ਪ੍ਰਵਾਸ ਹੰਢਾ ਰਹੇ ਪੰਜਾਬੀਆਂ ਨੇ ਆਪਣੇ ਪਿਛਲੇ ਪਿੰਡਾਂ, ਸ਼ਹਿਰਾਂ 'ਚ ਵਸਦੇ ਪੰਜਾਬੀਆਂ ਦੇ ਭਲੇ ਹਿੱਤ ਸਮੇਂ-ਸਮੇਂ 'ਤੇ ਬਹੁਤ ਸਾਰੇ ਭਲਾਈ ਦੇ ਕਾਰਜ ਆਰੰਭੇ ਅਤੇ ਬਹੁਤੀ ਵੇਰ ਸਰਕਾਰਾਂ ਦੀ ਸਹਾਇਤਾ ਤੋਂ ਬਿਨ੍ਹਾਂ ਇਹੋ ਜਿਹੇ ਕਾਰਜ ਕੀਤੇ ਜਿਹਨਾ ਦੀ ਮਿਸਾਲ ਦਿੱਤਿਆਂ ਹੀ ਬਣਦੀ ਹੈ। ਪਿੰਡਾਂ 'ਚ ਅੰਡਰ ਗਰਾਊਂਡ ਸੀਵਰੇਜ ਸਿਸਟਮ ਦੀ ਉਸਾਰੀ ਉਹਨਾ ਵਿਚੋਂ ਇਹੋ ਜਿਹਾ ਕਾਰਜ ਹੈ, ਜਿਸਨੂੰ ਸਰਕਾਰ ਪਿੰਡਾਂ 'ਚ ਲਾਗੂ ਨਹੀਂ ਸਨ ਕਰਨਾ ਚਾਹੁੰਦੀ ਪਰ ਪ੍ਰਵਾਸੀ ਪੰਜਾਬੀਆਂ ਨੇ ਪਹਿਲੋ-ਪਹਿਲ ਇਹ ਬੀੜਾ ਚੁੱਕਿਆ ਅਤੇ ਪੰਜਾਬ ਸਰਕਾਰ ਨੂੰ ਮਜ਼ਬੂਰ ਕਰ ਦਿੱਤਾ ਕਿ ਉਹ ਇਸ ਕਾਰਜ ਲਈ ਮੈਚਿੰਗ ਗ੍ਰਾਂਟ ਦੇਵੇ, ਜਿਹੜੀ ਕਿ ਬਾਅਦ ਵਿੱਚ ਵੀ ਪੰਜਾਬ ਵਿੱਚ ਲੰਮਾ ਸਮਾਂ ਚਲਦੀ ਰਹੀ। ਪ੍ਰਵਾਸੀ ਪੰਜਾਬੀਆਂ ਦੀ ਸਹਾਇਤਾ ਨਾਲ ਕਈ ਪਿੰਡਾਂ 'ਚ ਅੰਡਰ ਗਰਾਊਂਡ ਸੀਵਰੇਜ ਸਿਸਟਮ ਹੀ ਚਾਲੂ ਨਾ ਹੋਏ, ਸਗੋਂ ਖੇਡ ਸਟੇਡੀਅਮ, ਕੰਕਰੀਟ ਬਲਾਕ ਲਗਾਉਣ, ਇਮਾਰਤਾਂ ਦੀ ਉਸਾਰੀ ਦੇ ਨਾਲ-ਨਾਲ ਪਿੰਡਾਂ 'ਚ ਹਸਪਤਾਲ, ਡਿਸਪੈਂਸਰੀਆਂ ਵੀ ਖੋਲ੍ਹੀਆਂ ਜਿਥੇ ਬਹੁਤੀਆਂ ਹਾਲਤਾਂ 'ਚ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਰਹੀਆਂ ਜਾਂ ਹੁਣ ਵੀ ਰਿਆਇਤੀ ਦਰਾਂ ਤੇ ਦਿੱਤੀਆਂ ਜਾ ਰਹੀਆਂ ਹਨ। ਪਿੰਡਾਂ 'ਚ ਪ੍ਰਵਾਸੀ ਵੀਰਾਂ ਵਲੋਂ ਟੂਰਨਾਮੈਂਟ ਕਰਾਉਣ, ਧਾਰਮਿਕ ਸਥਾਨਾਂ ਦੀ ਉਸਾਰੀ ਅਤੇ ਸਿਲਾਈ ਸੈਂਟਰ ਖੋਹਲਕੇ ਲੜਕੀਆਂ ਨੂੰ ਟਰੇਨਿੰਗ ਦੇਕੇ ਸਿਲਾਈ ਮਸ਼ੀਨਾਂ ਦੇਣੀਆਂ ਅਤੇ ਕਈ ਥਾਵਾਂ ਤੇ ਲੋੜਵੰਦ ਬਜ਼ੁਰਗਾਂ ਅਤੇ ਲੋੜਵੰਦ ਔਰਤਾਂ ਨੂੰ ਪੈਨਸ਼ਨਾਂ ਆਦਿ ਦੇਣੀਆਂ ਜਿਹੇ ਕੰਮ ਵੀ ਕੀਤੇ ਗਏ। ਪ੍ਰਵਾਸੀ ਵੀਰਾਂ ਦੇ ਮਨ ਦੀ ਭਾਵਨਾ ਤਾਂ ਮੁੱਖ ਰੂਪ ਵਿੱਚ ਇਹ ਸੀ ਕਿ ਉਹਨਾ ਬਾਹਰਲੇ ਮੁਲਕਾਂ 'ਚ ਜਾ ਕੇ ਆਪਣੀ ਜ਼ਿੰਦਗੀ ਵਸਰ ਕਰਨ ਲਈ ਜੋ ਸੁੱਖ ਸਹੂਲਤਾਂ ਮਾਣੀਆਂ ਹਨ, ਜਾਂ ਮਾਣ ਰਹੇ ਹਨ, ਉਹੋ ਜਿਹੀਆਂ ਸਹੂਲਤਾਂ ਉਹ ਆਪਣੇ ਪੰਜਾਬ ਵਿੱਚ ਵੀ ਪਿੱਛੇ ਰਹਿ ਰਹੇ ਲੋਕਾਂ ਨੂੰ ਦੇਣ। ਇਸੇ ਮੰਤਵ ਨਾਲ ਉਹਨਾ ਵਿੱਚੋਂ ਬਹੁਤੇ ਲੋਕਾਂ ਨੇ ਆਪਣੀ ਕ੍ਰਿਤ ਕਮਾਈ 'ਚੋਂ ਹਿੱਸਾ ਕਢਦਿਆਂ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਦਾ ਉਪਰਾਲਾ ਕੀਤਾ।
ਪ੍ਰਵਾਸ ਹਢਾਉਂਦਿਆਂ ਪ੍ਰਵਾਸੀ ਪੰਜਾਬੀਆਂ ਨੇ ਵੱਡਾ ਸੰਘਰਸ਼ ਕੀਤਾ, ਕਿਉਂਕਿ ਉਹਨਾ ਨੂੰ ਮਿਹਨਤ ਕਰਨ ਦੇ ਮੌਕੇ ਮਿਲੇ ਅਤੇ ਮਿਹਨਤ ਦਾ ਫਲ ਵੀ ਮਿਲਿਆ। ਸਿੱਟੇ ਵਜੋਂ ਦਹਾਕਿਆਂ ਦੀ ਮੁਸ਼ੱਕਤ ਸਦਕਾ ਉਹਨਾ ਵਿੱਚੋਂ ਕੁਝ ਇੱਕ ਨੇ ਆਪੋ-ਆਪਣੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ। ਵਿਦੇਸ਼ਾਂ ਦੀ ਧਰਤੀ 'ਤੇ ਵੱਡੀਆਂ ਜਾਇਦਾਦਾਂ, ਫਾਰਮ ਹਾਊਸ, ਫੈਕਟਰੀਆਂ, ਪੈਟਰੋਲ ਪੰਪ ਆਦਿ ਸਥਾਪਤ ਕੀਤੇ ਅਤੇ ਮਿਹਨਤ ਕਰਦਿਆਂ ਡਾਕਟਰੀ, ਇੰਜਨੀਅਰੀ, ਸਿਆਸਤ, ਪੱਤਰਕਾਰੀ ਦੇ ਖੇਤਰ 'ਚ ਵੱਡੀਆਂ ਮੱਲਾਂ ਮਾਰੀਆਂ। ਬਰਤਾਨੀਆ, ਕੈਨੇਡਾ 'ਚ ਤਾਂ ਪ੍ਰਵਾਸੀ ਪੰਜਾਬੀਆਂ ਨੇ ਵੱਡੇ-ਵੱਡੇ ਪ੍ਰਾਜੈਕਟ ਛੋਹੇ, ਉਹਨਾ 'ਤੇ ਕੰਮ ਕੀਤਾ, ਸਰਕਾਰੇ-ਦਰਬਾਰੇ ਨਾਮਣਾ ਖੱਟਿਆ। ਸਰਕਾਰਾਂ 'ਚ ਉੱਚ ਅਹੁਦਿਆਂ ਉਤੇ ਬੈਠੇ। ਪ੍ਰਸ਼ਾਸ਼ਨ 'ਚ ਭਾਗੀਦਾਰ ਬਣਕੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ। ਕੈਨੇਡਾ, ਬਰਤਾਨੀਆ ਦੇ ਨਾਲ-ਨਾਲ ਅਮਰੀਕਾ, ਨੀਊਜੀਲੈਂਡ, ਅਸਟ੍ਰੇਲੀਆ 'ਚ ਗਏ ਪੰਜਾਬੀਆਂ ਨੇ ਵੀ ਹਰ ਖੇਤਰ 'ਚ ਆਪਣਾ ਨਾਮ ਰੋਸ਼ਨ ਕੀਤਾ ਅਤੇ ਇਨ੍ਹਾਂ ਆਪਣੀ ਜ਼ਿੰਦਗੀ 'ਚ ਪ੍ਰਵਾਨ ਚੜੇ ਪ੍ਰਵਾਸੀ ਪੰਜਾਬੀਆਂ ਨੇ ਜਿਥੇ ਆਪਣੇ ਪਰਿਵਾਰਾਂ ਲਈ ਸੁੱਖ ਸੁਵਿਧਾਵਾਂ ਪੈਦਾ ਕਰਨ ਦਾ ਯਤਨ ਕੀਤਾ, ਉਥੇ ਪੰਜਾਬ ਜਾਂ ਦੇਸ਼ ਵਸਦੇ ਰਿਸ਼ਤੇਦਾਰਾਂ ਅਤੇ ਹੋਰ ਪੰਜਾਬੀਆਂ ਦੇ ਭਲੇ ਹਿੱਤ ਆਪਣੇ ਕਾਰੋਬਾਰ ਖੋਲ੍ਹਕੇ ਉਹਨਾ ਦੀ ਸਹਾਇਤਾ ਵੀ ਕਰਨੀ ਚਾਹੀ, ਜਿਹੜੀ ਕਿ ਬਹੁਤਾ ਇਸ ਕਰਕੇ ਸਫਲਤਾ ਹਾਸਲ ਨਾ ਕਰ ਸਕੀ ਕਿ ਸਰਕਾਰਾਂ ਵਲੋਂ ਅਤੇ ਸਰਕਾਰੀ ਮਸ਼ੀਨਰੀ ਵਲੋਂ ਉਹਨਾ ਦੇ ਕੰਮ ਵਿੱਚ ਅੜਿੱਕੇ ਡਾਹੇ ਜਾਂਦੇ ਰਹੇ। ਜਿਸ ਤੋਂ ਪ੍ਰਵਾਸੀ ਪਿਛਲੇ ਸਮੇਂ ਤੋਂ ਡਾਹਢੇ ਨਿਰਾਸ਼ ਦਿੱਖ ਰਹੇ ਹਨ।
ਪ੍ਰਵਾਸੀ ਪੰਜਾਬੀਆਂ ਦੀਆਂ ਵੱਡੀਆਂ ਸਮੱਸਿਆਵਾਂ ਪ੍ਰਤੀ ਸਰਕਾਰਾਂ ਦੇ ਅਵੇਸਲੇਪਨ ਨੇ ਪ੍ਰਵਾਸੀਆਂ ਨੂੰ ਸਦਾ ਪ੍ਰੇਸ਼ਾਨ ਕੀਤਾ ਹੈ। ਉਹਨਾ ਦੀਆਂ ਜਾਇਦਾਦਾਂ ਪੰਜਾਬ 'ਚ ਸੁਰੱਖਿਅਤ ਨਹੀਂ। ਬਹੁਤੇ ਰਿਸ਼ਤੇਦਾਰਾਂ, ਭੂ-ਮਾਫੀਏ ਨੇ ਸਰਕਾਰੀ ਪ੍ਰਸ਼ਾਸ਼ਨ ਨਾਲ ਰਲਕੇ ਪ੍ਰਵਾਸੀਆਂ ਦੀਆਂ ਜਾਇਦਾਦਾਂ ਹੀ ਨਹੀਂ ਹੜੱਪੀਆਂ, ਉਹਨਾ ਉਤੇ ਝੂਠੇ ਕੇਸ ਵੀ ਦਰਜ਼ ਕਰਵਾਏ।
ਇਹਨਾ ਸਮੱਸਿਆਵਾਂ ਦੇ ਹੱਲ ਲਈ ਸਮੇਂ-ਸਮੇਂ ਦੀਆਂ ਅਕਾਲੀ-ਭਾਜਪਾ ਜਾਂ ਕਾਂਗਰਸ ਸਰਕਾਰਾਂ ਨੇ ਨਵੇਂ ਕਨੂੰਨ ਬਣਾਏ। ਪ੍ਰਵਾਸੀ ਪੰਜਾਬੀਆਂ ਦੀ ਸੰਸਥਾ ਐਨ.ਆਰ.ਆਈ. ਸਭਾ ਜਲੰਧਰ ਦੀ ਸਥਾਪਨਾ ਕੀਤੀ। ਐਨ.ਆਰ.ਆਈ. ਥਾਣੇ ਬਣਾਏ ਗਏ। ਐਨ.ਆਰ.ਆਈ. ਕਮਿਸ਼ਨ ਦੀ ਸਥਾਪਨਾ ਕੀਤੀ ਗਈ। ਹਰ ਵਰ੍ਹੇ ਪ੍ਰਵਾਸੀ ਪੰਜਾਬੀਆਂ ਦੀਆਂ ਬਹੁਤੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਖੜੀਆਂ ਹਨ। ਸੈਂਕੜਿਆਂ ਦੀ ਗਿਣਤੀ 'ਚ ਜ਼ਮੀਨ, ਜਾਇਦਾਦ ਦੇ ਕੇਸ ਅਦਾਲਤਾਂ ਵਿੱਚ ਹਨ। ਬਹੁਤੇ ਪ੍ਰਵਾਸੀਆਂ ਦੀਆਂ ਹਿੱਸੇ ਆਉਂਦੀਆਂ ਦੁਕਾਨਾਂ, ਮਕਾਨ, ਜਾਇਦਾਦਾਂ ਉਤੇ ਕਬਜੇ ਉਹਨਾ ਨੂੰ ਪ੍ਰੇਸ਼ਾਨ ਕਰ ਰਹੇ ਹਨ।
ਹੈਰਾਨੀ, ਪ੍ਰੇਸ਼ਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਪ੍ਰਵਾਸੀ , ਜਿਹਨਾ ਨੇ ਪੰਜਾਬ ਰਹਿੰਦੇ ਪੰਜਾਬੀਆਂ ਦੀ ਬਾਂਹ ਫੜੀ, ਉਹਨਾ ਦੀ ਸਹਾਇਤਾ ਕੀਤੀ, ਉਹਨਾ ਦੇ ਔਖੇ ਵੇਲੇ ਕੰਮ ਵੀ ਆਏ, ਉਹਨਾ ਪ੍ਰਵਾਸੀ ਪੰਜਾਬੀਆਂ ਦੀਆਂ ਸੇਵਾਵਾਂ ਪ੍ਰਤੀ ਕਦੇ ਉਹਨਾ ਨੂੰ ਸਨਮਾਨਿਤ ਨਹੀਂ ਕੀਤਾ ਗਿਆ। ਜਿੰਨਾ ਕੁ ਚਿਰ ਸਰਕਾਰਾਂ ਨੂੰ ਪ੍ਰਵਾਸੀਆਂ ਦੀ ਵੋਟਾਂ 'ਚ ਸਹਾਇਤਾ ਦੀ ਲੋੜ ਸੀ ,ੳਤਨਾ ਚਿਰ ਉਹਨਾ ਪ੍ਰਵਾਸੀ ਸੰਮੇਲਨ ਵੀ ਕਰਵਾਏ, ਐਨ.ਆਰ.ਆਈ. ਸਭਾ ਦੀਆਂ ਸਰਗਰਮੀਆਂ ਵੀ ਜਾਰੀ ਰੱਖੀਆਂ, ਪਰ ਹੁਣ ਉਹ ਸਭ ਬੰਦ ਕਰ ਦਿੱਤੀਆਂ ਗਈਆਂ ਹਨ।
ਪਰ ਹੁਣ ਚੰਗੀ ਖ਼ਬਰ ਹੈ ਕਿ ਉਹਨਾ ਪ੍ਰਵਾਸੀ ਪੰਜਾਬੀਆਂ, ਜਿਹਨਾ ਨੇ ਵਿਦੇਸ਼ਾਂ ਵਿੱਚ ਹਰ ਖੇਤਰ 'ਚ ਨਾਮਣਾ ਖੱਟਿਆ ਉਹਨਾ ਪ੍ਰਵਾਸੀ ਪੰਜਾਬੀਆਂ ਨੂੰ "ਅਚੀਵਰ ਐਵਾਰਡ" ਅਗਲੇ ਵਰ੍ਹੇ ਤੋਂ ਦਿੱਤੇ ਜਾਣਗੇ, ਜਿਹਨਾ ਦੀ ਚੋਣ ਦੇ ਹੁਕਮ ਪੰਜਾਬ ਸਰਕਾਰ ਨੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਨੂੰ ਦੇ ਦਿੱਤੇ ਹਨ। ਇਹ ਹੋਰ ਵੀ ਚੰਗੀ ਖ਼ਬਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਮੇਂ ਕਰਵਾਏ ਜਾ ਰਹੇ ਸਮਾਗਮਾਂ 'ਚ 550 ਪ੍ਰਵਾਸੀ ਪੰਜਾਬੀਆਂ ਨੂੰ ਸੱਦਾ ਪੱਤਰ ਭੇਜੇ ਜਾਣਗੇ, ਜਿਹਨਾ ਦਾ ਰਹਿਣ-ਸਹਿਣ ਤੇ ਆਵਾਜਾਈ ਦਾ ਪ੍ਰਬੰਧ ਪੰਜਾਬ ਸਰਕਾਰ ਕਰੇਗੀ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋਏ ਪ੍ਰਵਾਸੀ ਪੰਜਾਬੀਆਂ ਨੂੰ ਸੂਬੇ ਦੇ ਵਿਕਾਸ ਲਈ ਆਪਣੇ ਨਾਲ ਜੋੜਨ ਵਾਸਤੇ ਅਚੀਵਰ ਐਵਾਰਡ ਲਈ ਚੰਗੇ ਸੁਲਝੇ ਹੋਏ ਨਿਰਪੱਖ ਉਹਨਾ ਪ੍ਰਵਾਸੀ ਪੰਜਾਬੀਆਂ ਦੀ ਚੋਣ ਹੋਣੀ ਚਾਹੀਦੀ ਹੈ, ਜਿਹਨਾ ਦੀਆਂ ਪ੍ਰਾਪਤੀਆਂ ਉਤੇ ਕੋਈ ਸ਼ੰਕਾ ਨਾ ਹੋਵੇ ਜਾਂ ਕੋਈ ਉਂਗਲ ਨਾ ਉਠਾ ਸਕੇ। ਇਸੇ ਤਰ੍ਹਾਂ ਪ੍ਰਕਾਸ਼ ਪੁਰਬ ਲਈ ਉਹਨਾ ਪੰਜਾਬੀ ਪ੍ਰਵਾਸੀਆਂ ਨੂੰ ਸੱਦਾ ਪੱਤਰ ਭੇਜਿਆ ਜਾਣਾ ਚਾਹੀਦਾ ਹੈ, ਜਿਹਨਾ ਦੀ ਪੰਜਾਬੀ ਸਮਾਜ ਨੂੰ ਦੇਸ਼-ਵਿਦੇਸ਼ 'ਚ ਵੱਡੀ ਦੇਣ ਹੋਵੇ। ਤਦੇ ਹੀ ਪ੍ਰਵਾਸੀ ਪੰਜਾਬੀਆਂ ਨਾਲ ਸਰਕਾਰ ਦਾ ਸੰਪਰਕ ਅਤੇ ਵਿਸ਼ਵਾਸ ਵਧੇਗਾ। ਲੋੜ ਤਾਂ ਇਸ ਗੱਲ ਦੀ ਵੀ ਹੈ ਕਿ ਪ੍ਰਵਾਸੀ ਪੰਜਾਬੀਆਂ ਦੀ ਸੰਸਥਾ ਐਨ.ਆਰ.ਆਈ. ਸਭਾ ਦੀ ਚੋਣ ਕਰਕੇ ਉਸਨੂੰ ਸਰਗਰਮ ਕੀਤਾ ਜਾਵੇ। ਅਤੇ ਐਨ.ਆਰ.ਆਈ. ਕਮਿਸ਼ਨ ਨੂੰ ਵੀ ਵਧੇਰੇ ਤਾਕਤਾਂ ਦਿੱਤੀਆਂ ਜਾਣ।
ਪੰਜਾਬ, ਦੇਸ਼ ਦੇ ਬਾਕੀ ਹਿੱਸੇ ਵਾਂਗਰ ਵੱਡੀ ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਭੈੜੀ ਅਰਥ ਵਿਵਸਥਾ ਦਾ ਸ਼ਿਕਾਰ ਹੋਇਆ ਪਿਆ ਹੈ। ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ। ਪੰਜਾਬ ਕੋਲ ਵੱਡੇ ਉਦਯੋਗ ਨਹੀਂ ਹਨ। ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ 'ਚ ਉਦਯੋਗ ਲਗਾਉਣ ਲਈ ਤਦੇ ਪ੍ਰੇਰਿਆ ਜਾ ਸਕਦਾ ਹੈ, ਜੇਕਰ ਉਹਨਾ ਦਾ ਭਰੋਸਾ ਜਿੱਤਿਆ ਜਾਏ। ਉਹ ਪ੍ਰਵਾਸੀ ਪੰਜਾਬੀ ਜਿਹਨਾ ਨੇ ਵਿਸ਼ਵ ਭਰ 'ਚ ਵੱਖੋ-ਵੱਖਰੇ ਖੇਤਰਾਂ 'ਚ ਨਾਮ ਖੱਟਿਆ ਹੈ, ਪੰਜਾਬ ਦੇ ਅਰਥਚਾਰੇ ਨੂੰ ਥਾਂ ਸਿਰ ਕਰਨ ਲਈ ਉਹਨਾ ਦੀਆਂ ਸੇਵਾਵਾਂ ਲੈਣ ਤੋਂ ਵੀ ਗੁਰੇਜ ਨਹੀਂ ਕਰਨਾ ਚਾਹੀਦਾ। ਕੈਨੇਡਾ, ਅਮਰੀਕਾ, ਬਰਤਾਨੀਆ ਵਸਦੇ ਪੰਜਾਬੀ ਪ੍ਰਵਾਸੀ ਸਿਆਸਤਦਾਨ, ਪੰਜਾਬ ਨਾਲ ਉਥੋਂ ਦੀਆਂ ਸਰਕਾਰਾਂ ਦੇ ਸਮਝੌਤੇ ਜਾਂ ਵਪਾਰਿਕ ਲੈਣ-ਦੇਣ ਕਰਵਾ ਸਕਦੇ ਹਨ, ਜਿਸਦਾ ਸੂਬੇ ਪੰਜਾਬ ਨੂੰ ਵੱਡਾ ਫਾਇਦਾ ਹੋ ਸਕਦਾ ਹੈ।
-
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoomail.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.