ਮੈਨੂੰ ਅਤੇ ਸ:ਦਿਲਮੇਘ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਟਰੇਨ ਵਿੱਚ ਸਫਰ ਕਰਨ ਦੇ ਆਦੇਸ਼ ਦਿੱਤੇ ਗਏ। ਗੱਲ ਇਸ ਤਰ੍ਹਾਂ ਸੀ ਕਿ ਬੁੱਧ ਧਰਮ ਦੇ ਪੈਰੋਕਾਰ ਸਾਰੀ ਦੁਨੀਆ ਵਿੱਚੋ ਜਹਾਜ਼ਾਂ ਰਾਹੀ ਚੜ੍ਹਕੇ ਦਿੱਲੀ ਆਉਦੇ ਹਨ। ਉਥੋ ਉਹਨਾਂ ਲਈ ਭਾਰਤ ਸਰਕਾਰ ਵੱਲੋ ਬੁੱਧ ਧਰਮ ਦੇ ਅਸਥਾਨਾਂ ਦੇ ਦਰਸ਼ਨ ਕਰਨ ਲਈ ਇੱਕ ਸਪੈਸ਼ਲ ਟਰੇਨ ਚਲਾਈ ਹੋਈ ਹੈ। ਇਹ ਟਰੇਨ ਹਰ ਅਸਥਾਨ ਉੱਤੇ ਇੱਕ ਰਾਤ ਰੁਕਦੀ ਹੈ, ਅਗਲੀ ਸਵੇਰ ਅਗਲੇ ਅਸਥਾਨ ਲਈ ਰਵਾਨਾ ਹੋ ਜਾਦੀ ਹੈ, ਅਸੀ ਇਸ ਟਰੇਨ ਵਿੱਚ ਇੱਕ ਰਾਤ ਦਾ ਸਫਰ ਕੀਤਾ। ਸਵੇਰੇ ਜਦੋ ਅਸੀ ਬੋਧ ਗਯਾ ( ਬਿਹਾਰ )ਦੇ ਅਸਥਾਨ ਦੇ ਦਰਸ਼ਨ ਕਰਨ ਉਪਰੰਤ ਇੱਕ ਹੋਟਲਨੁਮਾ ਢਾਬੇ ਉੱਤੇ ਬਰੇਕ ਫਾਸਟ ਕਰ ਰਹੇ ਸੀ, ਉਸ ਸਮੇ ਜਪਾਨ ਤੋ ਆਇਆ ਇੱਕ ਬੋਧੀ ਜਿਹੜਾ ਉਸੇ ਟਰੇਨ ਦਾ ਮੁਸਾਫਰ ਸੀ, ਸਾਡੇ ਪਾਸ ਆਕੇ ਬੈਠ ਗਿਆ।
ਮੈਨੂੰ ਅੰਗਰੇਜੀ ਘੱਟ ਆਉਦੀ ਸੀ, ਇਸ ਲਈ ਉਹ ਸ:ਦਿਲਮੇਘ ਸਿੰਘ ਨੂੰ ਅੰਗਰੇਜੀ ਵਿੱਚ ਬੋਲ ਕੇ ਕਹਿਣ ਲੱਗਿਆ ਸਰਦਾਰ ਜੀ ਇੱਕ ਦਿਨ ਤੁਸੀ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਇਸੇ ਤਰ੍ਹਾਂ ਵਿਦੇਸ਼ਾਂ ਤੋਂ ਆਇਆ ਕਰੋਗੇ, ਜਿਵੇ ਅਸੀ ਆਉਦੇ ਹਾਂ। ਅਸੀ ਉਸ ਬੋਧੀ ਦੀ ਗੱਲ ਦੇ ਅਰਥ ਨਾ ਸਮਝ ਸਕੇ। ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਕਮ ਸੀ ਕਿ ਜੇ ਆਪਾਂ ਵੀ ਭਾਰਤ ਸਰਕਾਰ ਨੂੰ ਬੇਨਤੀ ਕਰਕੇ ਪੰਜੇ ਤਖ਼ਤ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਨੂੰ ਟਰੇਨ ਚਲਾਈਏ ਤਾਂ ਕੀ ਇਹ ਸਫਲ ਰਹੇਗੀ? ਅਸੀ ਉੱਥੋ ਵਾਇਆ ਪਟਨਾ ਸਾਹਿਬ ਵਾਪਸ ਆ ਗਏ।ਕਈ ਸਾਲ ਬੀਤ ਗਏ ਇਸ ਘਟਨਾ ਨੂੰ , ਬੋਧੀ ਦੀ ਗੱਲ ਦੇ ਅਰਥ ਸਮਝੇ ਨਾ ਪਏ।
ਪਿਛਲੇ ਸਾਲ 6 ਮਹੀਨੇ ਦੇ ਵਕਫੇ ਨਾਲ ਮੇਰੀਆ ਦੋ ਭੈਣਾਂ ਦੀ ਮੌਤ ਹੋ ਗਈ। ਮੈ ਕੀਰਤਪੁਰ ਸਾਹਿਬ ਫੁੱਲ ਪਾਉਣ ਚਲਾ ਗਿਆ। ਐਤਵਾਰ ਦਾ ਦਿਨ ਸੀ , ਬੜਾ ਵੱਡਾ ਇਕੱਠ ਸੀ, ਮੈ ਮੈਨੇਜਰ ਸ:ਭਗਵੰਤ ਸਿੰਘ ਨੂੰ ਪੁੱਛਿਆ ਕਿ ਅੱਜ ਇਤਨੇ ਲੋਕ ਕਿਉਂ ਇਕੱਠੇ ਹੋਏ ਨੇ? ਉਸ ਨੇ ਕਿਹਾ ਹਰ ਐਤਵਾਰ ਨੂੰ ਇਤਨੇ ਹੀ ਲੋਕ ਫੁੱਲ ਪਾਊਣ ਆਉਦੇ ਹਨ। ਮੈ ਗਿਣਤੀ ਪੁੱਛੀ ਉਸ ਨੇ ਦੱਸਿਆ ਕਿ ਹਰ ਐਤਵਾਰ ਨੂੰ 300 ਤੋਂ ਲੈ ਕੇ 350 ਤੱਕ ਲੋਕ ਆਪਣੇ ਸਬੰਧੀਆ ਦੇ ਫੁੱਲ ਪਾਉਣ ਆਉਦੇ ਹਨ। ਮੈ ਕਿਹਾ ਹਰ ਰੋਜ਼ ਕਿੰਨੇ ਕੂ ਲੋਕ ਫੁੱਲ ਪਾਊਣ ਆਊਦੇ ਹਨ !ਉਸ ਨੇ ਦੱਸਿਆ ਕਿ ਰੋਜ਼ਾਨਾ ਲਗਭਗ 200 ਤੋ 250 ਲੋਕ ਆਪਣੇ ਸਬੰਧੀਆ ਦੇ ਫੁੱਲ ਪਾਉਣ ਆਉਦੇ ਹਨ। ਮੈ ਅਗਲਾ ਸਵਾਲ ਕੀਤਾ ਮਰਨ ਵਾਲਿਆ ਦੀ ਉਮਰ ਕਿੰਨੀ ਹੁੰਦੀ ਹੈ? ਉਸ ਨੇ ਦੱਸਿਆ 15 ਤੋ 45 ਸਾਲ ਤੱਕ। ਮੈ ਅਗਲਾ ਸਵਾਲ ਪੁਛਿਆ ਹੋਰ ਕਿੱਥੇ ਕਿੱਥੇ ਫੁੱਲ ਪਾਏ ਜਾਦੇ ਹਨ? ਉਸ ਨੇ ਦਸਿਆ ਕਿ ਗੜ੍ਹੀ ਸਾਹਿਬ ਸਮਾਣਾ ,ਖਨੌਰੀ,ਕਟਾਣਾ ਸਹਿਬ ,ਗੋਇੰਦਵਾਲ ਸਾਹਿਬ ,ਗੋਪਾਲਮੋਚਨਾ ਅਤੇ ਹਰਿਦੁਆਰ ਅਾਦਿ ਥਾਵਾਂ ਉੱਤੇ ਫੁੱਲ ਪਾਏ ਜਾਦੇ ਹਨ। ਮੈ ਘਰ ਆਇਆ ਮਨ ਇਕਾਗਰ ਕਰਕੇ ਬੋਧੀ ਦੇ ਕਹੇ ਸ਼ਬਦਾਂ ਦੇ ਅਰਥ ਲੱਭਣ ਲੱਗ ਪਿਆ।
ਮੈ ਸੋਚਿਆ ਕਿ ਬੱਚੇ ਸਾਡੇ ਧੜਾ-ਧੜ ਵਿਦੇਸ਼ਾਂ ਨੂੰ ਕੂਚ ਕਰ ਰਹੇ ਹਨ।ਕੈਂਸਰ,ਦਿੱਲ ਦੀਆਂ ਬੀਮਾਰੀਆਂ ਅਤੇ ਹੋਰ ਕਈ ਭਿਆਨਕ ਬਿਮਾਰੀਆਂ ਨਾਲ ਜਵਾਨ ਮੌਤਾਂ ਹੋ ਰਹੀਆ ਹਨ। ਮੇਰੀ ਸੋਚ ਅਨੁਸਾਰ ਵਿਦੇਸ਼ਾਂ ਤੋ ਪਹਿਲੀ ਪੀੜੀ ਚਾਰ ਕੂ ਵਾਰ ਮੋੜਾ ਪਾਏਗੀ ,ਅਗਲੀ ਪੀੜੀ ਜਮੀਨ-ਜਾਇਦਾਦ ਵੇਚਣ ਆਏਗੀ ਅਤੇ ਮੁੜ ਕਦੇ ਨਹੀ ਆਏਗੀ। ਇੱਕ ਦਿਨ ਪੰਜਾਬ ਇਸ ਤਰ੍ਹਾਂ ਖਾਲੀ ਹੋ ਜਾਏਗਾ,ਲੀਡਰ ਲੋਕ ਸਮਸ਼ਾਨਘਾਟ ਸੋਹਣੇ ਬਣਾਕੇ ਉੱਥੇ ਲੀਡਰੀ ਕਰਿਆ ਕਰਨਗੇ। ਹਾਂ ਫਿਰ ਬੋਧੀਆਂ ਵਾਂਗੂੰ ਵਿਦੇਸ਼ਾਂ ਤੋਂ ਬਜ਼ੁਰਗ ਅਵੱਸਥਾ ਵਿੱਚ ਸਿੱਖ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ ਕਰਨਗੇ। ਇੱਕ ਸਾਜਿਸ਼ ਤਹਿਤ ਬੋਧੀ ਨੂੰ ਹਿੰਦੂ ਨੇ ਖਾਨਾਬਦੋਸ਼ ਕਰ ਦਿੱਤਾ ਅਤੇ ਸਾਨੂੰ ਖਾਨਾਬਦੋਸ਼ ਕਰਨ ਦੀਆਂ ਇਹ ਉਪਰ ਦੱਸੀਆਂ ਸਭ ਸਾਜ਼ਿਸ਼ਾਂ ਹਨ। ਜਿਨ੍ਹਾਂ ਕੌਮਾਂ ਦੇ ਘਰ ਨਹੀ ਹੁੰਦੇ ਅਤੇ ਆਪਣੇ ਰਾਜ ਨਹੀ ਹੁੰਦੇ ਇੱਕ ਦਿਨ ਉਹ ਖਾਨਾਬਦੋਸ਼ ਹੋ ਜਾਂਦੀਆਂ ਹਨ ,ਯਤੀਮ ਬਣ ਜਾਂਦੀਆਂ। ਉਨ੍ਹਾਂ ਦੀ ਵਿਰਾਸਤ ਰੁਲ ਜਾਂਦੀ ਹੈ।ਜੇ ਅਸੀ ਨਾ ਸੰਭਲੇ ਤਾਂ ਸਾਡੀ ਵੀ ਵਿਰਾਸਤ ਰੁਲ ਜਾਏਗੀ ।
-
ਜਥੇਦਾਰ ਕਰਨੈਲ ਸਿੰਘ ਪੰਜੋਲੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ
*********
97792-15215
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.