‘‘ਕੀ ਤੂੰ ਆਪਣੀ ਅਮਰਤਾ (ਅਮਰ ਹੋਣ ਬਾਰੇ) ਬਾਰੇ ਸੋਚ ਰਿਹਾ ਹੈਂ?’’ ਕਤਲ ਕਰਨ ਤੋਂ ਪਹਿਲਾਂ ਬੋਲੀਵੀਆਈ ਸੈਨਿਕ ਨੇ ਚੀ ਗਵੇਰਾ ਨੂੰ ਪੁੱਛਿਆ। ਜਿਵੇਂ ਸ਼ਹੀਦ ਭਗਤ ਸਿੰਘ ਨੇ ਫਾਂਸੀ ਚੜ੍ਹਣ ਤੋਂ ਪਹਿਲਾਂ ਕਿਹਾ ਸੀ, ‘‘ਠਹਿਰੋ, ਮੈਂ ਕਿਤਾਬ ਦਾ ਇਹ ਸਫ਼ਾ ਪੂਰਾ ਪੜ੍ਹ ਲਵਾਂ।’’ ਉਸੇ ਤਰ੍ਹਾਂ ਚੀ ਗਵੇਰਾ ਨੇ ਹਿੱਕ ਤਾਣ ਕੇ ਨਿਧੜਕ ਆਵਾਜ਼ ’ਚ ਬੜੇ ਸਹਿਜ ਨਾਲ ਕਿਹਾ, ‘‘ਨਹੀਂ, ਮੈਂ ਇਨਕਲਾਬ ਦੀ ਅਮਰਤਾ ਬਾਰੇ ਸੋਚ ਰਿਹਾ ਹਾਂ।’’ ਉਸ ਤੋਂ ਬਾਅਦ ਉਸ ਨੂੰ ਨੌਂ ਗੋਲੀਆਂ ਮਾਰੀਆਂ ਗਈਆਂ ਅਤੇ ਹੱਥ ਕੱਟ ਦਿੱਤੇ ਗਏ। ਚੀ ਗਵੇਰਾ ਦੇ ਹੱਥ ਕਿਊਬਾ ਵਿੱਚ ਅਜੇ ਵੀ ਲੋਕਾਂ ਨੇ ਆਪਣੇ ਨਾਇਕ ਨੂੰ ਸਿਜਦਾ ਕਰਨ ਵਾਸਤੇ ਸਾਂਭ ਕੇ ਰੱਖੇ ਹੋਏ ਹਨ।
ਚੀ ਗਵੇਰਾ ਦੀ ਸ਼ਹਾਦਤ ਵਾਲੇ ਦਿਨ ਕਿਊਬਾ ’ਚ ਛੁੱਟੀ ਹੁੰਦੀ ਹੈ। ਕਿਊਬਾ ਦੇ ਲੋਕ ਉਸ ਨੂੰ ਪਿਆਰ ਨਾਲ ਛੀ ਗਵੇਰਾ ਕਹਿੰਦੇ ਹਨ। ਛੀ ਦਾ ਅਰਥ ਉਸ ਭਾਸ਼ਾ ’ਚ ‘ਆਪਣਾ ਮਿੱਤਰ ਪਿਆਰਾ’ ਹੈ। ਅਰਜਨਟੀਨਾ ਦੇ ਸ਼ਹਿਰ ਰੋਜ਼ੇਰੀਓ ਵਿੱਚ 14 ਜੂਨ 1928 ਨੂੰ ਆਰਕੀਟੈਕਟ ਪਿਤਾ ਡਾਨ ਅਰਨੈਸਟੋ ਗਵੇਰਾ ਲਿੰਚ ਦੇ ਘਰ ਜਨਮੇ ਚੀ ਨੂੰ ਬਚਪਨ ਤੋਂ ਹੀ ਦਮੇ ਦੀ ਬੀਮਾਰੀ ਸੀ। ਇਸ ’ਤੇ ਕਾਬੂ ਪਾਉਣ ਲਈ ਉਸ ਨੇ ਡਾਕਟਰ ਬਣਨ ਦਾ ਫ਼ੈਸਲਾ ਕੀਤਾ। ਮੁੱਢਲੀ ਪੜ੍ਹਾਈ ਤੋਂ ਬਾਅਦ ਉਸ ਨੇ ਅਰਜਨਟੀਨਾ ਦੀ ਰਾਜਧਾਨੀ ਦੇ ਮੈਡੀਕਲ ਕਾਲਜ ਵਿੱਚ ਦਾਖਲਾ ਲੈ ਲਿਆ ਅਤੇ ਸੰਨ 1953 ’ਚ ਡਾਕਟਰੀ ਦੀ ਡਿਗਰੀ ਹਾਸਲ ਕਰ ਲਈ। ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਉਸ ਨੇ ਆਪਣੇ ਇੱਕ ਸਾਥੀ ਨਾਲ ਮੋਟਰਸਾਈਕਲ ’ਤੇ ਚਿੱਲੀ, ਕੋਲੰਬੀਆ, ਪੇਰੂ ਅਤੇ ਵੈਨਜ਼ੂਏਲਾ ਦਾ ਦੌਰਾ ਕੀਤਾ। ਉੱਥੋਂ ਦੀ ਗ਼ਰੀਬੀ ਅਤੇ ਲੋਕਾਂ ਦੇ ਦੁੱਖ-ਦਰਦ ਦੇਖ ਕੇ ਉਸ ਨੇ ਇਨ੍ਹਾਂ ਲਈ ਕੁਝ ਕਰਨ ਦਾ ਅਹਿਦ ਲਿਆ। ਸੰਨ 1954 ਵਿੱਚ ਉਸ ਨੇ ਦੂਜੀ ਵਾਰ ਬੋਲੀਵੀਆ, ਕੋਲੰਬੀਆ, ਕੋਸਟਾ ਰੀਕਾ, ਪਨਾਮਾ ਵਰਗੇ ਲਾਤੀਨੀ ਦੇਸ਼ਾਂ ਦਾ ਦੌਰਾ ਕੀਤਾ।
ਉਸ ਨੇ ਗੁਆਟੇਮਾਲਾ ’ਚ ਸਾਮਰਾਜ ਵਿਰੋਧੀ ਕਰਨਲ ਜੈਕੋਬ ਆਰਬੈਨਜ਼ ਦੀ ਸਰਕਾਰ ’ਚ ਨੌਕਰੀ ਕਰ ਲਈ। ਆਰਬੈਨਜ਼ ਦੀ ਅਗਵਾਈ ਵਾਲੀ ਸਰਕਾਰ ਅਮਰੀਕਾ ਦੀਆਂ ਅੱਖਾਂ ’ਚ ਰੜਕਦੀ ਸੀ। ਇਸ ਲਈ ਸੀਆਈਏ ਦੇ ਹਥਿਆਰਾਂ ਨਾਲ ਅਮਰੀਕਾ ਪੱਖੀਆਂ ਨੇ ਰਾਜਧਾਨੀ ’ਤੇ ਬੰਬਾਂ ਦਾ ਮੀਂਹ ਵਰ੍ਹਾ ਦਿੱਤਾ। ਚੀ ਗਵੇਰਾ ਨੇ ਸਰਕਾਰ ਨੂੰ ਬਣਦੀ ਮਦਦ ਦੇਣ ਵਿੱਚ ਪੂਰਾ ਯੋਗਦਾਨ ਪਾਇਆ। ਸਰਕਾਰ ਦੀ ਹਾਰ ਪਿੱਛੋਂ ਉਹ ਮੈਕਸੀਕੋ ਚਲਾ ਗਿਆ। ਸੰਨ 1954 ਤੋਂ 1956 ਤਕ ਉਹ ਦਿਲ ਦੇ ਰੋਗਾਂ ਦੇ ਹਸਪਤਾਲ ’ਚ ਨੌਕਰੀ ਕਰਦਾ ਰਿਹਾ ਪਰ ਜਦੋਂ ਉਹਨੂੰ ਪਤਾ ਲੱਗਾ ਕਿ ਕਿਊਬਾ ’ਚ ਫੀਦਲ ਕਾਸਤਰੋ ਇਨਕਲਾਬ ਦੀ ਲੜਾਈ ਲੜ ਰਿਹਾ ਹੈ ਤਾਂ ਉਹ ਨੌਕਰੀ ਛੱਡ ਕੇ ਫੀਦਲ ਕਾਸਤਰੋ ਦਾ ਇਨਕਲਾਬੀ ਸਾਥੀ ਬਣ ਗਿਆ। 25 ਨਵੰਬਰ 1956 ਨੂੰ ਉਹ ਫੀਦਲ ਦੇ ਉਨ੍ਹਾਂ 81 ਸਾਥੀਆਂ ਵਿੱਚ ਸ਼ਾਮਲ ਸੀ ਜੋ ਇੱਕ ਪੁਰਾਣੀ ਕਿਸ਼ਤੀ ਵਿੱਚ ਕਿਊਬਾ ’ਚ ਇਨਕਲਾਬ ਕਰਨ ਚੱਲੇ ਸਨ। ਕਿਸ਼ਤੀ ਵਿੱਚ ਸਿਰਫ਼ 21 ਵਿਅਕਤੀਆਂ ਲਈ ਥਾਂ ਸੀ ਪਰ ਇਸ ਵਿੱਚ 81 ਵਿਅਕਤੀ ਸਵਾਰ ਹੋ ਗਏ। ਸਮੁੰਦਰੀ ਤੂਫ਼ਾਨ ਕਾਰਨ ਇਹ ਕਿਸ਼ਤੀ ਕਿਨਾਰੇ ਤੋਂ ਇੱਕ ਕਿਲੋਮੀਟਰ ਦੂਰ ਦਲਦਲ ਵਿੱਚ ਫਸ ਗਈ। ਇਹ ਸਾਰੇ ਵਿਅਕਤੀ ਆਪਣੇ ਹਥਿਆਰ ਲੈ ਕੇ ਬਹੁਤ ਔਖੀ ਤਰ੍ਹਾਂ ਕਿਨਾਰੇ ’ਤੇ ਪਹੁੰਚ ਤਾਂ ਗਏ ਪਰ ਕਿਊਬਾ ਦੇ ਤਾਨਾਸ਼ਾਹ ਬਤਿਸਤਾ ਦੀਆਂ ਫ਼ੌਜਾਂ ਨੂੰ ਇਨ੍ਹਾਂ ਬਾਰੇ ਸੂਹ ਮਿਲ ਗਈ ਸੀ। ਫ਼ੌਜ ਨੇ ਇਨ੍ਹਾਂ ਬਾਗੀਆਂ ਉੱਤੇ ਜ਼ੋਰਦਾਰ ਹਵਾਈ ਹਮਲਾ ਕਰ ਦਿੱਤਾ। ਇਨ੍ਹਾਂ ’ਚੋਂ ਸਿਰਫ਼ 12 ਜਣੇ ਹੀ ਜਿਉਂਦੇ ਬਚੇ ਜਿਨ੍ਹਾਂ ਵਿੱਚ ਫੀਦਲ ਕਾਸਤਰੋ, ਉਸ ਦਾ ਭਰਾ ਰਾਉਲ ਅਤੇ ਚੀ ਗਵੇਰਾ ਸ਼ਾਮਲ ਸਨ।
ਇਹ ਸਾਰੇ ਸੀਅਰਾ ਮੈਸਤਰਾ ਦੀਆਂ ਪਹਾੜੀਆਂ ਉਪਰ ਚੜ੍ਹਣ ’ਚ ਸਫ਼ਲ ਹੋ ਗਏ। ਉੱਥੇ ਇਨ੍ਹਾਂ ਨੇ ਸਥਾਨਕ ਕਿਸਾਨਾਂ ਨੂੰ ਆਪਣੇ ਨਾਲ ਰਲਾਉਣਾ ਜਾਰੀ ਰੱਖਿਆ। ਇੱਥੇ ਲੜਾਈ ਕਰਦਿਆਂ ਚੀ ਗਵੇਰਾ ਛੇ ਵਾਰ ਗੰਭੀਰ ਜ਼ਖ਼ਮੀ ਹੋਇਆ। ਉਸ ਨੂੰ ਦਮੇ ਦਾ ਦੌਰਾ ਪੈ ਜਾਂਦਾ। ਉਹ ਦਮੇ ਦਾ ਇਲਾਜ ਵੀ ਕਰਦਾ ਅਤੇ ਜੰਗੀ ਮੁਹਾਜ਼ ’ਤੇ ਲੜਾਈ ਵੀ ਕਰਦਾ। ਉਸ ਨੇ ਹਵਾਨਾ ਵਿਖੇ 2 ਜੂਨ 1959 ਨੂੰ ਆਪਣੀ ਇੱਕ ਇਨਕਲਾਬੀ ਸਾਥਣ ਅਲੇਅਡਾ ਮਾਰਚ ਨਾਲ ਵਿਆਹ ਕਰਵਾ ਲਿਆ ਜਿਸ ਦੀ ਕੁੱਖੋਂ ਚਾਰ ਬੱਚਿਆਂ ਨੇ ਜਨਮ ਲਿਆ। ਸੰਨ 1959 ਵਿੱਚ ਕਿਊਬਾ ਦੇ ਇਨਕਲਾਬ ਪਿੱਛੋਂ ਫੀਦਲ ਕਾਸਤਰੋ ਨੇ ਚੀ ਗਵੇਰਾ ਨੂੰ ਸਨਅਤ ਮੰਤਰੀ ਬਣਾਇਆ ਪਰ ਉਹ ਕਦੇ ਮੰਤਰੀ ਦੀ ਕੁਰਸੀ ’ਤੇ ਨਹੀਂ ਬੈਠਿਆ, ਹਮੇਸ਼ਾਂ ਖੇਤਾਂ ’ਚ ਜਾ ਕੇ ਕਿਸਾਨਾਂ ਨਾਲ ਗੰਨਾ ਆਦਿ ਪੁੱਟਣ ਦਾ ਕੰਮ ਕਰਦਾ ਰਿਹਾ। ਅਮਰੀਕਾ ਵੱਲੋਂ ਇਨਕਲਾਬ ਵਿਰੋਧੀ ਕਾਰਵਾਈਆਂ ਜਾਰੀ ਸਨ। ਇਸ ਲਈ ਉਸ ਨੂੰ ਸਮਾਜਵਾਦੀ ਦੇਸ਼ਾਂ ਨਾਲ ਸਬੰਧ ਕਾਇਮ ਕਰਨ ਲਈ ਭੇਜਿਆ ਗਿਆ। ਉਹ ਇਨ੍ਹਾਂ ਪੰਜ ਸਾਲਾਂ ਦੌਰਾਨ ਸੋਵੀਅਤ ਯੂਨੀਅਨ, ਚੈਕਸਲੋਵਾਕੀਆ, ਚੀਨ, ਕੋਰੀਆ ਅਤੇ ਜਰਮਨ ਜਮਹੂਰੀ ਗਣਰਾਜ ਤੋਂ ਇਲਾਵਾ ਹੋਰ ਅਨੇਕਾਂ ਮੁਲਕਾਂ ਵਿੱਚ ਗਿਆ। ਅਮਰੀਕਾ ਅਤੇ ਯੂਐੱਨਓ ਵਿੱਚ ਵੀ ਉਸ ਨੇ ਭਾਸ਼ਣ ਦਿੱਤੇ। ਸੋਵੀਅਤ ਯੂਨੀਅਨ ਤੋਂ ਆਰਥਿਕ ਅਤੇ ਹਥਿਆਰਾਂ ਦੀ ਸਹਾਇਤਾ ਮਿਲਣ ਸਦਕਾ ਉਸ ਨੇ ਕਿਊਬਾ ਦੇ ਇਨਕਲਾਬ ਨੂੰ ਪੱਕੇ ਪੈਰੀਂ ਕਰ ਦਿੱਤਾ। ਉਸ ਨੂੰ ਪਤਾ ਸੀ ਕਿ ਹੁਣ ਫੀਦਲ ਕਾਸਤਰੋ ਦੇ ਹੱਥਾਂ ’ਚ ਦੇਸ਼ ਸੁਰੱਖਿਅਤ ਹੈ।
ਇਹ ਮਹਾਨ ਸੂਰਮਾ 14 ਮਾਰਚ 1965 ਨੂੰ ਸਭ ਮੁਲਕਾਂ ਨਾਲ ਸਮਝੌਤੇ ਸਹੀਬੰਦ ਕਰ ਕੇ ਅਚਾਨਕ ਬਿਨਾਂ ਕਿਸੇ ਨੂੰ ਦੱਸੇ ਲੋਪ ਹੋ ਗਿਆ। ਉਸ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਫੈਲਦੀਆਂ ਰਹੀਆਂ ਪਰ ਉਹ ਬੋਲੀਵੀਆ ਦੇ ਜੰਗਲਾਂ ’ਚ ਜਾ ਕੇ ਗੁਰੀਲਿਆਂ ਨੂੰ ਇਨਕਲਾਬ ਲਈ ਜਥੇਬੰਦ ਕਰਦਾ ਰਿਹਾ। ਇਨ੍ਹਾਂ ਜੰਗਲਾਂ ਵਿੱਚ ਬੜੇ ਹੀ ਭਿਆਨਕ ਕੀੜੇ-ਮਕੌੜੇ, ਖਟਮਲ, ਮੱਛਰ ਅਤੇ ਬਿੱਛੂ ਆਦਿ ਸਨ। ਉਸ ਦਾ ਸਰੀਰ ਇਹ ਕੀੜੇ ਲੜਣ ਨਾਲ ਸੁੱਜ ਜਾਂਦਾ ਅਤੇ ਦਮੇ ਦਾ ਦੌਰਾ ਵੀ ਕਈ ਵਾਰ ਉਸ ਨੂੰ ਨਿਢਾਲ ਕਰ ਦਿੰਦਾ। ਵਿਦੇਸ਼ੀ ਪੱਤਰਕਾਰਾਂ ਵੱਲੋਂ ਚੀ ਗਵੇਰਾ ਦੀ ਗੁੰਮਸ਼ੁਦਗੀ ਬਾਰੇ ਪੁੱਛਣ ’ਤੇ ਫੀਦਲ ਕਾਸਤਰੋ ਨੇ ਇੰਨਾ ਹੀ ਕਿਹਾ ਕਿ ਉਹ ਜਿੱਥੇ ਵੀ ਹੋਵੇਗਾ ਇਨਕਲਾਬ ਲਈ ਕੰਮ ਕਰ ਰਿਹਾ ਹੋਵੇਗਾ। ਅਖੀਰ 3 ਅਕਤੂਬਰ 1965 ਨੂੰ ਸਾਰੀਆਂ ਅਫ਼ਵਾਹਾਂ ਦਾ ਅੰਤ ਕਰਦਿਆਂ ਕਾਸਤਰੋ ਨੇ ਚੀ ਗਵੇਰਾ ਦੀ ਲੰਮੀ ਚਿੱਠੀ ਪੜ੍ਹ ਕੇ ਸੁਣਾਈ। ਚਿੱਠੀ ਦੇ ਅਖੀਰ ਵਿੱਚ ਉਸ ਨੇ ਲਿਖਿਆ ਸੀ: ‘‘ਮੈਂ ਆਪਣੇ ਲੋਕਾਂ ਦੀ ਇਨਕਲਾਬੀ ਭਾਵਨਾ ਅਤੇ ਚੇਤਨਾ ਆਪਣੇ ਨਾਲ ਲਿਜਾ ਰਿਹਾ ਹਾਂ ਤਾਂ ਕਿ ਸਾਮਰਾਜ ਵਿਰੁੱਧ ਚੱਲ ਰਹੇ ਯੁੱਧ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ। ਹਮੇਸ਼ਾਂ ਜਿੱਤ ਲਈ, ਮਾਂ ਭੂਮੀ ਜਾਂ ਮੌਤ…। ਮੈਂ ਪੂਰੇ ਜੋਸ਼ ਨਾਲ ਤੁਹਾਨੂੰ ਇਨਕਲਾਬੀ ਗਲਵਕੜੀ ਪਾਉਂਦਾ ਹਾਂ- ਚੀ ਗਵੇਰਾ।’’ ਅੱਠ ਅਕਤੂਬਰ 1967 ਨੂੰ ਬੋਲੀਵੀਆ ’ਚ ਯੂਰੋ ਖੱਡ ਦੀ ਲੜਾਈ ਵਿੱਚ ਚੀ ਗਵੇਰਾ ਜ਼ਖ਼ਮੀ ਹੋ ਗਿਆ ਅਤੇ ਫੜ ਲਿਆ ਗਿਆ। ਨੌਂ ਅਕਤੂਬਰ ਨੂੰ ਹਿਗਏਰਾ ਪਿੰਡ ਵਿੱਚ ਸੈਨਿਕਾਂ ਨੇ ਚੀ ਨੂੰ ਨੌਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਇੱਥੇ ਉਸ ਦੇ ਆਖ਼ਰੀ ਸ਼ਬਦ ਸਨ: ‘‘ਮੈਂ ਇਨਕਲਾਬ ਦੀ ਅਮਰਤਾ ਬਾਰੇ ਸੋਚ ਰਿਹਾ ਹਾਂ।’’ ਉਸ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਕਾਲਜਾਂ/ਯੂਨੀਵਰਸਿਟੀਆਂ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ। ਅਮਰੀਕਾ ਨੂੰ ਆਪਣੀਆਂ ਯੂਨੀਵਰਸਿਟੀਆਂ ਕੁਝ ਦਿਨਾਂ ਲਈ ਬੰਦ ਕਰਨੀਆਂ ਪਈਆਂ। ਵਿਦਿਆਰਥੀਆਂ ਨੇ ਚੀ ਗਵੇਰਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਕੰਧਾਂ ਭਰ ਦਿੱਤੀਆਂ ਅਤੇ ਖ਼ੁਦ ਸਾਮਰਾਜ ਦੇ ਖ਼ਿਲਾਫ਼ ਖੜ੍ਹੇ ਹੋ ਗਏ।
ਬੋਲੀਵੀਆ ਸਰਕਾਰ ਚੀ ਗਵੇਰਾ ਦੀ ਡਾਇਰੀ ਸਾਮਰਾਜੀਆਂ ਕੋਲ 10 ਲੱਖ ਡਾਲਰ ਤੋਂ ਵੀ ਵੱਧ ਵਿੱਚ ਵੇਚਣ ਲਈ ਤਿਆਰ ਸੀ ਪਰ ਫੀਦਲ ਕਾਸਤਰੋ ਨੇ ਟੈਲੀਵਿਜ਼ਨ ’ਤੇ ਇਹ ਕਹਿ ਕੇ ਸਨਸਨੀ ਪੈਦਾ ਕਰ ਦਿੱਤੀ ਕਿ ਚੀ ਗਵੇਰਾ ਦੀ ਡਾਇਰੀ ਦੀ ਅਸਲੀ ਨਕਲ ਕਿਸੇ ਸ਼ੁਭ-ਚਿੰਤਕ ਨੇ ਸਾਡੇ ਤਕ ਪਹੁੰਚਾ ਦਿੱਤੀ ਹੈ ਅਤੇ ਇਹ ਜਲਦੀ ਹੀ ਛਾਪ ਦਿੱਤੀ ਜਾਵੇਗੀ। ਬੋਲੀਵੀਆ ਦੇ ਗ੍ਰਹਿ ਮੰਤਰੀ ਅਰਗੁਏਦਸ ’ਤੇ ਚੀ ਦੀ ਮੌਤ ਨੇ ਇੰਨਾ ਡੂੰਘਾ ਅਸਰ ਪਾਇਆ ਕਿ ਉਸ ਨੇ ਚੀ ਗਵੇਰਾ ਦੇ ਕੱਟੇ ਹੋਏ ਹੱਥ, ਡਾਇਰੀ ਦੀ ਨਕਲ ਅਤੇ ਉਸ ਦੀਆਂ ਹੋਰ ਸਾਰੀਆਂ ਵਸਤਾਂ ਗੁਪਤ ਢੰਗ ਨਾਲ ਫੀਦਲ ਕਾਸਤਰੋ ਕੋਲ ਪਹੁੰਚਾ ਦਿੱਤੀਆਂ। ਆਪ ਉਹ ਚਿੱਲੀ ਭੱਜ ਗਿਆ ਅਤੇ ਇੱਕ ਸਾਲ ਬਾਅਦ ਮੁੜ ਬੋਲੀਵੀਆ ਆ ਗਿਆ। ਉਸ ਉਪਰ ਮੁਕੱਦਮਾ ਚਲਾਇਆ ਗਿਆ। ਅਦਾਲਤ ਵਿੱਚ ਉਸ ਨੇ ਕਿਹਾ: ‘‘ਮੈਂ ਚੀ ਗਵੇਰਾ ਨੂੰ ਨਹੀਂ ਮਿਲਿਆ ਪਰ ਮੈਂ ਉਸ ਨੂੰ ਇਨਕਲਾਬ ਦਾ ਕੌਮਾਂਤਰੀ ਨਾਇਕ ਸਮਝਦਾ ਹਾਂ।’’ ਚੀ ਦੀ ਮੌਤ ਨੇ ਲਾਤੀਨੀ ਅਮਰੀਕਾ ਵਿੱਚ ਸਾਮਰਾਜ ਦੇ ਹਜ਼ਾਰਾਂ ਦੁਸ਼ਮਣ ਪੈਦਾ ਕਰ ਦਿੱਤੇ। ਚੀ ਗਵੇਰਾ ਬਾਰੇ ਅਨੇਕਾਂ ਭਾਸ਼ਾਵਾਂ ਵਿੱਚ ਕਿਤਾਬਾਂ, ਪੈਂਫਲਿਟ, ਨਾਟਕ, ਡਰਾਮੇ ਅਤੇ ਨਾਵਲ ਲਿਖੇ ਗਏ, ਅਨੇਕਾਂ ਫ਼ਿਲਮਾਂ ਬਣਾਈਆਂ ਗਈਆਂ। ਅਜਿਹੇ ਮਹਾਨ ਇਨਕਲਾਬੀ ਕਦੇ-ਕਦੇ ਹੀ ਪੈਦਾ ਹੁੰਦੇ ਹਨ ਜੋ ਆਪਣੇ ਸੁੱਖ ਤਿਆਗ ਕੇ ਲੋਕਾਂ ਲਈ ਜ਼ਿੰਦਗੀ ਕੁਰਬਾਨ ਕਰ ਦਿੰਦੇ ਹਨ।
ਬਕੌਲ ਸ਼ਾਇਰ-ਏ-ਮਸ਼ਰਕ ਡਾ. ਅਲਾਮਾ ਇਕਬਾਲ:
ਮਿਟਾ ਕੇ ਅਪਨੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ,
ਦਾਨਾ ਖ਼ਾਕ ਮੇਂ ਮਿਲ ਕਰ ਗੁਲ- ਓ-ਗੁਲਜ਼ਾਰ ਹੋਤਾ ਹੈ।
-
ਡਾ. ਅਲਾਮਾ ਇਕਬਾਲ, ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.