ਦਿਲ ਕਰਦੈ ਕਿਣ ਮਿਣ ਕਣੀਆਂ ਵਰ੍ਹਦੀਆਂ ਹੋਣ ਤੇ ਦੋਆਬੇ ਦੇ ਕਿਸੇ ਬਾਗ ਚ ਕੁਝ ਸ਼ਾਇਰ ਦੋਸਤ ਬਹਿਣ।
ਬਾਲਟੀ ਚ ਪਾਏ ਅੰਬ ਚੂਪੀ ਜਾਣ, ਰੁਤਬੇ ਮੁਰਾਤਬੇ ਦੀਆਂ ਜੁਰਾਬਾਂ ਉਤਾਰ ਕੇ।
ਸਿਆਣੇ ਦੱਸਦੇ ਨੇ ਕਿ ਡਾ: ਮ ਸ ਰੰਧਾਵਾ ਹਰ ਸਾਲ ਆਪਣੇ ਪਿੰਡ ਬੋਦਲਾਂ(ਦਸੂਹਾ) ਜਾ ਕੇ ਅੰਬਾਂ ਰੁੱਤੇ ਇੱਕ ਹਫ਼ਤਾ ਪਰਿਵਾਰ ਸਣੇ ਰਹਿੰਦੇ ਸਨ।
ਬਾਲ ਸਖਾਈ ਯਾਰਾਂ ਬੇਲੀਆਂ ਨਾਲ ਅਠਖੇਲੀਆਂ ਕਰਦੇ। ਬੱਚੇ ਬਣ ਜਾਂਦੇ।
ਚਲੋ ਆਪਾਂ ਵੀ ਇੱਕ ਦਿਨ ਲਈ ਬੱਚੇ ਬਣੀਏ।
ਸਾਉਣ ਮਹੀਨੇ ਇਕੱਠੇ ਹੋਈਏ। ਖ਼ਰਚ ਖੇਚਲ ਆਪੋ ਆਪਣਾ।
ਕੋਈ ਦੋਆਬੀਆ ਲਿਖਾਰੀ ਨਿੱਤਰੇ, ਚਾਰ ਪੰਜ ਜਣੇ ਅਸੀਂ ਲੁਧਿਆਣਿਉਂ ਆ ਜਾਵਾਂਗੇ।
ਅੰਬਾਂ ਦੇ ਟੋਕਰਿਆਂ ਦਾ ਖ਼ਰਚ ਵੀ ਭਰ ਦਿਆਂਗੇ।
ਬੁਲਾਉ ਯਾਰ!
ਇਕੱਲ੍ਹੇ ਇਕੱਲ੍ਹੇ ਬੈਠੇ ਬੁੱਸ ਚੱਲੇ ਹਾਂ।
ਅੰਗਰੇਜ਼ੀ ਵਾਲੇ ਇਸ ਨੂੰ
Dr M S Randhawa Mango Festival ਕਹਿ ਸਕਦੇ ਹਨ।
ਹਾਲ ਦੀ ਘੜੀ ਮੇਰਾ ਗੀਤ ਪੜ੍ਹੋ।
ਅੰਬਾਂ ਦੀ ਰੁੱਤ ਦਾ ਗੀਤ
ਗੁਰਭਜਨ ਗਿੱਲ
ਅੰਬਾਂ ਨੂੰ ਪੈ ਗਿਆ ਬੂਰ ਨੀ ਜਿੰਦ ਠੇਡੇ ਖਾਂਦੀ,
ਮਾਨਣ ਵਾਲਾ ਦੂਰ ਨੀ ਜਿੰਦ ਠੇਡੇ ਖਾਂਦੀ।
ਸ਼ਯਾਮ ਘਟਾਂ ਚੜ੍ਹ ਆਈਆਂ ਅੰਬਰੀਂ ਦਿਲ ਪਿਆ ਡੋਬੇ ਖਾਵੇ।
ਸਿਰ ਤੋਂ ਪੈਰਾਂ ਤੀਕ ਨੇ ਅੱਥਰੂ ਜਿਸਮ ਪਿਘਲਦਾ ਜਾਵੇ।
ਤਨ ਦਾ ਭਖ਼ੇ ਤੰਦੂਰ ਨੀ ਜਿੰਦ ਠੇਡੇ ਖਾਂਦੀ।
ਨਾ ਮੈਂ ਵਰੀ ਵਿਆਹੀ ਨਾ ਮੈਂ ਮਹਿੰਦੀ ਤਲੀਏ ਲਾਈ।
ਇਹ ਬਦਲੋਟੀ ਯਾਦਾਂ ਬਣ ਕੇ ਕਿੱਦਾਂ ਮਨ ਮੰਦਰ ਵਿੱਚ ਆਈ।
ਕੋਈ ਤਾਂ ਕਸਰ ਜ਼ਰੂਰ ਨੀ ਜਿੰਦ ਠੇਡੇ ਖਾਂਦੀ।
ਕੱਚੇ ਘਰ ਦੇ ਵਿਹੜੇ ਸੀ ਮੈਂ ਅੰਬ ਦਾ ਬੂਟਾ ਲਾਇਆ।
ਇਸ ਨੂੰ ਲੋਕੀਂ ਕਹਿਣ ਮੁਹੱਬਤ ਜਿਸ ਨੂੰ ਪਾਣੀ ਪਾਇਆ।
ਅੰਬੀਆਂ ਨੇ ਭਰਪੂਰ ਨੀ ਜਿੰਦ ਠੇਡੇ ਖਾਂਦੀ।
ਮਾਨਣ ਵਾਲਾ ਦੂਰ ਨੀ ਜਿੰਦ ਠੇਡੇ ਖਾਂਦੀ।
ਪੰਛੀ ਤੇ ਪਰਦੇਸੀ ਕਹਿੰਦੇ ਇੱਕ ਟਾਹਣੀ ਨਹੀਂ ਬਹਿੰਦੇ।
ਜਿੱਧਰ ਚੋਗ ਮਿਲੇ ਤੁਰ ਜਾਂਦੇ ਇੱਕ ਥਾਂ ਤੇ ਨਾ ਰਹਿੰਦੇ।
ਭੁੱਲ ਗਈ ਮੈਂ ਦਸਤੂਰ ਨੀ ਜਿੰਦ ਠੇਡੇ ਖਾਂਦੀ।
ਮਾਨਣ ਵਾਲਾ ਦੂਰ ਨੀ ਜਿੰਦ ਠੇਡੇ ਖਾਂਦੀ।
18 june 2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.