ਇਕੱਤਰਤਾ ਦੀ ਪ੍ਰਧਾਨਗੀ ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ ਮਹਾਰਾਣੀ ਬੰਬਾ ਸਦਰਲੈਂਡ ਨੇ ਕੀਤੀ ਸੀ। ਸ਼੍ਰੋਮਣੀ ਕਮੇਟੀ ਵੱਲੋਂ 10 ਮਾਰਚ 1945 ਈ: ਦੀ ਜਨਰਲ ਇਕਤਰਤਾ 'ਚ ਸਿੱਖ ਇਤਿਹਾਸ ਖੋਜ ਅਧੀਨ ਇਕ ਸਿੱਖ ਸੈਂਟਰਲ ਲਾਇਬ੍ਰੇਰੀ ਕਾਇਮ ਕਰਨ ਲਈ ਤਜਵੀਜ ਰੱਖੀ। ਇਕ ਸਾਲ ਬਾਅਦ ਇਹ ਤਜਵੀਜ ਨੇਪੜੇ ਚੜ੍ਹੀ ਅਤੇ ਲਾਇਬ੍ਰੇਰੀ ਦਾ ਨਿਰਮਾਣ 1946 ਨੂੰ ਹੋਇਆ। ਜ਼ਿਕਰਯੋਗ ਹੈ ਕਿ ਇਸ ਲਾਇਬ੍ਰੇਰੀ ਦਾ ਮੁੱਖ ਮੰਤਵ ਸੀ ਕਿ ਸਿੱਖ ਇਤਿਹਾਸ ਸਬੰਧੀ ਪੁਸਤਕਾਂ ਅਤੇ ਹੋਰ ਦੁਰਲੱਭ ਸਮਰਗੀ ਨੂੰ ਇਕ ਸਥਾਨ ਤੇ ਇਕੱਤਰ ਕਰਕੇ ਰੱਖਣਾ ਅਤੇ ਇਸ ਲਾਇਬ੍ਰੇਰੀ 'ਚ ਹੀ ਖੋਜੀ ਵਿਦਵਾਨ ਇਥੇ ਹੀ ਬੈਠ ਕੇ ਖੋਜ ਕਾਰਜ ਕਰ ਸਕਣ ਇਸ ਲਈ ਸਿੱਖ ਸੈਂਟਰਲ ਲਾਇਬ੍ਰੇਰੀ ਦਾ ਨਾਮ ਬਦਲ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਰੱਖ ਦਿੱਤਾ ਗਿਆ ਤਾਂ ਜੋ ਕਿਸੇ ਵੀ ਮੰਤਵ ਲਈ ਪੁਸਤਕ ਜਾਂ ਕੋਈ ਵੀ ਦੁਰਲੱਭ ਸਮਗਰੀ ਇਸ ਲਾਇਬ੍ਰੇਰੀ 'ਚੋਂ ਬਾਹਰ ਨਾ ਜਾ ਸਕੇ।
ਜਦੋਂ ਸ੍ਰੀ ਦਰਬਾਰ ਸਾਹਿਬ ਦੇ ਪਰਿਸਰ 'ਚ ਫੌਜ ਦਾਖਲ ਹੋਈ ਤੇ ਉਸ ਦਿਨ ਤੋਂ ਅੱਜ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਆਰਮੀ ਵੱਲੋਂ ਸਾਹਿਤਕ ਸਰਮਾਇਆ ਲੈ ਕੇ ਜਾਣ ਦਾ ਮਸਲਾ ਅਜੇ ਤੱਕ ਗੰਭੀਰ ਬਣਿਆ ਹੋਇਆ ਹੈ। 35 ਸਾਲ ਬਾਅਦ ਅੱਜ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿਆਸਤ ਹੋ ਰਹੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਸਬੰਧੀ ਮੰਗ ਪੱਤਰ ਗ੍ਰਹਿ ਮੰਤਰਾਲੇ ਤੱਕ ਦਿੱਤੇ ਜਾ ਰਹੇ ਹਨ ਪਰ ਅਫਸੋਸ ਅਜੇ ਤੱਕ ਇਸ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਬੀਤੇ ਕੁਝ ਦਿਨ ਪਹਿਲਾਂ ਮਨਜੀਤ ਸਿੰਘ ਜੀ.ਕੇ. ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਪ੍ਰੈਸ ਕਾਨਫਰੰਸ ਦੌਰਾਨ ਬਿਆਨ ਦਿੱਤਾ ਕਿ ਆਰਮੀ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ, ਸ੍ਰੀ ਗੁਰੂ ਰਾਮਦਾਸ ਲਾਇਬ੍ਰੇਰੀ, ਤੋਸ਼ਾਖਾਨਾ ਤੇ ਐਸ.ਜੀ.ਪੀ.ਸੀ. ਦੇ ਦਫ਼ਤਰ ਤੋਂ ਮੁਕੰਮਲ ਡਾਕੂਮੈਂਟ ਆਰਮੀ ਆਪਣੇ ਨਾਲ ਲੈ ਗਈ। ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਸਾਹਿਬ ਸਿੰਘ ਨੇ ਉਸ ਸਮੇਂ ਆਰਮੀ ਦੇ ਨਾਲ ਬ੍ਰਿਗੇਡੀਅਰ ਉਪਕਾਰ ਸਿੰਘ ਗੁਰਾਇਆ ਨੂੰ ਬੇਨਤੀ ਕੀਤੀ ਗਈ ਕਿ ਇਸ ਸਾਮਾਨ ਨੂੰ ਨਾ ਲਿਆਜਿਆ ਜਾਵੇ। ਉਸ ਸਮੇਂ ਸਿੱਖ ਗ੍ਰਹਿ ਮੰਤਰੀ ਸ੍ਰ. ਬੂਟਾ ਸਿੰਘ ਨੇ ਇਹ ਦਾਅਵਾ ਕਿ 125 ਬੈਗ ਦਿੱਲੀ ਏਅਰਪੋਰਟ ਤੇ ਫੌਜ ਵੱਲੋਂ ਨਾਲ ਲਿਆਂਦੇ ਸਾਮਾਨ ਦੇ ਉਤਾਰੇ ਗਏ। ਉਨ੍ਹਾਂ ਮੁਤਾਬਕ ਇਹ ਸਾਰਾ ਸਾਮਾਨ ਅਸੀਂ ਸੀ.ਬੀ.ਆਈ. ਦੇ ਹਵਾਲੇ ਕਰ ਦਿੱਤਾ ਕਿਉਂਕਿ ਇਸ ਸਬੰਧੀ ਸਾਰਾ ਕੇਸ ਸੀ.ਬੀ.ਆਈ. ਕੋਲ ਸੀ। ਜ਼ਿਕਰਯੋਗ ਹੈ ਕਿ ਸੰਨ 1990 ਨੂੰ ਕੋਰਟ ਵੱਲੋਂ ਸੀ.ਬੀ.ਆਈ. ਨੂੰ ਹੁਕਮ ਦਿੱਤੇ ਜਾਂਦੇ ਹਨ ਕਿ ਜੋ ਸਾਮਾਨ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਲੈ ਕੇ ਆਏ ਉਹ ਵਾਪਿਸ ਕਰ ਦਿੱਤਾ ਜਾਵੇ। ਸੰਨ 1984 ਤੋਂ 1990 ਦੇ ਛੇ ਸਾਲ ਵਕਫੇ ਦੌਰਾਨ ਸੀ.ਬੀ.ਆਈ. ਨੇ ਜਵਾਬ 'ਚ ਕਿਹਾ ਕਿ ਅਸੀਂ ਕਾਫੀ ਚੀਜ਼ਾਂ ਸ਼੍ਰੋਮਣੀ ਕਮੇਟੀ ਨੂੰ ਵਾਪਿਸ ਕਰ ਦਿੱਤੀਆਂ ਹਨ ਜੋ ਕਿ ਸਾਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਉਸਦੀਆਂ ਰਿਸੀਵਿੰਗ ਰਸੀਦਾਂ ਵੀ ਹਨ। ਜ਼ਿਕਰਯੋਗ ਹੈ ਕਿ ਉਸ ਸਮੇਂ ਮਨਜੀਤ ਸਿੰਘ ਕਲਕੱਤਾ ਤੇ ਸ੍ਰ. ਭਾਨ ਸਿੰਘ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਨ ਹੁਣ ਇਹ ਦੋਵੇਂ ਸ਼ਖਸ਼ ਅਕਾਲ ਚਲਾਣਾ ਕਰ ਗਏ ਹਨ।
ਪਿਛਲੇ ਦਿਨੀਂ ਇਕ ਪੰਜਾਬੀ ਦੇ ਰੋਜ਼ਾਨਾ ਅਖ਼ਬਾਰ ਨੇ ਇਕ ਖ਼ਬਰ ਰਾਹੀਂ ਇਹ ਦਾਅਵਾ ਕਿ 1984 ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤ ਵਾਲਾ ਇਹ ਸਰੂਪ ਇੰਗਲੈਂਡ 'ਚ 4000 ਪੌਂਡ ਵਿਚ ਵੇਚਿਆ ਗਿਆ, ਇਸਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪੇਟਿੰਗ ਵੀ ਮੁਰੰਮਤ ਲਈ ਵਿਦੇਸ਼ 'ਚ ਭੇਜੀ ਗਈ ਤੇ ਉਸਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ। ਇਸ ਖ਼ਬਰ ਨੇ ਸਿੱਖ ਹਿਰਦਿਆਂ ਨੂੰ ਵਲੂੰਧਰ ਦਿੱਤਾ ਅਤੇ ਦੇਸ਼ ਵਿਦੇਸ਼ 'ਚ ਵੱਸ ਰਹੇ ਸਿੱਖ ਪੰਥ 'ਚ ਹਲਚਲ ਮਚਾ ਦਿੱਤੀ। ਮੈਨੂੰ ਆਪਣੇ ਤੌਰ 'ਤੇ ਇਹ ਲੱਗਦਾ ਕਿ ਗੁਰੂ ਮਹਾਰਾਜ (ਸ਼ਬਦ ਗੁਰੂ) ਵਿਚ ਆਸਥਾ ਰੱਖਣ ਵਾਲਾ ਸਿੱਖ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਸਰੂਪ ਦਾ ਸੌਦਾ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕੇਗਾ। ਇਸ ਖ਼ਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਅਚਨਚੇਤ ਅਜਿਹੀ ਹਲਚਲ ਪੈਦਾ ਕਰ ਦਿੱਤੀ ਕਿ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਪੁਰਾਣੇ ਅਤੇ ਮੌਜੂਦਾ ਅਧਿਕਾਰੀਆਂ 'ਚ ਮੀਟਿੰਗ ਸੱਦ ਲਈ ਅਤੇ ਇਸ ਕਮੇਟੀ ਨੇ ਹਮੇਸ਼ਾ ਦੀ ਤਰ੍ਹਾਂ ਇਕ ਸਬ ਕਮੇਟੀ ਕਾਇਮ ਕਰ ਦਿੱਤੀ ਹੈ। ਇਸ ਮੀਟਿੰਗ 'ਚ ਇਹ ਵੀ ਪੁਸ਼ਟੀ ਕੀਤੀ ਗਈ ਕਿ ਸਾਕਾ ਨੀਲਾ ਤਾਰਾ ਦੌਰਾਨ ਫੌਜ ਅਮਲੇ ਵੱਲੋਂ ਨਾਲ ਲੈ ਕੇ ਗਏ ਅਨਮੋਲ ਸਰਮਾਏ 'ਚੋਂ ਕੁਝ ਵੀ ਨਹੀਂ ਮਿਲਿਆ। ਸ਼੍ਰੋਮਣੀ ਕਮੇਟੀ ਦੇ ਲਾਇਬ੍ਰੇਰੀ ਸਾਬਕਾ ਡਾਇਰੈਕਟਰ ਡਾ. ਅਨੁਰਾਗ ਸਿੰਘ ਵੱਲੋਂ ਮੀਟਿੰਗ 'ਚ ਇਹ ਤੱਥ ਪੇਸ਼ ਕੀਤੇ ਗਏ ਕਿ ਜੋ ਕਿ ਲਿਸਟਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 205 ਹੱਥਲਿਖਤ ਸਰੂਪ, 807 ਪੁਸਤਕਾਂ, 1 ਹੁਕਮਾਨਾ ਅਤੇ ਕੁਝ ਅਖ਼ਬਾਰਾਂ ਸ਼੍ਰੋਮਣੀ ਕਮੇਟੀ ਨੂੰ ਵਾਪਿਸ ਕੀਤੀ ਗਈਆਂ ਹਨ। ਸ਼੍ਰੋਮਣੀ ਕਮੇਟੀ ਦੇ ਅਸੈਸ਼ਨ ਰਜਿਸਟਰਾਂ ਦੇ ਰਿਕਾਰਡ ਮੁਤਾਬਕ ਜੋ ਕਿ ਸ਼੍ਰੋਮਣੀ ਕਮੇਟੀ ਦੀ ਮੀਟਿੰਗ 'ਚ ਇਹ ਤੱਥ ਪੇਸ਼ ਹੋਇਆ ਕਿ ਜੂਨ 1984 ਤੋਂ ਪਹਿਲਾਂ ਲਾਇਬ੍ਰੇਰੀ ਵਿਚ 512 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ, 12613 ਦੁਰਲੱਭ ਪੁਸਤਕਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਅਖ਼ਬਾਰਾਂ ਮੌਜੂਦ ਸਨ। ਸ਼੍ਰੋਮਣੀ ਕਮੇਟੀ ਨੇ ਇਹ ਸਾਫ ਕੀਤਾ ਕਿ ਡਾ. ਅਨੁਰਾਗ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਲਾਇਬ੍ਰੇਰੀ ਦਾ ਸਾਮਨ ਵਾਪਸ ਆਇਆ ਵੀ ਹੈ ਪਰ ਫਿਰ ਵੀ 307 ਹੱਥ ਲਿਖਤ ਪਾਵਨ ਸਰੂਪ ਅਤੇ 11107 ਪੁਸਤਕਾਂ ਅਜੇ ਵੀ ਸ਼੍ਰੋਮਣੀ ਕਮੇਟੀ ਪਾਸ ਨਹੀਂ ਪੁੱਜੀਆਂ। ਸ਼੍ਰੋਮਣੀ ਕਮੇਟੀ ਇਸ ਗੱਲ ਤੋਂ ਬਿਲਕੁਲ ਸਹਿਮਤ ਨਹੀਂ ਕਿ ਸਾਰਾ ਸਾਮਾਨ ਸ਼੍ਰੋਮਣੀ ਕਮੇਟੀ ਨੂੰ ਵਾਪਸ ਮਿਲਿਆ ਹੋਵੇ।
ਕੁਝ ਦਿਨ ਪਹਿਲਾਂ ਵੀ ਸ੍ਰ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਗ੍ਰਹਿ ਮੰਤਰੀ ਨੂੰ ਮਿਲਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਅਣਮੁੱਲਾ ਖਜ਼ਾਨਾ ਵਾਪਸ ਦੇਣ ਲਈ ਮੰਗ ਪੱਤਰ ਦਿੱਤਾ। ਇਹ ਪਹਿਲੀ ਵਾਰ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਚੀਜ਼ਾਂ ਨੂੰ ਵਾਪਸ ਲੈਣ ਲਈ ਮੰਗ ਪੱਤਰ ਦਿੱਤਾ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੇਂ ਸਮੇਂ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਜੋ ਵੀ ਸਰਮਾਇਆ ਫੌਜ ਨਾਲ ਲੈ ਕੇ ਗਈ ਉਹ ਗ੍ਰਹਿ ਮੰਤਰਾਲੇ ਦੇ ਨਾਲ ਮੁਲਾਕਾਤ ਕਰਕੇ ਵਾਪਿਸ ਮੰਗਿਆ ਜਾ ਰਿਹਾ ਹੈ। ਸਾਡੇ ਦੇਸ਼ ਦੇ ਸਿੱਖ ਪ੍ਰਧਾਨ ਮੰਤਰੀ ਜੋ ਕਿ ਦੋ ਵਾਰ ਚੁਣੇ ਗਏ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਨਣ ਉਪਰੰਤ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਤਦ ਵੀ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਕੋਲੋਂ ਲਾਇ੍ਰਬੇਰੀ ਦਾ ਸਾਮਾਨ ਵਾਪਸ ਲੈਣ ਸਬੰਧੀ ਆਵਾਜ਼ ਬੁਲੰਦ ਕੀਤੀ ਸੀ ਪਰ ਅਜੇ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਨਿਕਲਿਆ। ਅਸੀਂ ਕਦੋਂ ਤੱਕ ਆਪਣਾ ਅਣਮੁੱਲਾ ਸਰਮਾਇਆ ਵਾਪਿਸ ਲੈਣ ਲਈ ਸਰਕਾਰਾਂ ਦੇ ਅੱਗੇ ਚਿੱਠੀਆ, ਪੱਤਰ, ਮੁਲਾਕਾਤਾਂ ਕਰਦੇ ਰਹਾਂਗੇ। ਕਦੋਂ ਸਾਡੇ ਪੰਥ ਦਾ ਅਣਮੁੱਲਾ ਸਰਮਾਇਆ ਸਾਨੂੰ ਵਾਪਿਸ ਕੀਤਾ ਜਾਵੇਗਾ।
-
ਮਨਪ੍ਰੀਤ ਸਿੰਘ ਜੱਸੀ, ਐਮ.ਏ. ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ
manpreets.jassi@gmail.com
6280862514
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.