ਪਿਛਲੇ ਦਿਨੀਂ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਵਾਪਰੀ ਦੁਖਦਾਇਕ ਘਟਨਾ ਨੇ ਜਿੱਥੇ ਸਮੁੱਚੇ ਪੰਜਾਬ ਦੇ ਦੂਰ-ਨੇੜੇ ਵੱਸਦੇ ਲੋਕਾਂ ਦੀ ਨੀਂਦ ਉੜਾ ਕੇ ਰੱਖ ਦਿੱਤੀ ਉੱਥੇ ਹੀ ਜਿਲ੍ਹਾ ਪ੍ਰਸਾਸ਼ਨ, ਸੂਬਾ ਸਰਕਾਰ 'ਤੇ ਦੇਸ਼ ਦੀਆਂ ਤਕਨੀਕਾਂ ਵਿੱਚ ਹੋਏ ਵਿਕਾਸ ਦੇ ਦਾਅਵਿਆਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਸਨ। ਵਾਪਰੇ ਘਟਨਾਕ੍ਰਮ 'ਚ ਦੋ ਸਾਲਾਂ ਦਾ ਮਾਸੂਮ ਫਤਿਹਵੀਰ ਬੋਰਵੈੱਲ 'ਚ ਫਸਿਆ ਹੋਇਆ ਆਪਣੀ ਕੀਮਤੀ ਜਿੰਦਗੀ ਨੂੰ ਤੜਫਦਾ ਹੋਇਆ ਅਲਵਿਦਾ ਤਾਂ ਆਖ ਗਿਆ, ਪ੍ਰੰਤੂ ਪਿੱਛੇ ਛੱਡ ਗਿਆ ਬੇਇੰਤਹਾ ਸਵਾਲ 'ਤੇ ਭਵਿੱਖ ਲਈ ਬੇਚੈਨੀ। ਜਿਸ 'ਚ ਸਭ ਤੋਂ ਵੱਡਾ ਸਵਾਲ ਹੈ ਕਿ ਭਾਰਤ ਦੇਸ਼ 'ਚ ਫਤਿਹਵੀਰ ਨਾਲ ਜੋ ਹੋਇਆ ਉਹ ਪਹਿਲੀ ਵਾਰ ਨਹੀਂ ਪਰ ਕੀ ਇਹ ਘਟਨਾ ਆਖਰੀ ਸੀ?
ਇਸ ਸਾਰੇ ਮਾਮਲੇ ਦੇ ਵੱਖ ਵੱਖ ਪਹਿਲੂਆਂ ਨੂੰ ਫਰੋਲੀਏ ਤਾਂ ਸਭ ਤੋਂ ਪਹਿਲੀ ਗੱਲ ਜੋ ਸਾਹਮਣੇ ਆਉਂਦੀ ਹੈ ਉਹ ਹੈ ਕਿ ਫਤਿਹਵੀਰ ਦੇ ਸਾਹ ਚੱਲ ਰਹੇ ਸਨ, ਇਹ ਆਖਰੀ ਵਾਰ ਕਦੋਂ ਪੁਖਤਾ ਹੋਇਆ? ਮੈਨੂੰ ਨਿੱਜੀ ਤੌਰ'ਤੇ ਇਹ ਬਿਲਕੁੱਲ ਵੀ ਸੁਣਨ ਨੂੰ ਨਹੀਂ ਮਿਲਿਆ। ਹੁਣ ਜੇ ਗੱਲ ਪੋਸਟਮਾਰਟਮ ਰਿਪੋਰਟ ਦੀ ਕਰੀਏ ਤਾਂ ਪੀਜੀਆਈ ਦੇ ਮਾਹਿਰ ਡਾਕਟਰਾਂ ਦੀ ਪੋਸਟਮਾਰਟਮ ਰਿਪੋਰਟ ਮੁਤਾਬਿਕ ਫਤਿਹਵੀਰ ਦੀ ਮੌਤ ਸਾਹ ਘੁੱਟਣ ਨਾਲ ਤੇ ਆਕਸੀਜਨ ਨਾ ਮਿਲਣ ਕਰਕੇ ਹੋਈ। ਉਨ੍ਹਾਂ ਖਦਸ਼ਾ ਜਤਾਇਆ ਕਿ ਸ਼ਾਇਦ ਉਹ ਪਹਿਲੇ ਦਿਨ ਹੀ.....!
ਫਤਿਹਵੀਰ ਦੇ ਨਾਲ ਬੋਰ ਅੰਦਰ ਧਸੀ ਰੇਤੇ ਦੀ ਬੋਰੀ, ਮਿੱਟੀ ਦੇ ਕਣਾਂ ਦਾ ਵੀ ਰਿਪੋਰਟ 'ਚ ਚਰਚਾ ਸਾਹਮਣੇ ਆਇਆ ਹੈ। ਜਦੋਂ ਫਤਿਹਵੀਰ ਨੂੰ ਬੋਰ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸ 'ਚੋਂ ਆ ਰਹੀ ਬਦਬੋ ਨੂੰ ਵੀ ਧਿਆਨੋਂ ਬਾਹਰ ਨਹੀਂ ਕੀਤਾ ਜਾ ਸਕਦਾ। ਜੇ ਇਸ ਸਭ ਨੂੰ ਜਾਂਚਿਆ ਜਾਏ ਤਾਂ ਲੱਗਦਾ ਹੈ ਕਿ ਫਤਿਹ ਦਾ ਬਚਣਾ ਅਸੰਭਵ ਸੀ। ਸੋ ਇਹ ਸੋਚਣਾ ਬਣਦਾ ਹੈ ਕਿ ਕਿਤੇ ਇਹ ਸਾਰਾ ਮਾਮਲਾ ਮ੍ਰਿਤਕ ਦੇਹ ਨੂੰ ਬਾਹਰ ਕੱਢਣ 'ਚ ਹੋਈ ਦੇਰੀ ਦਾ ਤਾਂ ਨਹੀ ਸੀ?
ਇਸ ਸਭ ਦੌਰਾਨ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ੍ਹ ਤਾਂ ਹੋਇਆ ਹੀ ਹੈ ਸੋ ਲੋਕਾਂ ਦਾ ਗੁੱਸਾ ਬਿਲਕੁੱਲ ਜਾਇਜ ਹੈ। ਕਿਉਂਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਐਰਰਜੈਂਸੀ ਮੁਤਾਬਿਕ ਅਧਿਕਾਰ ਹੋਣ ਦੇ ਬਾਵਜੂਦ ਕਿਉਂ ਨਹੀਂ ਪਹਿਲੇ ਦਿਨ ਹੀ ਫੌਜ ਨੂੰ ਬੁਲਾਇਆ ਗਿਆ। ਰਾਜ ਸਰਕਾਰ ਦੇ ਸਾਰੇ ਮੰਤਰੀਆਂ ਵੱਲੋਂ ਪੰਜਵੇ ਦਿਨ ਤੱਕ ਉਕਤ ਮਾਮਲੇ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਗਈ। ਅਖੀਰਲੇ ਦਿਨ ਜੋ ਏਅਰ ਐਂਬੂਲੈਂਸ ਦੇ ਨਾਮ ਤੋਂ ਹੈਲੀਕਾੱਪਟਰ ਲਿਆਂਦਾ ਗਿਆ ਉਹ ਵੀ ਮਹਿਜ਼ ਆਮ ਜਹਾਜ ਨਿਕਲਿਆ। ਹੋਰ ਤਾਂ ਹੋਰ ਹਲਕੇ ਦੇ ਮੌਜੂਦਾ ਸਾਂਸਦ 'ਤੇ ਵਿਰੋਧੀ ਧਿਰ ਦੇ ਨੇਤਾਂ ਭਗਵੰਤ ਮਾਨ 'ਤੇ ਉਸਦੇ ਸਾਥੀਆਂ ਨੇ ਵੀ ਮਹਿਜ਼ ਕੋਰੀ ਰਾਜਨੀਤੀ ਕੀਤੀ ਗਈ। ਮਾਨ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਫੌਨ ਕਰਨ'ਤੇ ਫੌਰੀ ਤੌਰ 'ਤੇ ਫੌਜ ਬੁਲਾਉਣ ਦਾ ਜਿਕਰ ਪੰਜਵੇ ਦਿਨ ਹੀ ਸਾਹਮਣੇ ਆਇਆ। ਵਿਰੋਧੀ ਪਾਰਟੀਆਂ ਵੱਲੋਂ ਜੋ ਕੁੱਝ ਹੋਰ ਕੀਤਾ ਗਿਆ ਉਸ ਬਾਰੇ ਗੱਲ ਕਰਨੀ ਨਾ-ਗਵਾਰਾ ਹੈ।
ਇਸ ਸਭ ਦੌਰਾਨ ਕੀ ਡੇਰਾ ਸੱਚਾ ਸੌਦਾ ਨੂੰ ਕਿਸੇ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਜਾਣ ਬੁੱਝ ਵਾਹੋ-ਵਾਹੀ ਖੱਟਣ ਦਾ ਮੌਕਾ ਦਿੱਤਾ ਜਾ ਉਹ ਪ੍ਰਸ਼ਾਸਨ ਦਾ ਅਵੇਸਲਾ ਪਨ ਸੀ? ਮਿੱਟੀ ਖੋਦਣ ਵਾਲੇ ਜੱਗੇ ਦੇ ਦਾਅਵੇ ਕਿ ਉਸਨੇ ਫਤਿਹਵੀਰ ਦੀ ਆਵਾਜ਼ ਸੁਣੀ ਪਰ ਉਸਨੂੰ ਐਨਡੀਆਰਐਫ ਵੱਲੋਂ ਉਹਨਾਂ ਦੀ ਵਰਦੀ ਪਾਉਣ ਲਈ ਜੋਰ ਦਿੱਤਾ ਗਿਆ। ਅੰਤ'ਚ ਕੁੰਡੀ ਨਾਲ ਬਾਹਰ ਖਿੱਚਣ ਵਾਲੇ ਨੋਜਵਾਨ ਦਾ ਦਾਅਵਾ ਕਿ ਉਹ ਅਜਿਹਾ ਪਹਿਲੇ ਦਿਨ ਵੀ ਕਰ ਸਕਦਾ ਸੀ। ਇਸ ਸਭ ਨੂੰ ਗਹਿਰੀ ਜਾਂਚ ਅਧੀਨ ਲਿਆਉਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਟੰਗਣਾ ਚਾਹੀਦਾ ਹੈ।
ਇਹ ਗੱਲ ਵੀ ਕਰਨੀ ਜਰੂਰ ਬਣਦੀ ਹੈ ਕਿ ਰਿਪੋਰਟ ਮੁਤਾਬਿਕ ਜੇ ਉਹ ਮਾਸੂਮ ਪਹਿਲੇ ਦਿਨ ਹੀ ਇਸ ਸੰਸਾਰ ਅਲਵਿਦਾ ਨੂੰ ਆਖ ਚੁੱਕਿਆ ਸੀ ਤਾ ਮੌਤ ਲਈ ਦੋਸ਼ੀ ਪ੍ਰਸ਼ਾਸਨ ਦੇ ਨਾਲ ਨਾਲ ਸਬੰਧਿਤ ਪਰਿਵਾਰ ਵੀ ਹੈ, ਜਿੰਨਾ ਐਨੇ ਸਾਲਾਂ ਤੋਂ ਬੰਦ ਬੋਰ ਨੂੰ ਸਿਰਫ ਬੋਰੀ, ਇੱਟਾਂ ਨਾਲ ਢੱਕਿਆ ਸੀ ਤੇ ਕਾਰ ਧੋਣ ਲਈ ਇੱਟਾਂ ਚੁੱਕ ਪਾਸੇ ਰੱਖਤੀਆਂ । ਪ੍ਰੰਤੂ ਉਹਨਾਂ 'ਤੇ ਪਰਚਾ ਹੋਣਾ ਚਾਹੀਦਾ, ਸੂਬੇ ਦੇ ਮੰਤਰੀਆਂ ਦਾ ਇਹ ਬਿਆਨ ਵੀ ਬੇਵਕੂਫੀ ਤੇ ਵਧੀਕੀ ਆ ਕਿਉਂਕਿ ਨਿੱਕੀ ਉਮਰੇ ਲਾਲ ਤੁਰ ਗਿਆ ਹੁਣ ਤਾਂ ਸਦਮਾ ਹੀ ਬਹੁਤ ਵੱਡਾ।
ਹੁਣ ਮੈਂ ਜਾਮ ਲਾਉਣ 'ਤੇ ਅਸਤੀਫੇ ਮੰਗਣ ਵਾਲੇ ਲੋਕਾਂ ਨੂੰ ਵੀ ਸਵਾਲ ਕਰਨਾ ਚਾਹੁੰਦਾ ਹਾਂ ਕਿ ਲੋਕੋ ਇਹ ਦੱਸੋ ਜ਼ਰਾ ਪਿਛਲੇ ਸਾਲ ਅੰਮ੍ਰਿਤਸਰ ਵਿਖੇ ਵਾਪਰੇ ਦਸ਼ਹਿਰਾ ਕਾਂਡ ਤੋਂ ਬਾਅਦ ਉਹ ਕਿੰਨੇ ਕੁ ਰੇਲਵੇ ਫਾਟਕਾਂ ਪ੍ਰਤੀ ਗੰਭੀਰ ਹੋਏ ਹਨ? ਇਸਦੇ ਨਾਲ ਹੀ ਉਹ ਹੁਣ ਕਿੰਨੇ ਬੋਰ ਵੈਲਾਂ ਚ ਮਿੱਟੀ ਸੁੱਟਾਉਣਗੇ? ਸਰਕਾਰ ਇਹ ਦੱਸੇ ਵੀ ਡੇਢ ਸਾਲ ਪਹਿਲਾਂ ਲੁਧਿਆਣੇ ਇੱਕ ਫੈਕਟਰੀ'ਚ ਹੋਈ ਅੱਗ ਦੁਰਘਟਨਾ ਤੋਂ ਬਾਅਦ ਉਹਨਾਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਕਿੰਨਾ ਕੁ ਨਵੀਂ ਤਕਨਾਲੋਜੀ ਨਾਲ ਲੈਸ ਕਰ ਦਿੱਤਾ? ਕਿਉਂਕਿ ਉੱਥੇ ਤਕਨੀਕ ਨਾ ਹੋਣ ਕਾਰਨ ਹੀ ਫਾਇਰ ਬ੍ਰਿਗੇਡ ਦੇ ਜਵਾਨ ਖੁੱਦ ਅੱਗ ਬੁਝਾਉਂਦੇ ਹੋਏ ਘਟਨਾ ਦਾ ਸ਼ਿਕਾਰ ਹੋ ਗਏ ਸਨ। ਦੇਸ਼ ਦੀ ਕੇਂਦਰੀ ਹਕੂਮਤ'ਚੋਂ ਮੋਦੀ ਤੇ ਸ਼ਾਹ ਦਾਅਵੇ ਜੋ ਵੀ ਕਰਨ ਪਰ ਅੱਗ ਵਾਲੀ ਘਟਨਾ ਤਾ ਤੁਹਾਡੇ ਘਰੇਲੂ ਸੂਬੇ ਗੁਜਰਾਤ ਵੀ ਵਾਪਰੀ, ਜਿੱਥੇ ਫਾਇਰ ਬ੍ਰਿਗੇਡ ਕੋਲ ਜਰੂਰੀ ਉੱਚਾਈ ਵਾਲੀ ਪੌੜੀ ਮੌਜੂਦ ਨਹੀਂ ਸੀ, ਉਹ ਦੱਸਣ ਕਿ ਉਨ•ਾਂ ਕੀ ਸੁਧਾਰ ਕਰਵਾਇਆ ?
ਐਨਡੀਆਰਐੱਫ 'ਤੇ ਸੂਬੇ ਦੀਆਂ ਐਮਰਜੈਂਸੀ ਸੇਵਾਵਾਂ ਨੂੰ ਬਿਹਤਰ ਬਣਾਉਣਾ ਹੁਣ ਸਰਕਾਰਾਂ ਦੀ ਮੁੱਢਲੀ ਨੈਤਿਕ ਜਿੰਮੇਵਾਰੀ ਆ। ਲੋਕੋ ਤੁਸੀਂ ਵੀ ਬਾਅ'ਚ ਪਿੱਟਣ ਨਾਲੋਂ ਪਹਿਲਾਂ ਮੋਰਚਾ ਲਾਉਣ ਲੱਗੋ, ਅਜੇ ਦੱਸ ਕੁ ਦਿਨ ਪਹਿਲਾਂ ਅਸੀਂ ਫਰੀਦਕੋਟ ਵਿਖੇ ਜਸਪਾਲ ਦੀ ਲਾਸ਼ ਨੂੰ ਉਡੀਕਿਆ 'ਤੇ ਧਰਨੇ ਲਾਏ ਹਨ, ਯਾਦ ਹੈ? ਨਿਰਸੰਦੇਹ ਕੱਲ ਨੂੰ ਫੇਰ ਕੁਛ ਐਸਾ ਵਾਪਰਨਾ ਤੇ ਅਸੀਂ ਪ੍ਰਭੂ ਆਸਰੇ ਹੋ ਫੇਰ ਪੱਲਾ ਝਾੜ ਲੈਣਾ।
-
ਜਸਪ੍ਰੀਤ ਸਿੰਘ, ਲੇਖਕ
jaspreetae18@gmail.com
9988646091
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.